- ਐਸ.ਡੀ.ਐਮ. ਨੇ ਮੀਟਿੰਗ ਦੌਰਾਨ ਭੱਠਾ ਮਾਲਕਾਂ ਨੂੰ ਕੀਤੀਆਂ ਹਦਾਇਤਾਂ
ਹੁਸ਼ਿਆਰਪੁਰ, 13 ਫਰਵਰੀ: ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ ਨੇ ਕਿਹਾ ਕਿ ਇੱਟਾਂ ਦੇ ਭੱਠਿਆਂ 'ਤੇ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਘੱਟੋ-ਘੱਟ ਉਜਰਤ ਐਕਟ ਤਹਿਤ ਨਿਯਮਤ ਕੀਤੀ ਗਈ ਮਜ਼ਦੂਰੀ ਦੇਣ ਨੂੰ ਯਕੀਨੀ ਬਣਾਇਆ ਜਾਵੇ। ਉਹ ਅੱਜ ਜ਼ਿਲ੍ਹਾ ਪ੍ਰੀਸ਼ਦ ਹਾਲ ਵਿਖੇ ਭੱਠਾ ਮਾਲਕਾਂ ਦੇ ਨਾਲ ਆਯੋਜਿਤ ਕੀਤੀ ਗਈ ਬੈਠਕ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਜਿਤੇਂਦਰ ਜੋਰਵਾਲ ਨੇ ਭੱਠਾ ਮਾਲਕਾਂ ਨੂੰ ਸਖਤ ਹਦਾਇਤ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ ਸਥਿਤ ਸਾਰੇ ਭੱਠਿਆਂ 'ਤੇ ਨਿਯਮਾਂ ਅਨੁਸਾਰ ਮਜ਼ਦੂਰੀ ਦੇਣ ਅਤੇ ਭੱਠੇ 'ਤੇ ਲੈਣ-ਦੇਣ ਸਬੰਧੀ ਸਾਰਾ ਰਿਕਾਰਡ ਮੇਨਟੇਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਭੱਠੇ ਦਾ ਖੇਤਰਫ਼ਲ ਨਿਰਧਾਰਤ ਕੀਤੇ ਗਏ ਮਾਪਦੰਡਾਂ ਅਨੁਸਾਰ ਹੋਣਾ ਚਾਹੀਦਾ ਹੈ ਅਤੇ ਭੱਠਿਆਂ ਵਿੱਚ ਮਜ਼ਦੂਰਾਂ ਲਈ ਪੀਣ ਵਾਲੇ ਸਾਫ ਪਾਣੀ ਤੋਂ ਲੈ ਕੇ ਸਾਫ਼ ਸੁਥਰੇ ਪਖਾਨੇ ਬਣੇ ਹੋਣੇ ਚਾਹੀਦੇ ਹਨ।
ਐਸ.ਡੀ.ਐਮ. ਨੇ ਕਿਹਾ ਕਿ ਜੇ ਕਿਸੇ ਭੱਠੇ 'ਤੇ ਦੂਜੇ ਰਾਜਾਂ ਤੋਂ ਮਜ਼ਦੂਰ ਕੰਮ ਕਰਨ ਲਈ ਲਿਆਏ ਜਾਂਦੇ ਹਨ, ਤਾਂ ਇਸ ਸਬੰਧੀ ਮਾਈਗਰੇਟ ਸਰਟੀਫਿਕੇਟ ਲੈਣਾ ਵੀ ਲਾਜ਼ਮੀ ਹੋਵੇਗਾ। ਉਨ੍ਹਾਂ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚੇ ਤੋਂ ਭੱਠਿਆਂ 'ਤੇ ਮਜ਼ਦੂਰੀ ਨਾ ਕਰਵਾਈ ਜਾਵੇ ਅਤੇ ਇਸ ਸਬੰਧੀ ਵਿਸ਼ੇਸ਼ ਤੌਰ 'ਤੇ ਭੱਠਿਆਂ ਦੇ ਬਾਹਰ ਤਿੰਨੇ ਭਾਸ਼ਾਵਾਂ ਵਿੱਚ ਇਹ ਸਪੱਸ਼ਟ ਤੌਰ 'ਤੇ ਲਿਖਿਆ ਜਾਵੇ ਕਿ ਇਸ ਭੱਠੇ 'ਤੇ ਕਿਸੇ ਤਰ੍ਹਾਂ ਦੀ ਕੋਈ ਬਾਲ ਮਜ਼ਦੂਰੀ ਨਹੀਂ ਕਰਵਾਈ ਜਾਂਦੀ। ਉਨ੍ਹਾਂ ਕਿਹਾ ਕਿ ਭੱਠਾ ਲਗਾਉਣ ਲਈ ਸਬੰਧਤ ਵਿਭਾਗ ਤੋਂ ਪ੍ਰਦੂਸ਼ਣ ਕੰਟਰੋਲ ਸਬੰਧੀ ਸਰਟੀਫਿਕੇਟ ਲੈਣਾ ਵੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਭੱਠਿਆਂ 'ਤੇ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਮਾਈਨਿੰਗ ਨਹੀਂ ਹੋਣੀ ਚਾਹੀਦੀ। ਉਨ੍ਹਾਂ ਭੱਠੇ 'ਤੇ ਕੰਮ ਕਰਦੇ ਮਜ਼ਦੂਰਾਂ ਦੇ ਨਾਲ ਸਹਿਜ ਅਤੇ ਨਰਮ ਵਿਵਹਾਰ ਕਰਨ ਸਬੰਧੀ ਹਦਾਇਤਾਂ ਵੀ ਜ਼ਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਭੱਠਿਆਂ 'ਤੇ ਸੀ.ਸੀ.ਟੀ.ਵੀ. ਕੈਮਰੇ ਵੀ ਜ਼ਰੂਰੀ ਲਗਵਾਏ ਜਾਣ। ਇਸ ਤੋਂ ਇਲਾਵਾ ਭੱਠੇ 'ਤੇ ਕੰਮ ਕਰਨ ਵਾਲੇ ਸਾਰੇ ਮਜ਼ਦੂਰਾਂ ਦੇ ਆਧਾਰ, ਰਾਸ਼ਨ ਕਾਰਡ, ਵੋਟਰ ਕਾਰਡ, ਮਗਨਰੇਗਾ ਕਾਰਡ ਤੋਂ ਇਲਾਵਾ ਬੀਮਾ ਸਹੂਲਤ ਮੁਹੱਈਆ ਕਰਵਾਉਣ ਨੂੰ ਵੀ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਕਿਹਾ ਕਿ ਭੱਠਾ ਮਾਲਕ ਆਪਣੇ ਭੱਠਿਆਂ ਦੇ ਬਾਹਰ ਤਿੰਨੋਂ ਭਾਸ਼ਾਵਾਂ ਵਿੱਚ ਵਿਸ਼ੇਸ਼ ਬੋਰਡ ਲਗਾ ਕੇ ਡਿਪਟੀ ਕਮਿਸ਼ਨਰ ਦਫ਼ਤਰ ਸਮੇਤ ਸਬੰਧਤ ਐਸ.ਡੀ.ਐਮ., ਤਹਿਸੀਲ, ਡੀ.ਐਸ.ਪੀ., ਐਸ.ਐਚ.ਓ. ਅਤੇ ਲੇਬਰ ਵਿਭਾਗ ਦੇ ਫੋਨ ਨੰਬਰ ਲਿਖਣੇ ਲਾਜ਼ਮੀ ਬਣਾਏ ਜਾਣ, ਤਾਂ ਜੋ ਜ਼ਰੂਰਤ ਪੈਣ 'ਤੇ ਫੌਰੀ ਤੌਰ 'ਤੇ ਇਨ੍ਹਾਂ ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਭੱਠਿਆਂ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਊਣਤਾਈਆਂ ਸਾਹਮਣੇ ਆਉਣ 'ਤੇ ਸਖਤ ਕਾਰਵਾਈ ਵੀ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਆਈ.ਪੀ.ਐਸ. (ਅੰਡਰ ਟਰੇਨਿੰਗ) ਸ੍ਰੀ ਅੰਕੁਰ ਗੁਪਤਾ, ਡੀ.ਐਸ.ਪੀ. ਸ੍ਰੀ ਸੁਖਵਿੰਦਰ ਸਿੰਘ, ਤਹਿਸੀਲਦਾਰ ਹੁਸ਼ਿਆਰਪੁਰ ਸ੍ਰੀ ਅਰਵਿੰਦ ਵਰਮਾ, ਨਾਇਬ ਤਹਿਸੀਲਦਾਰ ਸ੍ਰੀ ਜਸਕਰਨ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਜ਼ਿਲ੍ਹੇ ਨਾਲ ਸਬੰਧਤ ਭੱਠਾ ਮਾਲਕ ਮੌਜੂਦ ਸਨ।
No comments:
Post a Comment