- ਕਿਹਾ, ਨੌਜਵਾਨਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਦੇਣ ਲਈ ਤਾਲਮੇਲ ਨਾਲ ਕੰਮ ਕਰਨ ਉਦਯੋਗਿਕ ਅਦਾਰੇ
- ਰੁਜ਼ਗਾਰ ਮੇਲੇ ਵਿੱਚ 64 ਨੌਜਵਾਨਾਂ ਦੀ ਹੋਈ ਪਲੇਸਮੈਂਟ ਜਦਕਿ 161 ਨੂੰ ਕੀਤਾ ਸ਼ਾਰਟਲਿਸਟ
- ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਆਈ.ਟੀ.ਆਈ. ਕੰਪਲੈਕਸ ਵਿਖੇ ਲਗਾਇਆ ਗਿਆ ਜ਼ਿਲ੍ਹਾ ਪੱਧਰੀ ਰੁਜ਼ਗਾਰ ਮੇਲਾ
ਹੁਸ਼ਿਆਰਪੁਰ, 27 ਫਰਵਰੀ: ਪੰਜਾਬ ਸਰਕਾਰ ਦੇ ਘਰ-ਘਰ ਰੁਜ਼ਗਾਰ ਪ੍ਰੋਗਰਾਮ ਤਹਿਤ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ, ਆਈ.ਟੀ.ਆਈ. ਕੰਪਲੈਕਸ ਵਿਖੇ ਜ਼ਿਲ੍ਹਾ ਪੱਧਰੀ ਰੁਜ਼ਗਾਰ ਮੇਲੇ ਵਿੱਚ ਵੱਖ-ਵੱਖ ਕੰਪਨੀਆਂ ਵਲੋਂ 64 ਨੌਜਵਾਨਾਂ ਦੀ ਪਲੇਸਮੈਂਟ ਕੀਤੀ ਗਈ ਜਦਕਿ 161 ਦੇ ਕਰੀਬ ਨੌਜਵਾਨ ਸ਼ਾਰਟੀਲਿਸਟ ਕੀਤੇ ਗਏ। ਰੋਜ਼ਗਾਰ ਮੇਲੇ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਨੌਜਵਾਨਾਂ ਦੀ ਪਲੇਸਮੈਂਟ ਕਰਨ ਵਾਲੀਆਂ ਵੱਖ-ਵੱਖ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਕੀਤੀ ਬੈਠਕ ਕੀਤੀ। ਉਨ੍ਹਾਂ ਨੇ ਨੁਮਾਇੰਦਿਆਂ ਨੂੰ ਵੱਧ ਤੋਂ ਵੱਧ ਨੌਜਵਾਨਾਂ ਦੀ ਪਲੇਸਮੈਂਟ ਕਰਨ ਸਬੰਧੀ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਬੇਹੱਦ ਗੰਭੀਰ ਹੈ। ਇਸੇ ਲਈ ਸਰਕਾਰ ਵਲੋਂ ਖੋਲ੍ਹੇ ਗਏ ਸਕਿੱਲ ਡਿਵੈਲਪਮੈਂਟ ਸੈਂਟਰਾਂ ਵਿੱਚ ਵੱਧ ਤੋਂ ਵੱਧ ਨੌਜਵਾਨਾਂ ਨੂੰ ਯੋਗਤਾ ਅਤੇ ਰੁਚੀ ਅਨੁਸਾਰ ਵੱਖ-ਵੱਖ ਟਰੇਡਾਂ ਵਿੱਚ ਟਰੇਨਿੰਗ ਦੇ ਕੇ ਰੁਜ਼ਗਾਰ ਦੇ ਕਾਬਲ ਬਣਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਵੇਖਣ ਵਿੱਚ ਆਉਂਦਾ ਹੈ ਕਿ ਕਮਿਊਨੀਕੇਸ਼ਨ ਗੈਪ ਅਤੇ ਸੂਚਨਾ ਦੀ ਕਮੀ ਕਾਰਨ ਨੌਜਵਾਨ ਉਦਯੋਗਿਕ ਅਦਾਰਿਆਂ ਦੀ ਜ਼ਰੂਰਤ ਅਨੁਸਾਰ ਸਕਿੱਲ ਹਾਸਲ ਕਰਨ ਵਿੱਚ ਅਸਫ਼ਲ ਰਹਿੰਦੇ ਹਨ। ਇਸ ਲਈ ਉਦਯੋਗਿਕ ਅਦਾਰਿਆਂ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਮਿਲ ਕੇ ਚੱਲਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਇਸ ਕਮਿਊਨੀਕੇਸ਼ਨ ਗੈਪ ਨੂੰ ਦੂਰ ਕਰਨ ਲਈ ਉਦਯੋਗਿਕ ਅਦਾਰੇ ਸਰਕਾਰ ਵਲੋਂ ਖੋਲ੍ਹੇ ਗਏ ਸਕਿੱਲ ਡਿਵੈਲਪਮੈਂਟ ਸੈਂਟਰਾਂ ਦਾ ਦੌਰਾ ਕਰਨ ਅਤੇ ਫੀਡ ਬੈਕ ਦੇਣ ਕਿ ਇਨ੍ਹਾਂ ਸਕਿੱਲ ਡਿਵੈਲਪਮੈਂਟ ਸੈਟਰਾਂ ਵਿੱਚ ਹੋਰ ਕਿਸ ਤਰ੍ਹਾਂ ਨਾਲ ਸੁਧਾਰ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਉਦਯੋਗਿਕ ਅਦਾਰੇ ਫੀਡ ਬੈਕ ਦੇਣਗੇ ਕਿ ਉਨ੍ਹਾਂ ਨੂੰ ਕਿਸ ਟਰੇਡ ਵਿੱਚ ਕਿਸ ਤਰ੍ਹਾਂ ਦੇ ਕੰਮ ਦੀ ਨਿਪੁੰਨਤਾ ਰੱਖਣ ਵਾਲੇ ਨੌਜਵਾਨਾਂ ਦੀ ਜ਼ਰੂਰਤ ਹੈ, ਤਾਂ ਇਨ੍ਹਾਂ ਸੈਂਟਰਾਂ ਵਿੱਚ ਉਸੇ ਤਰ੍ਹਾਂ ਦੀ ਸਿੱਖਿਆ ਅਤੇ ਟਰੇਨਿੰਗ ਮੁਹੱਈਆ ਕਰਵਾ ਕੇ ਨੌਜਵਾਨਾਂ ਨੂੰ ਇਸ ਦੇ ਕਾਬਲ ਬਣਾਇਆ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਈ.ਟੀ.ਆਈ. ਕੰਪਲੈਕਸ ਵਿਖੇ ਖੋਲ੍ਹੇ ਗਏ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਨੂੰ ਰਿਕਰੂਟਮੈਂਟ ਹੱਬ ਵਜੋਂ ਇਸਤੇਮਾਲ ਕੀਤਾ ਜਾਵੇ। ਇਸ ਤੋਂ ਇਲਾਵਾ ਇਸ ਸੈਂਟਰ ਵਿੱਚ ਇਕ ਸੂਚਨਾ ਬੋਰਡ ਵੀ ਲਗਾਇਆ ਜਾਵੇ, ਜਿਸ ਵਿੱਚ ਪੂਰੇ ਵੇਰਵੇ ਅਨੁਸਾਰ ਸਮੇਂ-ਸਮੇਂ 'ਤੇ ਦੱਸਿਆ ਜਾਵੇ ਕਿ ਕਿਸ ਉਦਯੋਗ ਨੂੰ ਕਿਸ ਟਰੇਡ ਨਾਲ ਸਬੰਧਤ ਟਰੇਂਡ ਨੌਜਵਾਨਾਂ ਦੀ ਜ਼ਰੂਰਤ ਹੈ, ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਦੀ ਪਲੇਸਮੈਂਟ ਹੋ ਸਕੇ। ਉਨ੍ਹਾਂ ਕਿਹਾ ਕਿ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿੱਚ ਰੁਜ਼ਗਾਰ ਲਈ ਜਿੰਨੇ ਵੱਧ ਤੋਂ ਵੱਧ ਨੌਜਵਾਨ ਆਉਣਗੇ, ਉਨ੍ਹਾਂ ਨੂੰ ਵੱਧ ਤੋਂ ਵੱਧ ਉਦਯਗਿਕ ਅਦਾਰਿਆਂ ਦੀ ਰੁਚੀ ਅਨੁਸਾਰ ਕੌਂਸਲਿੰਗ ਕਰਕੇ ਰੁਜ਼ਗਾਰ ਹਾਸਲ ਕਰਨ ਦੇ ਮੌਕੇ ਵੀ ਮਿਲਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਨੌਜਵਾਨਾਂ ਦੀ ਟਰੇਨਿੰਗ ਦੌਰਾਨ ਮੁਫ਼ਤ ਰਿਹਾਇਸ਼, ਸਕਾਲਰਸ਼ਿਪ ਅਤੇ ਹੋਰ ਸਹੂਲਤਾਂ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜੇਕਰ ਜ਼ਿਲ੍ਹੇ ਵਿੱਚ ਰਹਿਣ ਵਾਲੇ ਕਿਸੇ ਨੌਜਵਾਨ ਦੀ ਰਿਕਰੂਟਮੈਂਟ ਰਿਹਾਇਸ਼ ਤੋਂ ਦੂਰ ਦੂਜੇ ਜ਼ਿਲ੍ਹੇ ਵਿੱਚ ਹੁੰਦੀ ਹੈ, ਤਾਂ ਐਮ.ਐਸ.ਡੀ.ਸੀ. ਵਲੋਂ ਰਿਕਰੂਟ ਹੋਣ ਵਾਲੇ ਨੌਜਵਾਨਾਂ ਦੀ ਤਿੰਨ ਮਹੀਨਿਆਂ ਲਈ 1000 ਰੁਪਏ ਪ੍ਰਤੀ ਮਹੀਨਾ ਦੀ ਰਾਸ਼ੀ ਨਾਲ ਸਹਾਇਤਾ ਵੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਉਦਯੋਗਿਕ ਅਦਾਰੇ ਤਾਲਮੇਲ ਨਾਲ ਕੰਮ ਕਰਨ, ਤਾਂ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਸਕਦਾ ਹੈ।
ਇਸ ਦੌਰਾਨ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਓਰੋ ਅਤੇ ਟੀਮ ਸਕਿੱਲ ਡਿਵੈਲਪਮੈਂਟ ਮਿਸ਼ਨ ਦੇ ਸਹਿਯੋਗ ਨਾਲ ਲਗਾਏ ਰੁਜ਼ਗਾਰ ਮੇਲੇ ਵਿੱਚ ਵੱਖ-ਵੱਖ ਕੰਪਨੀਆਂ ਇੰਟਰਨੈਸ਼ਨਲ ਟਰੈਕਟਰ ਲਿਮਟਡ ਸੋਨਾਲੀਕਾ, ਰਿਲਾਇੰਸ ਇੰਡਸਟਰੀਜ਼ ਲਿਮ:, ਵਰਧਮਾਨ ਯਾਰਨਜ਼ ਅਤੇ ਥਰੈਡਜ਼, ਇਨਫੋਟੈਕ ਹੈਲਥ ਕੇਅਰ, ਡਾਇਮੰਡ ਹਰਬਲ ਚਾਹ, ਊਸ਼ਾ ਮਾਰਟੀਨ ਲਿਮ:, ਐਸ.ਬੀ.ਆਈ. ਲਾਇਫ਼ ਇੰਸ਼ੋਰੈਂਸ, ਲੁਮੀਨੈਸ ਪਾਵਰ ਤੋਂ ਇਲਾਵਾ ਹੋਰ ਕਈ ਇੰਡਸਟਰੀਆਂ ਵਲੋਂ 64 ਨੌਜਵਾਨਾਂ ਦੀ ਪਲੇਸਮੈਂਟ ਕੀਤੀ ਗਈ ਹੈ, ਜਦਕਿ 161 ਨੌਜਵਾਨਾਂ ਨੂੰ ਸ਼ਾਰਟਲਿਸਟ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ, ਪੀ.ਸੀ.ਐਸ. (ਅੰਡਰ ਟਰੇਨਿੰਗ) ਸ੍ਰੀ ਅਮਿਤ ਸਰੀਨ, ਜ਼ਿਲ੍ਹਾ ਰੋਜ਼ਗਾਰ ਅਤੇ ਜਨਰੇਸ਼ਨ ਅਫ਼ਸਰ ਸ੍ਰੀ ਜਸਵੰਤ ਰਾਏ ਤੋਂ ਇਲਾਵਾ ਵੱਖ-ਵੱਖ ਉਦਯੋਗਾਂ ਦੇ ਪ੍ਰਤੀਨਿੱਧੀ ਵੀ ਮੌਜੂਦ ਸਨ।
No comments:
Post a Comment