- ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਵਲੋਂ ਜ਼ਿਲ੍ਹਾ ਪੱਧਰੀ ਸਮਾਰੋਹ 'ਚ ਕੀਤਾ ਜਾਵੇਗਾ ਆਗਾਜ਼
- ਵੱਖ ਵੱਖ ਵਿਭਾਗਾਂ ਵਲੋਂ ਲਗਾਏ ਜਾਣਗੇ ਜਾਗਰੂਕਤਾ ਸਟਾਲ
- ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਤਿਆਰੀਆਂ ਮੁਕੰਮਲ
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ, ਵਾਟਰ ਸਪਲਾਈ ਅਤੇ ਸੈਨੀਟੇਸ਼ਲ, ਸਥਾਨਕ ਸਰਕਾਰਾਂ ਵਿਭਾਗ, ਟਰਾਂਸਪੋਰਟ, ਵਾਤਾਵਰਣ ਦੀ ਸਾਂਭ-ਸੰਭਾਲ ਸਬੰਧੀ ਵਿਭਾਗ, ਖੇਤੀਬਾੜੀ, ਸਹਿਕਾਰਤਾ, ਜੰਗਲਾਤ, ਖੇਡ ਵਿਭਾਗ, ਜਲ ਸਰੋਤ, ਪਬਲਿਕ ਹੈਲਥ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਇਸ ਮਿਸ਼ਨ ਦੀ ਕਾਮਯਾਬੀ ਲਈ 5 ਜੂਨ ਨੂੰ ਹੀ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ 'ਤੇ ਵਿਸ਼ੇਸ਼ ਜਾਗਰੂਕਤਾ ਪ੍ਰੋਗਰਾਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਵਿਖੇ ਕਰਵਾਏ ਜਾ ਰਹੇ ਜ਼ਿਲ੍ਹਾ ਪੱਧਰੀ ਸਮਾਰੋਹ ਵਿੱਚ ਵੱਖ-ਵੱਖ ਵਿਭਾਗਾਂ ਵਲੋਂ ਜਾਗਰੂਕਤਾ ਸਟਾਲ ਵੀ ਲਗਾਏ ਜਾਣਗੇ, ਜਦਕਿ ਮੁੱਖ ਮਹਿਮਾਨ ਵਲੋਂ ਪੌਦਾ ਲਗਾਕੇ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਦਾ ਸੁਨੇਹਾ ਵੀ ਦਿੱਤਾ ਜਾਵੇਗਾ।
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਇਸ ਸਮਾਰੋਹ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ ਵੱਖ ਵਿਭਾਗਾਂ ਵਲੋਂ ਵੱਖਰੇ ਤੌਰ 'ਤੇ ਇਸ ਮੁਹਿੰਮ ਤਹਿਤ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਜਿਸ ਤਹਿਤ ਸਿਹਤ ਵਿਭਾਗ ਵਲੋਂ ਓਲਡ ਏਜ਼ ਹੋਮ ਵਿਖੇ ਵਿਸ਼ੇਸ਼ ਮੈਡੀਕਲ ਕੈਂਪ ਲਗਾਉਣ ਤੋਂ ਇਲਾਵਾ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹਰ ਵੀਰਵਾਰ ਅਪਾਹਜ਼ ਵਿਅਕਤੀਆਂ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਸ ਕੈਂਪ ਵਿੱਚ ਅੰਗਹੀਣ ਸਰਟੀਫਿਕੇਟ ਵੀ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਘੰਟਾ ਘਰ ਨਜ਼ਦੀਕ ਮਜ਼ਦੂਰ ਅਤੇ ਕਿਰਤੀਆਂ ਦਾ ਮੈਡੀਕਲ ਕੈਂਪ ਰਾਹੀਂ ਮੁਆਇਨਾ ਕਰਨ ਤੋਂ ਇਲਾਵਾ ਸਲੱਮ ਏਰੀਆ ਸੁੰਦਰ ਨਗਰ ਵਿਖੇ ਵੀ ਮੈਡੀਕਲ ਕੈਂਪ ਲਗਾ ਕੇ ਇਲਾਕਾ ਵਾਸੀਆਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਸਾਰੇ ਸਿਹਤ ਸੰਸਥਾਵਾਂ ਅਤੇ ਉਨ੍ਹਾਂ ਅਧੀਨ ਪੈਂਦੇ ਸਲੱਮ ਏਰੀਆ, ਫੈਕਟਰੀ ਅਤੇ ਭੱਠਿਆਂ 'ਤੇ ਵੀ ਸਿਹਤ ਜਾਗਰੂਕਤਾ ਅਤੇ ਮੈਡੀਕਲ ਕੈਂਪ ਲਗਾਏ ਜਾਣਗੇ। ਗੈਰ ਵਿਗਿਆਨੀ ਤਰੀਕਿਆਂ ਨਾਲ ਫ਼ਲਾਂ ਨੂੰ ਪਕਾਉਣ ਸਬੰਧੀ ਛਾਪੇਮਾਰੀ ਅਤੇ ਸੈਂਪਲਿੰਗ ਦੀ ਸਪੈਸ਼ਲ ਮੁਹਿੰਮ ਵੀ ਸ਼ੁਰੂ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਜ਼ਿਲ੍ਹੇ 'ਚ ਮਿੱਟੀ ਦੀ ਪਰਖ ਸਬੰਧੀ ਵੀ ਸੈਂਪਲ ਲਏ ਜਾਣਗੇ, ਕਿਉਂਕਿ ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਦੀ ਸਿਹਤ ਤਾਂ ਹੀ ਚੰਗੀ ਹੋਵੇਗੀ ਜੇਕਰ ਮਿੱਟੀ ਦੀ ਸਿਹਤ ਚੰਗੀ ਹੋਵੇ। ਇਸ ਤੋਂ ਇਲਾਵਾ ਵਿਭਾਗ ਵਲੋਂ ਕਿਸਾਨਾਂ ਨੂੰ ਖਾਦ, ਦਵਾਈ, ਬੀਜ ਆਦਿ ਵੀ ਮੁਹੱਈਆ ਕਰਵਾਏ ਜਾਣਗੇ। ਇਸ ਤੋਂ ਇਲਾਵਾ ਕਿਸਾਨਾਂ ਨੂੰ ਕਣਕ ਦਾ ਨਾੜ, ਝੋਨੇ ਦੀ ਪਰਾਲੀ ਅਤੇ ਹੋਰ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਨਾ ਸਾੜਨ ਸਬੰਧੀ ਵੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਖੇਡ ਵਿਭਾਗ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਰੇਲਵੇ ਮੰਡੀ ਵਿਖੇ ਸਵੇਰੇ 7 ਵਜੇ ਤੋਂ 8 ਵਜੇ ਤੱਕ ਯੋਗਾ ਕਰਵਾਇਆ ਜਾ ਰਿਹਾ ਹੈ, ਜਦਕਿ ਸਰਵਿਸ ਕਲੱਬ ਦੇ ਤੈਰਾਕੀ ਪੂਲ ਵਿਖੇ ਤੈਰਾਕੀ ਤੋਂ ਇਲਾਵਾ ਇਨਡੋਰ ਸਟੇਡੀਅਮ ਵਿੱਚ ਬੈਡਮਿੰਟਨ ਆਦਿ ਖੇਡ ਵਿਭਾਗ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਹਨ। ਉਨ੍ਹਾ ਦੱਸਿਆ ਕਿ ਨਗਰ ਨਿਗਮ ਹੁਸ਼ਿਆਰਪੁਰ ਵਲੋਂ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਜਾਵੇਗੀ, ਜਦਕਿ ਸਾਫ਼ ਪੀਣ ਵਾਲੇ ਪਾਣੀ ਨੂੰ ਯਕੀਨੀ ਬਣਾਉਣ ਲਈ ਟਿਊਬਵੈਲਾਂ ਦੇ ਸੈਂਪਲ ਟੈਸਟ ਵੀ 5 ਜੂਨ ਨੂੰ ਜਾਣਗੇ। ਇਸ ਤੋਂ ਇਲਾਵਾ ਨਗਰ ਨਿਗਮ ਵਲੋਂ ਕੂੜੇ ਦੀ ਸੈਗਰੀਗੇਸ਼ਨ ਕਰਨ ਸਬੰਧੀ ਮਾਡਲ ਟਾਊਨ ਨੇੜੇ ਰੌਸ਼ਨ ਗਰਾਉਂਡ ਵਿਖੇ ਵਿਸ਼ੇਸ਼ ਕੈਂਪ ਲਗਾਇਆ ਜਾ ਰਿਹਾ ਹੈ, ਜਿਥੇ ਹਰੇ ਅਤੇ ਨੀਲੇ ਡਸਟਬਿਨ ਰੱਖ ਕੇ ਸੈਗਰੀਗੇਸ਼ਨ ਦੇ ਲਾਭਾਂ ਬਾਰੇ ਦੱਸਿਆ ਜਾਵੇਗਾ। ਹਰੇ ਰੰਗ ਦਾ ਡਸਟਬਿਨ ਰਸੋਈ ਦਾ ਕੂੜਾ, ਸਬਜ਼ੀ, ਖਾਣੇ ਦਾ ਸਮਾਨ, ਲੱਕੜੀ ਅਤੇ ਕਾਗਜ਼ ਆਦਿ ਪਾਉਣ ਲਈ ਵਰਤਿਆ ਜਾ ਸਕਦਾ ਹੈ, ਜਦਕਿ ਨੀਲੇ ਰੰਗ ਦਾ ਡਸਟਬਿਨ ਕੱਚ, ਪਲਾਸਟਿਕ, ਪੌਲੀਥਿਨ ਅਤੇ ਲੋਹਾ ਆਦਿ ਪਾਉਣ ਲਈ ਵਰਤਿਆ ਜਾ ਸਕਦਾ ਹੈ।
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਰਿਜ਼ੀਨਲ ਟਰਾਂਸਪੋਰਟ ਅਥਾਰਟੀ ਹੁਸ਼ਿਆਰਪੁਰ ਵਲੋਂ 5 ਜੂਨ ਨੂੰ ਅਮਨ ਆਟੋ ਸੈਂਟਰ 'ਤੇ ਮੁਫ਼ਤ ਪ੍ਰਦੂਸ਼ਣ ਸਰਟੀਫਿਕੇਟ ਦੇਣ ਸਬੰਧੀ ਵਿਸ਼ੇਸ਼ ਪ੍ਰਦੂਸ਼ਣ ਕੈਂਪ ਲਗਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਐਸ.ਡੀ.ਐਮ. ਦਫ਼ਤਰ ਤੋਂ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਇਕ ਸਾਈਕਲ ਰੈਲੀ ਸਵੇਰੇ 6 ਵਜੇ ਤੋਂ ਕੱਢੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਛੱਪੜਾਂ ਦੀ ਸਫ਼ਾਈ ਸਬੰਧੀ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਸ ਤੋਂ ਇਲਾਵਾ ਗਲੀਆਂ ਨਾਲੀਆਂ ਦੀ ਸਫ਼ਾਈ ਵੀ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ 5 ਜੂਨ ਨੂੰ ਦਾਦੂਪੁਰ ਗਰੋਆ, ਤਨੂਰ, ਗੁਜਰ ਬਸੋਆ, ਖਿਚੀਆਂ, ਝਾਂਅ, ਬੰਬੇਲੀ, ਪਾਹਲੇਵਾਲ, ਸਵਾਰ, ਬਹਿਦਰਿਆ, ਭੰਵਨੌਰ ਅਤੇ ਡਡਿਆਲ ਆਦਿ ਪਿੰਡਾਂ ਵਿੱਚ ਛੱਪੜਾਂ ਦੀ ਸਫ਼ਾਈ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਉੜਮੁੜ ਟਾਂਡਾ ਵਲੋਂ ਵੀ ਸਫ਼ਾਈ ਸਬੰਧੀ ਵਿਸ਼ੇਸ਼ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਸਬਜੀ ਮੰਡੀ ਅਤੇ ਸਿਵਲ ਹਸਪਤਾਲ ਦੇ ਪਿਛਲੇ ਪਾਸੇ ਦੇ ਏਰੀਏ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸ ਤੋਂ ਇਲਾਵਾ ਨਗਰ ਕੌਂਸਲ ਦੇ 9 ਪੀਣ ਵਾਲੇ ਪਾਣੀ ਦੇ ਟਿਊਬਵੈਲਾਂ ਤੋਂ ਪਾਣੀ ਦਾ ਸੈਂਪਲ ਲੈ ਕੇ ਲੈਬਾਰਟਰੀ ਭੇਜਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਨਗਰ ਪੰਚਾਇਤ ਮਾਹਿਲਪੁਰ ਵਲੋਂ ਡਰੇਨੇਜ਼ ਦੀ ਸਫ਼ਾਈ ਕਰਵਾਉਣ ਤੋਂ ਇਲਾਵਾ ਵਾਰਡ ਨੰ: 9 ਅਤੇ 10 ਵਿਚ ਵਿਸ਼ੇਸ਼ ਮਹਿੰਮ ਤਹਿਤ ਸਫ਼ਾਈ ਕਰਵਾਈ ਜਾ ਰਹੀ ਹੈ, ਜਦਕਿ ਕੈਰੀਬੈਗ ਦੀ ਰੋਕਥਾਮ ਸਬੰਧੀ ਜਾਗਰੂਕਤਾ ਫੈਲਾਉਣ ਤੋਂ ਇਲਾਵਾ ਪਲਾਸਟਿਕ ਦੇ ਕੈਰੀਬੈਗ ਵੇਚਣ ਵਾਲਿਆਂ ਦੇ ਚਲਾਨ ਕੱਟੇ ਜਾਣਗੇ। ਇਸ ਤੋਂ ਇਲਾਵਾ ਨਗਰ ਪੰਚਾਇਤ ਦੀਆਂ ਵੱਖ ਵੱਖ ਥਾਵਾਂ 'ਤੇ ਵਾਤਾਵਰਣ ਦਿਵਸ 'ਤੇ ਪੌਦੇ ਵੀ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਗੜ੍ਹਦੀਵਾਲਾ ਵਿਖੇ 5 ਜੂਨ ਨੂੰ ਹੀ ਸ਼ਾਮ ਦੇ ਸਮੇਂ ਸਾਰੇ ਸ਼ਹਿਰ ਵਿੱਚ ਫੌਗਿੰਗ ਕਰਵਾਉਣ ਤੋਂ ਇਲਾਵਾ ਨਾਲਿਆਂ ਦੀ ਸਫ਼ਾਈ ਲਈ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਘਰ ਘਰ ਸੋਲਡ ਵੇਸਟ ਸਬੰਧੀ ਕੂੜੇ ਦੀ ਸੈਗਰੀਗੇਸ਼ਨ ਕਰਨ ਅਤੇ ਇਸ ਦੇ ਲਾਭਾਂ ਸਬੰਧੀ ਜਾਣੂ ਕਰਵਾਇਆ ਜਾਵੇਗਾ। ਨਗਰ ਕੌਂਸਲ ਮੁਕੇਰੀਆਂ ਵਲੋਂ ਵਲ ਵਿਸੇਸ਼ ਸਫਾਈ ਅਭਿਆਨ ਵਿਢਿਆ ਜਾ ਰਿਹਾ ਹੈ, ਜਿਸ ਤਹਿਤ ਪਲਾਸਟਿਕ ਦੀ ਵਰਤੋਂ ਨਾ ਕਰਨ, ਕੂੜੇ ਨੂੰ ਅੱਗ ਨਾ ਲਗਾਉਣ, ਆਪਣਾ ਆਲਾ ਦੁਆਲਾ ਸਾਫ਼ ਰੱਖਣ ਅਤੇ ਡੇਂਗੂ ਤੋਂ ਬਚਾਅ ਸਬੰਧੀ ਜਾਗਰੂਕਤਾ ਫੈਲਾਈ ਜਾਵੇਗੀ।
ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਲੋਂ ਲੋੜਵੰਦਾਂ ਨੂੰ ਮੁਫ਼ਤ ਗੈਸ ਕੁਨੈਕਸ਼ਨ ਤੋਂ ਇਲਾਵਾ ਧੂੰਏ ਕਾਰਨ ਪੈਦਾ ਹੁੰਦੀਆਂ ਬਿਮਾਰੀਆਂ ਬਾਰੇ ਜਾਗਰੂਕਤਾ ਫੈਲਾਈ ਜਾਵੇਗੀ। ਸਹਿਕਾਰੀ ਸਭਾਵਾਂ ਵਲੋਂ 5 ਜੂਨ ਨੂੰ ਭਾਈ ਘਨਈਆ ਸਿਹਤ ਸਕੀਮ ਲਾਂਚ ਕੀਤੀ ਜਾ ਰਹੀ ਹੈ, ਜਿਸ ਤਹਿਤ ਇਸ ਸਕੀਮ ਅਧੀਨ 2 ਲੱਖ ਰੁਪਏ ਦਾ ਬੀਮਾ ਅਤੇ ਐਕਸੀਡੈਂਟਲ ਕੇਸ ਵਿੱਚ ਜਾਂ ਜ਼ਰੂਰਤ ਪੈਣ 'ਤੇ ਇਸ ਸਕੀਮ ਅਧੀਨ ਸੂਚੀਬੱਧ ਹਸਪਤਾਲਾਂ ਵਿੱਚ ਮੁਫ਼ਤ ਮੈਡੀਕਲ ਇਲਾਜ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਮੌਕੇ ਜੰਗਲਾਤ ਵਿਭਾਗ ਵਲੋਂ ਵੱਡੇ ਪੱਧਰ 'ਤੇ ਪੌਦੇ ਲਗਾਉਣ ਦੀ ਮੁਹਿੰਮ ਵੀ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 5 ਜੂਨ ਦੇ ਜ਼ਿਲ੍ਹਾ ਪੱਧਰੀ ਸਮਾਰੋਹ ਵਿੱਚ ਮੁੱਖ ਮਹਿਮਾਨ ਕੈਬਨਿਟ ਮੰਤਰੀ ਵਲੋਂ ਡੀ.ਏ.ਵੀ.ਕਾਲਜ ਵਿਖੇ ਪੌਦਾ ਲਗਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ।
No comments:
Post a Comment