- 148 ਪੋਰਟੇਬਲ ਸਮਾਰਟ ਕਲਾਸ ਰੂਮ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਨਾਲ ਜੋੜਨਗੇ
- ਸਰਕਾਰੀ ਸਕੂਲਾਂ ਨੂੰ ਬਲੈਕ ਬੋਰਡ ਮੁਕਤ ਕਰਕੇ ਲਗਾਏ ਜਾਣਗੇ ਗਰੀਨ ਬੋਰਡ
ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹੇ ਵਿਚ 19 ਐਜੂਕੇਸ਼ਨ ਬਲਾਕ ਹਨ ਤੇ ਇਕ ਬਲਾਕ ਵਿਚ ਕਰੀਬ 8 ਸੈਂਟਰ ਪੈਂਦੇ ਹਨ ਅਤੇ ਇਕ ਸੈਂਟਰ ਅਧੀਨ ਕਰੀਬ 12 ਸਕੂਲ ਆਉਂਦੇ ਹਨ, ਜਿਨ੍ਹਾਂ ਵਿਚ ਪ੍ਰਾਇਮਰੀ, ਮਿਡਲ ਅਤੇ ਸੀਨੀਅਰ ਸੈਕੰਡਰੀ ਸਕੂਲ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ 1252 ਪ੍ਰਾਇਮਰੀ ਸਕੂਲ, 292 ਮਿਡਲ, 136 ਹਾਈ ਸਕੂਲ, ਜਦਕਿ 130 ਸੀਨੀਅਰ ਸੈਕੰਡਰੀ ਸਕੂਲ ਹਨ। ਉਨ੍ਹਾਂ ਦੱਸਿਆ ਕਿ ਸਮਰਪਣ-2 ਤਹਿਤ 148 ਸੈਂਟਰਾਂ ਵਿਚ ਪੋਰਟੇਬਲ ਸਮਾਰਟ ਕਲਾਸ ਰੂਮ ਬਣਾਏ ਜਾ ਰਹੇ ਹਨ, ਜਿਨ੍ਹਾਂ ਜ਼ਰੀਏ ਜ਼ਿਲ੍ਹੇ ਦੇ ਕਰੀਬ ਸਾਢੇ 1700 ਸਕੂਲ ਕਵਰ ਕੀਤੇ ਜਾਣਗੇ। ਸਮਰਪਣ-2 ਤਹਿਤ ਅੱਪਰ ਪ੍ਰਾਇਮਰੀ ਸਕੂਲਾਂ ਨੂੰ ਬਲੈਕ ਬੋਰਡ ਮੁਕਤ ਕਰਕੇ ਗਰੀਨ ਬੋਰਡ ਵੀ ਲਗਾਏ ਜਾਣਗੇ। ਇਸ ਤੋਂ ਇਲਾਵਾ ਸਮਰਪਣ-2 ਤਹਿਤ ਮਿਡ-ਡੇਅ-ਮੀਲ ਵਰਕਰਾਂ ਲਈ ਐਪਰਨ, ਦਸਤਾਨੇ, ਕੈਪ ਪਾਉਣੇ ਯਕੀਨੀ ਬਣਾਏ ਜਾਣਗੇ, ਤਾਂ ਜੋ ਵਿਦਿਆਰਥੀਆਂ ਨੂੰ ਪੌਸ਼ਟਿਕ ਖਾਣਾ ਹੀ ਮੁਹੱਈਆ ਕਰਵਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪੋਰਟੇਬਲ ਸਮਾਰਟ ਕਲਾਸ ਰੂਮ ਕਿੱਟ ਵਿਚ ਲੈਪਟਾਪ, ਪ੍ਰੋਜੈਕਟਰ ਅਤੇ ਸਪੀਕਰ ਆਦਿ ਸ਼ਾਮਿਲ ਕੀਤੇ ਗਏ ਹਨ, ਤਾਂ ਜੋ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਆਧੁਨਿਕ ਤਰੀਕੇ ਨਾਲ ਹੀ ਪੜ੍ਹਾਇਆ ਜਾ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਮਰਪਣ-1 ਤਹਿਤ ਸਰਕਾਰੀ ਸਕੂਲਾਂ ਨੂੰ ਜਲਦੀ ਹੀ ਬੁਨਿਆਦੀ ਸਹੂਲਤਾਂ ਨਾਲ ਲੈਸ ਕਰ ਦਿੱਤਾ ਜਾਵੇਗਾ, ਜਿਸ ਲਈ ਵਿਸ਼ੇਸ਼ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗਠਿਤ ਕੀਤੀ ਗਈ 5 ਮੈਂਬਰੀ ਕਮੇਟੀ ਵਲੋਂ ਕਰੀਬ ਦੋ ਮਹੀਨਿਆਂ ਵਿਚ ਜ਼ਰੂਰੀ ਸਮਾਨ ਮੁਹੱਈਆ ਕਰਵਾ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਰੀਬ 17 ਹਜ਼ਾਰ ਵਿਅਕਤੀ ਸਮਰਪਣ ਦੇ ਮੈਂਬਰ ਚੁੱਕੇ ਹਨ, ਜਿਨ੍ਹਾਂ ਵਿਚ ਕੈਬਨਿਟ ਮੰਤਰੀ ਸ਼੍ਰੀ ਸੁੰਦਰ ਸ਼ਾਮ ਅਰੋੜਾ, ਸ਼੍ਰੀ ਨਵਜੋਤ ਸਿੰਘ ਸਿੱਧੂ, ਸ਼੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸ਼੍ਰੀਮਤੀ ਅਰੁਣਾ ਚੌਧਰੀ ਤੋਂ ਇਲਾਵਾ ਐਮ.ਐਲ.ਏਜ਼ ਸਮੇਤ ਵੱਖ-ਵੱਖ ਪ੍ਰਮੁੱਖ ਸ਼ਖਸ਼ੀਅਤਾਂ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਸਿੱਖਿਆ ਮੰਤਰੀ ਸ਼੍ਰੀ ਓ.ਪੀ. ਸੋਨੀ ਨੇ ਆਪਣੇ ਪਰਿਵਾਰ ਸਮੇਤ 'ਸਮਰਪਣ' ਦੀ ਮੈਂਬਰਸ਼ਿਪ ਹਾਸਲ ਕਰਦਿਆਂ ਭਰੋਸਾ ਦਿਵਾਇਆ ਹੈ ਕਿ ਪੰਜਾਬ ਸਰਕਾਰ ਵਲੋਂ ਵੀ 'ਸਮਰਪਣ' ਵਿਚ ਯੋਗਦਾਨ ਪਾਇਆ ਜਾਵੇਗਾ, ਤਾਂ ਜੋ ਇਸ ਪਹਿਲਕਦਮੀ ਨੂੰ ਸੂਬੇ ਵਿਚ ਇਕ ਰੋਲ ਮਾਡਲ ਵਜੋਂ ਉਭਾਰਿਆ ਜਾ ਸਕੇ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਜ਼ਿਲ੍ਹਾ ਵਾਸੀਆਂ ਨੂੰ ਸਮਰਪਣ ਦਾ ਮੈਂਬਰ ਬਣਨਾ ਚਾਹੀਦਾ ਹੈ, ਤਾਂ ਜੋ ਸਰਕਾਰੀ ਸਕੂਲਾਂ ਨੂੰ ਹੋਰ ਉਚ ਮੁਕਾਮ 'ਤੇ ਪਹੁੰਚਾਇਆ ਜਾ ਸਕੇ।
ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਸਮਰਪਣ ਤਹਿਤ ਸਰਕਾਰੀ ਸਕੂਲਾਂ ਵਿਚ ਈ.ਐਮ.ਐਫ ਰਾਹੀਂ ਕਰੀਬ 56 ਲੱਖ ਰੁਪਏ ਦੀ ਲਾਗਤ ਨਾਲ ਕਰੀਬ 3 ਹਜ਼ਾਰ ਬੈਂਚ ਮੁਹੱਈਆ ਕਰਵਾਏ ਜਾਣਗੇ, ਜਦਕਿ 1200 ਪੱਖੇ, 1700 ਟਿਊਬ ਲਾਈਟਾਂ, 154 ਗਰੀਨ ਬੋਰਡ, 17 ਮੇਨ ਗੇਟ, 1252 ਸਕੂਲਾਂ ਵਿਚ ਫਸਟ ਏਡ ਕਿੱਟ ਤੋਂ ਇਲਾਵਾ ਹੋਰ ਬੁਨਿਆਦੀ ਸਮਾਨ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜੋ ਕਰੀਬ 2 ਮਹੀਨਿਆਂ ਵਿਚ ਸਾਰੇ ਸਕੂਲਾਂ ਵਿਚ ਪ੍ਰਦਾਨ ਕਰਵਾ ਦਿੱਤਾ ਜਾਵੇਗਾ। ਉਧਰ ਜ਼ਿਲ੍ਹੇ ਦੇ ਅਧਿਆਪਕ ਵਰਗ ਦਾ ਕਹਿਣਾ ਹੈ ਕਿ ਸਮਰਪਣ ਪ੍ਰੋਜੈਕਟ ਤਹਿਤ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਇਕ ਵਧੀਆ ਉਸਾਰੂ ਮਾਹੌਲ ਮਿਲੇਗਾ, ਜਿਸ ਨਾਲ ਪੜ੍ਹਾਈ ਦੇ ਖੇਤਰ ਵਿਚ ਉਹ ਹੋਰ ਰੁਚੀ ਨਾਲ ਅੱਗੇ ਵੱਧ ਸਕਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰੀ ਸਕੂਲਾਂ ਨੂੰ ਸਮੇਂ ਦਾ ਹਾਣ ਦਾ ਬਣਾਉਣ ਦਾ ਇਹ ਯਤਨ ਸ਼ਲਾਘਾਯੋਗ ਹੈ ਅਤੇ ਸਿੱਖਿਆ ਦੇ ਖੇਤਰ ਵਿਚ ਇਹ ਉਪਰਾਲਾ ਇਕ ਨਵੀਂ ਮਿਸਾਲ ਕਾਇਮ ਕਰੇਗਾ।
No comments:
Post a Comment