- ਹਲਕਾ ਵਿਧਾਇਕ ਅਰੁਣ ਡੋਗਰਾ ਬਣੇ 'ਸਮਰਪਣ' ਦੇ ਮੈਂਬਰ
ਹੁਸ਼ਿਆਰਪੁਰ, 13 ਫਰਵਰੀ: ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸ਼ੁਰੂ ਕੀਤੇ 'ਸਮਰਪਣ' ਪ੍ਰੋਜੈਕਟ ਨੂੰ ਦਿਨੋਂ-ਦਿਨ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਥੇ ਭਾਰੀ ਗਿਣਤੀ 'ਚ ਦਾਨੀ ਸੱਜਣ 'ਸਮਰਪਣ' ਦੇ ਮੈਂਬਰ ਬਣ ਰਹੇ ਹਨ, ਉਥੇ ਸਮਰਪਣ ਲੋਕ ਚੇਤਨਾ ਜ਼ਰੀਏ ਪਿੰਡਾਂ ਦੀਆਂ ਪੰਚਾਇਤਾਂ ਵੀ ਅੱਗੇ ਆ ਰਹੀਆਂ ਹਨ। ਜ਼ਿਲ੍ਹੇ ਦੇ ਸਿੱਖਿਆ ਵਿਭਾਗ ਵਲੋਂ ਸਮਰਪਣ ਲੋਕ ਚੇਤਨਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਜ਼ਰੀਏ ਪਿੰਡਾਂ ਵਿੱਚ ਜਾ ਕੇ 'ਸਮਰਪਣ' ਲਈ ਸਮਰਪਿਤ ਅਧਿਆਪਕਾਂ ਵਲੋਂ 'ਸਮਰਪਣ' ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਤਹਿਪੁਰ ਖੁਰਦ ਦੇ ਲੈਕਚਰਾਰ ਸ੍ਰੀ ਵਿਜੇ ਭੱਟੀ ਵਲੋਂ ਸਕੂਲੀ ਸਮੇਂ ਤੋਂ ਬਾਅਦ ਪਿੰਡਾਂ ਵਿੱਚ ਜਾ ਕੇ ਪੰਚਾਇਤਾਂ ਸਮੇਤ ਪਿੰਡ ਵਾਸੀਆਂ ਨਾਲ 'ਸਮਰਪਣ' ਬਾਰੇ ਗੱਲਬਾਤ ਕੀਤੀ ਜਾ ਰਹੀ ਹੈ, ਜਿਸ ਦੀ ਬਦੌਲਤ ਭਾਰੀ ਗਿਣਤੀ ਵਿੱਚ ਪਿੰਡ ਵਾਸੀ 'ਸਮਰਪਣ' ਦੇ ਮੈਂਬਰ ਬਣ ਰਹੇ ਹਨ। ਇਸ ਤੋਂ ਇਲਾਵਾ ਹਲਕਾ ਵਿਧਾਇਕ, ਐਨ.ਆਰ.ਆਈਜ਼, ਉਚ ਅਧਿਕਾਰੀ, ਪੱਤਰਕਾਰ ਭਾਈਚਾਰਾ, ਉਦਯੋਗਪਤੀਆਂ ਤੋਂ ਇਲਾਵਾ ਸਮਾਜ ਦਾ ਹਰੇਕ ਵਰਗ ਸਰਕਾਰੀ ਸਕੂਲਾਂ ਦੀਆਂ ਬੁਨਿਆਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸ਼ੁਰੂ ਕੀਤੇ 'ਸਮਰਪਣ' ਪ੍ਰੋਜੈਕਟ ਨਾਲ ਜੁੜ ਰਿਹਾ ਹੈ।
'ਸਮਰਪਣ' ਦਾ ਮੈਂਬਰ ਬਣੇ ਹਲਕਾ ਵਿਧਾਇਕ ਦਸੂਹਾ ਸ੍ਰੀ ਅਰੁਣ ਡੋਗਰਾ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸ਼ੁਰੂ ਕੀਤਾ ਗਿਆ ਇਹ ਪ੍ਰੋਜੈਕਟ ਸ਼ਲਾਘਾਯੋਗ ਹੈ। ਉਨ੍ਹਾਂ ਦੱਸਿਆ ਕਿ ਵੱਧ ਤੋਂ ਵੱਧ ਦਾਨੀ ਸੱਜਣਾਂ ਨੂੰ 'ਸਮਰਪਣ' ਨਾਲ ਜੁੜਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਦਾ ਮਿਆਰ ਉਚਾ ਚੁੱਕਣ ਲਈ ਜੀਅ ਤੋੜ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸਰਕਾਰ ਵਲੋਂ ਸਰਕਾਰੀ ਸਕੂਲਾਂ ਨੂੰ ਬੁਨਿਆਦੀ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸਿੱਖਿਆ ਦੇ ਖੇਤਰ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਪ੍ਰਸ਼ਾਸ਼ਨ ਵਲੋਂ ਸ਼ੁਰੂ ਕੀਤਾ ਇਹ ਪ੍ਰੋਜੈਕਟ ਇਕ ਨਿਵੇਕਲੀ ਪਹਿਲ ਹੈ।
ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦਾਨੀ ਸੱਜਣਾਂ ਦਾ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ 'ਸਮਰਪਣ' ਪ੍ਰੋਜੈਕਟ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸ਼ੁਰੂ ਕੀਤਾ ਗਿਆ ਹੈ, ਜਿਸ ਲਈ ਭਾਰੀ ਗਿਣਤੀ ਵਿੱਚ 'ਸਮਰਪਣ' ਨਾਲ ਦਾਨੀ ਸੱਜਣਾਂ ਦਾ ਜੁੜਨਾ ਇਸ ਗੱਲ ਦਾ ਸੰਕੇਤ ਹੈ ਕਿ ਇਹ ਪ੍ਰੋਜੈਕਟ ਸਰਕਾਰੀ ਸਕੂਲਾਂ ਲਈ ਇਕ ਮਿਸਾਲ ਹੋਵੇਗਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕਰੀਬ 12 ਹਜ਼ਾਰ ਤੋਂ ਵੱਧ ਦਾਨੀ-ਸੱਜਣ ਸਮਰਪਣ ਦੇ ਮੈਂਬਰ ਬਣ ਚੁੱਕੇ ਹਨ ਅਤੇ ਇਨ੍ਹਾਂ ਦੇ ਯੋਗਦਾਨ ਸਦਕਾ ਲੱਖਾਂ ਰੁਪਏ ਦਾ ਫੰਡ ਵੀ ਇਕੱਤਰ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਿੱਖਿਆ ਵਿਭਾਗ ਦੀ ਪਹਿਲ ਕਦਮੀ ਅਤੇ ਅਧਿਆਪਕਾਂ ਦੀ ਸਮਰਪਣ ਭਾਵਨਾ ਸਦਕਾ ਭਾਰੀ ਗਿਣਤੀ ਵਿੱਚ ਦਾਨੀ ਸੱਜਣ 'ਸਮਰਪਣ' ਦਾ ਹਿੱਸਾ ਬਣ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਉਪਰਾਲੇ ਤਹਿਤ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਇਕੱਤਰ ਸਿੱਖਿਆ ਸਹਾਇਤਾ ਫੰਡ ਨਾਲ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ।
ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਦਾਨੀ ਸੱਜਣ ਇਹ ਦਾਨ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਜਾਂ ਹੋਰ ਵਿਸ਼ੇਸ਼ ਯਾਦ ਲਈ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਕ ਪਰਚੀ 365 ਰੁਪਏ ਦੀ ਹੋਵੇਗੀ ਅਤੇ ਇਕ ਦਿਨ ਦੇ ਇਕ ਰੁਪਏ ਦੇ ਹਿਸਾਬ ਨਾਲ ਇਕ ਦਾਨੀ ਸੱਜਣ 365 ਰੁਪਏ ਕਿਸੇ ਵਿਸ਼ੇਸ਼ ਦਿਨ ਲਈ ਦਾਨ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਦਾਨ ਕਰਨ ਵਾਲੇ ਦਾਨੀ ਸੱਜਣ ਨੂੰ ਸਮਰਪਣ ਵਲੋਂ ਵਾਹਨ 'ਤੇ ਲਗਾਉਣ ਲਈ ਇਕ ਵਿਸ਼ੇਸ਼ ਸਟਿੱਕਰ ਵੀ ਮੁਹੱਈਆ ਕਰਵਾਇਆ ਜਾਵੇਗਾ, ਜਿਸ ਤੋਂ ਸਾਬਤ ਹੋਵੇਗਾ ਕਿ ਉਹ 'ਸਮਰਪਣ' ਨਾਲ ਜੁੜਿਆ ਹੋਇਆ ਹੈ।
No comments:
Post a Comment