- ਜੀ.ਐਸ.ਟੀ. ਦੇ ਲਾਗੂ ਹੋਣ ਨਾਲ ਪੰਜਾਬ ਦੀ ਅਰਥ ਵਿਵਸਥਾ ਨੂੰ ਮਿਲੇਗੀ ਮਜ਼ਬੂਤੀ : ਏ.ਡੀ.ਸੀ. ਹਰਬੀਰ ਸਿੰਘ
- -ਆਬਕਾਰੀ ਤੇ ਕਰ ਵਿਭਾਗ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਇਆ ਵਿਸ਼ੇਸ਼ ਸਮਾਗਮ
ਸਮਾਗਮ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ ਨੇ ਗੁਬਾਰੇ ਛੱਡ ਕੇ ਜੀ.ਐਸ.ਟੀ. ਦੇ ਲਾਗੂ ਹੋਣ ਦਾ ਰਸਮੀ ਤੌਰ 'ਤੇ ਆਗਾਜ਼ ਕੀਤਾ। ਇਸ ਤੋਂ ਬਾਅਦ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਵਿਸ਼ੇਸ਼ ਤੌਰ 'ਤੇ ਕੇਕ ਕੱਟ ਕੇ ਜੀ.ਐਸ.ਟੀ. ਦਾ ਸਵਾਗਤ ਵੀ ਕੀਤਾ ਅਤੇ ਇਹ ਵੀ ਪ੍ਰਣ ਲਿਆ ਗਿਆ ਕਿ ਜੀ.ਐਸ.ਟੀ ਦਾ ਵੱਧ ਤੋਂ ਵੱਧ ਪ੍ਰਚਾਰ ਕਰਕੇ ਵਪਾਰੀਆਂ ਨੂੰ ਇਸ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਇਆ ਜਾਵੇਗਾ।
ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ ਨੇ ਕਿਹਾ ਕਿ ਜੀ.ਐਸ.ਟੀ. ਦੇ ਲਾਗੂ ਹੋਣ ਨਾਲ ਪੰਜਾਬ ਦੀ ਆਰਥਿਕਤਾ ਹੋਰ ਵੀ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਵੈਟ, ਸਰਵਿਸ ਟੈਕਸ ਅਤੇ ਕੇਂਦਰੀ ਉਤਪਾਦਨ ਕਰ ਹੁਣ ਸਮਾਪਤ ਹੋ ਜਾਣਗੇ ਅਤੇ ਪੂਰੇ ਦੇਸ਼ ਵਿੱਚ ਇੱਕੋ ਜੀ.ਐਸ.ਟੀ. ਕਰ ਲਾਗੂ ਹੋਣ ਨਾਲ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰਣਾਲੀ ਦੇ ਲਾਗੂ ਹੋਣ ਨਾਲ ਸਰਕਾਰ ਤੇ ਵਿਭਾਗ ਦੀ ਅਰਥ ਵਿਵਸਥਾ ਨੂੰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਕਰ ਵਿਵਸਥਾ ਵਿੱਚ ਵੀ ਸੁਧਾਰ ਲਿਆਵੇਗੀ ਅਤੇ ਆਮ ਜਨਤਾ ਨੂੰ ਵੀ ਇਸ ਦਾ ਫਾਇਦਾ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਦੇ ਲਾਗੂ ਹੋਣ ਨਾਲ ਦੇਸ਼ ਵਿੱਚ ਕੋਈ ਸਮਾਨ ਖਰੀਦਣ 'ਤੇ ਕੇਵਲ ਇੱਕ ਹੀ ਕਰ ਜੀ.ਐਸ.ਟੀ. ਦੇਣਾ ਹੋਵੇਗਾ। ਉਨ੍ਹਾਂ ਨੇ ਜੀ.ਐਸ.ਟੀ. ਨੂੰ ਹੁਣ ਤੱਕ ਦਾ ਸਭ ਤੋਂ ਵੱਡਾ ਸੁਧਾਰ ਦੱਸਦੇ ਹੋਏ ਕਿਹਾ ਕਿ ਵਪਾਰੀਆਂ ਨੂੰ ਇਸ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ ਅਤੇ ਜਿਵੇਂ-ਜਿਵੇਂ ਵਪਾਰੀਆਂ ਨੂੰ ਜੀ.ਐਸ.ਟੀ. ਸਬੰਧੀ ਸਾਰੀ ਜਾਣਕਾਰੀ ਹੋ ਜਾਵੇਗੀ, ਤਾਂ ਸਭ ਕੁਝ ਆਸਾਨ ਲੱਗਣ ਲੱਗ ਜਾਵੇਗਾ। ਉਨ੍ਹਾਂ ਕਿਹਾ ਕਿ
ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਨਿਮਨ ਅਤੇ ਮੱਧ ਵਰਗ ਦੇ ਇਸਤੇਮਾਲ ਦੀਆਂ ਜ਼ਿਆਦਾਤਰ ਚੀਜਾਂ 'ਤੇ ਜੀ.ਐਸ.ਟੀ. ਦੀ ਦਰ ਬੇਹੱਦ ਘੱਟ ਰੱਖੀ ਗਈ ਹੈ।
ਇਸ ਦੌਰਾਨ ਸਹਾਇਕ ਕਮਿਸ਼ਨਰ ਆਬਕਾਰੀ ਤੇ ਕਰ ਵਿਭਾਗ ਮਿਸ ਹਰਦੀਪ ਭਾਂਵਰਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਅਤੇ ਪੰਜਾਬ ਸਰਕਾਰ ਵਲੋਂ ਸਵੀਕਾਰ ਕੀਤੇ ਗਏ ਜੀ.ਐਸ.ਟੀ. ਦਾ ਜ਼ਿਲ੍ਹੇ ਵਿੱਚ ਆਗਾਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਇੱਕ ਕੰਜਿਊਮਿੰਗ ਰਾਜ ਹੈ ਅਤੇ ਜੀ.ਐਸ.ਟੀ. ਦੇ ਲਾਗੂ ਹੋਣ ਨਾਲ ਨਿਸ਼ਚਿਤ ਤੌਰ 'ਤੇ ਰਾਜ ਦੀ ਅਰਥ ਵਿਵਸਥਾ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਸਮੇਂ-ਸਮੇਂ 'ਤੇ ਜੀ.ਐਸ.ਟੀ. ਸਬੰਧੀ ਸੈਮੀਨਾਰ ਕਰਵਾ ਕੇ ਵਪਾਰੀਆਂ ਨੂੰ ਜਾਗਰੂਕ ਕੀਤਾ ਗਿਆ ਹੈ ਅਤ ਹੁਣ ਜੀ.ਐਸ.ਟੀ. ਸਬੰਧੀ ਰਜਿਸਟਰ ਕਰਨ, ਬਿੱਲ ਕੱਟਣ ਅਤੇ ਪੁਰਾਣੇ ਆਈ.ਟੀ.ਸੀ. ਦਾ ਵਾਧਾ ਲੈਣ ਲਈ ਜ਼ਿਲ੍ਹੇ ਵਿੱਚ 12 ਘੰਟੇ ਸੇਵਾਵਾਂ ਦੇਣ ਲਈ ਵਿਸ਼ੇਸ਼ ਅਫ਼ਸਰ ਤਾਇਨਾਤ ਕੀਤੇ ਗਏ ਹਨ, ਤਾਂ ਕਿ ਨਵੇਂ ਐਕਟ ਦੀ ਪ੍ਰਣਾਲੀ ਨੂੰ ਸਮਝਣ ਅਤੇ ਲਾਗੂ ਕਰਨ ਵਿੱਚ ਕਿਸੇ ਦੀ ਕੋਈ ਸਮੱਸਿਆ ਨਾ ਆ ਸਕੇ। ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਸਬੰਧੀ ਪਹਿਲ ਦੇ ਆਧਾਰ 'ਤੇ ਸਾਰੀਆਂ ਸਮੱਸਿਆਵਾਂ ਦਾ ਹੱਲ ਕੱਢਿਆ ਜਾਵੇਗਾ।
ਇਸ ਮੌਕੇ ਆਬਕਾਰੀ ਤੇ ਕਰ ਅਫ਼ਸਰ ਅਮਿਤ ਸਰੀਨ, ਨਵਜੋਤ ਸ਼ਰਮਾ, ਪਰਮਜੀਤ ਸਿੰਘ, ਅਰਸ਼ਦੀਪ ਸਿੰਘ, ਹਨੂਮੰਤ ਸਿੰਘ, ਆਬ ਦਰੋਗਾ ਦੇ ਇੰਸਪੈਕਟਰ, ਰਾਈਸ ਸ਼ੈਲਰ ਸੁਭਾਸ਼ ਸੋਂਧੀ, ਵਪਾਰ ਮੰਡਲ ਗੁਰਸ਼ਰਨ ਸਿੰਘ ਧੀਰ, ਟਿੰਬਰ ਐਸੋਸੀਏਸ਼ਨ ਤੋਂ ਰਵਤਾਸ਼ ਜੈਨ, ਅਮਿਤ ਡੋਗਰਾ, ਸੋਨਾਲੀਕਾ ਇੰਟਰ ਨੈਸ਼ਨਲ ਟਰੈਕਟਰ ਤੋਂ ਵੀ.ਕੇ. ਬੇਦੀ, ਜੇ ਸੀ ਟੀ ਤੋਂ ਪਰਮਜੀਤ, ਰਿਲਾਇੰਸ ਤੋਂ ਭੁਪਿੰਦਰ ਕੁਕਰੇਜਾ, ਅਕਾਉਟੈਂਟ ਯੂਨੀਅਨ ਤੋਂ ਪ੍ਰੇਮ ਕੁਮਾਰ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੰਜੀਵ, ਸੁਪਰੀਆ ਐਰੀ ਤੇ ਸਚਿਨ ਮਲਹੋਤਰਾ ਤੋਂ ਇਲਾਵਾ ਭਾਰੀ ਸੰਖਿਆ ਵਿੱਚ ਵਪਾਰੀ ਵੀ ਮੌਜੂਦ ਸਨ।
No comments:
Post a Comment