- ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਵੱਖ-ਵੱਖ ਪ੍ਰਾਪਤੀਆਂ 'ਤੇ ਜ਼ਿਲ੍ਹੇ ਨੂੰ ਮਿਲਿਆ ਦੂਜਾ ਅਵਾਰਡ
ਹੁਸ਼ਿਆਰਪੁਰ, 9 ਜੂਨ: ਪੰਜਾਬ ਦੇ ਰਾਜਪਾਲ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਮੈਗਸਿਪਾ ਚੰਡੀਗੜ੍ਹ 'ਚ ਹੋਏ ਇਕ ਸਮਾਗਮ ਦੌਰਾਨ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੂੰ ਹੁਸ਼ਿਆਰਪੁਰ ਜਿਲ੍ਹੇ 'ਚ ਰੈਡ ਕਰਾਸ ਰਾਹੀਂ ਲੋਕ ਭਲਾਈ ਦੀਆਂ ਸਕੀਮਾਂ ਨੂੰ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਲਈ ਅਵਾਰਡ ਨਾਲ ਸਨਮਾਨਿਤ ਕੀਤਾ।
ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਇਹ ਅਵਾਰਡ ਮਿਲਣ ਤੋਂ ਬਾਅਦ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਹੋਰ ਵੱਧ ਗਈ ਹੈ ਅਤੇ ਇਹ ਅਵਾਰਡ ਸਾਨੂੰ ਲੋਕ ਭਲਾਈ ਦੇ ਕਾਰਜਾਂ ਨੂੰ ਹੋਰ ਵੀ ਬਿਹਤਰ ਤਰੀਕੇ ਨਾਲ ਹਰ ਉਸ ਵਿਅਕਤੀ ਤੱਕ ਪੁੱਜਦਾ ਕਰਨ ਲਈ ਪ੍ਰੇਰਿਤ ਕਰੇਗਾ, ਜੋ ਹਾਲੇ ਵੀ ਇਨ੍ਹਾਂ ਤੋਂ ਵਾਂਝਾ ਹੈ।
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਨੂੰ ਇਹ ਅਵਾਰਡ ਲੋਕ ਭਲਾਈ ਹਿੱਤ ਕੀਤੇ ਗਏ ਕੰਮਾਂ ਦੇ ਮੱਦੇਨਜ਼ਰ ਇੰਡੀਅਨ ਰੈਡ ਕਰਾਸ ਸੋਸਾਇਟੀ ਵਲੋਂ ਦਿੱਤਾ ਗਿਆ ਹੈ। ਲੋਕ ਭਲਾਈ ਦੇ ਕਾਰਜਾਂ ਨੂੰ ਲਾਗੂ ਕਰਨ ਲਈ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਪੰਜਾਬ 'ਚੋਂ ਦੂਜਾ ਸਥਾਨ ਮਿਲਿਆ ਹੈ।
ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿਚ ਚੱਲ ਰਹੀ 'ਸਾਂਝੀ ਰਸੋਈ' ਵਿਚ ਕੇਵਲ 10 ਰੁਪਏ ਵਿੱਚ ਪੇਟ ਭਾਰ ਪੌਸ਼ਟਿਕ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। 'ਸਾਂਝੀ ਰਸੋਈ' ਵਿੱਚ ਇਕ ਸਾਲ ਦੌਰਾਨ ਡੇਢ ਲੱਖ ਲੋਕਾਂ ਨੂੰ ਪੌਸ਼ਟਿਕ ਖਾਣਾ ਖੁਆਇਆ ਗਿਆ ਹੈ। ਅੱਜ ਜ਼ਿਲ੍ਹੇ ਦੀ ਸਾਂਝੀ ਰਸੋਈ ਪੂਰੇ ਸੂਬੇ ਵਿਚੋਂ ਮੋਹਰੀ ਰੋਲ ਅਦਾ ਕਰ ਰਹੀ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਵਲੋਂ ਬੇਸਹਾਰਾ ਤੇ ਲੋੜਵੰਦਾਂ ਦੀ ਵੱਧ ਤੋਂ ਵੱਧ ਸਹਾਇਤਾ ਵੀ ਕੀਤੀ ਜਾਂਦੀ ਹੈ।
ਇਸ ਤੋਂ ਇਲਾਵਾ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਅੰਗਹੀਣ ਵਿਅਕਤੀਆਂ ਨੂੰ ਮੁਫ਼ਤ ਟਰਾਈ ਸਾਈਕਲ, ਲੋੜਵੰਦ ਮਹਿਲਾਵਾਂ ਨੂੰ ਮੁਫ਼ਤ ਸਿਲਾਈ ਮਸ਼ੀਨਾਂ ਵੀ ਦਿੱਤੀਆਂ ਜਾਂਦੀਆਂ ਹਨ। ਸੋਸਾਇਟੀ ਵਲੋਂ ਗੂੰਗੇ, ਬੋਲੇ ਵਿਦਿਆਰਥੀਆਂ ਦੀ ਭਲਾਈ ਲਈ ਇਕ ਸਕੂਲ ਵੀ ਚਲਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਬਹੁਤ ਹੀ ਘੱਟ ਰੇਟ 'ਤੇ ਮਰੀਜ਼ਾਂ ਨੂੰ ਐਂਬੂਲੈਂਸ ਦੀ ਸੇਵਾ ਵੀ ਮੁਹੱਈਆ ਕਰਵਾਈ ਜਾ ਰਹੀ ਹੈ।
ਇਸ ਤੋਂ ਪਹਿਲਾਂ ਵੀ ਭਾਰਤ ਦੇ ਚੋਣ ਕਮਿਸ਼ਨ ਵਲੋਂ ਪੰਜਾਬ ਸੂਬੇ ਨੂੰ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਆਈ.ਟੀ.ਖੇਤਰ ਵਿਚ ਲਾਮਿਸਾਲ ਕਾਰਗੁਜ਼ਾਰੀ 'ਤੇ ਨੈਸ਼ਨਲ ਐਵਾਰਡ-2017 ਲਈ ਚੁਣਿਆ ਗਿਆ ਹੈ। ਇਸ ਐਵਾਰਡ ਤਹਿਤ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਵਿਪੁਲ ਉਜਵਲ ਆਈ.ਏ.ਐਸ ਨਵੀਂ ਦਿੱਲੀ ਵਿਖੇ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ 'ਤੇ ਰਾਸ਼ਟਰੀ ਸਮਾਰੋਹ ਦੌਰਾਨ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਕੋਲੋਂ 'ਸਪੈਸ਼ਲ ਐਵਾਰਡ' ਨਾਲ ਸਨਮਾਨਿਤ ਵੇ ਕੀਤੇ ਗਏ ਹਨ। ਉਨ੍ਹਾਂ ਦੀ ਇਸ 'ਸਪੈਸ਼ਲ ਨੈਸ਼ਨਲ ਐਵਾਰਡ' ਲਈ ਚੋਣ ਨਵਾਂ ਸ਼ਹਿਰ ਵਿਖੇ ਤਾਇਨਾਤੀ ਸਮੇਂ ਵਿਧਾਨ ਸਭਾ ਚੋਣਾਂ ਦੌਰਾਨ ਤਿਆਰ ਕੀਤੇ ਗਏ ਐਂਡਰਾਇਡ ਐਪ 'ਈ ਸੀ ਆਈ ਐਪ' ਸਦਕਾ ਹੋਈ ਸੀ। ਤਿਆਰ ਕੀਤੇ ਗਏ ਇਸ ਐਪ ਨੂੰ ਉਸ ਸਮੇਂ ਮੁੱਖ ਚੋਣ ਕਮਿਸ਼ਨਰ ਸ਼੍ਰੀ ਨਸੀਮ ਜ਼ੈਦੀ ਵਲੋਂ ਜਾਰੀ ਕੀਤਾ ਗਿਆ ਸੀ।
No comments:
Post a Comment