ਹੁਸ਼ਿਆਰਪੁਰ, 8 ਫਰਵਰੀ:ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ ਨੇ ਕਿਹਾ ਕਿ ਮਗਨਰੇਗਾ ਤਹਿਤ ਕੁਦਰਤੀ ਸਰੋਤ ਪ੍ਰਬੰਧਨ (ਨੈਚੂਰਲ ਰਿਸੋਰਸ ਮੈਨੇਜਮੈਂਟ) ਅਤੇ ਜੰਗਲਾਤ ਸਬੰਧੀ ਵੱਧ ਤੋਂ ਵੱਧ ਕੰਮ ਕਰਵਾਏ ਜਾਣ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਗਨਰੇਗਾ ਤਹਿਤ ਚੱਲ ਰਹੇ ਵੱਖ-ਵੱਖ ਕੰਮਾਂ ਦਾ ਜਾਇਜ਼ਾ ਲੈਣ ਦੌਰਾਨ ਅਧਿਕਾਰੀਆਂ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਪੈਂਦੀ ਕੰਢੀ ਕੈਨਾਲ, ਸ਼ਾਹ ਨਹਿਰ ਸਮੇਤ ਸਾਰੀਆਂ ਨਹਿਰਾਂ ਵਿੱਚ ਖਾਲੇ ਪੱਕੇ ਕਰਵਾਉਣ ਲਈ ਮਗਨਰੇਗਾ ਤਹਿਤ ਕੰਮ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਢੋਲਬਾਹਾ, ਜਨੌੜੀ, ਮੈਲੀ ਅਤੇ ਸਲੇਰਨ ਡੈਮ ਵਿੱਚ ਸਿਲਟ ਦੀ ਸਮੱਸਿਆ ਦੇ ਹੱਲ ਲਈ ਵੀ
ਮਗਨਰੇਗਾ ਤਹਿਤ ਇਕ ਯੋਜਨਾਬੱਧ ਤਰੀਕੇ ਨਾਲ ਕੰਮ ਕਰਵਾਇਆ ਜਾਵੇ। ਉਨ੍ਹਾਂ ਨੇ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਜੰਗਲਾਤ ਵਿਭਾਗ ਨਾਲ ਭੂਮੀ ਸੰਭਾਲ ਅਤੇ ਪੌਦੇ ਲਗਾਉਣ ਸਬੰਧੀ ਸਾਰੇ ਕੰਮ ਵੀ ਮਗਨਰੇਗਾ ਤਹਿਤ ਕਰਵਾਏ ਜਾਣ, ਤਾਂ ਜੋ ਵੱਧ ਤੋਂ ਵੱਧ ਪਿੰਡ ਵਾਸੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਗਨਰੇਗਾ ਤਹਿਤ ਕੰਮ ਕਰਵਾਉਣ ਨਾਲ ਜਿਥੇ ਪਿੰਡਾਂ ਵਿੱਚ ਲੋੜਵੰਦਾਂ ਨੂੰ ਰੁਜ਼ਗਾਰ ਪ੍ਰਾਪਤ ਹੁੰਦਾ ਹੈ, ਉਥੇ ਵੱਖ-ਵੱਖ ਵਿਕਾਸ ਕਾਰਜ ਵੀ ਨੇਪਰੇ ਚਾੜ੍ਹੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮਹਿਕਮਿਆਂ ਵਲੋਂ ਕੀਤੀ ਢਿੱਲ ਸਹਿਣ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਅਗਲੇ ਸਾਲ ਦੌਰਾਨ ਮਗਨਰੇਗਾ ਤਹਿਤ ਕਰਵਾਏ ਜਾਣ ਵਾਲੇ ਕੰਮਾਂ ਸਬੰਧੀ ਬਿਓਰਾ ਦੇਣ ਲਈ ਦਿਸ਼ਾ-ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਮਗਨਰੇਗਾ ਤਹਿਤ ਕੰਮ ਕਰਨ ਲਈ ਕਾਮੇ ਨਹੀਂ ਮਿਲਦੇ, ਉਥੇ ਨਾਲ ਲੱਗਦੇ 5 ਕਿਲੋਮੀਟਰ ਦੇ ਅੰਦਰ ਪੈਂਦੇ ਬਾਕੀ ਪਿੰਡਾਂ ਦੇ ਕਾਮਿਆਂ ਤੋਂ ਵੀ ਕੰਮ ਕਰਵਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮਗਨਰੇਗਾ ਤਹਿਤ ਮਜ਼ਦੂਰੀ ਦੇਣ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਂਦੀ। ਇਹ ਮਜ਼ਦੂਰੀ ਸਿੱਧੀ ਸਰਕਾਰ ਵਲੋਂ ਬੈਂਕ ਖਾਤਿਆਂ ਰਾਹੀਂ ਅਦਾ ਕੀਤੀ ਜਾਂਦੀ ਹੈ।
ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸਰਬਜੀਤ ਸਿੰਘ ਬੈਂਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਐਸ.ਸੀਜ਼, ਐਕਸੀਅਨ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
No comments:
Post a Comment