- -ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਵਾਲੀਆਂ 20 ਪੰਚਾਇਤਾਂ ਅਤੇ 100 ਕਿਸਾਨਾਂ ਨੂੰ ਕੀਤਾ ਸਨਮਾਨਿਤ
- -ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਕਰਵਾਇਆ ਗਿਆ ਵਿਸ਼ੇਸ਼ ਸਮਾਗਮ
ਹੁਸ਼ਿਆਰਪੁਰ, 1 ਜੂਨ : ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਕਿਹਾ ਕਿ ਵਾਤਾਵਰਣ ਹਿਤੈਸ਼ੀ ਬਨਸਪਤੀ ਥੈਲਿਆਂ ਦਾ ਪ੍ਰਯੋਗ ਸਮੇਂ ਦੀ ਮੁੱਖ ਲੋੜ ਹੈ। ਉਹ ਅੱਜ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਕਰਵਾਏ ਗਏ ਵਿਸ਼ੇਸ਼ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਾ ਕਰਕੇ ਬਨਸਪਤੀ ਲਿਫਾਫਿਆਂ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਈ ਅਜਿਹੇ ਪਲਾਸਟਿਕ ਦੇ ਲਿਫਾਫੇ ਹੁੰਦੇ ਹਨ, ਜਿਨ੍ਹਾਂ ਦੀ ਉਮਰ 5 ਹਜ਼ਾਰ ਸਾਲ ਤੋਂ ਵੀ ਵੱਧ ਹੁੰਦੀ ਹੈ ਅਤੇ ਅਜਿਹੇ ਥੈਲੇ ਕਈ ਸਾਲਾਂ ਵਿਚ ਮਿੱਟੀ ਅੰਦਰ ਦੱਬੇ ਰਹਿੰਦੇ ਹਨ ਤੇ ਨਾ ਗਲਣ ਕਰਕੇ ਗੰਭੀਰ ਬਿਮਾਰੀਆਂ ਨੂੰ ਜਨਮ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰ ਵਲੋਂ ਪਲਾਸਟਿਕ ਦੇ ਥੈਲਿਆਂ ਦੀ ਵਿਕਰੀ 'ਤੇ ਪਾਬੰਦੀ ਲਗਾਈ ਗਈ ਹੈ।
ਸ਼੍ਰੀ ਵਿਪੁਲ ਉਜਵਲ ਨੇ ਕਿਹਾ ਕਿ ਉਕਤ ਥੈਲਿਆਂ ਦੇ ਉਲਟ ਬਨਸਪਤੀ ਥੈਲੇ ਵਾਤਾਵਰਣ ਦੇ ਅਨੁਕੂਲ ਹਨ ਅਤੇ ਮਨੁੱਖੀ ਸਿਹਤ ਨੂੰ ਕੋਈ ਨੁਕਸਾਨ ਵੀ ਨਹੀਂ ਪਹੁੰਚਾਉਂਦੇ। ਉਨ੍ਹਾਂ ਕਿਹਾ ਕਿ ਇਹ ਇਕੋਫਰੈਂਡਲੀ ਬਨਸਪਤੀ ਬੈਗ ਮੌਜੂਦਾ ਸਮੇਂ ਵਿੱਚ ਦੇਸ਼ ਵਿੱਚ ਸਿਰਫ਼ 5 ਕੰਪਨੀਆਂ ਤਿਆਰ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਥੈਲਾ ਮੱਕਾ, ਆਲੂ ਅਤੇ ਗੰਨੇ ਦੇ ਬਚੇ ਹੋਏ ਛਿਲਕਿਆਂ ਤੋਂ ਤਿਆਰ ਹੁੰਦਾ ਹੈ ਅਤੇ ਇਸ ਦਾ ਮਨੁੱਖੀ ਸਿਹਤ 'ਤੇ ਕੋਈ ਨੁਕਸਾਨ ਨਹੀਂ ਪੈਂਦਾ। ਉਨ੍ਹਾ ਕਿਹਾ ਕਿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਸ਼ੁਰੂ ਕੀਤਾ ਗਿਆ ਇਹ ਯਤਨ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਬੰਦ ਕਰਕੇ ਬਨਸਪਤੀ ਥੈਲਿਆਂ ਦੀ ਵਰਤੋਂ ਕਰਨੀ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਟਾਰਚ ਤੋਂ ਬਣੇ ਲਿਫਾਫ਼ੇ ਲਗਭਗ 6 ਮਹੀਨੇ ਦੇ ਅੰਦਰ ਹੀ ਮਿੱਟੀ ਅਤੇ ਹਵਾ ਦੇ ਸੰਪਰਕ ਵਿੱਚ ਆਉਣ ਨਾਲ ਗਲ ਜਾਂਦੇ ਹਨ ਅਤੇ ਇਸ ਦਾ ਵਾਤਾਵਰਣ 'ਤੇ ਕੋਈ ਅਸਰ ਨਹੀਂ ਪੈਂਦਾ।
ਸਮਾਗਮ ਦੌਰਾਨ ਕਿਸਾਨ ਪਿੰਸੀਪਲ ਤਰਸੇਮ ਸਿੰਘ ਅਤੇ ਡੀਲਰ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਮਨੀਸ਼ ਕਪੂਰ ਸਮੇਤ ਹੋਰ ਮਾਹਿਰਾਂ ਵਲੋਂ ਵੀ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ। ਸਮਾਗਮ ਦੌਰਾਨ ਫਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਵਾਲੀਆਂ 20 ਪੰਚਾਇਤਾਂ ਅਤੇ 100 ਕਿਸਾਨਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵਾਤਾਵਰਣ ਇੰਜੀਨੀਅਰ ਸ਼੍ਰੀ ਅਸ਼ੋਕ ਗਰਗ, ਇੰਜ. ਸੁਖਵੰਤ ਸਿੰਘ, ਪੂਜਾ ਸ਼ਰਮਾ, ਸ਼੍ਰੀ ਕਰਮਵੀਰ ਸਿੰਘ, ਡੀ.ਐਫ.ਓ. ਸ਼੍ਰੀ ਸੁਰਜੀਤ ਸਿੰਘ ਸਹੋਤਾ, ਸ਼੍ਰੀ ਅਵਤਾਰ ਸਿੰਘ, ਡਾ. ਨਵਦੀਪ ਸਿੰਘ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।
No comments:
Post a Comment