- ਖਰੀਦਦਾਰ ਤੇ ਵਿਕਰੇਤਾ ਨੂੰ ਰਜਿਸਟਰੀ ਸਬੰਧੀ ਜਾਣਕਾਰੀ ਐਸ.ਐਮ.ਐਸ. ਰਾਹੀਂ ਕਰਵਾਈ ਜਾਵੇਗੀ ਮੁਹੱਈਆ
- 11 ਜੂਨ ਤੋਂ ਜ਼ਿਲ੍ਹੇ 'ਚ ਲਾਗੂ ਹੋਵੇਗਾ ਐਨ.ਜੀ.ਡੀ.ਆਰ.ਐਸ ਪ੍ਰੋਜੈਕਟ
- ਆਮ ਜਨਤਾ ਵਲੋਂ ਜ਼ਿਲ੍ਹਾ ਸੂਚਨਾ ਵਿਗਿਆਨ ਅਫ਼ਸਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ ਸਿਖਲਾਈ
- ਰਜਿਸਟਰੀਆਂ ਸਬੰਧੀ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਮੁਸ਼ਕਿਲ : ਡਿਪਟੀ ਕਮਿਸ਼ਨਰ
- ਕਿਹਾ, ਬੈਨਾਮੇ, ਤਬਦੀਲਨਾਮੇ, ਮੁਖਤਿਆਰਨਾਮੇ, ਵਸੀਅਤ, ਗੋਦਨਾਮਾ, ਦਾਨ ਨਾਮਾ ਆਦਿ ਲਈ ਅਗਾਊਂ ਸਮਾਂ ਲੈਣ ਨਾਲ ਘਟੇਗੀ ਖੱਜਲ-ਖੁਆਰੀ
ਹੁਸ਼ਿਆਰਪੁਰ, 8 ਜੂਨ : ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ
ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨੈਸ਼ਨਲ ਜੈਨੇਰਿਕ ਡਾਕੂਮੈਂਟ ਰਜਿਸਟ੍ਰੇਸ਼ਨ ਸਾਫ਼ਟਵੇਅਰ (ਐਨ.ਜੀ.ਡੀ.ਆਰ.ਐਸ) ਲਾਗੂ ਕੀਤਾ ਗਿਆ ਹੈ ਅਤੇ ਹੁਸ਼ਿਆ੍ਰਰਪੁਰ ਜ਼ਿਲ੍ਹੇ ਦੀਆਂ ਸਾਰੀਆਂ 4 ਤਹਿਸੀਲਾਂ ਅਤੇ 6 ਸਬ-ਤਹਿਸੀਲਾਂ ਇਸ ਪ੍ਰੋਜੈਕਟ ਦੀ ਸ਼ੁਰੂਆਤ 11 ਜੂਨ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸਾਫਟਵੇਅਰ ਦੀ ਸ਼ੁਰੂਆਤ ਨਾਲ ਆਮ ਜਨਤਾ ਵਲੋਂ ਘਰ ਬੈਠੇ ਹੀ ਆਪਣੇ ਪੱਧਰ 'ਤੇ ਰਜਿਸਟਰੀ ਕਰਵਾਉਣ ਲਈ ਆਨਲਾਈਨ ਅਗਾਊਂ ਸਮਾਂ ਲਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ 11 ਜੂਨ ਤੋਂ ਜ਼ਿਲ੍ਹੇ ਵਿਚ ਐਨ.ਜੀ.ਡੀ.ਆਰ.ਐਸ ਪ੍ਰੋਜੈਕਟ ਜ਼ਰੀਏ ਹੀ ਰਜਿਸਟਰੀਆਂ ਕੀਤੀਆਂ ਜਾਣਗੀਆਂ ਅਤੇ ਆਮ ਜਨਤਾ ਵਲੋਂ ਇਸ ਪ੍ਰੋਜੈਕਟ ਸਬੰਧੀ ਜਾਣਕਾਰੀ ਲੈਣ ਲਈ ਜ਼ਿਲ੍ਹਾ ਸੂਚਨਾ ਵਿਗਿਆਨ ਅਫ਼ਸਰ ਸ਼੍ਰੀ ਪ੍ਰਦੀਪ ਸਿੰਘ ਨਾਲ (94178-83749 ਜਾਂ 01882-224749) ਜਾਂ ਜ਼ਿਲ੍ਹਾ ਸਿਸਟਮ ਮੈਨੇਜਰ ਸ਼੍ਰੀ ਦਿਆਲ ਸਿੰਘ (95010-11246) ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਸੂਚਨਾ ਵਿਗਿਆਨ ਅਫ਼ਸਰ ਦੇ ਕਮਰਾ ਨੰਬਰ-304, ਤੀਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਤੋਂ ਸਿਖਲਾਈ ਵੀ ਪ੍ਰਾਪਤ ਕੀਤੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਮ ਜਨਤਾ ਨੂੰ ਰਜਿਸਟਰੀਆਂ ਸਬੰਧੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਕੰਮ ਕਰਦੇ ਇਸ ਸਾਫ਼ਟਵੇਅਰ ਵਿੱਚ ਕਿਸੇ ਵੀ ਵਿਅਕਤੀ ਨੂੰ ਬੈਨਾਮੇ, ਤਬਦੀਲਨਾਮੇ, ਮੁਖਤਿਆਰਨਾਮੇ, ਵਸੀਅਤ, ਗੋਦਨਾਮਾ, ਦਾਨ ਨਾਮਾ ਆਦਿ ਲਈ ਅਗਾਊਂ ਸਮਾਂ ਲੈਣਾ ਪਵੇਗਾ ਅਤੇ ਉਸ ਤੋਂ ਬਿਨ੍ਹਾਂ ਕੰਮ ਨਹੀਂ ਹੋ ਸਕੇਗਾ। ਉਨ੍ਹਾਂ ਦੱਸਿਆ ਕਿ ਇੱਕ ਘੰਟੇ ਵਿੱਚ 12 ਧਿਰਾਂ ਨੂੰ ਹੀ ਅਗਾਊਂ ਸਮਾਂ ਦੇਣ ਦੀ ਸੀਮਾ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਾਫ਼ਟਵੇਅਰ ਦੇ ਸ਼ੁਰੂ ਹੋਣ ਨਾਲ ਜਿੱਥੇ ਮਾਲ ਵਿਭਾਗ ਦੇ ਕੰਮ ਵਿੱਚ ਪਾਰਦਰਸ਼ਤਾ ਆਵੇਗੀ, ਉੱਥੇ ਰਜਿਸਟਰੀ, ਬੈਨਾਮਾ, ਤਬਦੀਲਨਾਮਾ ਤੇ ਹੋਰ ਕੰਮਾਂ ਸਬੰਧੀ ਕਾਗਜ਼ਾਤ ਤਿਆਰ ਹੋਣ ਤੋਂ ਬਾਅਦ ਇਸ ਪੋਰਟਲ ਦੀ ਮਦਦ ਨਾਲ ਘਰ ਬੈਠੇ ਹੀ ਰਜਿਸਟਰੀ ਕਰਵਾਉਣ ਲਈ ਸਮਾਂ ਲਿਆ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਸਬ-ਰਜਿਸਟਰਾਰ ਦਫਤਰ ਵਿਚ ਬੈਠ ਕੇ ਲੰਮਾ ਸਮਾਂ ਉਡੀਕ ਨਹੀਂ ਕਰਨੀ ਪਵੇਗੀ। ਇਸ ਸਾਫਟਵੇਅਰ ਵਿਚ 'ਟਾਈਮਸਲਾਟਸ' ਦਾ ਪ੍ਰਬੰਧ ਵੀ ਕੀਤਾ ਗਿਆ ਹੈ, ਜਿਸ ਤਹਿਤ ਲੋਕਾਂ ਨੂੰ ਰਜਿਸਟਰੀਆਂ ਲਈ ਸਮਾਂ ਦਿੱਤਾ ਜਾਵੇਗਾ।
ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਸ਼ੁਰੂਆਤੀ ਤੌਰ 'ਤੇ ਇਕ ਰਜਿਸਟਰੀ ਨੂੰ 10 ਤੋਂ 15 ਮਿੰਟ ਦਾ ਸਮਾਂ ਲੱਗੇਗਾ, ਜਿਹੜਾ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਵੀ ਘੱਟ ਜਾਵੇਗਾ। ਇਸ ਪ੍ਰਕਿਰਿਆ ਲਈ ਆਧਾਰ ਕਾਰਡ ਲਾਜ਼ਮੀ ਕੀਤਾ ਗਿਆ ਹੈ ਅਤੇ ਇਸ ਸਾਫ਼ਟਵੇਅਰ ਸਦਕਾ ਰਜਿਸਟਰੀਆਂ ਸਬੰਧੀ ਗੜਬੜ ਦੀ ਗੁੰਜਾਇਸ਼ ਨਹੀਂ ਰਹੇਗੀ। ਐਨ.ਆਈ.ਸੀ. ਪੁਣੇ ਵੱਲੋਂ ਤਿਆਰ ਕੀਤੇ ਗਏ ਇਸ ਸਾਫ਼ਟਵੇਅਰ ਨਾਲ ਕੀਤੀਆਂ ਜਾਣ ਵਾਲੀਆਂ ਰਜਿਸਟਰੀਆਂ ਦੀ ਜਾਣਕਾਰੀ ਆਨਲਾਈਨ ਵੀ ਸਾਂਭ ਕੇ ਰੱਖੀ ਜਾਵੇਗੀ, ਜਿਸ ਲਈ ਵਿਸ਼ੇਸ਼ 'ਕਲਾਊਡ' ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਰਜਿਸਟਰੇਸ਼ਨ ਪ੍ਰਣਾਲੀ ਤਹਿਤ ਲੋਕ ਹਫਤੇ ਵਿਚ ਸੱਤੇ ਦਿਨ ਤੇ 24 ਘੰਟੇ ਕਿਸੇ ਵੀ ਵੇਲੇ ਰਜਿਸਟਰੀ ਸਬੰਧੀ ਜਾਣਕਾਰੀ ਅੱਪਲੋਡ ਕਰ ਸਕਦੇ ਹਨ। ਇਸ ਪ੍ਰਣਾਲੀ ਤਹਿਤ ਅਸਲ ਸਮੇਂ ਮੁਤਾਬਿਕ ਹੀ ਰਿਪੋਰਟਾਂ ਤਿਆਰ ਹੋਣਗੀਆਂ, ਜਿਨ੍ਹਾਂ ਦਾ ਮੁਲਾਂਕਣ ਅਧਿਕਾਰੀਆਂ ਵਲੋਂ ਫੌਰੀ ਤੌਰ 'ਤੇ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਖਰੀਦਦਾਰ ਅਤੇ ਵਿਕਰੇਤਾ ਨੂੰ ਰਜਿਸਟਰੀ ਸਬੰਧੀ ਜਾਣਕਾਰੀ ਐਸ.ਐਮ.ਐਸ. ਰਾਹੀਂ ਵੀ ਮੁਹੱਈਆ ਕਰਵਾਈ ਜਾਵੇਗੀ। ਰਜਿਸਟਰੀ ਨੂੰ ਸਕੈਨ ਕਰਕੇ ਪੋਰਟਲ 'ਤੇ ਪਾਇਆ ਜਾਵੇਗਾ, ਜਿਸ ਨਾਲ ਮਾਲ ਵਿਭਾਗ ਦੇ ਰਿਕਾਰਡ ਵਿਚ ਵੀ ਜਾਣਕਾਰੀ ਸ਼ਾਮਿਲ ਹੁੰਦੀ ਰਹੇਗੀ। ਇਸ ਪੋਰਟਲ ਤਹਿਤ ਸਬ-ਰਜਿਸਟਰਾਰਾਂ ਨੂੰ ਵੀ ਬਾਇਓਮੀਟ੍ਰਿਕ ਪ੍ਰਣਾਲੀ ਨਾਲ ਜੋੜਿਆ ਗਿਆ ਹੈ।
ਸ਼੍ਰੀ ਵਿਪੁਲ ਉਜਵਲ ਨੇ ਅੱਗੇ ਦੱਸਿਆ ਕਿ ਰਜਿਸਟਰੀ ਦੀ ਕਾਪੀ ਲੈਣ ਲਈ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਵੇਗੀ, ਕਿਉਂਕਿ ਸਬ-ਰਜਿਸਟਰਾਰ ਦਫਤਰ ਵੱਲੋਂ ਆਨਲਾਈਨ ਰੱਖੀ ਗਈ ਜਾਣਕਾਰੀ ਦੇ ਆਧਾਰ 'ਤੇ ਰਜਿਸਟਰੀ ਦੀ ਕਾਪੀ ਵੀ ਮੁਹੱਈਆ ਕਰਵਾ ਦਿੱਤੀ ਜਾਵੇਗੀ। ਇਸ ਸਾਰੀ ਸਹੂਲਤ ਲਈ ਲੋਕਾਂ ਨੂੰ ਕੋਈ ਵਾਧੂ ਫੀਸ ਵੀ ਜਮ੍ਹਾਂ ਨਹੀਂ ਕਰਵਾਉਣੀ ਹੋਵੇਗੀ। ਭਵਿੱਖ ਵਿਚ ਆਨਲਾਈਨ ਫੀਸ ਅਦਾ ਕਰਕੇ ਰਜਿਸਟਰੀ ਦੀ ਕਾਪੀ ਲੈਣ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਪੋਰਟਲ ਜ਼ਰੀਏ ਸਟੈਂਪ ਡਿਊਟੀ, ਰਜਿਸਟਰੀ ਫੀਸ ਅਤੇ ਕੁਲੈਕਟਰ ਰੇਟਾਂ 'ਤੇ ਆਧਾਰਿਤ ਫੀਸ ਦੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾਵੇਗੀ ਅਤੇ ਆਨਲਾਈਨ ਰਜਿਸਟਰੀ ਦਾ ਇਹ ਪੋਰਟਲ ਪੂਰੀ ਤਰ੍ਹਾਂ ਸੁਰੱਖਿਅਤ ਹੈ ਤੇ ਆਉਣ ਵਾਲੇ ਸਮੇਂ ਵਿਚ ਵੱਖ ਵੱਖ ਰਜਿਸਟਰੀਆਂ ਸਬੰਧੀ ਖਾਕੇ ਤਿਆਰ ਕਰਕੇ ਅਪਲੋਡ ਕੀਤੇ ਜਾਣਗੇ ਤਾਂ ਜੋ ਲੋਕਾਂ ਦੀ ਰਜਿਸਟਰੀਆਂ ਦੇ ਕਾਗਜ਼ਾਤ ਤਿਆਰ ਕਰਨ ਵਾਲਿਆਂ 'ਤੇ ਨਿਰਭਰਤਾ ਘਟੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਨਲਾਈਨ ਰਜਿਸਟਰੇਸ਼ਨ ਸ਼ੁਰੂ ਕਰਨ ਦਾ ਮੁੱਖ ਮਕਸਦ ਇਹੀ ਹੈ ਕਿ ਲੋਕਾਂ ਨੂੰ ਰਜਿਸਟਰੀਆਂ ਸਬੰਧੀ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਮਾਲ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਤੇ ਸਮੂਹ ਵਸੀਕਾਂ ਨਵੀਸਾਂ ਨੂੰ ਇਸ ਸਬੰਧੀ ਸਿਖਲਾਈ ਦਿੱਤੀ ਗਈ ਹੈ ਤਾਂ ਜੋ ਰਜਿਸਟਰੀਆਂ ਕਰਨ ਵਿਚ ਕਿਸੇ ਗਲਤੀ ਦੀ ਗੁੰਜਾਇਸ਼ ਨਾ ਰਹੇ। ਉਨ੍ਹਾਂ ਦਸਿਆ ਕਿ ਰਜਿਸਟਰੇਸ਼ਨ ਦੀ ਇਹ ਨਵੀਂ ਪ੍ਰਣਾਲੀ ਬਹੁਤ ਅਸਾਨ ਹੈ ਅਤੇ ਇਹ ਗੱਲ ਯਕੀਨੀ ਬਣਾਈ ਜਾਵੇਗੀ ਕਿ ਕਿਸੇ ਨੂੰ ਵੀ ਕੋਈ ਦਿੱਕਤ ਨਾ ਆਵੇ। ਉਨ੍ਹਾਂ ਦਸਿਆ ਕਿ ਕੋਈ ਵੀ ਵਿਅਕਤੀ ਇਸ ਦੀ ਵੈਬਸਾਈਟ igrpunjab.gov.in 'ਤੇ ਆਨਲਾਈਨ ਰਜਿਸਟਰੀ ਲਈ ਅਪਲਾਈ ਕਰ ਸਕਦਾ ਹੈ ਤੇ ਇਸ ਵੈਬਸਾਈਟ 'ਤੇ ਹੀ ਰੇਟਾਂ ਬਾਰੇ ਜਾਣਕਾਰੀ ਲਈ ਜਾ ਸਕਦੀ ਹੈ।
No comments:
Post a Comment