ਹੁਸ਼ਿਆਰਪੁਰ, 2 ਫਰਵਰੀ:ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੂੰ ਨਵੀਂ ਦਿੱਲੀ ਵਿਖੇ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਵਲੋਂ ਮਿਲੇ ਨੈਸ਼ਨਲ ਐਵਾਰਡ ਨਾਲ ਜ਼ਿਲ੍ਹੇ ਦਾ ਮਾਣ ਵਧਿਆ ਹੈ। ਇਸ ਐਵਾਰਡ ਲਈ ਭਾਰਤ ਦੇ ਚੋਣ ਕਮਿਸ਼ਨ ਵਲੋਂ ਸ੍ਰੀ ਵਿਪੁਲ ਉਜਵਲ ਦੀ ਚੋਣ ਕੀਤੀ ਗਈ ਸੀ, ਕਿਉਂਕਿ ਇਨ੍ਹਾਂ ਨੇ ਵਿਧਾਨ ਸਭਾ ਚੋਣਾਂ ਦੌਰਾਨ ਇਕ ਅਜਿਹਾ ਐਪ ('ਈ ਸੀ ਆਈ ਐਪ') ਤਿਆਰ ਕੀਤੀ ਸੀ, ਜੋ ਆਈ.ਟੀ. ਖੇਤਰ ਵਿੱਚ ਇਕ ਲਾਮਿਸਾਲ ਕਾਰਗੁਜ਼ਾਰੀ ਬਣ ਕੇ ਸਾਹਮਣੇ ਆਇਆ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੋਬਾਇਲ ਆਈ.ਟੀ. ਦਾ ਯੁੱਗ ਹੋਣ ਕਾਰਨ 'ਗੂਗਲ ਪਲੇਅ ਸਟੋਰ' 'ਤੇ ਮੌਜੂਦ ਇਸ ਐਪ ਨੂੰ ਡਾਊਨਲੋਡ ਕਰਕੇ ਭਾਰਤ ਦੇ ਚੋਣ ਕਮਿਸ਼ਨ ਨਾਲ ਸਬੰਧਤ ਕੋਈ ਵੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਨਾਲ
ਸਬੰਧਤ ਹਰੇਕ ਜਾਣਕਾਰੀ ਜਿਸ ਵਿੱਚ ਚੋਣ ਕਮਿਸ਼ਨ ਦੇ ਨੋਟੀਫ਼ਿਕੇਸ਼ਨ, ਉਮੀਦਵਾਰਾਂ ਵਲੋਂ ਦਾਖਲ ਕੀਤੀਆਂ ਨਾਮਜ਼ਦਗੀਆਂ ਆਦਿ ਸਾਰੀ ਜਾਣਕਾਰੀ ਵੀ ਮੋਬਾਇਲ 'ਤੇ ਦੇਖੀ ਜਾ ਸਕਦੀ ਸੀ। ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਉਹ ਪਿਛਲੇ ਕੁੱਝ ਸਮੇਂ ਤੋਂ ਮੁੱਖ ਚੋਣ ਕਮਿਸ਼ਨ ਵਲੋਂ ਆਪਣੀ ਵੈੱਬਸਾਈਟ 'ਤੇ ਜਾਰੀ ਕੀਤੇ ਜਾਂਦੇ ਚੋਣ ਨੋਟੀਫ਼ਿਕੇਸ਼ਨਾਂ, ਰਾਜਸੀ ਪਾਰਟੀਆਂ, ਉਮੀਦਵਾਰਾਂ, ਅਧਿਕਾਰੀਆਂ ਅਤੇ ਆਮ ਜਨਤਾ ਲਈ ਅਹਿਮ ਜਾਣਕਾਰੀਆਂ ਅਤੇ ਚੋਣ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਮੋਬਾਇਲ ਐਪ ਦੇ ਰੂਪ ਵਿੱਚ ਉਪਲਬੱਧ ਨਾ ਹੋਣ ਕਾਰਨ, ਆਮ ਲੋਕਾਂ, ਮੀਡੀਆ, ਰਾਜਨੀਤਕ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਖੁਦ ਵੀ ਇੱਕ ਮੋਬਾਇਲ ਉਪਭੋਗਤਾ ਵਜੋਂ ਮਹਿਸੂਸ ਕਰ ਰਹੇ ਸਨ। ਇਸ ਸਮੱਸਿਆ ਦੇ ਹੱਲ ਲਈ ਆਈ.ਟੀ. ਮਾਹਿਰਾਂ ਦੇ ਸਹਿਯੋਗ ਨਾਲ ਇਸ 'ਈ ਸੀ ਆਈ ਐਪ' ਨੂੰ ਅਮਲੀ ਰੂਪ ਦੇ ਕੇ ਸਾਹਮਣੇ ਲਿਆਂਦਾ।
ਜ਼ਿਕਰਯੋਗ ਹੈ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਸਮੇਤ 7 ਰਾਜਾਂ ਦੀ ਚੋਣਾਂ ਦੌਰਾਨ ਵੱਖ-ਵੱਖ ਖੇਤਰਾਂ ਵਿਚ ਲਾਮਿਸਾਲ ਕਾਰਗੁਜ਼ਾਰੀ 'ਤੇ 'ਨੈਸ਼ਨਲ ਐਵਾਰਡ-2017' ਲਈ ਚੋਣ ਕੀਤੀ ਗਈ ਸੀ। ਇਨ੍ਹਾਂ ਵਿਚੋਂ 'ਸਪੈਸ਼ਲ ਨੈਸ਼ਨਲ ਐਵਾਰਡ' ਸ਼੍ਰੇਣੀ ਲਈ 6 ਅਤੇ 'ਜਨਰਲ ਨੈਸ਼ਨਲ ਐਵਾਰਡ' ਸ਼੍ਰੇਣੀ ਲਈ ਵੀ ਦੇਸ਼ ਦੇ 6 ਅਧਿਕਾਰੀਆਂ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਪੰਜਾਬ ਸੂਬੇ ਵਿਚ ਆਈ.ਟੀ. ਖੇਤਰ ਵਿਚ ਸਪੈਸ਼ਲ ਨੈਸ਼ਨਲ ਐਵਾਰਡ ਲਈ ਸ਼੍ਰੀ ਵਿਪੁਲ ਉਜਵਲ, ਜਨਰਲ ਨੈਸ਼ਨਲ ਐਵਾਰਡ ਲਈ ਸ਼੍ਰੀ ਰਵੀ ਭਗਤ ਆਈ.ਏ.ਐਸ ਦੀ ਚੋਣ ਕੀਤੀ ਗਈ ਸੀ। ਜਿਹੜੇ 10 ਹੋਰ ਅਧਿਕਾਰੀਆਂ ਨੂੰ ਇਹ ਨੈਸ਼ਨਲ ਐਵਾਰਡ-2017 ਮਿਲੇ ਹਨ, ਉਹ ਗੁਜਰਾਤ, ਮਨੀਪੁਰ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਉਤਰਾਖੰਡ ਅਤੇ ਗੋਆ ਨਾਲ ਸਬੰਧਤ ਹਨ।
No comments:
Post a Comment