ਹੁਸ਼ਿਆਰਪੁਰ, 19 ਫਰਵਰੀ : ਜ਼ਿਲ੍ਹਾ ਪ੍ਰਸ਼ਾਸ਼ਨ ਹੁਸ਼ਿਆਰਪੁਰ ਵਲੋਂ ਸ਼ੁਰੂ ਕੀਤੇ ਗਏ 'ਸਮਰਪਣ' ਪ੍ਰੋਜੈਕਟ ਨੂੰ ਦਿਨੋਂ-ਦਿਨ ਕਾਫ਼ੀ ਹੁੰਗਾਰਾ ਮਿਲ ਰਿਹਾ ਹੈ। ਇਸ ਪ੍ਰੋਜੈਕਟ ਲਈ ਜਿਥੇ ਵੱਖ-ਵੱਖ ਦਾਨੀ-ਸੱਜਣਾਂ ਵਲੋਂ ਯੋਗਦਾਨ ਪਾਇਆ ਜਾ ਰਿਹਾ ਹੈ, ਉਥੇ ਹੁਣ ਹੁਸ਼ਿਆਰਪੁਰ ਦਾ ਮੀਡੀਆ 'ਸਮਰਪਣ' ਸਬੰਧੀ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਨਿੱਜੀ ਤੌਰ 'ਤੇ ਯੋਗਦਾਨ ਪਾਉਣ ਲਈ ਇਸ ਪ੍ਰੋਜੈਕਟ ਨਾਲ ਜੁੜ ਚੁੱਕਾ ਹੈ। ਅੱਜ ਵੱਖ-ਵੱਖ ਮੀਡੀਆ ਹਾਊਸ ਦੇ ਨੁਮਾਇੰਦਿਆਂ ਨੇ ਯੋਗਦਾਨ ਪਾ ਕੇ ਆਮ ਜਨਤਾ ਨੂੰ 'ਸਮਰਪਣ' ਨਾਲ ਜੁੜਨ ਦਾ ਸੰਦੇਸ਼ ਦਿੱਤਾ ਹੈ।
ਅੱਜ ਪੱਤਰਕਾਰ ਸ੍ਰੀ ਰਾਜੇਸ਼ ਕੁਮਾਰ ਸ਼ਰਮਾ, ਸ੍ਰੀ ਵਰਿੰਦਰ ਕੁਮਾਰ, ਸ੍ਰੀ ਦਲਵਿੰਦਰ ਸਿੰਘ, ਸ੍ਰੀ ਅਮਰੀਕ ਸਿੰਘ, ਸ੍ਰੀ ਤਖਤ ਸਿੰਘ ਅਤੇ ਸ੍ਰੀ ਜਸਵਿੰਦਰਜੀਤ ਸਿੰਘ 'ਸਮਰਪਣ' ਦੇ ਮੈਂਬਰ ਬਣੇ। ਉਕਤ ਦਾਨੀ ਸੱਜਣਾਂ ਨੇ 365 ਰੁਪਏ ਦੇ ਦਾਨ ਨਾਲ 6 ਪਰਚੀਆਂ ਕਟਵਾ ਕੇ 2190 ਰੁਪਏ ਦਾ
ਯੋਗਦਾਨ ਪਾਇਆ। ਇਸ ਮੌਕੇ ਇਨ੍ਹਾਂ ਨੂੰ ਜ਼ਿਲ੍ਹਾ ਸਿੱਖਿਆ ਵਿਭਾਗ ਵਲੋਂ ਸਮਰਪਣ ਦੀ ਮੈਂਬਰਸ਼ਿਪ ਦੇ ਸਟਿੱਕਰ ਵੀ ਸੌਂਪੇ ਗਏ।
ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦਾਨੀ ਸੱਜਣਾਂ ਦਾ ਧੰਨਵਾਦ ਪ੍ਰਗਟਾਉਂਦਿਆਂ ਕਿਹਾ ਕਿ 'ਸਮਰਪਣ' ਪ੍ਰੋਜੈਕਟ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸ਼ੁਰੂ ਕੀਤਾ ਗਿਆ ਹੈ, ਜਿਸ ਲਈ ਭਾਰੀ ਗਿਣਤੀ ਵਿੱਚ 'ਸਮਰਪਣ' ਨਾਲ ਦਾਨੀ ਸੱਜਣਾਂ ਦਾ ਜੁੜਨਾ ਇਸ ਗੱਲ ਦਾ ਸੰਕੇਤ ਹੈ ਕਿ ਇਹ ਪ੍ਰੋਜੈਕਟ ਸਰਕਾਰੀ ਸਕੂਲਾਂ ਲਈ ਇਕ ਮਿਸਾਲ ਹੋਵੇਗਾ। ਉਨ੍ਹਾਂ ਦੱਸਿਆ ਕਿ ਮੀਡੀਆ ਵਲੋਂ ਜਿਥੇ ਇਸ ਪ੍ਰੋਜੈਕਟ ਸਬੰਧੀ ਜਾਗਰੂਕਤਾ ਫੈਲਾਈ ਜਾ ਰਹੀ ਹੈ, ਉਥੇ ਹੁਣ ਨਿੱਜੀ ਤੌਰ 'ਤੇ ਯੋਗਦਾਨ ਵੀ ਪਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਉਪਰਾਲੇ ਤਹਿਤ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ ਇਕੱਤਰ ਸਿੱਖਿਆ ਸਹਾਇਤਾ ਫੰਡ ਨਾਲ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ।
ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਦਾਨੀ ਸੱਜਣ ਇਹ ਦਾਨ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਜਾਂ ਹੋਰ ਵਿਸ਼ੇਸ਼ ਯਾਦ ਲਈ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਕ ਪਰਚੀ 365 ਰੁਪਏ ਦੀ ਹੋਵੇਗੀ ਅਤੇ ਇਕ ਦਿਨ ਦੇ ਇਕ ਰੁਪਏ ਦੇ ਹਿਸਾਬ ਨਾਲ ਇਕ ਦਾਨੀ ਸੱਜਣ 365 ਰੁਪਏ ਕਿਸੇ ਵਿਸ਼ੇਸ਼ ਦਿਨ ਲਈ ਦਾਨ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਦਾਨ ਕਰਨ ਵਾਲੇ ਦਾਨੀ ਸੱਜਣ ਨੂੰ ਸਮਰਪਣ ਵਲੋਂ ਵਾਹਨ 'ਤੇ ਲਗਾਉਣ ਲਈ ਇਕ ਵਿਸ਼ੇਸ਼ ਸਟਿੱਕਰ ਵੀ ਮੁਹੱਈਆ ਕਰਵਾਇਆ ਜਾਵੇਗਾ, ਜਿਸ ਤੋਂ ਸਾਬਤ ਹੋਵੇਗਾ ਕਿ ਉਹ 'ਸਮਰਪਣ' ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ 'ਸਮਰਪਣ' ਵਿੱਚ ਸਮਰਪਣ ਭਾਵਨਾ ਨਾਲ ਜੁੜਨ ਲਈ ਅੱਗੇ ਆਉਣ ਦੀ ਲੋੜ ਹੈ, ਤਾਂ ਜੋ ਸਰਕਾਰੀ ਸਕੂਲਾਂ ਦੀਆਂ ਬੁਨਿਆਦੀ ਕਮੀਆਂ ਨੂੰ ਪੂਰਾ ਕੀਤਾ ਜਾ ਸਕੇ।
No comments:
Post a Comment