- ਨੈਚੂਰਲੀ ਵੈਂਟੀਲੇਟਡ ਪੋਲੀਹਾਊਸ ਲਗਾਕੇ ਕਰ ਰਿਹੈ ਲੱਖਾਂ ਰੁਪਏ ਦੀ ਕਮਾਈ
- ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਫਸਲੀ ਚੱਕਰ 'ਚੋਂ ਨਿਕਲ ਕੇ ਫਸਲੀ ਵਿਭਿੰਨਤਾ 'ਤੇ ਦਿੱਤਾ ਜ਼ੋਰ
- ਕਿਹਾ, ਸਰਕਾਰ ਵਲੋਂ ਪੋਲੀਹਾਊਸ ਅਤੇ ਬਾਗਾਂ ਲਈ ਦਿੱਤੀ ਜਾ ਰਹੀ 50 ਫੀਸਦੀ ਸਬਸਿਡੀ
ਬੀ.ਏ. ਪਾਸ ਸਫਲ ਕਿਸਾਨ ਸ਼੍ਰੀ ਹਰਬਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਉਸਨੇ 5 ਏਕੜ ਵਿਚ ਨੈਚੂਰਲੀ ਵੈਂਟੀਲੇਟਡ ਪੋਲੀਹਾਊਸ ਲਗਾਇਆ ਹੋਇਆ ਹੈ, ਜਿਸ ਵਿਚ ਸਬਜ਼ੀਆਂ ਦੀ ਅਗੇਤੀ ਖੇਤੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੋਲੀਹਾਊਸ ਲਈ ਉਸਨੇ ਸਬਸਿਡੀ ਵੀ ਹਾਸਲ ਕੀਤੀ ਹੈ ਅਤੇ ਮੌਜੂਦਾ ਤੌਰ 'ਤੇ ਕਰੀਬ ਸਾਢੇ 5 ਏਕੜ ਵਿਚ ਰੰਗਦਾਰ ਸ਼ਿਮਲਾ ਮਿਰਚ ਦੇ ਨਾਲ-ਨਾਲ ਬੀਜ ਰਹਿਤ ਖੀਰਾ ਬੀਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਤੀ ਸਾਲ ਇਕ ਏਕੜ ਵਿਚੋਂ ਕਰੀਬ 5 ਲੱਖ ਰੁਪਏ ਉਸਦੀ ਆਮਦਨ ਹੈ ਅਤੇ ਮੰਡੀਕਰਨ ਉਸ ਵਲੋਂ ਖੁਦ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਸਾਲ 2003 ਤੋਂ ਤੁਪਕਾ ਸਿੰਚਾਈ ਸਿਸਟਮ ਵੀ ਅਪਣਾਇਆ ਜਾ ਰਿਹਾ ਹੈ, ਤਾਂ ਜੋ ਧੜਾਧੜ ਪਾਣੀ ਦੀ ਵਰਤੋਂ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਤੁਪਕਾ ਸਿਸਟਮ ਨਾਲ ਪਾਣੀ ਕੇਵਲ ਜੜ੍ਹਾਂ ਨੂੰ ਹੀ ਲੱਗਦਾ ਹੈ, ਜਿਸ ਨਾਲ ਪਾਣੀ ਦੀ ਬਰਬਾਦੀ ਨਹੀਂ ਹੁੰਦੀ। ਸ਼੍ਰੀ ਸੰਧੂ ਨੇ ਕਿਹਾ ਕਿ ਉਸਨੇ ਆਪਣਾ ਹੀ ਨਰਸਰੀ ਯੂਨਿਟ ਵੀ ਲਗਾਇਆ ਹੋਇਆ ਹੈ ਅਤੇ ਉਹ ਐਚ.ਟੀ.ਸੀ (ਹੌਰਟੀਕਲਚਰ ਟ੍ਰੇਨਿੰਗ ਸੈਂਟਰ, ਪੂਨੇ) ਤੋਂ ਗਰੀਨ ਹਾਊਸ ਸਬੰਧੀ, ਜਦਕਿ ਆਈ.ਐਚ.ਬੀ.ਟੀ. (ਇੰਸਟੀਚਿਊਟ ਆਫ ਹਿਮਾਲੀਅਨ ਬਾਇਓ ਰਿਸੋਰਸ ਟੈਕਨਾਲੋਜੀ, ਪਾਲਮਪੁਰ) ਤੋਂ ਫੁੱਲਾਂ ਦੀ ਨਰਸਰੀ ਪ੍ਰੋਡਕਸ਼ਨ ਸਬੰਧੀ ਟ੍ਰੇਨਿੰਗ ਹਾਸਲ ਕਰ ਚੁੱਕਾ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਇਸ ਅਗਾਂਹਵਧੂ ਸਫਲ ਕਿਸਾਨ ਦੀ ਸ਼ਲਾਘਾ ਕਰਦਿਆਂ ਫਸਲੀ ਵਿਭਿੰਨਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਸਲੀ ਚੱਕਰ ਵਿਚੋਂ ਨਿਕਲਕੇ ਬਦਲਵੀਆਂ ਫਸਲਾਂ ਦੀ ਖੇਤੀ ਕਰਨ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਕਰੀਬ 8500 ਹੈਕਟੇਅਰ ਬਾਗਾਂ ਦਾ ਰਕਬਾ ਹੈ, ਜਿਸ ਵਿਚੋਂ ਕਰੀਬ 60 ਫੀਸਦੀ ਰਕਬਾ ਕਿੰਨੂ ਹੇਠ ਹੈ। ਉਨ੍ਹਾਂ ਕਿਹਾ ਕਿ ਬਾਗਾਂ ਵਾਸਤੇ ਕਰੀਬ 40 ਤੋਂ 50 ਫੀਸਦੀ ਸਬਸਿਡੀ ਜਾਂਦੀ ਹੈ, ਜਦਕਿ ਪੋਲੀਹਾਊਸ 'ਤੇ 50 ਫੀਸਦੀ ਸਬਸਿਡੀ (ਕਰੀਬ 19 ਲੱਖ ਰੁਪਏ) ਸਰਕਾਰ ਵਲੋਂ ਕੌਮੀ ਬਾਗਬਾਨੀ ਮਿਸ਼ਨ ਤਹਿਤ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਖੇਤੀ ਦੌਰਾਨ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਨ ਦੇ ਨਾਲ-ਨਾਲ ਖੇਤਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਫਸਲਾਂ ਲਈ ਦਵਾਈਆਂ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ।
ਡਿਪਟੀ ਡਾਇਰੈਕਟਰ ਬਾਗਬਾਨੀ ਵਿਭਾਗ ਸ਼੍ਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਪੋਲੀਹਾਊਸ 'ਤੇ ਸਬਸਿਡੀ ਜਾਂ ਵਿਭਾਗ ਨਾਲ ਸਬੰਧਤ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਦਫ਼ਤਰ ਡਿਪਟੀ ਡਾਇਰੈਕਟਰ ਬਾਗਬਾਨੀ, ਛਾਉਣੀ ਕਲਾਂ ਵਿਖੇ ਨਿੱਜੀ ਤੌਰ 'ਤੇ ਜਾਂ 01882-236675 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਬਸਿਡੀ ਦੀ ਸਹੂਲਤ ਪ੍ਰਾਪਤ ਕਰਨ ਲਈ ਸੈਂਟਰ ਆਫ ਐਕਸੀਲੈਂਸ ਫਾਰ ਵੈਜ਼ੀਟੇਬਲ ਕਰਤਾਰਪੁਰ ਤੋਂ 3 ਦਿਨ ਦੀ ਸਿਖਲਾਈ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਕੇਵਲ 1 ਹਜ਼ਾਰ ਵਿਚ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਸਿਖਲਾਈ ਦੌਰਾਨ ਰਿਹਾਇਸ਼ ਅਤੇ ਖਾਣ-ਪੀਣ ਦੀ ਸਹੂਲਤ ਬਿਲਕੁੱਲ ਮੁਫ਼ਤ ਮਿਲੇਗੀ।
No comments:
Post a Comment