ਹੁਸ਼ਿਆਰਪੁਰ, 5 ਫਰਵਰੀ:ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਵਲੋਂ ਦੋ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਕੀਤੇ ਪਹਿਲੇ ਹੁਕਮ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਗਲੀਆਂ/ਰਸਤਿਆਂ ਵਿੱਚ ਨਜਾਇਜ਼ ਬੋਰ ਕਰਨ 'ਤੇ ਪਾਬੰਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਨਜਾਇਜ਼ ਬੋਰ ਕਰਨ ਨਾਲ ਜੋ ਲੱਖਾਂ ਰੁਪਏ ਨਾਲ ਗਲੀਆਂ-ਨਾਲੀਆਂ ਬਣਾਈਆਂ ਜਾਂਦੀਆਂ ਹਨ, ਉਨ੍ਹਾਂ ਨੂੰ ਨੁਕਸਾਨ ਹੁੰਦਾ ਹੈ ਜੋ ਕਿ ਜਨਤਕ ਹਿੱਤ ਦੇ ਵਿਰੁੱਧ ਹੈ। ਇਸ ਨਾਲ ਅਮਨ-ਸ਼ਾਂਤੀ ਭੰਗ ਹੋਣ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਵਿਅਕਤੀ ਆਪਣੀ ਹੀ ਮਾਲਕੀਅਤ ਵਾਲੀ ਭੂਮੀ ਵਿੱਚ ਬੋਰ ਕਰਵਾ ਸਕਦੇ ਹਨ।
ਦੂਜੇ ਹੁਕਮ ਵਿੱਚ ਜ਼ਿਲ੍ਹਾ ਮੈਜਿਸਟਰੇਟ ਵਲੋਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਗੈਰ ਕਾਨੂੰਨੀ ਹੁੱਕਾ ਬਾਰ ਚਲਾਉਣ 'ਤੇ ਜਨਤਕ ਹਿੱਤ ਵਿੱਚ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਹੁੱਕਾ ਬਾਰ ਰਾਹੀਂ ਤੰਬਾਕੂ, ਸਿਗਰਟ ਅਤੇ ਮਨੁੱਖੀ ਸਰੀਰ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੈਮੀਕਲਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨਾਲ ਮਨੁੱਖੀ ਸਰੀਰ ਨੂੰ ਘਾਤਕ ਬੀਮਾਰੀਆਂ ਲੱਗਦੀਆਂ ਹਨ ਅਤੇ ਸਮਾਜ ਵਿੱਚ ਵੀ ਮਾੜਾ ਅਸਰ ਪੈਂਦਾ ਹੈ, ਇਸ ਲਈ ਇਸ 'ਤੇ ਪਾਬੰਦੀ ਲਗਾਉਣੀ ਜ਼ਰੂਰੀ ਹੈ। ਇਹ ਦੋਵੇਂ ਹੁਕਮ 1 ਅਪ੍ਰੈਲ 2018 ਤੱਕ ਲਾਗੂ ਰਹਿਣਗੇ।
No comments:
Post a Comment