-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੇ ਸਮੂਹ ਟਰਾਂਸਪੋਰਟ ਕੰਪਨੀਆਂ ਦੇ ਪ੍ਰਤੀਨਿੱਧੀਆਂ ਨੂੰ ਦਿੱਤੇ ਦਿਸ਼ਾ-ਨਿਰਦੇਸ਼
ਹੁਸ਼ਿਆਰਪੁਰ, 15 ਮਈ:
ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਇਕਬਾਲ ਸਿੰਘ ਸੰਧੂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹੇ ਦੀਆਂ ਸਮੂਹ ਸਰਕਾਰੀ ਅਤੇ ਪ੍ਰਾਈਵੇਟ ਟਰਾਂਸਪੋਰਟ ਕੰਪਨੀਆਂ ਦੇ ਪ੍ਰਤੀਨਿੱਧੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਜੱਸਾ ਸਿੰਘ ਰਾਮਗੜ੍ਹੀਆ ਚੌਕ ਵਿਖੇ ਸਵਾਰੀਆਂ ਨੂੰ ਬੱਸਾਂ ਵਿੱਚ ਚੜ੍ਹਾਉਣ ਅਤੇ ਉਤਾਰਨ ਲਈ ਬੱਸਾਂ ਨਾ ਖੜ੍ਹੀਆਂ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਇਹ ਦੇਖਣ ਵਿੱਚ ਆਇਆ ਹੈ ਕਿ ਸਰਕਾਰੀ ਅਤੇ ਪ੍ਰਾਈਵੇਟ ਕੰਪਨੀਆਂ ਦੇ ਬੱਸ ਚਾਲਕ ਇਸ ਚੌਕ ਵਿਖੇ ਜਲੰਧਰ, ਲੁਧਿਆਣਾ, ਚੰਡੀਗੜ੍ਹ ਅਤੇ ਹੋਰ ਸ਼ਹਿਰਾਂ ਨੂੰ ਜਾਣ ਲਈ ਬੱਸ ਚਾਲਕ ਬੱਸਾਂ ਨੂੰ ਚੌਕ ਵਿੱਚ ਖੜ੍ਹਾ ਕੇ ਸਵਾਰੀਆਂ ਨੂੰ ਲੈਂਦੇ ਹਨ। ਇਸ ਦੌਰਾਨ ਚੌਕ ਵਿੱਚ ਬੱਸਾਂ ਅਤੇ ਹੋਰ ਵਾਹਨਾਂ ਦੇ ਨਾਲ ਭਾਰੀ ਟਰੈਫਿਕ ਜਾਮ ਹੋ ਜਾਂਦਾ ਹੈ, ਜਿਸ ਨਾਲ ਰਾਹਗੀਰਾਂ ਨੂੰ ਤਾਂ ਪ੍ਰੇਸ਼ਾਨੀ ਹੁੰਦੀ ਹੀ ਹੈ, ਕੋਈ ਗੰਭੀਰ ਦੁਰਘਟਨਾ ਹੋਣ ਦਾ ਵੀ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਨੇ ਸਮੂਹ ਪ੍ਰਾਈਵੇਟ ਅਤੇ ਸਰਕਾਰੀ ਟਰਾਂਸਪੋਰਟਰਾਂ ਦੇ ਪ੍ਰਤੀਨਿੱਧੀਆਂ ਨੂੰ ਇਕ ਹਫ਼ਤੇ ਦਾ ਸਮਾਂ ਦਿੰਦਿਆਂ ਕਿਹਾ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਬਸ ਚਾਲਕਾਂ ਵਲੋਂ ਇਸ ਚੌਕ ਵਿਖੇ ਬੱਸਾਂ ਨਾ ਖੜ੍ਹੀਆਂ ਕਰਨ। ਉਨ੍ਹਾਂ ਕਿਹਾ ਕਿ ਜੇਕਰ ਬਸ ਚਾਲਕਾਂ ਵਲੋਂ ਜੱਸਾ ਸਿੰਘ ਰਾਮਗੜ੍ਹੀਆ ਚੌਕ ਵਿੱਚ ਬੱਸਾਂ ਖੜ੍ਹੀਆਂ ਕੀਤੀਆਂ ਗਈਆਂ, ਤਾਂ ਇਨ੍ਹਾਂ ਬੱਸਾਂ ਦੇ ਸਖਤੀ ਨਾਲ ਚਲਾਨ ਕੱਟੇ ਜਾਣਗੇ। ਉਨ੍ਹਾਂ ਕਿਹਾ ਕਿ ਜਦੋਂ ਬੱਸ ਚਾਲਕਾਂ ਵਲੋਂ ਬੱਸਾਂ ਇਸ ਚੌਕ ਵਿੱਚ ਨਹੀਂ ਰੋਕੀਆਂ ਜਾਣਗੀਆਂ, ਤਾਂ ਸਵਾਰੀਆਂ ਵੀ ਆਪਣੇ-ਆਪ ਬੱਸ ਸਟੈਂਡ 'ਤੇ ਆ ਕੇ ਬੱਸਾਂ ਲੈਣਗੀਆਂ। ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਸ ਚੌਕ ਵਿੱਚ ਬੱਸਾਂ ਨਾਲ ਖੜ੍ਹੀਆਂ ਕਰਨ ਸਬੰਧੀ ਸਾਈਨ ਬੋਰਡ ਵੀ ਲਗਾਏ ਜਾਣ।
ਇਸ ਦੌਰਾਨ ਦੀ ਐਕਸਪ੍ਰੈਸ ਟਰਾਂਸਪੋਰਟ ਕੰਪਨੀ, ਦੁਆਬਾ ਟਰਾਂਸਪੋਰਟ ਕੰਪਨੀ, ਦੁਆਬਾ ਰੋਡਵੇਜ਼ ਅਤੇ ਰਾਜਧਾਨੀ ਟਰਾਂਸਪੋਰਟ ਕੰਪਨੀ ਦੇ ਪ੍ਰਤੀਨਿੱਧੀਆਂ ਤੋਂ ਇਲਾਵਾ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀਮਤੀ ਜੀਵਨਜਗਜੋਤ ਕੌਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।
No comments:
Post a Comment