- ਪਸ਼ੂ ਧਨ ਦੇ ਰਖ-ਰਖਾਅ ਲਈ ਹਲਕਾ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਕੀਤੀ ਮੀਟਿੰਗ
ਹੁਸ਼ਿਆਰਪੁਰ, 1 ਜੂਨ : ਹਲਕਾ ਵਿਧਾਇਕ ਡਾ. ਰਾਜ ਕੁਮਾਰ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਅੱਜ ਜ਼ਿਲ੍ਹਾ ਪਸ਼ੂ ਭਲਾਈ ਕਮੇਟੀ ਦੀ ਮੀਟਿੰਗ ਦੌਰਾਨ ਕਿਹਾ ਕਿ ਪਸ਼ੂ ਧਨ ਦੇ ਸੁਚਾਰੂ ਢੰਗ ਨਾਲ ਰਖ ਰਖਾਅ ਲਈ ਦਾਨੀ ਸੱਜਣਾਂ, ਗੈਰ-ਸਰਕਾਰੀ ਸੰਸਥਾਵਾਂ ਸਮੇਤ ਸਮਾਜਿਕ ਇਕਜੁੱਟਤਾ ਦੀ ਲੋੜ ਹੈ।
ਹਲਕਾ ਵਿਧਾਇਕ ਡਾ. ਰਾਜ ਕੁਮਾਰ ਨੇ ਕਿਹਾ ਕਿ ਕੈਟਲ ਪੌਂਡ ਫਲਾਹੀ ਵਿਖੇ 400 ਤੋਂ ਜ਼ਿਆਦਾ ਪਸ਼ੂ ਧਨ ਰੱਖਿਆ ਗਿਆ ਹੈ, ਜਿਸ ਉਤੇ ਸਾਲ ਦਾ ਲੱਖਾਂ ਰੁਪਏ ਖਰਚ ਆ ਰਿਹਾ ਹੈ। ਇਸ ਲਈ ਐਨ.ਜੀ.ਓਜ਼ ਨੂੰ ਵੀ ਅੱਗੇ ਆਉਣ ਦੀ ਲੋੜ ਹੈ, ਤਾਂ ਜੋ ਪਸ਼ੂ ਧਨ ਲਈ ਉਚਿਤ ਯੋਗ ਪ੍ਰਬੰਧ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਪਸ਼ੂ ਪਾਲਕਾਂ ਨੂੰ ਪਸ਼ੂਆਂ ਨੂੰ ਅਵਾਰਾ ਨਹੀਂ ਛੱਡਣਾ ਚਾਹੀਦਾ, ਕਿਉਂਕਿ ਇਹ ਅਵਾਰਾ ਪਸ਼ੂ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ।
ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਕਿਹਾ ਕਿ ਕੈਟਲ ਪੌਂਡ ਦੇ ਸੁਧਾਰ ਲਈ ਨਿਯਮਿਤ ਤੌਰ 'ਤੇ ਫੰਡ ਪੈਦਾ ਕਰਨ ਦੀ ਲੋੜ ਹੈ, ਇਸ ਲਈ ਇਕ ਕਮੇਟੀ ਬਣਾਕੇ ਬੈਂਕ ਅਕਾਊਂਟ ਖੁੱਲ੍ਹਵਾਇਆ ਜਾਵੇ, ਤਾਂ ਜੋ ਦਾਨੀ-ਸੱਜਣ ਆਸਾਨੀ ਨਾਲ ਦਾਨ ਕਰ ਸਕਣ। ਉਨ੍ਹਾਂ ਕਿਹਾ ਕਿ ਇਸ ਬੈਂਕ ਅਕਾਊਂਟ ਨੂੰ ਕੈਟਲ ਪੌਂਡ ਵਿਚ ਬਕਾਇਦਾ ਤੌਰ 'ਤੇ ਡਿਸਪਲੇਅ ਵੀ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਅਜਿਹੇ ਦਾਨੀ-ਸੱਜਣਾਂ ਦੀ ਪਛਾਣ ਕੀਤੀ ਜਾਵੇ, ਜੋ ਹਰ ਰੋਜ਼ 10 ਰੁਪਏ ਪਸ਼ੂ ਧਨ ਲਈ ਦਾਨ ਕਰ ਸਕਣ। ਉਨ੍ਹਾਂ ਕਿਹਾ ਕਿ ਵੱਧ ਤੋਂ ਵੱਧ ਦਾਨੀ ਸੱਜਣ ਇਸ ਕਾਰਜ ਲਈ ਅੱਗੇ ਆਉਣ, ਕਿਉਂਕਿ ਸਮਾਜਿਕ ਇਕਜੁੱਟਤਾ ਨਾਲ ਹੀ ਪਸ਼ੂ ਧਨ ਦੀ ਸੰਭਾਲ ਕੀਤੀ ਜਾ ਸਕਦੀ ਹੈ।
ਇਸ ਮੌਕੇ ਐਸ.ਡੀ.ਐਮ. ਹੁਸ਼ਿਆਰਪੁਰ ਸ਼੍ਰੀ ਜਿਤੇਂਦਰ ਜ਼ੋਰਵਾਲ, ਐਸ.ਡੀ.ਐਮ. ਦਸੂਹਾ ਸ਼੍ਰੀ ਹਿੰਮਾਸ਼ੂ ਅਗਰਵਾਲ, ਐਸ.ਡੀ.ਐਮ. ਗੜ੍ਹਸ਼ੰਕਰ ਸ਼੍ਰੀ ਹਰਦੀਪ ਸਿੰਘ ਧਾਲੀਵਾਲ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਡਾ. ਬੀ.ਐਸ.ਟੰਡਨ, ਵੈਟਰਨਰੀ ਅਫ਼ਸਰ-ਕਮ-ਨੋਡਲ ਅਫ਼ਸਰ ਕੈਟਲ ਪੌਂਡ ਫਲਾਹੀ ਡਾ. ਮਨਮੋਹਨ ਸਿੰਘ ਦਰਦੀ, ਡਾ. ਚਰਨਜੀਤ ਸਿੰਘ ਤੋਂ ਇਲਾਵਾ ਸ਼੍ਰੀ ਅਸ਼ਵਨੀ ਗੈਂਦ ਅਤੇ ਸ਼੍ਰੀ ਅਸ਼ੋਕ ਕੁਮਾਰ ਹਾਜ਼ਰ ਸਨ।
No comments:
Post a Comment