- ਡਿਪਟੀ ਕਮਿਸ਼ਨਰ ਨੇ ਸੈਨਿਕ ਬੋਰਡ ਦੀ ਮੀਟਿੰਗ 'ਚ ਸਾਬਕਾ ਸੈਨਿਕਾਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਦੀਆਂ ਮੁਸ਼ਕਿਲਾਂ ਪਹਿਲ 'ਤੇ ਆਧਾਰ 'ਤੇ ਹੱਲ ਕਰਨ ਨੂੰ ਕਿਹਾ
- ਝੰਡਾ ਦਿਵਸ ਫੰਡ 'ਚੋਂ ਲਾਭਪਾਤਰੀਆਂ ਨੂੰ 1 ਲੱਖ 94 ਹਜ਼ਾਰ ਰੁਪਏ ਦੀ ਸੌਂਪੀ ਮਾਲੀ ਸਹਾਇਤਾ
ਹੁਸ਼ਿਆਰਪੁਰ, 9 ਫਰਵਰੀ: ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੇਸ਼ ਲਈ ਸ਼ਹੀਦ ਹੋਣ ਵਾਲੇ ਜ਼ਿਲ੍ਹੇ ਦੇ ਸੈਨਿਕਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਇਕ ਵਿਸ਼ੇਸ਼ ਫੰਡ ਸਥਾਪਿਤ ਕਰਨ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਫੰਡ ਵਿੱਚੋਂ ਸ਼ਹੀਦਾਂ ਦੇ ਪਰਿਵਾਰ ਦੀ ਫੌਰੀ ਤੌਰ 'ਤੇ ਸਹਾਇਤਾ ਕੀਤੀ ਜਾ ਸਕੇਗੀ। ਉਹ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਸੈਨਿਕ ਬੋਰਡ ਦੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੇ ਨਾਲ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ ਦਲਵਿੰਦਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਇਸ ਤੋਂ ਪਹਿਲਾਂ ਵੱਖ-ਵੱਖ ਓਪਰੇਸ਼ਨਾਂ ਦੌਰਾਨ ਸ਼ਹੀਦ ਹੋਏ ਸੈਨਿਕਾਂ ਨੂੰ 2 ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜ਼ਲੀ ਵੀ ਦਿੱਤੀ ਗਈ ਅਤੇ ਝੰਡਾ ਦਿਵਸ ਫੰਡ ਵਿੱਚੋਂ ਲਾਭਪਾਤਰੀਆਂ ਨੂੰ 1 ਲੱਖ 94 ਹਜ਼ਾਰ ਰੁਪਏ ਦੀ ਮਾਲੀ ਸਹਾਇਤਾ ਵੀ ਸੌਂਪੀ ਗਈ।
ਆਪਣੇ ਸੰਬੋਧਨ ਵਿੱਚ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਵਲੋਂ ਸੈਨਿਕਾਂ, ਸਾਬਕਾ ਸੈਨਿਕਾਂ ਅਤੇ ਉਨ੍ਹਾ ਦੇ ਆਸ਼ਰਿਤਾਂ ਲਈ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਮੌਜੂਦ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨੂੰ ਸਾਬਕਾ ਸੈਨਿਕਾਂ ਦੇ ਕੰਮਾਂ ਨੂੰ ਪਹਿਲ ਦੇ ਆਧਾਰ 'ਤੇ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਸਾਬਕਾ ਸੈਨਿਕਾਂ ਅਤੇ ਸ਼ਹੀਦਾਂ ਦੀਆਂ ਵਿਧਵਾਵਾਂ ਸਬੰਧੀ ਸਮੱਸਿਆਵਾਂ ਦਾ ਨਿਪਟਾਰਾ ਵੀ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਝੰਡਾ ਦਿਵਸ ਫੰਡ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ, ਤਾਂ ਜੋ ਵੱਧ ਤੋਂ ਵੱਧ ਦਾਨੀ-ਸੱਜਣ ਝੰਡਾ ਦਿਵਸ ਦੀ ਮਹੱਤਤਾ ਨੂੰ ਸਮਝਦੇ ਹੋਏ ਆਪਣਾ ਯੋਗਦਾਨ ਪਾ ਸਕਣ।
ਸ਼੍ਰੀ ਵਿਪੁਲ ਉਜਵਲ ਨੇ ਕਿਹਾ ਕਿ ਵਿੱਤੀ ਸਾਲ 2017-18 ਦੌਰਾਨ 31 ਜਨਵਰੀ ਤੱਕ ਵੱਖ-ਵੱਖ ਸਕੀਮਾਂ ਦੇ ਕੁੱਲ 667 ਲਾਭਪਾਤਰੀਆਂ ਨੂੰ 1,76,28,697 ਰੁਪਏ ਦੀ ਰਾਸ਼ੀ ਵੰਡੀ ਗਈ ਹੈ, ਜਦ ਕਿ ਸਾਲ 2017 ਦੌਰਾਨ ਵੱਖ ਵੱਖ ਵਿਸ਼ਿਆਂ ਸਬੰਧੀ ਕੁੱਲ 4471 ਕੇਸ ਪ੍ਰਾਪਤ ਹੋਏ ਹਨ, ਜਿਨ੍ਹਾਂ ਵਿੱਚ 4457 ਕੇਸਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ।
ਇਸ ਮੌਕੇ ਐਸ.ਡੀ.ਐਮ. ਹੁਸ਼ਿਆਰਪੁਰ ਸ਼੍ਰੀ ਜਿਤੇਂਦਰ ਜੋਰਵਾਲ, ਐਸ.ਡੀ.ਐਮ. ਦਸੂਹਾ ਸ਼੍ਰੀ ਹਿੰਮਾਸ਼ੂ ਅਗਰਵਾਲ, ਜ਼ਿਲ੍ਹਾ ਮਾਲ ਅਫ਼ਸਰ ਸ਼੍ਰੀ ਅਮਨਪਾਲ ਸਿੰਘ, ਡੀ.ਐਸ.ਪੀ ਸ਼੍ਰੀ ਗੁਰਜੀਤ ਪਾਲ ਸਿੰਘ, ਜ਼ਿਲ੍ਹਾ ਸੈਨਿਕ ਬੋਰਡ ਦੇ ਉਪ ਪ੍ਰਧਾਨ ਕਰਨਲ (ਰਿਟਾ:) ਸ੍ਰੀ ਮਲੂਕ ਸਿੰਘ, ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ ਮਾਨਸਰ ਦੇ ਪ੍ਰਧਾਨ ਸੂਬੇਦਾਰ ਬਲਵੰਤ ਸਿੰਘ, ਐਕਸ ਸਰਵਿਸਮੈਨ ਕਮਾਹੀ ਦੇਵੀ ਦੇ ਪ੍ਰਧਾਨ ਕੁਲਵੰਤ ਸਿੰਘ, ਐਕਸ ਸਰਵਿਸਮੈਨ ਵੈਲਫੇਅਰ ਬੁੱਢਾਬੜ ਦੇ ਪ੍ਰਧਾਨ ਸੂਬੇਦਾਰ ਦੀਵਾਨ ਸਿੰਘ, ਸੁਪਰਡੰਟ ਰਸ਼ਪਾਲ ਸਿੰਘ, ਬਲਜੀਤ ਕੌਰ, ਸਤੀਸ਼ ਸਿੰਘ ਬੱਗਾ, ਅਸ਼ਵਨੀ ਕੁਮਾਰ, ਐਮ.ਐਲ. ਕਟਾਰੀਆ, ਕੁਲਦੀਪ ਸਿੰਘ ਅਤੇ ਮਨਜੀਤ ਸਿੰਘ ਸਮੇਤ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।
No comments:
Post a Comment