- ਹੁਣ ਤੱਕ 273 ਦਾਨੀ ਸੱਜਣਾਂ ਨੇ ਕਰੀਬ 26 ਲੱਖ ਰੁਪਏ ਦਾ ਪਾਇਆ ਯੋਗਦਾਨ
- 203 ਦਾਨੀ ਸੱਜਣਾਂ ਨੇ ਬੁੱਕ ਕਰਕੇ 'ਸਾਂਝੀ ਰਸੋਈ' ਵਿੱਚ ਮਨਾਏ ਵਿਸ਼ੇਸ਼ ਦਿਨ
ਹੁਸ਼ਿਆਰਪੁਰ, 15 ਫਰਵਰੀ: ਪੰਜਾਬ ਸਰਕਾਰ ਵਲੋਂ ਲੋੜਵੰਦਾਂ ਨੂੰ ਪੇਟ ਭਰ ਖਾਣਾ ਮੁਹੱਈਆ ਕਰਵਾਉਣ ਦਾ ਜੋ ਉਪਰਾਲਾ ਕੀਤਾ ਗਿਆ ਹੈ, ਉਸ ਨੂੰ ਜ਼ਿਲ੍ਹਾ ਪ੍ਰਸ਼ਾਸ਼ਨ ਹੁਸ਼ਿਆਰਪੁਰ ਵਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਫ਼ਲਤਾਪੂਰਵਕ ਚਲਾਇਆ ਜਾ ਰਿਹਾ ਹੈ। ਹੁਣ ਤੱਕ ਜ਼ਿਲ੍ਹੇ 'ਚ ਖੋਲ੍ਹੀ ਗਈ 'ਸਾਂਝੀ ਰਸੋਈ' ਵਿੱਚ 93 ਹਜ਼ਾਰ ਤੋਂ ਵੱਧ ਲੋੜਵੰਦ ਵਿਅਕਤੀਆਂ ਨੂੰ ਮਹਿਜ 10 ਰੁਪਏ ਵਿੱਚ ਪੇਟ ਭਰ ਪੌਸ਼ਟਿਕ ਖਾਣਾ ਖੁਆਇਆ ਗਿਆ ਹੈ, ਜਿਥੇ ਬੇਘਰੇ, ਬੇਸਹਾਰਾ ਅਤੇ ਗਰੀਬ ਵਿਅਕਤੀ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਖੋਲ੍ਹੀ 'ਸਾਂਝੀ ਰਸੋਈ' ਦੀ ਭਰਪੂਰ ਸ਼ਲਾਘਾ ਕਰ ਰਹੇ ਹਨ, ਉਥੇ ਵੱਧ ਤੋਂ ਵੱਧ ਦਾਨੀ ਸੱਜਣ ਇਸ ਵਿਸ਼ੇਸ਼ ਮੁਹਿੰਮ ਨਾਲ ਜੁੜਦੇ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ 'ਸਾਂਝੀ ਰਸੋਈ' ਵਿੱਚ ਖਾਣੇ ਦੀ ਕੁਆਲਟੀ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਸਮੇਂ-ਸਮੇਂ 'ਤੇ ਖਾਣੇ ਦੀ ਚੈਕਿੰਗ ਵੀ ਸਿਹਤ ਵਿਭਾਗ ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 'ਸਾਂਝੀ ਰਸੋਈ' ਨੂੰ ਸਫ਼ਲ ਬਣਾਉਣ ਲਈ ਦਾਨੀ ਸੱਜਣਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਅਤੇ ਹੁਣ ਤੱਕ 273 ਦਾਨੀ ਸੱਜਣ ਸਾਹਮਣੇ ਆਏ ਹਨ, ਜਿਨ੍ਹਾਂ ਵਲੋਂ ਕਰੀਬ 26 ਲੱਖ ਰੁਪਏ ਦਾ ਯੋਗਦਾਨ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ 203 ਦਾਨੀ ਸੱਜਣਾਂ ਵਲੋਂ ਆਪਣੇ ਵਿਸ਼ੇਸ਼ ਦਿਨ ਵੀ ਬੁੱਕ ਕਰਵਾਏ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 93 ਹਜ਼ਾਰ ਤੋਂ ਵੱਧ ਵਿਅਕਤੀ 'ਸਾਂਝੀ ਰਸੋਈ' ਵਿੱਚ ਆ ਕੇ ਖਾਣਾ ਖਾ ਚੁੱਕੇ ਹਨ ਅਤੇ ਇਨ੍ਹਾਂ ਵਿੱਚੋਂ ਕਈ ਅਜਿਹੇ ਲੋੜਵੰਦ ਵਿਅਕਤੀ ਹਨ, ਜੋ ਹਰ ਰੋਜ਼ ਇਸ ਸਹੂਲਤ ਦਾ ਲਾਹਾ ਲੈ ਰਹੇ ਹਨ।
ਸ੍ਰੀ ਵਿਪੁਲ ਉਜਵਲ ਨੇ ਦਾਨੀ ਸੱਜਣਾਂ ਵਲੋਂ ਪਾਏ ਗਏ ਯੋਗਦਾਨ ਸਦਕਾ ਜਿਥੇ ਧੰਨਵਾਦ ਪ੍ਰਗਟ ਕੀਤਾ ਹੈ, ਉਥੇ ਬਾਕੀ ਦਾਨੀ ਸੱਜਣਾਂ ਨੂੰ ਅਪੀਲ ਵੀ ਕੀਤੀ ਹੈ ਕਿ 'ਸਾਂਝੀ ਰਸੋਈ' ਲਈ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵੇ ਅਤੇ ਆਪਣੇ ਤੇ ਸਕੇ ਸਨੇਹੀਆਂ ਦੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਆਦਿ ਵਿਸ਼ੇਸ਼ ਦਿਨ 'ਇਕ ਦਿਨ ਸਾਂਝੀ ਰਸੋਈ ਦੇ ਨਾਲ' ਮਨਾਇਆ ਜਾਵੇ। ਉਨ੍ਹਾਂ ਕਿਹਾ ਕਿ ਵਿਸ਼ੇਸ਼ ਦਿਨ ਇਥੇ ਮਨਾਉਣ ਨਾਲ ਦਾਨੀ ਸੱਜਣਾਂ ਨੂੰ ਮਾਨਵਤਾ ਦੀ ਸੇਵਾ ਕਰਨ ਦਾ ਮੌਕਾ ਵੀ ਮਿਲਦਾ ਹੈ।
ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਨੇ ਦੱਸਿਆ ਕਿ 'ਸਾਂਝੀ ਰਸੋਈ' ਵਿੱਚ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਦਾਨੀ ਸੱਜਣ 'ਸਾਂਝੀ ਰਸੋਈ' ਲਈ ਯੋਗਦਾਨ ਪਾਉਣਾ ਚਾਹੁੰਦਾ ਹੈ, ਤਾਂ ਉਹ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨਾਲ ਸੰਪਰਕ ਕਰ ਸਕਦਾ ਹੈ।
No comments:
Post a Comment