- ਕਿਹਾ, ਬਾਕੀ ਰਹਿੰਦੇ ਪਿੰਡਾਂ ਨੂੰ ਵੀ ਮਿਥੇ ਸਮੇਂ ਅੰਦਰ ਕੀਤਾ ਜਾਵੇਗਾ ਸ਼ੋਚ ਮੁਕਤ
- ਡੀ.ਏ.ਵੀ. ਬੀ.ਐਡ ਕਾਲਜ ਵਿਖੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਕਰਵਾਇਆ ਗਿਆ ਸੈਮੀਨਾਰ
ਹੁਸ਼ਿਆਰਪੁਰ, 7 ਫਰਵਰੀ: ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਸਵੱਛ ਭਾਰਤ ਮਿਸ਼ਨ ਤਹਿਤ ਜ਼ਿਲ੍ਹੇ ਦੇ 1000 ਪਿੰਡਾਂ ਨੂੰ ਸ਼ੋਚ ਮੁਕਤ ਕਰ ਦਿੱਤਾ ਗਿਆ ਹੈ ਅਤੇ ਬਾਕੀ ਰਹਿੰਦੇ ਪਿੰਡਾਂ ਨੂੰ ਵੀ ਮਿਥੇ ਸਮੇਂ ਅੰਦਰ ਸ਼ੋਚ ਮੁਕਤ ਕਰ ਦਿੱਤਾ ਜਾਵੇਗਾ। ਉਹ ਅੱਜ ਡੀ.ਏ.ਵੀ., ਬੀ.ਐਡ ਕਾਲਜ ਵਿਖੇ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਲੋਂ ਸਵੱਛ ਭਾਰਤ ਮਿਸ਼ਨ ਤਹਿਤ ਕਰਵਾਏ ਗਏ ਵਿਸ਼ੇਸ਼ ਸੈਮੀਨਾਰ ਦੌਰਾਨ ਪਿੰਡਾਂ ਦੇ ਸਰਪੰਚਾਂ ਨੂੰ ਸੰਬੋਧਨ ਕਰ ਰਹੇ ਸਨ।
ਸੈਮੀਨਾਰ ਦੌਰਾਨ ਸਰਪੰਚਾਂ ਨੂੰ ਸੰਬੋਧਨ ਕਰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਜਿਹੜੇ ਪਿੰਡਾਂ ਵਿੱਚ ਅਜੇ ਤੱਕ ਪਖਾਨੇ ਨਹੀਂ ਬਣੇ ਹਨ, ਉਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਪਿੰਡ ਵਾਸੀਆਂ ਨੂੰ ਪਖਾਨੇ ਬਣਾਉਣ ਲਈ ਪ੍ਰੇਰਿਤ ਕਰਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਪਿੰਡਾਂ ਨੂੰ ਸ਼ੋਚ ਮੁਕਤ ਤਾਂ ਹੀ ਬਣਾਇਆ ਜਾ ਸਕਦਾ ਹੈ, ਜੇਕਰ ਹਰ ਪਿੰਡ ਵਾਸੀ ਆਪਣੇ ਘਰ ਵਿੱਚ ਪਖਾਨਾ ਬਣਾ ਕੇ ਇਸ ਦੀ ਵਰਤੋਂ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪਿੰਡਾਂ ਵਿੱਚ ਪਖਾਨੇ ਤਾਂ ਬਣਾਏ ਹੀ ਜਾ ਰਹੇ ਹਨ, ਪਰ ਪਿੰਡ ਵਾਸੀਆਂ ਦੀ ਵੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਖੁਦ ਪਹਿਲ ਕਦਮੀ ਕਰਦੇ ਹੋਏ ਆਪਣੇ ਘਰਾਂ ਵਿੱਚ ਪਖਾਨੇ ਬਣਾਉਣ। ਉਨ੍ਹਾਂ ਕਿਹਾ ਕਿ ਖੁੱਲ੍ਹੇ ਵਿੱਚ ਸ਼ੋਚ ਕਰਨ ਦੇ ਨਾਲ ਜਿਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ, ਉਥੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਵੀ ਲੱਗ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਪਿੰਡਾਂ ਵਿੱਚ ਪ੍ਰਵਾਸੀ ਮਜ਼ਦੂਰ ਆ ਕੇ ਰਹਿੰਦੇ ਹਨ ਅਤੇ ਉਨ੍ਹਾਂ ਕੋਲ ਪਖਾਨੇ ਬਣਾਉਣ ਲਈ ਜਗ੍ਹਾ ਉਪਲਬੱਧ ਨਹੀਂ ਹੈ, ਤਾਂ ਇਸ ਸਥਿਤੀ ਵਿੱਚ ਜੇਕਰ ਪੰਚਾਇਤ ਪਖਾਨੇ ਬਣਾਉਣ ਲਈ ਜਗ੍ਹਾ ਦੇਵੇ, ਤਾਂ ਸਯੁੰਕਤ ਤੌਰ 'ਤੇ ਪਖਾਨੇ ਬਣਾਏ ਜਾ ਸਕਦੇ ਹਨ। ਉਨ੍ਹਾਂ ਨੇ ਸਮੂਹ ਬੀ.ਡੀ.ਪੀ.ਓਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਮਹੀਨੇ ਵਿੱਚ ਇਕ ਵਾਰ ਪਿੰਡ ਵਾਸੀਆਂ ਨਾਲ ਵਿਸ਼ੇਸ਼ ਮੀਟਿੰਗ ਕਰਨ ਅਤੇ ਜਿਸ ਕਿਸੇ ਨੂੰ ਪਖਾਨੇ ਬਣਾਉਣ ਵਿੱਚ ਕੋਈ ਦਿੱਕਤ ਆਉਂਦੀ ਹੈ, ਤਾਂ ਮੌਕੇ 'ਤੇ ਹੱਲ ਕਰਦੇ ਹੋਏ ਪਖਾਨੇ ਬਣਾਏ ਜਾਣ।
ਇਸ ਦੌਰਾਨ ਕਾਰਜਕਾਰੀ ਇੰਜੀਨੀਅਰ ਸ੍ਰੀ ਅਮਰਜੀਤ ਸਿੰਘ ਗਿੱਲ ਨੇ ਆਏ ਹੋਏ ਸਰਪੰਚਾਂ ਨੂੰ ਮੌਕੇ 'ਤੇ ਜਾਗਰੂਕ ਕਰਦਿਆਂ ਦੱਸਿਆ ਕਿ ਕਿਵੇਂ ਇਕ ਮੱਖੀ ਆਪਣੇ ਪੈਰਾਂ ਰਾਹੀਂ ਖੁੱਲ੍ਹੇ ਵਿੱਚ ਕੀਤੇ ਮੱਲ ਨੂੰ ਖਾਣ ਵਾਲੇ ਪਦਾਰਥਾਂ ਤੱਕ ਪਹੁੰਚਾ ਕੇ ਬੀਮਾਰੀਆਂ ਫੈਲਾਉਂਦੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਇਕ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਪਿੰਡ ਵਾਸੀ ਪੁਰਾਣੇ ਸਮੇਂ ਤੋਂ ਬਕਾਇਆ ਰਹਿੰਦੇ ਪਾਣੀ ਦੇ ਬਿੱਲ ਨੂੰ ਮਹਿਜ਼ 2000 ਰੁਪਏ ਦੀ ਰਾਸ਼ੀ 28 ਫਰਵਰੀ ਤੱਕ ਅਦਾ ਕਰਕੇ ਆਪਣੇ ਕੁਨੈਕਸ਼ਨ ਨੂੰ ਰੈਗੂਲਰ ਕਰ ਸਕਦੇ ਹਨ। ਇਸ ਤੋਂ ਇਲਾਵਾ ਮਹਿਜ਼ 1000 ਰੁਪਏ ਦੀ ਰਾਸ਼ੀ ਜਮ੍ਹਾਂ ਕਰਵਾ ਕੇ ਪਾਣੀ ਦੇ ਕੁਨੈਕਸ਼ਨ ਨੂੰ ਰੈਗੂਲਰ ਤੌਰ 'ਤੇ ਪਾਸ ਵੀ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਪਿੰਡ ਵਾਸੀਆਂ ਨੂੰ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ।
ਇਸ ਮੌਕੇ ਇੰਜੀਨੀਅਰ ਸ੍ਰੀ ਆਰ.ਪੀ. ਸਿੰਘ, ਉਪ ਮੰਡਲ ਇੰਜੀਨੀਅਰ ਸੈਨੀਟੇਸ਼ਨ ਸ੍ਰੀ ਨਵਨੀਤ ਕੁਮਾਰ ਜਿੰਦਲ ਸਮੇਤ ਬੀ.ਡੀ.ਪੀ.ਓਜ਼ ਤੋਂ ਇਲਾਵਾ ਜ਼ਿਲ੍ਹੇ ਦੇ 187 ਪਿੰਡਾਂ ਦੇ ਸਰਪੰਚ ਵੀ ਮੌਜੂਦ ਸਨ।
No comments:
Post a Comment