- ਕਿਹਾ, ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾ ਰਹੀ ਹੈ ਪੰਜਾਬ ਸਰਕਾਰ
- ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਵਿਖੇ ਹੋਇਆ ਵਿਸ਼ੇਸ਼ ਸਮਾਗਮ
ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਸੂਬੇ ਵਿਚ ਚੱਲ ਰਹੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਉਦਯੋਗਿਕ ਖੇਤਰ ਲਈ ਨਿਪੁੰਨਤਾ ਪ੍ਰਾਪਤ ਕਾਮਿਆਂ ਦੀ ਨਰਸਰੀ ਸਾਬਿਤ ਹੋ ਰਹੇ ਹਨ। ਸਰਕਾਰ ਦੇ ਇਸ ਉਪਰਾਲੇ ਨਾਲ ਜਿੱਥੇ ਨੌਜਵਾਨਾਂ ਨੂੰ ਵੱਖ-ਵੱਖ ਕਿੱਤਾਮੁਖੀ ਕੋਰਸ ਕਰਕੇ ਆਪਣੇ ਪੈਰਾਂ-ਸਿਰ ਖੜ੍ਹਾ ਹੋਣ ਦਾ ਮੌਕਾ ਮਿਲ ਰਿਹਾ ਹੈ, ਉਥੇ ਉਦਯੋਗਾਂ ਨੂੰ ਵੀ ਸਿਖਲਾਈ ਪ੍ਰਾਪਤ ਹੁਨਰਮੰਦ ਨੌਜਵਾਨ ਮਿਲ ਰਹੇ ਹਨ। ਸਰਕਾਰ ਦਾ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਉਦਯੋਗਿਕ ਖੇਤਰ ਲਈ ਇਕ ਪੁਲ ਦਾ ਕੰਮ ਕਰ ਰਿਹਾ ਹੈ ਅਤੇ ਇਸ ਮਿਸ਼ਨ ਤਹਿਤ ਪੇਂਡੂ ਅਤੇ ਸ਼ਹਿਰੀ ਲੋੜਵੰਦ ਨੌਜਵਾਨਾਂ ਨੂੰ ਮੁਫ਼ਤ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਏ ਜਾ ਰਹੇ ਹਨ, ਭਾਵੇਂ ਉਹ ਕਿਸੇ ਵੀ ਵਰਗ ਨਾਲ ਸਬੰਧਤ ਹੋਣ।
ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਉਦਯੋਗਾਂ ਲਈ ਨਿਪੁੰਨ ਕਾਮਿਆਂ ਦੀ ਲੋੜ ਹੈ ਅਤੇ ਨੌਜਵਾਨਾਂ ਨੂੰ ਵੱਖ-ਵੱਖ ਕਿੱਤਾਮੁਖੀ ਸਿਖਲਾਈ ਦੇ ਕੇ ਨਿਪੁੰਨ ਬਣਾਉਣ ਵਿਚ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰਾਂ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਸਮੇਤ ਸੂਬੇ ਦੇ 5 ਜ਼ਿਲ੍ਹਿਆਂ ਜਲੰਧਰ, ਅੰਮ੍ਰਿਤਸਰ, ਲੁਧਿਆਣਾ ਅਤੇ ਬਠਿੰਡਾ ਵਿਖੇ 5 ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਦੋ ਸਕੀਮਾਂ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਿਆ ਯੋਜਨਾ (ਡੀ.ਡੀ.ਯੂ.ਜੀ.ਕੇ.ਵਾਈ.) ਤਹਿਤ ਪੇਂਡੂ ਸਿਖਿਆਰਥੀਆਂ, ਜਦਕਿ ਨੈਸ਼ਨਲ ਅਰਬਨ ਲਿਵਲੀਹੁੱਡ ਮਿਸ਼ਨ ਸਕੀਮ (ਐਨ.ਯੂ.ਐਲ.ਐਮ) ਤਹਿਤ ਸ਼ਹਿਰੀ ਨੌਜਵਾਨਾਂ ਨੂੰ ਕਿੱਤਾਮੁੱਖੀ ਕੋਰਸ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੈਂਟਰਾਂ ਵਿੱਚ ਲੜਕੀਆਂ ਲਈ ਵੀ ਜ਼ਰੂਰਤ ਅਨੁਸਾਰ ਟੇਲਰਿੰਗ ਅਤੇ ਹੋਰ ਕੋਰਸ ਰੱਖੇ ਗਏ ਹਨ, ਤਾਂ ਜੋ ਲੜਕੀਆਂ ਨੌਕਰੀਆਂ ਦੇ ਨਾਲ-ਨਾਲ ਆਪਣਾ ਕੰਮ ਵੀ ਖੋਲ੍ਹ ਸਕਣ।
ਇਸ ਦੌਰਾਨ ਉਨ੍ਹਾਂ ਨੇ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਤੋਂ ਟਰੇਨਿੰਗ ਲੈਣ ਤੋਂ ਬਾਅਦ ਗੁਰੂ ਨਾਨਕ ਆਟੋ ਮੋਬਾਇਲ ਵਿੱਚ ਨੌਕਰੀਆਂ ਲਈ ਨਿਯੁਕਤ ਹੋਏ 6 ਅਤੇ ਲੁਮੀਨਸ ਫੈਕਟਰੀ ਗਗਰੇਟ ਵਿਖੇ ਨਿਯੁਕਤ ਹੋਏ 13 ਨੌਜਵਾਨਾਂ ਸਮੇਤ ਕੁੱਲ 19 ਸਿਖਿਆਰਥੀਆਂ ਨੂੰ ਨਿਯੁਕਤੀ ਪੱਤਰ ਦਿੱਤੇ। ਉਨ੍ਹਾਂ ਨੇ ਰੂਰਲ ਸੈਂਟਰ ਦਸੂਹਾ, ਬਸੀ ਜਲਾਲ ਅਤੇ ਮਲਟੀ ਸਕਿੱਲ ਡਿਵੈਲਪਮੈਂਟ ਹੁਸ਼ਿਆਰਪੁਰ ਦੀਆਂ ਸੈਲਫ ਇਮਪਲਾਈ ਅਤੇ ਵੋਮੈਨ ਟੇਲਰਿੰਗ ਕੋਰਸ ਦੀਆਂ 28 ਸਿਖਿਆਰਥਣਾਂ ਅਤੇ ਡਾਟਾ ਐਂਟਰੀ ਦੇ 5 ਸਿਖਿਆਰਥੀਆਂ ਸਮੇਤ ਕੁੱਲ 33 ਸਿਖਿਆਰਥੀਆਂ ਨੂੰ ਸਰਟੀਫਿਕੇਟ ਵੀ ਵੰਡੇ। ਇਸ ਮੌਕੇ 'ਤੇ ਫਾਊਂਡਰ ਅਤੇ ਮੈਨੇਜਿੰਗ ਡਾਇਰੈਕਟਰ (ਏ.ਵੀ.ਟੀ.ਈ.ਜੀ.) ਸ੍ਰੀ ਪਰਮਜੀਤ ਸਿੰਘ, ਡਾਇਰੈਕਟਰ ਪੁਸ਼ਪਿੰਦਰ ਸਿੰਘ, ਸੈਂਟਰ ਇੰਚਾਰਜ ਗੁਰਪ੍ਰੀਤ ਸਿੰਘ ਸੈਣੀ ਅਤੇ ਜ਼ਿਲ੍ਹਾ ਮੋਬੀਲਾਈਜੇਸ਼ਨ ਹੈਡ ਯਾਦਵਿੰਦਰ ਸਮੇਤ ਸੈਂਟਰ ਦੇ ਸਿਖਿਆਰਥੀ ਮੌਜੂਦ ਸਨ।
No comments:
Post a Comment