ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਦੇ ਪੈਨਸ਼ਨ ਲਾਭਪਾਤਰੀਆਂ ਲਈ ਕਰੀਬ 16 ਕਰੋੜ ਰੁਪਏ ਜਾਰੀ

-ਪੈਨਸ਼ਨ ਸਬੰਧੀ ਲਾਭਪਾਤਰੀਆਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ: ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 27 ਜੁਲਾਈ: ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜ਼ਿਲ੍ਹੇ ਦੇ ਕਰੀਬ 1 ਲੱਖ 9 ਹਜ਼ਾਰ 541 ਲਾਭਪਾਤਰੀਆਂ ਨੂੰ 500 ਰੁਪਏ ਪ੍ਰਤੀ ਲਾਭਪਾਤਰੀ ਦੇ ਹਿਸਾਬ ਨਾਲ ਤਿੰਨ ਮਹੀਨਿਆਂ ਦੇ 15 ਕਰੋੜ 94 ਲੱਖ 83 ਹਜ਼ਾਰ 500 ਰੁਪਏ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਬੁਢਾਪਾ ਪੈਨਸ਼ਨ ਦੇ ਕਰੀਬ 60972 ਲਾਭਪਾਤਰੀਆਂ ਨੂੰ 9 ਕਰੋੜ 23 ਲੱਖ 76 ਹਜ਼ਾਰ ਰੁਪਏ, ਵਿਧਵਾ ਪੈਨਸ਼ਨ ਦੇ ਕਰੀਬ 24953 ਲਾਭਪਾਤਰੀਆਂ ਨੂੰ 3 ਕਰੋੜ 76 ਲੱਖ 65 ਹਜ਼ਾਰ 500 ਰੁਪਏ, ਬੇਸਹਾਰਾ ਕਰੀਬ 12177 ਬੱਚਿਆਂ ਨੂੰ 1 ਕਰੋੜ 21 ਲੱਖ 77 ਹਜ਼ਾਰ ਰੁਪਏ ਅਤੇ ਅੰਗਹੀਣ ਕਰੀਬ 11439 ਲਾਭਪਾਤਰੀਆਂ ਨੂੰ 1 ਕਰੋੜ 72 ਲੱਖ 65 ਹਜ਼ਾਰ ਰੁਪਏ ਦੀ ਰਾਸ਼ੀ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 98 ਫੀਸਦੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਉਨ੍ਹਾਂ ਦੀ ਪੈਨਸ਼ਨ ਰਾਸ਼ੀ ਜਮ੍ਹਾਂ ਹੋ ਚੁੱਕੀ ਹੈ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਜਾਰੀ ਕੀਤੀ ਜਾਂਦੀ ਰਾਸ਼ੀ ਸਮੇਂ ਸਿਰ ਲਾਭਪਾਤਰੀਆਂ ਤੱਕ ਪਹੁੰਚਾਈ ਜਾਵੇ, ਤਾਂ ਜੋ ਲਾਭਪਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਾ ਆਵੇ। ਉਨ੍ਹਾਂ ਕਿਹਾ ਕਿ ਬਾਕੀ ਬਚਦੀ ਪੈਨਸ਼ਨ ਰਾਸ਼ੀ ਵੀ ਜਲਦੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਈ ਜਾਵੇ। ਉਨ੍ਹਾਂ ਦੱਸਿਆ ਕਿ ਪੈਨਸ਼ਨ ਸਬੰਧੀ ਲਾਭਪਾਤਰੀਆਂ ਨੂੰ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਉਧਰ ਦੂਜੇ ਪਾਸੇ ਪੰਜਾਬ ਸਰਕਾਰ ਵਲੋਂ ਪੈਨਸ਼ਨ ਲਈ ਮਾਪਦੰਡਾਂ ਵਿੱਚ ਸੋਧ ਕੀਤੀ ਗਈ ਹੈ, ਜਿਸ ਦੇ ਆਧਾਰ 'ਤੇ ਪੈਨਸ਼ਨ ਲਈ ਉਹੀ ਬਿਨੈਕਾਰ ਬਿਨੈਪੱਤਰ ਦੇ ਸਕਦਾ ਹੈ, ਜਿਸ ਦੀ ਸਾਰੇ ਵਸੀਲਿਆਂ ਤੋਂ ਆਮਦਨ 60 ਹਜ਼ਾਰ ਰੁਪਏ ਸਲਾਨਾ ਤੋਂ ਵੱਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅਰਜ਼ੀ ਫਾਰਮ ਪ੍ਰਾਪਤ ਹੋਣ ਦੀ ਮਿਤੀ ਤੋਂ 1 ਮਹੀਨੇ ਦੇ ਅੰਦਰ-ਅੰਦਰ ਸੀ.ਡੀ.ਪੀ.ਓ. ਦੀ ਪੜਤਾਲ ਉਪਰੰਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਲੋਂ ਪੈਨਸ਼ਨ ਮਨਜ਼ੂਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਬੁਢਾਪਾ ਪੈਨਸ਼ਨ ਲਈ ਬਿਨੈਕਾਰ ਕੋਲ ਵੱਧ ਤੋਂ ਵੱਧ 2.5 ਏਕੜ ਨਹਿਰੀ/ਚਾਹੀ ਜਾਂ 5 ਏਕੜ ਬਰਾਨੀ ਜਮੀਨ ਜਾਂ ਸੇਮਗ੍ਰਸਤ ਇਲਾਕਿਆਂ ਵਿੱਚ 5 ਏਕੜ ਜਮੀਨ (ਪਤੀ/ਪਤਨੀ ਦੋਨਾਂ ਨੂੰ ਮਿਲਾ ਕੇ) ਦੀ ਮਾਲਕੀ ਹੋਵੇ। ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ਸਬੰਧੀ ਰਿਪੋਰਟ ਮਾਲ ਵਿਭਾਗ (ਪਟਵਾਰੀ) ਵਲੋਂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅਰਜ਼ੀ ਫਾਰਮ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ, ਸੇਵਾ ਕੇਂਦਰਾਂ, ਮਹਿਕਮੇ ਦੀ ਵੈਬਸਾਈਟ, ਐਸ.ਡੀ.ਐਮ. ਦਫ਼ਤਰ, ਆਂਗਣਵਾੜੀ ਕੇਂਦਰ, ਪੰਚਾਇਤ ਅਤੇ ਬੀ.ਡੀ.ਪੀ.ਓ. ਦਫ਼ਤਰਾਂ ਵਿੱਚ ਉਪਲਬੱਧ ਹੋਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਪੜਤਾਲ ਦੌਰਾਨ ਲਾਭਪਾਤਰੀ ਅਯੋਗ ਪਾਇਆ ਜਾਂਦਾ ਹੈ, ਤਾਂ ਭੌਂ ਮਾਲੀਆ ਐਕਟ ਅਧੀਨ ਤਸਦੀਕ ਕਰਤਾ/ਸਿਫਾਰਸ਼ ਕਰਤਾ ਪਾਸੋਂ ਲਾਭਪਾਤਰੀ ਨੂੰ ਅਦਾ ਕੀਤੀ ਰਕਮ ਤੋਂ ਦੁੱਗਣੀ ਰਾਸ਼ੀ ਦੀ ਵਸੂਲੀ ਕਰਨ ਦਾ ਉਪਬੰਧ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗਲਤ ਪਾਏ ਜਾਣ ਦੀ ਸੂਰਤ ਵਿੱਚ ਅਧਿਕਾਰੀ/ਕਰਮਚਾਰੀ (ਸਮੇਤ ਲਾਭਪਾਤਰੀ) ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਵੇਂ ਮਾਪਦੰਡਾਂ ਅਨੁਸਾਰ ਉਮਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਜਗਦੀਸ਼ ਮਿਤਰ ਨੇ ਦੱਸਿਆ ਕਿ ਲਾਭਪਾਤਰੀਆਂ ਨੂੰ ਤਿੰਨ ਮਹੀਨਿਆਂ ਦੀ ਰਾਸ਼ੀ ਸਬੰਧਤ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤੀ ਗਈ ਹੈ ਅਤੇ ਜਿਹੜੇ ਕੁਝ ਲਾਭਪਾਤਰੀਆਂ ਦੇ ਤਕਨੀਕੀ ਕਾਰਨਾਂ ਕਰਕੇ ਰਾਸ਼ੀ ਜਮ੍ਹਾਂ ਨਹੀਂ ਹੋ ਸਕੀ, ਉਸ ਰਾਸ਼ੀ ਨੂੰ ਜਲਦੀ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾ ਦਿੱਤਾ ਜਾਵੇਗਾ।

93 ਗਰਾਮ ਪੰਚਾਇਤਾਂ ਦੀਆਂ ਉਪ ਚੋਣਾਂ ਲਈ 24 ਤੋਂ ਲਏ ਜਾਣਗੇ ਨਾਮਜ਼ਦਗੀ ਪੱਤਰ : ਏ ਡੀ ਸੀ ਹਰਬੀਰ ਸਿੰਘ

ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਹਾਲ ਵਿਖੇ ਹੋਈ ਵਿਸ਼ੇਸ਼ ਬੈਠਕ
ਹੁਸ਼ਿਆਰਪੁਰ, 22 ਜੁਲਾਈ:
                  ਜ਼ਿਲ੍ਹੇ ਦੇ 93 ਪਿੰਡਾਂ ਲਈ ਗਰਾਮ ਪੰਚਾਇਤਾਂ ਦੀਆਂ 6 ਅਗਸਤ ਨੂੰ ਹੋ ਰਹੀਆਂ ਉਪ ਚੋਣਾਂ ਲਈ ਨਾਮਜ਼ਦਗੀ ਪੱਤਰ 24 ਜੁਲਾਈ ਤੋਂ ਲਏ ਜਾਣਗੇ। ਉਪ ਚੋਣਾਂ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਸਾਰੇ ਡਿਊਟੀ ਅਫ਼ਸਰ ਇਕ ਦੂਜੇ ਨਾਲ ਤਾਲਮੇਲ ਬਣਾ ਕੇ ਕੰਮ ਕਰਨ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਹਰਬੀਰ ਸਿੰਘ ਨੇ ਜ਼ਿਲ੍ਹਾ ਪ੍ਰੀਸ਼ਦ ਹਾਲ ਵਿਖੇ ਗਰਾਮ ਪੰਚਾਇਤ ਦੀਆਂ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦੇ ਹੋਏ ਇਹ ਨਿਰਦੇਸ਼ ਦਿੱਤੇ।
                  ਉਨ੍ਹਾਂ ਚੋਣਾਂ ਸਬੰਧੀ ਵੇਰਵਾ ਦਿੰਦੇ ਹੋਏ ਕਿਹਾ ਕਿ ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਗਰਾਮ ਪੰਚਾਇਤਾਂ ਦੀਆਂ  ਉਪ ਚੋਣਾਂ 6 ਅਗਸਤ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਉਪ ਚੋਣਾਂ ਸਬੰਧੀ ਨਾਮਜ਼ਦਗੀ ਪੱਤਰ 24 ਤੋਂ 27 ਜੁਲਾਈ ਤੱਕ ਦਾਖਲ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ 28 ਜੁਲਾਈ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ 29 ਜੁਲਾਈ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ ਆਖਰੀ ਤਾਰੀਖ ਹੋਵੇਗੀ। ਉਨ੍ਹਾਂ ਦੱਸਿਆ ਕਿ 24 ਜੁਲਾਈ ਤੋਂ ਉਪ ਚੋਣਾਂ ਵਾਲੇ ਪਿੰਡਾਂ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਜਾਵੇਗਾ, ਜੋ ਉਪ ਚੋਣਾਂ ਦੀ ਪ੍ਰਕ੍ਰਿਆ ਪੂਰੀ ਹੋਣ ਤੱਕ ਲਾਗੂ ਰਹੇਗਾ।         
                   ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਵਲੋਂ ਜ਼ਿਲ੍ਹੇ ਦੇ 93 ਪਿੰਡਾਂ ਵਿੱਚ ਉਪ ਚੋਣਾਂ ਕਰਵਾਉਣ ਲਈ ਸੂਚੀ ਅਨੁਸਾਰ ਹੁਸ਼ਿਆਰਪੁਰ ਬਲਾਕ-1 ਅਧੀਨ ਪੈਂਦੇ ਪਿੰਡਾਂ ਸੂਸ, ਸਿੰਗੜੀਵਾਲ, ਬਸੀ ਮੁੱਦਾ, ਬੁਲੇਵਾਲ, ਚੰਦੇਰ, ਹਰਦੋਖਾਨਪੁਰ, ਲੋਹਾਰ ਕੰਗਨਾ, ਪੰਡੋਰੀ ਬਾਵਾ, ਪੰਡੋਰੀ ਬਾਵਾ ਦਾਸ, ਪਥਰਾਲੀਆਂ ਵਾਰਡ ਨੰ: 3 ਅਤੇ 4, ਸਟਿਆਣਾ ਦੇ ਵਾਰਡ 1,4 ਤੇ 5, ਸਰਹਾਲਾ, ਰਾਮੂ ਥਿਆੜਾ, ਤਲਵੰਡੀ ਗੌਨੀ, ਤਾਰਾਗੜ੍ਹ, ਕਾਂਟੀਆਂ, ਡਾਡਾ ਫਤਹਿ ਸਿੰਘ, ਸਤਿਆਲ, ਬਡਾਲਾ ਪੁਖਤਾ ਦੇ ਪਿੰਡਾਂ ਵਿੱਚ ਉਪ ਚੋਣ ਕਰਵਾਈ ਜਾਵੇਗੀ।
                  ਵਧੀਕ ਡਿਪਟੀ ਕਮਿਸ਼ਨਰ ਦੱਸਿਆ ਕਿ ਇਸੇ ਤਰ੍ਹਾਂ ਬਲਾਕ ਹੁਸ਼ਿਆਰਪੁਰ-2 ਅਧੀਨ ਪੈਂਦੇ ਪਿੰਡਾਂ ਵਿੱਚ ਪਿੰਡ ਚਿੰਤੋਂ, ਹੰਦੋਵਾਲ ਕਲਾਂ, ਸ਼ੇਰਗੜ੍ਹ, ਨਾਰੀ, ਪਟਿਆੜੀ, ਬਲਾਕ ਭੂੰਗਾ ਦੇ ਪਿੰਡ ਰਘੂਵਾਲ, ਦਾਤਾ, ਦੇਹਰਾ, ਮੁਕੀਮਪੁਰ, ਮਲਟ, ਪਤਿਆਲ, ਡੱਲੇਵਾਲ, ਖਿਆਲਾ ਬੁਲੰਦਾ, ਕੇਸ਼ੋਪੁਰ, ਬਡਿਆਲ, ਰਾਮ ਟਟਵਾਲੀ, ਬਲਾਕ ਟਾਂਡਾ ਦੇ ਪਿੰਡ ਚੋਹਾਨ, ਗੁਰਾਲਾ, ਮੂਣਕ ਖੁਰਦ, ਪੰਡੋਰੀ, ਨੰਗਲ ਫਰੀਦ, ਖੋਖਰ, ਕਾਹਲਵਾਂ, ਘੋੜਾਵਾਹਾ, ਪੱਟੀ ਬੁਲੇਵਾਲ, ਕੰਡਿਆਲਾ ਸ਼ੇਖਾਂ, ਬਲਾਕ ਦਸੂਹਾ ਦੇ ਪਿੰਡ ਰੰਧਾਵਾ, ਚੱਕ ਬਾਮੂ, ਕਾਲਾ ਝਿੰਗੜ, ਰਤਾਰੇ, ਘੋਗਰਾ, ਬਸਤੀ ਵਧਾਇਆ, ਚੱਕ ਸੂਲੇਮਾਨ, ਜੱਕੋਵਾਲ, ਕਥਾਣਾ, ਬਡਲਾ, ਚੱਕ ਫਾਲਾ, ਬਲਾਕ ਮੁਕੇਰੀਆਂ ਦੇ ਪਿੰਡ ਲਤੀਫ਼ਪੁਰ, ਬੁਢੇਵਾਲ, ਛੰਟ, ਗੌਂਸਪੁਰ, ਚਨੌਰ, ਬਲਾਕ ਹਾਜੀਪੁਰ ਦੇ ਪਿੰਡ ਕੋਲਪੁਰ, ਬੰਬੋਵਾਲ, ਓਲਾਹਾ, ਜੈਮਲਪੁਰ ਕਲਾਂ, ਘਗਵਾਲ ਦੇ ਵਾਰਡ ਨੰ: 1 ਤੇ 4, ਬਲਾਕ ਤਲਵਾੜਾ ਦੇ ਪਿੰਡ ਭਟੌਲੀ, ਭੋਲ ਬਡਮਾਨੀਆਂ, ਬਲਾਕ ਮਾਹਿਲਪੁਰ ਦੇ ਪਿੰਡ ਮੂਗੋਵਾਲ ਦੇ ਵਾਰਡ ਨੰ: 6 ਤੇ 7, ਬਡੇਲ, ਢੱਕੋਂ, ਬੋਦਲਾਂ, ਦਿਹਾਣਾ ਦੇ ਵਾਰਡ ਨੰ: 2,4 ਤੇ 6, ਪੰਡੋਰੀ ਗੰਗਾ ਸਿੰਘ, ਲਕਸ਼ੀਆਂ, ਈਸਪੁਰ, ਬਹਿਬਲਪੁਰ, ਬਲਾਕ ਗੜ੍ਹਸ਼ੰਕਰ ਦੇ ਪਿੰਡ ਰਤਨਪੁਰ, ਬੱਕਾਪੁਰ ਗੁਰੂ, ਬਡਿਆਲ, ਮੰਡੋਵਾਲ, ਚੱਕਗੁਰੂ, ਚਾਹਲਪੁਰ ਪਿੰਡ ਵਿੱਚ ਗਰਾਮ ਪੰਚਾਇਤ ਦੀਆਂ ਉਪ ਚੋਣਾਂ ਕਰਵਾਈਆਂ ਜਾਣਗੀਆਂ।
                  ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਬਲਾਕ ਹੁਸ਼ਿਆਰਪੁਰ-1 ਦੇ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫ਼ਸਰ  ਤਹਿਸੀਲਦਾਰ ਹੁਸ਼ਿਆਰਪੁਰ ਨੂੰ ਬੀ.ਡੀ.ਪੀ.ਓ. ਦਫ਼ਤਰ ਹੁਸ਼ਿਆਰਪੁਰ-1 ਵਿਖੇ, ਹੁਸ਼ਿਆਰਪੁਰ-2 ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਨਾਇਬ ਤਹਿਸੀਲਦਾਰ ਹੁਸ਼ਿਆਰਪੁਰ ਨੂੰ ਬੀ.ਡੀ.ਪੀ.ਓ. ਦਫ਼ਤਰ ਹੁਸ਼ਿਆਰਪੁਰ-2, ਭੂੰਗਾ ਬਲਾਕ ਦੇ ਉਮੀਦਵਾਰ ਰਿਟਰਿਨੰਗ ਅਫ਼ਸਰ ਨਾਇਬ ਤਹਿਸੀਲਦਾਰ ਭੂੰਗਾ ਨੂੰ ਬੀ.ਡੀ.ਪੀ.ਓ. ਦਫ਼ਤਰ ਭੂੰਗਾ, ਟਾਂਡਾ ਬਲਾਕ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਨਾਇਬ ਤਹਿਸੀਲਦਾਰ ਨੂੰ ਬੀ.ਡੀ.ਪੀ.ਓ. ਦਫ਼ਤਰ ਟਾਂਡਾ, ਦਸੂਹਾ ਬਲਾਕ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਤਹਿਸੀਲਦਾਰ ਦਸੂਹਾ ਨੂੰ ਬੀ.ਡੀ.ਪੀ.ਓ ਦਫ਼ਤਰ ਦਸੂਹਾ, ਮੁਕੇਰੀਆਂ ਬਲਾਕ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਤਹਿਸੀਲਦਾਰ ਮੁਕੇਰੀਆਂ ਨੂੰ ਬੀ.ਡੀ.ਪੀ.ਓ ਦਫ਼ਤਰ ਮੁਕੇਰੀਆਂ, ਹਾਜੀਪੁਰ ਬਲਾਕ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਨਾਇਬ ਤਹਿਸੀਲਦਾਰ ਨੂੰ ਬੀ.ਡੀ.ਪੀ. ਓ. ਦਫ਼ਤਰ ਹਾਜੀਪੁਰ, ਤਲਵਾੜਾ ਬਲਾਕ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਤਹਿਸੀਲਦਾਰ ਤਲਵਾੜਾ ਨੂੰ ਬੀ.ਡੀ.ਪੀ.ਓ. ਦਫ਼ਤਰ ਤਲਵਾੜਾ, ਮਾਹਿਲਪੁਰ ਬਲਾਕ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਨਾਇਬ ਤਹਿਸੀਲਦਾਰ ਮਾਹਿਲਪੁਰ ਨੂੰ ਬੀ.ਡੀ.ਪੀ.ਓ ਦਫ਼ਤਰ ਮਾਹਿਲਪੁਰ ਜਦਕਿ ਗੜ੍ਹਸ਼ੰਕਰ ਬਲਾਕ ਦੇ ਉਮੀਦਵਾਰ ਰਿਟਰਨਿੰਗ ਅਫ਼ਸਰ ਨਾਇਬ ਤਹਿਸੀਲਦਾਰ ਗੜ੍ਹਸ਼ੰਕਰ ਨੂੰ ਬੀ.ਡੀ.ਪੀ.ਓ. ਦਫ਼ਤਰ ਗੜ੍ਹਸ਼ੰਕਰ ਵਿਖੇ ਨਾਮਜ਼ਦਗੀ ਪੱਤਰ ਦਾਖਲ ਕਰਵਾ ਸਕਦੇ ਹਨ।
                  ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸਰਬਜੀਤ ਸਿੰਘ ਬੈਂਸ, ਤਹਿਸੀਲਦਾਰ ਹੁਸ਼ਿਆਰਪੁਰ ਸ੍ਰੀ ਅਰਵਿੰਦ ਕੁਮਾਰ ਸਮੇਤ ਸਮੂਹ ਬੀ.ਡੀ.ਪੀ.ਓਜ਼, ਵੱਖ-ਵੱਖ ਬਲਾਕਾਂ ਦੇ ਰਿਟਰਨਿੰਗ ਅਫ਼ਸਰ, ਸਹਾਇਕ ਰਿਟਰਨਿੰਗ ਅਫ਼ਸਰ ਅਤੇ ਸਬੰਧਤ ਅਧਿਕਾਰੀ ਵੀ ਮੌਜੂਦ ਸਨ।

ਜ਼ਿਲ੍ਹੇ 'ਚ ਸਿੰਥੈਟਿਕ/ ਪਲਾਸਟਿਕ ਦੀ ਬਣੀ ਚਾਈਨਾ ਡੋਰ ਨੂੰ ਵੇਚਣ, ਸਟੋਰ ਅਤੇ ਖਰੀਦਣ 'ਤੇ ਪਾਬੰਦੀ

ਹੁਸ਼ਿਆਰਪੁਰ 26 ਜੁਲਾਈ: ਜਿਲਾ ਮੈਜਿਸਟਰੇਟ ਹੁਸ਼ਿਆਰਪੁਰ ਸ੍ਰੀ ਵਿਪੁਲ ਉਜਵਲ  ਨੇ ਫੌਜ਼ਦਾਰੀ ਜਾਬਤਾ ਸੰਘ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਜਿਲ੍ਹਾ ਹੁਸ਼ਿਆਰਪੁਰ ਦੇ ਪੇਂਡੂ ਅਤੇ ਸ਼ਹਿਰੀ ਖੇਤਰ ਵਿੱਚ ਪੈਂਦੇ ਥਾਣਿਆਂ ਦੇ ਅੰਦਰ ਪਤੰਗ/ਗੁੱਡੀਆਂ ਉਡਾਉਣ ਲਈ ਸਿੰਥੈਟਿਕ/ਪਲਾਸਟਿਕ ਦੀ ਬਣੀ ਚਾਈਨਾ ਡੋਰ  ਨੂੰ ਵੇਚਣ, ਸਟੋਰ ਕਰਨ ਅਤੇ ਖਰੀਦਣ 'ਤੇ ਪਾਬੰਦੀ ਲਗਾ ਦਿੱਤੀ ਹੈ ।  ਇਹ ਹੁਕਮ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਜਾਰੀ ਕੀਤੇ ਗਏ ਹਨ ਕਿ  ਪਤੰਗਾਂ ਉਡਾਉਣ ਸੰਥੈਟਿਕ / ਪਲਾਸਟਿਕ ਦੀ ਬਣੀ ਡੋਰ ਦੀ ਵਰਤੋਂ ਨਾਲ ਪਤੰਗ ਉਡਾਉਣ ਵਾਲਿਆਂ ਦੇ ਹੱਥ ਤੇ ਉਂਗਲਾਂ ਕੱਟਣ, ਸਾਈਕਲ ਅਤੇ ਸਕੂਟਰ / ਮੋਟਰ ਸਾਈਕਲ ਚਾਲਕਾਂ ਦੇ ਗੱਲ ਤੇ ਕੰਨ ਕੱਟਣ ਦੀਆਂ ਘਟਨਾਵਾਂ ਵਾਪਰਦੀਆਂ ਹਨ ਅਤੇ ਅਜਿਹੀ ਹਾਲਤ ਵਿੱਚ ਐਕਸੀਡੈਂਟ ਹੋਣ ਦਾ ਵੀ ਡਰ ਹੁੰਦਾ ਹੈ। ਇਸ ਡੋਰ ਨਾਲ ਪੰਛੀ ਵੀ ਫਸ ਜਾਂਦੇ ਹਨ ਜਿਸ ਨਾਲ  ਉਹ ਜਖਮੀ ਜਾਂ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਮਰੇ ਹੋਏ ਪੰਛੀਆਂ ਦੇ ਰੁੱਖਾਂ 'ਤੇ ਟੰਗੇ ਰਹਿਣ ਕਾਰਨ ਬਦਬੂ ਨਾਲ ਵਾਤਾਵਰਣ ਵੀ ਦੂਸ਼ਿਤ ਹੁੰਦਾ ਹੈ। ਇਹ ਪਾਬੰਦੀ ਧਾਗੇ ਵਾਲੀ ਡੋਰ ਤੇ ਲਾਗੂ ਨਹੀਂ ਹੋਵੇਗੀ।   ਇਹ ਹੁਕਮ 20 ਸਤੰਬਰ 2017 ਤੱਕ ਲਾਗੂ ਰਹੇਗਾ ।

ਪੋਕਾਬੋਇੰਗ ਬੀਮਾਰੀ ਦੀ ਰੋਕਥਾਮ ਲਈ ਖੇਤੀ ਮਾਹਿਰਾਂ ਨਾਲ ਸੰਪਰਕ ਕਰਨ ਕਿਸਾਨ : ਡੀ ਸੀ

-ਕਿਹਾ, ਜ਼ਿਲ੍ਹੇ ਵਿੱਚ 23 ਹਜ਼ਾਰ ਹੈਕਟੇਅਰ ਰਕਬੇ ਵਿੱਚ ਹੁੰਦੀ ਹੈ ਗੰਨੇ ਦੀ ਫ਼ਸਲ
ਹੁਸ਼ਿਆਰਪੁਰ, 26 ਜੁਲਾਈ: ਗੰਨੇ ਦੀ ਫ਼ਸਲ 'ਤੇ ਪੋਕਾਬੋਇੰਗ ਨਾਮਕ ਬੀਮਾਰੀ ਦੀ ਰੋਕਥਾਮ ਲਈ ਕਿਸਾਨਾਂ ਨੂੰ ਖੇਤੀ ਮਾਹਰਾਂ ਦੀ ਸਲਾਹ ਅਨੁਸਾਰ ਛਿੜਕਾਅ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਰਾਜ ਦੀ ਆਰਥਿਕ ਵਿਵਸਥਾ ਖੇਤੀ 'ਤੇ ਨਿਰਭਰ ਕਰਦੀ ਹੈ। ਬਦਲਦੇ ਮੌਸਮ ਅਨੁਸਾਰ ਫ਼ਸਲਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ। ਇਸ ਤੋਂ ਬਚਾਅ ਲਈ ਸਾਨੂੰ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਬਚਾਅ ਕਰਨਾ ਚਾਹੀਦਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 23 ਹਜ਼ਾਰ ਹੈਕਟੇਅਰ ਰਕਬੇ ਵਿੱਚ ਗੰਨੇ ਦੀ ਫਸਲ ਦੀ ਖੇਤੀ ਕੀਤੀ ਜਾਂਦੀ ਹੈ। ਨਮੀ ਦਾ ਮੌਸਮ ਹੋਣ ਕਰਕੇ ਅੱਜ ਕੱਲ੍ਹ ਪੋਕਾਬੋਇੰਗ ਨਾਮਕ ਬੀਮਾਰੀ ਨਾਲ ਗੰਨੇ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ।  ਉਨ੍ਹਾਂ ਦੱਸਿਆ ਕਿ ਗੰਨੇ ਦੀ ਫਸਲ ਜਦੋਂ 3 ਤੋਂ 7 ਮਹੀਨੇ ਦੀ ਹੁੰਦੀ ਹੈ, ਤਾਂ ਅਚਾਨਕ ਪੱਤਿਆਂ ਦਾ ਹਰਾਪਨ ਖਤਮ ਹੋ ਜਾਂਦਾ ਹੈ ਅਤੇ ਪੱਤੇ ਝੁਰੜ ਮੂਰੜ ਹੋ ਕੇ ਲਾਲ ਰੰਗ ਦੀਆਂ ਧਾਰੀਆਂ ਬਣ ਜਾਂਦੀਆਂ ਹਨ। ਗੰਨੇ ਦੇ ਤੱਣੇ 'ਤੇ ਇਕ ਜਾਂ ਦੋ ਜਗ੍ਹਾ 'ਤੇ ਚਾਕੂ ਕੱਟਣ ਵਰਗੇ ਲੰਬੇ ਨਿਸ਼ਾਨ ਬਣ ਜਾਂਦੇ ਹਨ, ਜਿਸ ਨਾਲ ਪੂਰੀ ਫ਼ਸਲ ਖਰਾਬ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਰੋਕਥਾਮ ਲਈ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ 0.1 ਪ੍ਰਤੀਸ਼ਤ ਬੈਵੋਸਟੀਨ, 0.2 ਪ੍ਰਤੀਸ਼ਤ ਬਲਾਈ ਟੋਕਸ, 0.3 ਪ੍ਰਤੀਸ਼ਤ ਕੋਪਰ ਆਕਸੀਕੁਲਰਾਈਡ, ਡਾਈਟਿਨ ਐਮ ਵਿੱਚੋਂ ਕਿਸੇ ਇਕ ਦਵਾਈ ਦਾ 15-15 ਦਿਨਾਂ ਬਾਅਦ ਸਪਰੇਅ ਕਰਕੇ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 10 ਦਿਨਾਂ ਪੁਰਾਣੀ ਖੱਟੀ ਲੱਸੀ ਦਾ ਸਪਰੇਅ ਵੀ ਗੰਨੇ ਦੀ ਫ਼ਸਲ 'ਤੇ ਕਰਕੇ ਬੀਮਾਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਗੰਨੇ ਦੀ ਖੇਤੀ ਕਰ ਰਹੇ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਉਹ ਖੇਤੀਬਾੜੀ ਦੇ ਮਾਹਿਰਾਂ ਨਾਲ ਵੀ ਸੰਪਰਕ ਕਰ ਸਕਦੇ ਹਨ।ਇਸ ਦੌਰਾਨ ਖੇਤੀਬਾੜੀ ਅਫ਼ਸਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਵੀ ਕਿਸਾਨਾਂ ਨੂੰ ਗੰਨੇ ਦੀ ਫ਼ਸਲ ਦੀ ਬੀਮਾਰੀ ਤੋਂ ਬਚਾਅ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਕੋਈ ਵੀ ਕਿਸਾਨ ਇਨ੍ਹਾਂ ਬੀਮਾਰੀਆਂ ਤੋਂ ਬਚਾਅ ਸਬੰਧੀ ਛੜਕਾਅ ਕਰਨ ਤੋਂ ਪਹਿਲਾਂ ਖੇਤੀ ਮਾਹਿਰਾਂ ਨਾਲ ਸੰਪਰਕ ਜ਼ਰੂਰ ਕਰਨ।

ਪੋਕਾਬੋਇੰਗ ਬੀਮਾਰੀ ਦੀ ਰੋਕਥਾਮ ਲਈ ਖੇਤੀ ਮਾਹਿਰਾਂ ਨਾਲ ਸੰਪਰਕ ਕਰਨ ਕਿਸਾਨ : ਡੀ ਸੀ

-ਕਿਹਾ, ਜ਼ਿਲ੍ਹੇ ਵਿੱਚ 23 ਹਜ਼ਾਰ ਹੈਕਟੇਅਰ ਰਕਬੇ ਵਿੱਚ ਹੁੰਦੀ ਹੈ ਗੰਨੇ ਦੀ ਫ਼ਸਲ
ਹੁਸ਼ਿਆਰਪੁਰ, 26 ਜੁਲਾਈ: ਗੰਨੇ ਦੀ ਫ਼ਸਲ 'ਤੇ ਪੋਕਾਬੋਇੰਗ ਨਾਮਕ ਬੀਮਾਰੀ ਦੀ ਰੋਕਥਾਮ ਲਈ ਕਿਸਾਨਾਂ ਨੂੰ ਖੇਤੀ ਮਾਹਰਾਂ ਦੀ ਸਲਾਹ ਅਨੁਸਾਰ ਛਿੜਕਾਅ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਰਾਜ ਦੀ ਆਰਥਿਕ ਵਿਵਸਥਾ ਖੇਤੀ 'ਤੇ ਨਿਰਭਰ ਕਰਦੀ ਹੈ। ਬਦਲਦੇ ਮੌਸਮ ਅਨੁਸਾਰ ਫ਼ਸਲਾਂ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ। ਇਸ ਤੋਂ ਬਚਾਅ ਲਈ ਸਾਨੂੰ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਬਚਾਅ ਕਰਨਾ ਚਾਹੀਦਾ ਹੈ।  ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ 23 ਹਜ਼ਾਰ ਹੈਕਟੇਅਰ ਰਕਬੇ ਵਿੱਚ ਗੰਨੇ ਦੀ ਫਸਲ ਦੀ ਖੇਤੀ ਕੀਤੀ ਜਾਂਦੀ ਹੈ। ਨਮੀ ਦਾ ਮੌਸਮ ਹੋਣ ਕਰਕੇ ਅੱਜ ਕੱਲ੍ਹ ਪੋਕਾਬੋਇੰਗ ਨਾਮਕ ਬੀਮਾਰੀ ਨਾਲ ਗੰਨੇ ਦੀ ਫ਼ਸਲ ਨੂੰ ਕਾਫ਼ੀ ਨੁਕਸਾਨ ਹੋ ਸਕਦਾ ਹੈ।  ਉਨ੍ਹਾਂ ਦੱਸਿਆ ਕਿ ਗੰਨੇ ਦੀ ਫਸਲ ਜਦੋਂ 3 ਤੋਂ 7 ਮਹੀਨੇ ਦੀ ਹੁੰਦੀ ਹੈ, ਤਾਂ ਅਚਾਨਕ ਪੱਤਿਆਂ ਦਾ ਹਰਾਪਨ ਖਤਮ ਹੋ ਜਾਂਦਾ ਹੈ ਅਤੇ ਪੱਤੇ ਝੁਰੜ ਮੂਰੜ ਹੋ ਕੇ ਲਾਲ ਰੰਗ ਦੀਆਂ ਧਾਰੀਆਂ ਬਣ ਜਾਂਦੀਆਂ ਹਨ। ਗੰਨੇ ਦੇ ਤੱਣੇ 'ਤੇ ਇਕ ਜਾਂ ਦੋ ਜਗ੍ਹਾ 'ਤੇ ਚਾਕੂ ਕੱਟਣ ਵਰਗੇ ਲੰਬੇ ਨਿਸ਼ਾਨ ਬਣ ਜਾਂਦੇ ਹਨ, ਜਿਸ ਨਾਲ ਪੂਰੀ ਫ਼ਸਲ ਖਰਾਬ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਰੋਕਥਾਮ ਲਈ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ 0.1 ਪ੍ਰਤੀਸ਼ਤ ਬੈਵੋਸਟੀਨ, 0.2 ਪ੍ਰਤੀਸ਼ਤ ਬਲਾਈ ਟੋਕਸ, 0.3 ਪ੍ਰਤੀਸ਼ਤ ਕੋਪਰ ਆਕਸੀਕੁਲਰਾਈਡ, ਡਾਈਟਿਨ ਐਮ ਵਿੱਚੋਂ ਕਿਸੇ ਇਕ ਦਵਾਈ ਦਾ 15-15 ਦਿਨਾਂ ਬਾਅਦ ਸਪਰੇਅ ਕਰਕੇ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ 10 ਦਿਨਾਂ ਪੁਰਾਣੀ ਖੱਟੀ ਲੱਸੀ ਦਾ ਸਪਰੇਅ ਵੀ ਗੰਨੇ ਦੀ ਫ਼ਸਲ 'ਤੇ ਕਰਕੇ ਬੀਮਾਰੀ ਤੋਂ ਬਚਾਅ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਗੰਨੇ ਦੀ ਖੇਤੀ ਕਰ ਰਹੇ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਉਹ ਖੇਤੀਬਾੜੀ ਦੇ ਮਾਹਿਰਾਂ ਨਾਲ ਵੀ ਸੰਪਰਕ ਕਰ ਸਕਦੇ ਹਨ। ਇਸ ਦੌਰਾਨ ਖੇਤੀਬਾੜੀ ਅਫ਼ਸਰ ਗੁਰਬਖਸ਼ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਵੀ ਕਿਸਾਨਾਂ ਨੂੰ ਗੰਨੇ ਦੀ ਫ਼ਸਲ ਦੀ ਬੀਮਾਰੀ ਤੋਂ ਬਚਾਅ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾ ਰਹੀ ਹੈ। ਕੋਈ ਵੀ ਕਿਸਾਨ ਇਨ੍ਹਾਂ ਬੀਮਾਰੀਆਂ ਤੋਂ ਬਚਾਅ ਸਬੰਧੀ ਛੜਕਾਅ ਕਰਨ ਤੋਂ ਪਹਿਲਾਂ ਖੇਤੀ ਮਾਹਿਰਾਂ ਨਾਲ ਸੰਪਰਕ ਜ਼ਰੂਰ ਕਰਨ।

ਅਨੁਸੂਚਿਤ ਜਾਤੀਆਂ ਦੀ ਭਲਾਈ ਸਬੰਧੀ ਸਕੀਮਾਂ ਨੂੰ ਲੋੜਵੰਦਾਂ ਤੱਕ ਪਹੁੰਚਾਉਣ 'ਤੇ ਦਿੱਤਾ ਜ਼ੋਰ

-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਜ਼ਿਲ੍ਹਾ ਪੱਧਰੀ ਵਿਜੀਲੈਂਸ ਅਤੇ ਮੋਨੀਟਰਿੰਗ ਕਮੇਟੀ ਦੀ ਬੈਠਕ
ਹੁਸ਼ਿਆਰਪੁਰ, 21 ਜੁਲਾਈ: ਅੱਜ ਹੋਈ ਜ਼ਿਲ੍ਹਾ ਪੱਧਰੀ ਵਿਜੀਲੈਂਸ ਮੋਨੀਟਰਿੰਗ ਕਮੇਟੀ ਵਿੱਚ ਅਨੁਸੂਚਿਤ ਜਾਤੀਆਂ ਸਬੰਧੀ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਨੂੰ ਲੋੜਵੰਦਾਂ ਤੱਕ ਪਹੁੰਚਾਉਣ 'ਤੇ ਜ਼ੋਰ ਦਿੱਤਾ ਗਿਆ। ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ੍ਰੀ ਜਵਾਹਰ ਲਾਲ ਖੁਰਾਨਾ ਦੀ ਪ੍ਰਧਾਨਗੀ ਵਿੱਚ ਹੋਈ ਇਸ ਮੀਟਿੰਗ ਦੌਰਾਨ ਹਲਕਾ ਵਿਧਾਇਕ ਸ਼ਾਮਚੁਰਾਸੀ ਸ੍ਰੀ ਪਵਨ ਕੁਮਾਰ ਆਦੀਆ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਸਬੰਧੀ ਵੱਖ-ਵੱਖ ਵਿਭਾਗਾਂ ਵਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਐਸ.ਸੀ. ਵਰਗ ਨੂੰ ਵੱਖ-ਵੱਖ ਸਕੀਮਾਂ ਤਹਿਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਤਾਂ ਜੋ ਉਨ੍ਹਾਂ ਦਾ ਜੀਵਨ ਪੱਧਰ ਉਚਾ ਚੁੱਕਿਆ ਜਾ ਸਕੇ।
 ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸ੍ਰੀ ਜਵਾਹਰ ਲਾਲ ਖੁਰਾਨਾ ਨੇ ਅਨੁਸੂਚਿਤ ਜਾਤੀਆਂ ਸਬ ਪਲਾਨ (ਐਸ.ਸੀ.ਐਸ.ਪੀ.) ਅਤੇ ਵਿਸ਼ੇਸ਼ ਕੇਂਦਰੀ ਸਹਾਇਤਾ ਪ੍ਰੋਗਰਾਮ ਅਧੀਨ ਚੱਲ ਰਹੀਆਂ ਸਕੀਮਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਅਨੁਸੂਚਿਤ ਜਾਤੀਆਂ ਦੀ ਭਲਾਈ ਸਬੰਧੀ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਸਮੇਂ ਸਿਰ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਾਰੇ ਅਧਿਕਾਰੀ ਇਕ ਯੋਜਨਾਬੱਧ ਤਰੀਕੇ ਨਾਲ ਇਨ੍ਹਾਂ ਸਕੀਮਾਂ ਨੂੰ ਅਨੁਸੂਚਿਤ ਜਾਤੀਆਂ ਦੇ ਲੋੜਵੰਦਾਂ ਨੂੰ ਪਹੁੰਚਾਉਣ ਲਈ ਗੰਭੀਰਤਾ ਨਾਲ ਕੰਮ ਕਰਨ। ਸ੍ਰੀ ਖੁਰਾਨਾ ਨੇ ਕਿਹਾ ਕਿ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਵੱਖ-ਵੱਖ ਵਿਭਾਗਾਂ ਵਲੋਂ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਲਾਭਪਾਤਰੀਆਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਤਾਂ ਹੀ ਮਿਲ ਸਕਦਾ ਹੈ, ਜੇਕਰ ਅਧਿਕਾਰੀ ਗੰਭੀਰਤਾ ਨਾਲ ਕੰਮ ਕਰਨ। ਇਸ ਦੌਰਾਨ ਉਨ੍ਹਾਂ ਨੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਜ਼ਿਲ੍ਹਾ ਸਿੱਖਿਆ ਅਫ਼ਸਰ, ਪਸ਼ੂ ਪਾਲਣ ਵਿਭਾਗ, ਮੁੱਖ ਖੇਤੀਬਾੜੀ ਅਫਸਰ, ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫ਼ਸਰ, ਸਿਵਲ ਸਰਜਨ, ਪੰਜਾਬ ਰਾਜ ਬਿਜਲੀ ਬੋਰਡ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਵਿਸਥਾਰ ਨਾਲ ਸਮੀਖਿਆ ਕੀਤੀ। ਇਸ ਮੌਕੇ 'ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ, ਜ਼ਿਲ੍ਹਾ ਭਲਾਈ ਅਫ਼ਸਰ ਸ੍ਰੀਮਤੀ ਕਮਲਜੀਤ ਰਾਜੂ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਜਗਦੀਸ਼ ਮਿਤਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ।

ਡੀ.ਟੀ.ਓ. ਨੇ ਦੋ ਸਕੂਲਾਂ ਦੀਆਂ ਚਾਰ ਬੱਸਾਂ ਨੂੰ ਕੀਤਾ ਬੌਂਡ

-ਸੇਫ ਸਕੂਲ ਵਾਹਨ ਸਕੀਮ ਨੂੰ ਸਖਤੀ ਨਾਲ ਲਾਗੂ ਕਰਨ ਸਬੰਧੀ ਦਿੱਤੇ ਨਿਰਦੇਸ਼
ਹੁਸ਼ਿਆਰਪੁਰ, 25 ਜੁਲਾਈ: ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀਮਤੀ ਜੀਵਨਜਗਜੋਤ ਕੌਰ ਨੇ ਸੇਫ ਸਕੂਲ ਵਾਹਨ ਸਕੀਮ ਤਹਿਤ ਵੱਖ-ਵੱਖ ਸਕੂਲਾਂ ਦੀ ਚੈਕਿੰਗ ਕਰਕੇ ਸੇਫ ਸਕੂਲ ਵਾਹਨ ਸਕੀਮ ਦੇ ਨਿਯਮਾਂ ਦੀਆਂ ਸ਼ਰਤਾਂ ਨਾ ਪੂਰੀਆਂ ਕਰਨ ਵਾਲੇ 2 ਸਕੂਲਾਂ ਦੀਆਂ 4 ਬੱਸਾਂ ਨੂੰ ਬੌਂਡ ਕੀਤਾ ਹੈ। ਉਨ੍ਹਾਂ ਦੱਸਿਆ ਕਿ ਟਾਂਡਾ ਦੇ ਮਾਤਾ ਸਾਹਿਬ ਕੌਰ ਸਕੂਲ ਦੀਆਂ 3 ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਸੀ। ਚੈਕਿੰਗ ਦੌਰਾਨ ਇਹ ਬੱਸਾਂ ਪਰਮਿਟ, ਟੈਂਪਰੇਰੀ ਨੰਬਰ ਅਤੇ ਰਜਿਸਟਰੇਸ਼ਨ ਸਬੰਧੀ ਨਿਯਮਾਂ ਅਤੇ ਸ਼ਰਮਾਂ ਨੂੰ ਪੂਰੀਆਂ ਨਹੀਂ ਕਰ ਰਹੀਆਂ ਸਨ। ਇਸ ਲਈ ਨਿਯਮਾਂ ਮੁਤਾਬਕ ਇਸ ਸਕੂਲ ਦੀਆਂ 3 ਬੱਸਾਂ ਨੂੰ ਬੌਂਡ ਕਰ ਦਿੱਤਾ ਗਿਆ ਹੈ। ਮਾਊਂਟ ਕਾਰਮਲ ਸਕੂਲ ਹੁਸ਼ਿਆਰਪੁਰ ਦੀ ਇਕ ਬੱਸ ਨੂੰ ਵੀ ਸੇਫ਼ ਸਕੂਲ ਵਾਹਨ ਸਕੀਮ ਦੀਆਂ ਸ਼ਰਤਾਂ ਪੂਰੀਆਂ ਨਾ ਕਰਨ ਕਰਕੇ ਬੌਂਡ ਕਰ ਦਿੱਤਾ ਗਿਆ ਹੈ।
                       ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਨੇ ਦੱਸਿਆ ਕਿ ਸਮੇਂ-ਸਮੇਂ ਸਿਰ ਵੱਖ-ਵੱਖ ਸਕੂਲਾਂ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਜਾਂਦੀ ਹੈ, ਤਾਂ ਜੋ ਸੇਫ਼ ਸਕੂਲ ਵਾਹਨ ਸਕੀਮ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਵੇਖਣ ਵਿੱਚ ਆਇਆ ਹੈ ਕਿ ਬਹੁਤੇ ਹਾਦਸੇ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਹੁੰਦੇ ਹਨ। ਇਸ ਲਈ ਸਾਰੇ ਸਕੂਲਾਂ ਅਤੇ ਕਾਲਜਾਂ ਦੇ ਪ੍ਰਬੰਧਕਾਂ ਦੀ ਇਹ ਨਿੱਜੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸੇਫ਼ ਸਕੂਲ ਵਾਹਨ ਸਕੀਮਾਂ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ। ਉਨ੍ਹਾਂ ਦੱਸਿਆ ਕਿ ਬਾਕੀ ਸਕੂਲਾਂ ਵਿੱਚ ਵੀ ਇਹ ਮੁਹਿੰਮ ਜਾਰੀ ਰਹੇਗੀ, ਜੇਕਰ ਕੋਈ ਵੀ ਸਕੂਲ ਪ੍ਰਬੰਧਕ ਸੇਫ਼ ਸਕੂਲ ਵਾਹਨ ਦੇ ਨਿਯਮਾਂ ਨੂੰ ਲਾਗੂ ਨਾ ਕਰਨ ਸਬੰਧੀ ਪਾਇਆ ਗਿਆ, ਤਾਂ ਉਸ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਰੁੱਖ ਤੋਂ ਬਿਨਾਂ ਮਨੁੱਖ ਦੀ ਹੋਂਦ ਅਸੰਭਵ

ਤਲਵਾੜਾ, 21 ਜੁਲਾਈ: ਕੁਦਰਤੀ ਵਸੀਲਿਆਂ ਨਾਲ ਲਗਾਤਾਰ ਛੇੜਖਾਨੀ ਨਾਲ ਵਾਤਾਵਰਨ ਦੇ ਸਮਤੋਲ ਵਿਚ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਰਿਹਾ ਹੈ ਜਿਸ ਨੂੰ ਵੱਧ ਤੋਂ ਵੱਧ ਰੁੱਖ ਲਗਾ ਕੇ ਪੂਰਨ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਇਹ ਪ੍ਰਗਟਾਵਾ ਅੱਜ ਇੱਥੇ ਪ੍ਰਿੰ. ਦੇਸ ਰਾਜ ਸ਼ਰਮਾ ਨੇ ਐੱਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਿਰ ਤਲਵਾੜਾ ਦੇ ਈਕੋ ਕਲੱਬ ਤੇ ਰੈੱਡ ਕਰਾਸ ਕਲੱਬ ਵੱਲੋਂ ਰੁੱਖ ਲਗਾਓ ਮੁਹਿੰਮ ਦੇ ਆਗਾਜ਼ ਮੌਕੇ ਪੌਦਾ ਲਗਾ ਕੇ ਕਰਦਿਆਂ ਕਿਹਾ ਕਿ ਸਾਵਣ ਦੇ ਮਹੀਨੇ ਵਿਚ ਹਰ ਨਾਗਰਿਕ ਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ।
ਉਨ੍ਹਾਂ ਦੱਸਿਆ ਕਿ ਸਕੂਲ ਵੱਲੋਂ ਲਗਾਤਾਰ ਪੰਦਰਾਂ ਦਿਨ ਵੱਡੇ ਪੱਧਰ ਤੇ ਰੁੱਖ ਲਗਾਏ ਜਾਣਗੇ। ਇਸ ਮੌਕੇ ਸੰਜੇ ਦਰੀਚ, ਡਾ. ਧਰੁਵ ਸਿੰਘ, ਪੰਕਜ, ਮਨਦੀਪ ਕੌਰ, ਅਦਿਤੀ, ਅੰਜੂ ਸ਼ਰਮਾ, ਚਰਨਜੀਤ ਕੌਰ, ਅਨੁਰਾਧਾ, ਦਲਜੀਤ ਸਿੰਘ, ਰਮਨ ਟੰਡਨ, ਇੰਦਰਜੀਤ, ਬ੍ਰਿਜਮੋਹਨ ਤ੍ਰਿਪਾਠੀ, ਨਰਿੰਦਰ ਕੌਰ, ਸ਼ਾਰਦਾ ਵਾਲੀਆ, ਬਲਵਿੰਦਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤਿਆਂ ਵੱਲੋਂ ਰੁੱਖ ਲਗਾ ਕੇ ਮੁਹਿੰਮ ਵਿਚ ਯੋਗਦਾਨ ਪਾਇਆ। 

ਪੌੱਗ ਡੈਮ ਤੇ ਲਗਾਏ ਜਾਣਗੇ 3500 ਪੌਦੇ:

ਤਲਵਾੜਾ, 21 ਜੁਲਾਈ: ਭਾਖੜਾ ਬਿਆਸ ਪ੍ਰਬੰਧਕ ਬੋਰਡ (ਬੀ. ਬੀ. ਐਮ. ਬੀ.) ਵੱਲੋਂ ਚੇਅਰਮੈਨ ਇੰਜੀ. ਜੀ. ਕੇ. ਸ਼ਰਮਾ ਦੀ ਅਗਵਾਈ ਹੇਠ ਪ੍ਰਾਜੈਕਟ ਹਰੀ ਕ੍ਰਾਂਤੀ ਤਹਿਤ ਇਸ ਵਾਰ ਪੌਂਗ ਡੈਮ ਤੇ 3500 ਪੌਦੇ ਲਗਾਏ ਜਾਣਗੇ। ਇਹ ਪ੍ਰਗਟਾਵਾ ਅੱਜ ਇੱਥੇ ਬਿਆਸ ਡੈਮ ਤਲਵਾੜਾ ਦੇ ਚੀਫ਼ ਇੰਜੀਨੀਅਰ ਆਰ. ਸੀ. ਸ਼ਰਮਾ ਵੱਲੋਂ ਪੌਦਾ ਲਗਾਉਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕੀਤਾ।
ਇੰਜੀ. ਆਰ. ਸੀ. ਸ਼ਰਮਾ ਚੀਫ਼ ਇੰਜੀਨੀਅਰ ਬਿਆਸ ਡੈਮ ਪੌਦਾ ਲਗਾ ਕੇ ਪ੍ਰਾਜੈਕਟ ਹਰੀ ਕ੍ਰਾਂਤੀ ਸ਼ੁਰੂ ਕਰਦੇ ਹੋਏ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਫ਼ਲਦਾਰ ਤੇ ਸਜਾਵਟੀ ਬੂਟਿਆਂ ਦੇ ਨਾਲ ਨਾਲ ਔਸ਼ਧੀ ਗੁਣਾਂ ਨਾਲ ਭਰਪੂਰ ਪੌਦੇ ਲਗਾਏ ਜਾਣਗੇ। ਇੰਜ. ਰਿਚੀ ਮਹਿਤਾ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਇਸ ਮੁਹਿੰਮ ਨੂੰ ਜੰਗੀ ਪੱਧਰ ਤੇ ਮਿੱਥੇ ਸਮੇਂ ਅੰਦਰ ਪੂਰਾ ਕੀਤਾ ਜਾਵੇਗਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਇੰਜੀ. ਐੱਸ. ਕੇ. ਬੇਦੀ, ਸਤਨਾਮ ਸਿੰਘ, ਟੀ.ਪੀ. ਐੱਸ. ਫੁੱਲ, ਮਨਦੀਪ ਸੋਖੀ ਆਦਿ ਸਮੇਤ ਵੱਡੀ ਗਿਣਤੀ ਵਿਚ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।

ਗ੍ਰਾਮੀਣ ਡਾਕ ਸੇਵਕਾਂ ਦੀ ਭਰਤੀ ਨਾਲ ਸਬੰਧਤ ਆਨਲਾਈਨ ਪੋਰਟਲ ਵਿੰਡੋ 5 ਅਗਸਤ ਤੱਕ ਖੁੱਲੀ ਰਹੇਗੀ

ਹੁਸ਼ਿਆਰਪੁਰ, 18 ਜੁਲਾਈ: ਸੀਨੀਅਰ ਸੁਪਰਡੰਟ ਪੋਸਟ ਆਫਿਸ ਹੁਸ਼ਿਆਰਪੁਰ ਨੇ ਦੱਸਿਆ ਕਿ ਪੰਜਾਬ ਸਰਕਲ ਵਿੱਚ ਗ੍ਰਾਮੀਣ ਡਾਕ ਸੇਵਕਾਂ ਦੀ ਭਰਤੀ ਨਾਲ ਸਬੰਧਤ ਆਨਲਾਈਨ ਪੋਰਟਲ ਵਿੰਡੋ https://indiapost.gov.in or https://appost.in/gdsonline  ਮਿਤੀ 31 ਜੁਲਾਈ ਤੋਂ  5 ਅਗਸਤ, 2017 ਤੱਕ ਖੁੱਲ ਰਹੀ ਹੈ। ਉਨਾ ਦੱਸਿਆ ਕਿ ਉਹ ਉਮੀਦਵਾਰ ਜੋ ਕੁਝ ਕਾਰਨਾਂ ਕਰਕੇ ਆਨਲਾਈਨ ਰਜਿਸਟਰੇਸ਼ਨ ਤੋਂ ਬਾਅਦ ਆਨਲਾਈਨ ਅਰਜ਼ੀਆਂ ਜਮਾਂ ਨਹੀਂ ਕਰਵਾ ਪਾਏ, ਉਨਾਂ ਨੂੰ ਆਨਲਾਈਨ ਅਰਜ਼ੀ ਜਮਾਂ ਕਰਵਾਉਣ ਲਈ ਇਹ ਇਕ ਵਾਧੂ ਮੌਕਾ ਦਿੱਤਾ ਜਾ ਰਿਹਾ ਹੈ। 

ਜ਼ਿਲ੍ਹੇ ਨਾਲ ਸਬੰਧਤ ਰਜਿਸਟਰਡ ਟਰੈਵਲ ਏਜੰਟਾਂ ਦੀ ਲਿਸਟ ਵੈਬਸਾਈਟ 'ਤੇ

-ਜ਼ਿਲ੍ਹਾ ਵਾਸੀ ਫਰਜ਼ੀ ਏਜੰਟਾਂ ਦੇ ਝਾਂਸੇ ਵਿੱਚ ਨਾ ਆਉਣ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 18 ਜੁਲਾਈ: ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਰਜਿਸਟਰਡ ਟਰੈਵਲ ਏਜੰਟਾਂ ਦੀ ਲਿਸਟ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵੈਬਸਾਈਟ ਡਬਲਯੂ ਡਬਲਯੂ ਡਬਲਯੂ ਡਾਟ ਹੁਸ਼ਿਆਰਪੁਰ ਡਾਟ ਐਨਆਈਸੀ ਡਾਟ ਇਨ (www.hoshiarpur.nic.in) 'ਤੇ ਪਾ ਦਿੱਤੀ ਗਈ ਹੈ ਅਤੇ ਵਿਦੇਸ਼ ਜਾਣ ਦੇ ਚਾਹਵਾਨ ਵਿਅਕਤੀ ਵਲੋਂ ਇਹ ਲਿਸਟ ਦੇਖੀ ਜਾ ਸਕਦੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਸਰਕਾਰੀ ਨਿਯਮਾਂ ਮੁਤਾਬਕ 30 ਟਰੈਵਲ ਏਜੰਟ ਰਜਿਸਟਰਡ ਹਨ ਅਤੇ ਇਨ੍ਹਾਂ ਤੋਂ ਇਲਾਵਾ ਹੋਰ ਕੋਈ ਵੀ ਏਜੰਟ ਕਾਨੂੰਨੀ ਤੌਰ 'ਤੇ ਕਿਸੇ ਵੀ ਵਿਅਕਤੀ ਨੂੰ ਵਿਦੇਸ਼ ਨਹੀਂ ਭੇਜ ਸਕਦਾ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਫਰਜ਼ੀ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਆਪਣੇ ਪੈਸੇ ਨਾ ਖਰਾਬ ਕਰਨ, ਬਲਕਿ ਵਿਦੇਸ਼ ਜਾਣ ਦੇ ਚਾਹਵਾਨ ਵਿਅਕਤੀ ਕੇਵਲ ਰਜਿਸਟਰਡ ਟਰੈਵਲ ਏਜੰਟਾਂ ਨਾਲ ਹੀ ਸੰਪਰਕ ਕਰਨ। ਉਨ੍ਹਾਂ ਕਿਹਾ ਕਿ ਇਨ੍ਹਾਂ ਰਜਿਸਟਰਡ ਟਰੈਵਲ ਏਜੰਟਾਂ ਦੀ ਲਿਸਟ ਉਕਤ ਵੈਬਸਾਈਟ ਤੋਂ ਦੇਖੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਆਮ ਹੀ ਦੇਖਣ ਵਿੱਚ ਆ ਰਿਹਾ ਹੈ ਕਿ ਵਿਦੇਸ਼ ਭੇਜਣ ਦੇ ਨਾਂ 'ਤੇ ਬਹੁਤ ਸਾਰੇ ਅਣ-ਰਜਿਸਟਰਡ ਅਤੇ ਗੈਰ ਲਾਇਸੰਸੀ ਏਜੰਟ ਲੋਕਾਂ ਨਾਲ ਧੋਖਾਧੜੀ ਕਰਦੇ ਹਨ। ਉਨ੍ਹਾਂ ਕਿਹਾ ਕਿ ਲੋਕ ਪੈਸਿਆਂ ਦੇ ਨਾਲ-ਨਾਲ ਪਾਸਪੋਰਟ ਸਮੇਤ ਅਹਿਮ ਦਸਤਾਵੇਜ਼ ਅਣ-ਰਜਿਸਟਰਡ ਟਰੈਵਲ ਏਜੰਟਾਂ ਦੇ ਹਵਾਲੇ ਕਰਕੇ ਆਪਣਾ ਜੀਵਨ ਵੀ ਖਰਾਬ ਕਰ ਲੈਂਦੇ ਹਨ। ਉਨ੍ਹਾਂ ਅਜਿਹੇ ਅਣ-ਰਜਿਸਟਰਡ ਅਤੇ ਗੈਰ ਲਾਇਸੰਸੀ ਏਜੰਟਾਂ ਤੋਂ ਬਚਣ ਦੀ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ 30 ਟਰੈਵਲ ਏਜੰਟ ਹੀ ਸਰਕਾਰੀ ਨਿਯਮਾਂ ਮੁਤਾਬਕ ਰਜਿਸਟਰਡ ਹਨ। ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਵਿਦੇਸ਼ ਜਾਣ ਦੇ ਚਾਹਵਾਨ ਵਿਅਕਤੀਆਂ ਨੂੰ ਆਪਣੀ ਆਰਥਿਕ ਅਤੇ ਮਾਨਸਿਕ ਪ੍ਰੇਸ਼ਾਨੀ ਤੋਂ ਬਚਣ ਲਈ ਨਿਯਮਾਂ ਅਨੁਸਾਰ ਹੀ ਵਿਦੇਸ਼ ਜਾਣ ਲਈ ਅਪਲਾਈ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਫਰਜ਼ੀ ਏਜੰਟ ਗੈਰ ਕਾਨੂੰਨੀ ਢੰਗ ਨਾਲ ਲੋਕਾਂ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦਿੰਦੇ ਹਨ, ਜਿਸ ਤੋਂ ਸੁਚੇਤ ਰਹਿਣ ਦੀ ਬਹੁਤ ਜ਼ਰੂਰਤ ਹੈ।

ਜ਼ਿਲ੍ਹੇ 'ਚ ਸੁਚਾਰੂ ਢੰਗ ਨਾਲ ਲਾਗੂ ਕੀਤੇ ਜਾਣਗੇ ਟਰੈਫਿਕ ਨਿਯਮ : ਡਿਪਟੀ ਕਮਿਸ਼ਨਰ

-ਕਿਹਾ, ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ
-ਪਿਛਲੇ ਇਕ ਮਹੀਨੇ ਦੌਰਾਨ ਟਰੈਫਿਕ ਨਿਯਮਾਂ ਦੀ ਉਲੰਘਣਾ 'ਤੇ ਕੱਟੇ 6001 ਚਲਾਨ
-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ

ਹੁਸ਼ਿਆਰਪੁਰ, 18 ਜੁਲਾਈ:ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਟਰੈਫਿਕ ਨਿਯਮਾਂ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ, ਕਿਉਂਕਿ ਸੜਕ ਹਾਦਸਿਆਂ ਦਾ ਮੁੱਖ ਕਾਰਨ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨਾ ਹੈ। ਉਹ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਤਹਿਤ ਪਿਛਲੇ ਇਕ ਮਹੀਨੇ ਦੌਰਾਨ 6001 ਚਲਾਨ ਕੱਟੇ ਗਏ ਹਨ ਅਤੇ ਵਿੱਢੀ ਗਈ ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ। 
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਾਹਨ ਚਲਾਉਂਦੇ ਸਮੇਂ ਟਰੈਫਿਕ ਨਿਯਮਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰਨ ਨਾਲ ਦੁਰਘਟਨਾਵਾਂ ਤੋਂ ਬਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਸੜਕ ਦੁਰਘਟਨਾਵਾਂ ਨੂੰ ਰੋਕਣ ਲਈ 11 ਸੰਭਾਵਿਤ ਦੁਰਘਟਨਾ ਖੇਤਰਾਂ ਦੀ ਪਹਿਚਾਣ ਕੀਤੀ ਗਈ ਹੈ। ਇਨ੍ਹਾਂ ਸੰਭਾਵਿਤ ਦੁਰਘਟਨਾ ਖੇਤਰਾਂ 'ਤੇ ਵਾਹਨ ਚਾਲਕਾਂ ਨੂੰ ਸੁਚੇਤ ਕਰਨ ਲਈ ਜਾਗਰੂਕਤਾ ਫਲੈਕਸ ਬੋਰਡ ਵੀ ਲਗਾਏ ਜਾਣਗੇ। ਉਨ੍ਹਾਂ ਸਬੰਧਤ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਓਵਰਲੋਡ ਅਤੇ ਹਾਈ ਸਪੀਡ ਵਾਹਨਾਂ ਦੇ ਚਲਾਨ ਕੱਟੇ ਜਾਣ। ਉਨ੍ਹਾਂ ਕਿਹਾ ਕਿ ਓਵਰਲੋਡ ਅਤੇ ਹਾਈ ਸਪੀਡ ਵਾਹਨ ਜਿਥੇ ਦੁਰਘਟਨਾਵਾਂ ਦਾ ਕਾਰਨ ਬਣਦੇ ਹਨ, ਉਥੇ ਓਵਰਲੋਡ ਵਾਹਨਾਂ ਦੁਆਰਾ ਸੜਕਾਂ ਜਲਦ ਖਰਾਬ ਹੋ ਜਾਂਦੀਆਂ ਹਨ। ਉਨ੍ਹਾਂ ਮੁਕੇਰੀਆਂ ਅਤੇ ਤਲਵਾੜਾ ਖੇਤਰਾਂ ਸਮੇਤ ਜ਼ਿਲ੍ਹੇ ਵਿੱਚ ਕਰੈਸ਼ਰ ਨੂੰ ਢੋਹਣ ਵਾਲੇ ਓਵਰਲੋਡ ਵਾਹਨਾਂ 'ਤੇ ਵੀ ਨਾਕੇ ਲਗਾ ਕੇ ਕਾਰਵਾਈ ਕਰਨ ਦੀ ਹਦਾਇਤ ਕੀਤੀ।ਸ੍ਰੀ ਵਿਪੁਲ ਉਜਵਲ ਨੇ ਹਿਮਾਚਲ ਪ੍ਰਦੇਸ਼ ਸਥਿਤ ਮਾਤਾ ਚਿੰਤਪੁਰਨੀ ਦੇ ਮੇਲੇ ਦੌਰਾਨ ਟਰੈਫਿਕ ਸਮੱਸਿਆ ਲਈ ਪੁਖਤਾ ਪ੍ਰਬੰਧ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ। ਉਨ੍ਹਾਂ ਕਿਹਾ ਕਿ 24 ਅਗਸਤ ਤੋਂ ਸ਼ੁਰੂ ਹੋਣ ਵਾਲੇ ਇਸ ਮੇਲੇ ਦੌਰਾਨ ਸੜਕ ਦੇ ਆਲੇ-ਦੁਆਲੇ ਕਿਸੇ ਨੂੰ ਵੀ ਬਿਨ੍ਹਾਂ ਪ੍ਰਵਾਨਗੀ ਡੀ.ਜੇ. ਸਿਸਟਮ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ, ਕਿਉਂਕਿ ਕਈ ਵਾਰ ਡੀ.ਜੇ. 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਗੀਤ ਚਲਾ ਦਿੱਤੇ ਜਾਂਦੇ ਹਨ। ਉਨ੍ਹਾਂ ਨੇ ਸਬ ਡਵੀਜ਼ਨ ਪੱਧਰ 'ਤੇ ਬਿਨ੍ਹਾਂ ਬੱਸ ਅੱਡੇ ਤੋਂ ਰੋਡ ਉਪਰ ਹੀ ਸਵਾਰੀਆਂ ਚੁੱਕਣ ਵਾਲੀਆਂ ਬੱਸਾਂ ਦੇ ਚਲਾਨ ਕੱਟਣ ਦੀ ਹਦਾਇਤ ਵੀ ਕੀਤੀ। ਇਸ ਮੌਕੇ 'ਤੇ ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ, ਐਸ.ਡੀ.ਐਮ. ਦਸੂਹਾ ਸ੍ਰੀ ਹਿਮਾਂਸ਼ੂ ਅਗਰਵਾਲ, ਐਸ.ਡੀ.ਐਮ. ਮੁਕੇਰੀਆਂ ਸ੍ਰੀਮਤੀ ਕੋਮਲ ਮਿੱਤਲ, ਐਸ.ਡੀ.ਐਮ. ਗੜ੍ਹਸ਼ੰਕਰ ਸ੍ਰੀ ਹਰਦੀਪ ਸਿੰਘ ਧਾਲੀਵਾਲ, ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀਮਤੀ ਜੀਵਨਜਗਜੋਤ ਕੌਰ, ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਮਨਪਾਲ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਸਰਬਜੀਤ ਸਿੰਘ ਬੈਂਸ, ਸ੍ਰੀ ਅਸ਼ਵਨੀ ਕਪੂਰ ਤੋਂ ਇਲਾਵਾ ਹੋਰ ਵੀ ਸੜਕ ਸੁਰੱਖਿਆ ਕਮੇਟੀ ਦੇ ਮੈਂਬਰ ਹਾਜ਼ਰ ਸਨ।

ਸੁਪਰ ਐਸ.ਐਮ.ਐਸ. ਤੋਂ ਬਿਨ੍ਹਾਂ ਝੋਨੇ ਦੀ ਕਟਾਈ 'ਤੇ ਪਾਬੰਦੀ

-ਕੰਬਾਇਨਾਂ 'ਤੇ ਸੁਪਰ ਐਸ.ਐਮ.ਐਸ. ਲਾਉਣ ਨਾਲ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਖੇਤਾਂ 'ਚ ਹੀ ਦਬਾਇਆ ਜਾ ਸਕੇਗਾ
ਹੁਸ਼ਿਆਰਪੁਰ, 19 ਜੁਲਾਈ:ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਹੁਕਮ ਜਾਰੀ ਕਰਦੇ ਹੋਏ ਜ਼ਿਲ੍ਹੇ ਵਿੱਚ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਸੁਪਰ ਐਸ.ਐਮ.ਐਸ.) ਦੇ ਪ੍ਰਯੋਗ ਤੋਂ ਬਿਨ੍ਹਾਂ ਕੰਬਾਇਨਾਂ ਰਾਹੀਂ ਫ਼ਸਲ ਦੀ ਕਟਾਈ ਕਰਨ 'ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਮਾਨਯੋਗ ਸੁਪਰੀਮ ਕੋਰਟ, ਮਾਨਯੋਗ ਹਾਈ ਕੋਰਟ ਆਫ਼ ਦਿੱਲੀ ਅਤੇ ਮਾਨਯੋਗ ਨੈਸ਼ਨਲ ਗਰੀਨ ਟ੍ਰਿਬਿਊਨਲ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਜਾਰੀ ਕੀਤੇ ਗਏ ਹਨ।
ਜਾਰੀ ਕੀਤੇ ਗਏ ਹੁਕਮ ਵਿੱਚ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਝੋਨੇ ਅਤੇ ਕਣਕ ਦੀ ਫ਼ਸਲ ਦੀ ਕਟਾਈ ਹਾਰਵੈਸਟਰ ਕੰਬਾਇਨਾਂ ਰਾਹੀਂ ਕਰਨ ਨਾਲ ਫ਼ਸਲ ਦੇ ਮੁੱਢ ਕਰੀਬ 12 ਤੋਂ 18 ਇੰਚ ਤੱਕ ਬਾਕੀ ਰਹਿ ਜਾਂਦੇ ਹਨ। ਇਸ ਕਾਰਨ ਅਗਲੀ ਫ਼ਸਲ ਦੀ ਬਿਜਾਈ ਲਈ ਸਮਾਂ ਘੱਟ ਹੋਣ ਕਾਰਨ ਕਿਸਾਨਾਂ ਵਲੋਂ ਅੱਗ ਲਗਾ ਕੇ ਬਚੇ ਮੁੱਢਾਂ ਨੂੰ ਸਾੜ ਦਿੱਤਾ ਜਾਂਦਾ ਹੈ, ਜਿਸ ਕਾਰਨ ਰਾਜ ਵਿੱਚ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਪ੍ਰਦੂਸ਼ਣ ਵਿੱਚ ਵਾਧਾ ਹੋ ਰਿਹਾ ਹੈ। ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਹਾਰਵੈਸਟਰ ਕੰਬਾਇਨਾਂ ਦੇ ਪਿਛੇ ਲਗਾਉਣ ਲਈ ਨਵਾਂ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ (ਸੁਪਰ ਐਸ.ਐਮ.ਐਸ.) ਇਜ਼ਾਦ ਕੀਤਾ ਗਿਆ ਹੈ। ਇਸ ਨੂੰ ਕੰਬਾਇਨ ਪਿੱਛੇ ਲਗਾ ਕੇ ਪ੍ਰਯੋਗ ਕਰਨ ਨਾਲ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਬਾਰੀਕ ਕਰਕੇ ਖੇਤ ਵਿੱਚ ਹੀ ਆਸਾਨੀ ਨਾਲ ਇਕਸਾਰ ਖਿਲਾਰਨ ਉਪਰੰਤ ਰੋਟਾਵੇਟਰ ਦੀ ਵਰਤੋਂ ਕਰਕੇ ਮਿੱਟੀ ਵਿੱਚ ਮਿਲਾਇਆ ਜਾ ਸਕਦਾ ਹੈ। ਇਸ ਲਈ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਨੂੰ ਹਰ ਇਕ ਹਾਰਵੈਸਟਰ ਕੰਬਾਇਨ ਦੇ ਮਗਰ ਲਾਜ਼ਮੀ ਤੌਰ 'ਤੇ ਲਗਾਉਣ ਉਪਰੰਤ ਹੀ ਝੋਨੇ ਦੀ ਫਸਲ ਦੀ ਕਟਾਈ ਕਰਨ ਦੀ ਇਜ਼ਾਜ਼ਤ ਹੋਵੇਗੀ। ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਸੁਪਰ ਐਸ.ਐਮ.ਐਸ. ਨਾਲ ਝੋਨੇ ਦੀ ਪਰਾਲੀ ਦੀ ਸਮੱਸਿਆ ਦਾ ਮੁਕੰਮਲ ਤੌਰ 'ਤੇ ਹੱਲ ਹੋਵੇਗਾ ਅਤੇ ਕਿਸਾਨਾਂ ਵਲੋਂ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਜ਼ਰੂਰਤ ਵੀ ਨਹੀਂ ਹੋਵੇਗੀ। ਉਨ੍ਹਾਂ ਨੇ ਇਸ ਸਬੰਧੀ ਸਖਤ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਜ਼ਿਲ੍ਹੇ ਵਿੱਚ ਬਾਹਰੋਂ ਫ਼ਸਲ ਦੀ ਕਟਾਈ ਕਰਨ ਆਉਣ ਵਾਲੀਆਂ ਸਾਰੀਆਂ ਕੰਬਾਇਨਾਂ ਲਈ ਵੀ ਲਾਜ਼ਮੀ ਹੋਵੇਗਾ। ਉਨ੍ਹਾਂ ਕਿਹਾ ਕਿ ਝੋਨੇ/ਕਣਕ ਅਤੇ ਹੋਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਤਾਂ ਦੂਸ਼ਿਤ ਹੁੰਦਾ ਹੀ ਹੈ, ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ

20 ਅਗਸਤ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਹਨ ਪੰਜਾਬੀ ਅਤੇ ਤੇਜ਼ਗਤੀ ਸਟੈਨੋਗ੍ਰਾਫ਼ੀ ਸਿੱਖਣ ਲਈ ਫਾਰਮ

ਹੁਸ਼ਿਆਰਪੁਰ, 19 ਜੁਲਾਈ: ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀ ਰਮਨ ਕੁਮਾਰ ਸਹੋਤਾ ਨੇ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਵਿਖੇ ਪੰਜਾਬੀ ਸਟੈਨੋਗ੍ਰਾਫ਼ੀ ਅਤੇ ਤੇਜਗਤੀ ਸ਼੍ਰੇਣੀ ਦੇ ਨਵੇਂ ਸੈਸ਼ਨ 2017-18 ਵਿੱਚ ਦਾਖਲੇ ਲਈ ਚਾਹਵਾਨ ਉਮੀਦਵਾਰ ਆਪਣੇ ਫਾਰਮ 20 ਅਗਸਤ ਤੱਕ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਨਾਂ ਸ਼੍ਰੇਣੀਆਂ ਵਿੱਚ ਦਾਖਲੇ ਲਈ ਜਨਰਲ ਕੈਟਾਗਰੀ ਵਾਸਤੇ ਵਿਦਿਅਕ ਯੋਗਤਾ ਪਲਸ ਟੂ ਪਾਸ ਰੱਖੀ ਗਈ ਹੈ ਅਤੇ ਉਚੇਰੀ ਸਿੱਖਿਆ ਵਾਲੇ ਨੂੰ ਤਰਜ਼ੀਹ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਆਪਣੇ ਫਾਰਮ ਜ਼ਿਲ੍ਹਾ ਭਾਸ਼ਾ ਦਫ਼ਤਰ ਕਮਰਾ ਨੰ: 309, ਤੀਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਪੰਜਾਬੀ ਸਟੈਨੋਗ੍ਰਾਫ਼ੀ ਲਈ ਤੇਜ਼ਗਤੀ ਲਈ ਟੈਸਟ 21 ਅਗਸਤ ਨੂੰ ਲਿਆ ਜਾਵੇਗਾ। ਉਕਤ ਦੋਵੇਂ ਸ਼੍ਰੇਣੀਆਂ ਲਈ ਇੰਟਰਵਿਊ ਦੀ ਮਿਤੀ 25 ਅਗਸਤ ਨੂੰ ਸਵੇਰੇ 10 ਵਜੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਵਿਖੇ ਹੀ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਇੰਟਰਵਿਊ ਵਾਲੇ ਦਿਨ ਉਮੀਦਵਾਰ ਆਪਣੇ ਅਸਲ ਸਰਟੀਫਿਕੇਟ ਨਾਲ ਲੈ ਕੇ ਆਉਣ।

ਸਰਕਾਰੀ ਮਾਡਲ ਹਾਈ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ

ਮੈਰੀਟੋਰੀਅਸ ਦਾਖਲਾ ਪ੍ਰੀਖਿਆ ਵਿਚ 20 ਵਿਦਿਆਰਥੀ ਹੋਏ ਪਾਸ
ਤਲਵਾਡ਼ਾ, 13 ਜੁਲਾਈ: ਸਰਕਾਰੀ ਮਾਡਲ ਹਾਈ ਸਕੂਲ ਤਲਵਾਡ਼ਾ ਦੇ ਹੋਣਹਾਰ ਵਿਦਿਆਰਥੀਆਂ ਨੇ ਪੰਜਾਬ ਸਰਕਾਰ ਵੱਲੋਂ ਲਈ ਗਈ ਮੈਰੀਟੋਰੀਅਸ ਸਕੂਲ ਦਾਖਲਾ ਪ੍ਰੀਖਿਆ ਵਿੱਚ ਸ਼ਾਨਦਾਰ ਪ੍ਰਦਰਸ਼ਂਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ।
ਇਹ ਜਾਣਕਾਰੀ ਦਿੰਦੇ ਹੋਏ ਸਕੂਲ ਮੁਖੀ ਰਾਜ ਕੁਮਾਰ ਨੇ ਦੱਸਿਆ ਕਿ ਇਸ ਮਹੱਤਵਪੂਰਨ ਦਾਖਲਾ ਪ੍ਰੀਖਿਆ ਵਿਚ ਸਕੂਲ ਦੇ 20 ਹੋਣਹਾਰ ਵਿਦਿਆਰਥੀਆਂ ਨੇ ਸ਼ਾਨਦਾਰ ਅੰਕਾਂ ਨਾਲ ਪਾਸ ਕੀਤੀ। ਉਨ੍ਹਾਂ ਕਿਹਾ ਕਿ ਇਸ ਸ਼ਾਨਦਾਰ ਸਫ਼ਲਤਾ ਦਾ ਸਿਹਰਾ ਵਿਦਿਆਰਥੀਆਂ ਦੀ ਮਿਹਨਤ ਅਤੇ ਅਧਿਆਪਕਾਂ ਦੀ ਯੋਗ ਅਗਵਾਈ ਨੂੰ ਜਾਂਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਵੀ ਸ਼ਾਰਦਾ, ਰਘਵੀਰ ਸਿੰਘ, ਸਮਰਜੀਤ ਸਿੰਘ ਸ਼ਮੀ, ਯੋਗੇਸ਼ਵਰ ਸਲਾਰੀਆ, ਸੰਦੀਪ ਕਪਿਲ, ਭੁਪਿੰਦਰ ਸਿੰਘ, ਹਰਕਮਲ ਸਿੰਘ, ਬਲਵਿੰਦਰ ਸਿੰਘ ਜਰਿਆਲ, ਰਾਕੇਸ਼  ਕੁਮਾਰ ਮਹਿਤਾ, ਵਰਿੰਦਰ ਸਿੰਘ ਗੁਸਾਈਂ ਆਦਿ ਸਮੇਤ ਸਕੂਲ ਦੇ ਅਧਿਆਪਕ ਅਤੇ ਹੋਰ ਪਤਵੰਤੇ ਹਾਜਰ ਸਨ।

3603 ਨੌਜਵਾਨਾਂ ਨੇ ਵੋਟਰ ਬਣਨ ਲਈ ਕਰਵਾਈ ਰਜਿਸਟਰੇਸ਼ਨ

-31 ਤੱਕ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦਾ ਲਾਹਾ ਲਿਆ ਜਾਵੇ : ਡਿਪਟੀ ਕਮਿਸ਼ਨਰ
- ਕਿਹਾ, 23 ਨੂੰ ਬੂਥ ਲੈਵਲ ਅਫ਼ਸਰ ਫਾਰਮ ਪ੍ਰਾਪਤ ਕਰਨ ਲਈ ਪੋਲਿੰਗ ਸਟੇਸ਼ਨਾਂ 'ਤੇ ਰਹਿਣਗੇ ਤਾਇਨਾਤ
ਹੁਸ਼ਿਆਰਪੁਰ, 17 ਜੁਲਾਈ:ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣਕਾਰ ਅਫ਼ਸਰ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਨਵੀਂ ਵੋਟ ਬਣਾਉਣ, ਵੋਟ ਕੱਟਣ ਅਤੇ ਵੋਟ ਦੀ ਦਰੁੱਸਤੀ ਲਈ 31 ਜੁਲਾਈ ਤੱਕ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਹੁਣ ਤੱਕ ਕਰੀਬ 3603 ਨੌਜਵਾਨਾਂ ਵਲੋਂ ਵੋਟਰ ਬਣਨ ਲਈ ਰਜਿਸਟਰੇਸ਼ਨ ਕਰਵਾ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚ 18 ਤੋਂ 19 ਸਾਲ ਦੇ 1110 ਨੌਜਵਾਨਾਂ ਜਦਕਿ 19 ਸਾਲ ਤੋਂ ਵੱਧ ਦੇ 2493 ਸਮੇਤ 3603 ਨੌਜਵਾਨਾਂ ਨੇ ਸਬੰਧਤ ਬੀ.ਐਲ.ਓਜ਼ ਪਾਸ ਆਪਣੇ ਫਾਰਮ ਨੰਬਰ 6 ਭਰ ਕੇ ਜਮ੍ਹਾਂ ਕਰਵਾ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤੋਂ ਇਲਾਵਾ ਵੋਟ ਕੱਟਣ ਨਾਲ ਸਬੰਧਤ ਫਾਰਮ ਨੰਬਰ 7 ਵੀ 1545 ਵੋਟਰਾਂ ਵਲੋਂ ਜਮ੍ਹਾਂ ਕਰਵਾਇਆ ਗਿਆ ਹੈ, ਜਦਕਿ ਵੋਟ ਦਰੁੱਸਤੀ ਲਈ ਫਾਰਮ ਨੰਬਰ 8 ਭਰਨ ਵਾਲਿਆਂ ਦੀ ਸੰਖਿਆ 1151 ਰਹੀੈ। ਜ਼ਿਲ੍ਹਾ ਚੋਣ ਅਫ਼ਸਰ ਨੇ ਅਪੀਲ ਕਰਦਿਆਂ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਵਲੋਂ 31 ਜੁਲਾਈ ਤੱਕ ਨਵੀਆਂ ਵੋਟਾਂ ਬਣਾਉਣ, ਕੱਟਣ ਅਤੇ ਕਿਸੇ ਵੀ ਪ੍ਰਕਾਰ ਦੀ ਦਰੁੱਸਤੀ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦਾ ਹਰੇਕ ਵਿਅਕਤੀ ਨੂੰ ਲਾਹਾ ਲੈਣਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਇਕ ਜਿੰਮੇਵਾਰ ਨਾਗਰਿਕ ਦੀ ਤਰ੍ਹਾਂ ਉਹ ਪਹਿਲ ਦੇ ਆਧਾਰ 'ਤੇ ਆਪਣੀ ਵੋਟ ਬਣਾਉਣ ਨੂੰ ਤਰਜ਼ੀਹ ਦੇਣ। ਉਨ੍ਹਾਂ ਦੱਸਿਆ ਕਿ ਉਕਤ ਸਮੇਂ ਦੌਰਾਨ ਵੋਟਰ ਸੂਚੀ ਵਿੱਚ ਸ਼ਾਮਲ ਹੋਣ ਤੋਂ ਰਹਿ ਗਏ ਕਿਸੇ ਵੀ ਉਮਰ ਦੇ ਯੋਗ ਵਿਅਕਤੀਆਂ ਪਾਸੋਂ ਫਾਰਮ ਪ੍ਰਾਪਤ ਕੀਤੇ ਜਾਣਗੇ, ਇਸ ਲਈ ਯੋਗ ਵਿਅਕਤੀ ਫਾਰਮ ਨੰਬਰ 6 ਭਰ ਕੇ ਸਬੰਧਤ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਨੂੰ ਜਾਂ ਸਬੰਧਤ ਬੂਥ ਲੈਵਲ ਅਫ਼ਸਰ ਕੋਲ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ 23 ਜੁਲਾਈ ਐਤਵਾਰ ਨੂੰ ਬੂਥ ਲੈਵਲ ਅਫ਼ਸਰ ਸਬੰਧਤ ਪੋਲਿੰਗ ਸਟੇਸ਼ਨਾਂ 'ਤੇ ਤਾਇਨਾਤ ਰਹਿ ਕੇ ਵੋਟਰਾਂ ਪਾਸੋਂ ਫਾਰਮ ਪ੍ਰਾਪਤ ਕਰਨਗੇ।  ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਇਹ ਫਾਰਮ ਡਾਕ ਦੁਆਰਾ ਜਾਂ ਐਨ.ਵੀ.ਐਸ.ਪੀ. ਪੋਰਟਲ (http://nvsp.in) 'ਤੇ ਜਾਂ ਸੀ.ਐਸ.ਸੀ. ਸੈਂਟਰ (ਕਾਮਨ ਸਰਵਿਸ ਸੈਂਟਰ) 'ਤੇ ਜਾ ਕੇ ਆਨ ਲਾਈਨ ਭਰਿਆ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਮੁਹਿੰਮ ਦੌਰਾਨ ਪ੍ਰਾਪਤ ਹੋਣ ਵਾਲੇ ਸਾਰੇ ਫਾਰਮਾਂ ਦਾ ਨਿਪਟਾਰਾ ਭਾਰਤ ਚੋਣ ਕਮਿਸ਼ਨ ਵਲੋਂ ਤਿਆਰ ਕੀਤੇ ਵੈਬ ਪੋਰਟਲ ਈ.ਆਰ.ਓ. ਨੈਟ ਰਾਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਪੋਰਟਲ ਰਾਹੀਂ ਵੋਟਰ ਸੂਚੀਆਂ ਨੂੰ ਤਰੁੱਟੀ ਰਹਿਤ ਕਰਨ ਅਤੇ ਵੋਟਰਾਂ ਦੀ ਸੁਵਿਧਾ ਲਈ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬਿਨੈਕਾਰਾਂ ਨੂੰ ਉਨ੍ਹਾਂ ਵਲੋਂ ਭਰੇ ਗਏ ਫਾਰਮਾਂ ਦੀ ਸਥਿਤੀ ਸਬੰਧੀ ਜਾਣਕਾਰੀ ਮੋਬਾਇਲ 'ਤੇ ਐਸ.ਐਮ.ਐਸ. ਰਾਹੀਂ ਨਾਲ ਦੀ ਨਾਲ ਮਿਲਦੀ ਰਹੇਗੀ।

ਪ੍ਰਦੂਸ਼ਨ ਕੰਟਰੋਲ ਅਧਿਕਾਰੀ ਵੱਲੋਂ ਦੁਕਾਨਾਂ ਦੀ ਚੈਕਿੰਗ, ਚਲਾਨ ਕੱਟੇ

ਤਲਵਾੜਾ ਦੇ ਬਾਜਾਰ ਵਿਚ ਪਲਾਸਟਿਕ ਲਿਫਾਫੇ ਜਬਤ ਕਰਦੇ ਹੋਏ ਪੂਜਾ ਸ਼ਰਮਾ ਤੇ ਹੋਰ ਅਧਿਕਾਰੀ,।
ਤਲਵਾੜਾ, 12 ਜੁਲਾਈ: ਨਗਰ ਪੰਚਾਇਤ ਤਲਵਾੜਾ ਅਧੀਨ ਆਉਂਦੇ ਖੇਤਰ ਵਿਚ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਸਹਾਇਕ ਵਾਤਾਵਰਨ ਇੰਜੀਨੀਅਰ ਪੂਜਾ ਸ਼ਰਮਾ ਅਤੇ ਨਗਰ ਪੰਚਾਇਤ ਅਧਿਕਾਰੀਆਂ ਦੀ ਸਾਂਝੀ ਟੀਮ ਵੱਲੋਂ ਸਬਜੀ ਮੰਡੀ, ਮੇਨ ਬਜਾਰ,ਪੁਰਾਣਾ ਤਲਵਾੜਾ ਬੱਸ ਅੱਡਾ ਆਦਿ ਥਾਵਾਂ ਤੇ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਵੱਡੀ ਮਾਤਰਾ ਵਿਚ ਪਲਾਸਟਿਕ ਦੇ ਲਿਫਾਫੇ ਆਦਿ ਜਬਤ ਕੀਤੇ ਕਰਕੇ ਸਬੰਧਤ ਦੁਕਾਨਦਾਰਾਂ ਦੇ ਚਲਾਨ ਕੱਟੇ ਗਏ।

ਪੂਜਾ ਸ਼ਰਮਾ ਨੇ ਇਸ ਮੌਕੇ ਗੱਲਬਾਤ ਦੌਰਾਨ ਕਿਹਾ ਕਿ ਪਾਬੰਦੀਸ਼ੁਦਾ ਪਲਾਸਟਿਕ ਲਿਫਾਫਿਆਂ ਦੀ ਵਰਤੋਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਹੋਰਨਾ ਤੋਂ ਇਲਾਵਾ ਇੰਸਪੈਕਟਰ ਹਰਭਜਨ ਸਿੰਘ, ਨਵਿਤਾ ਸ਼ਰਮਾ, ਕਿਰਨ, ਵਰੁਣ ਕੁਮਾਰ, ਮਨਜੀਤ ਰਿੰਟਾ ਆਦਿ ਹਾਜਰ ਸਨ।


ਕਰਮਚਾਰੀਆਂ ਨੂੰ ਪੱਤਰ ਵਿਹਾਰ 'ਚ ਹਾਸਲ ਹੋਣੀ ਚਾਹੀਦੀ ਹੈ ਪੂਰੀ ਮੁਹਾਰਤ : ਡਿਪਟੀ ਕਮਿਸ਼ਨਰ

-ਮੈਗਸੀਪਾ ਵਲੋਂ ਕਰਮਚਾਰੀਆਂ ਨੂੰ ਕਰਵਾਈ ਗਈ 12 ਰੋਜ਼ਾ ਟਰੇਨਿੰਗ
ਹੁਸ਼ਿਆਰਪੁਰ, 13 ਜੁਲਾਈ:ਸਰਕਾਰੀ ਦਫ਼ਤਰਾਂ ਵਿੱਚ ਤਿਆਰ ਕੀਤੇ ਜਾਂਦੇ ਪੱਤਰ ਵਿਹਾਰ ਪੂਰੀ ਗੰਭੀਰਤਾ ਨਾਲ ਸਪੱਸ਼ਟ ਸ਼ਬਦਾਂ ਵਿੱਚ ਲਿਖੇ ਜਾਣੇ ਚਾਹੀਦੇ ਹਨ, ਤਾਂ ਜੋ ਬਿਨ੍ਹਾਂ ਸਮਾਂ ਗਵਾਏ ਸਬੰਧਤ ਕੇਸ ਦੀ ਫਾਇਲ 'ਤੇ ਕਾਰਵਾਈ ਕੀਤੀ ਜਾ ਸਕੇ। ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟਰੇਸ਼ਨ (ਮੈਗਸੀਪਾ) ਪੰਜਾਬ ਦੇ ਰਿਜੀਨਲ ਰਿਸਰਚ ਤੇ ਟਰੇਨਿੰਗ ਸੈਂਟਰ ਜਲੰਧਰ ਵਲੋਂ 12 ਦਿਨਾਂ ਲਈ ਲਗਾਈ ਗਈ ਟਰੇਨਿੰਗ ਕੈਂਪ ਵਿੱਚ ਕਰਮਚਾਰੀਆਂ ਨੂੰ ਦਿਸ਼ਾ-ਨਿਰਦੇਸ਼ ਦਿੰਦੇ ਹੋਏ ਇਹ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਦੱਸਿਆ ਕਿ ਸਰਕਾਰੀ ਕਰਮਚਾਰੀਆਂ ਨੂੰ ਪੱਤਰ ਲਿਖਣ ਦੇ ਨਾਲ-ਨਾਲ ਨੋਟਿੰਗ ਅਤੇ ਡਰਾਫਟਿੰਗ ਵਿੱਚ ਮੁਹਾਰਤ ਹਾਸਲ ਹੋਣੀ ਚਾਹੀਦੀ ਹੈ।
ਜੇਕਰ ਕਰਮਚਾਰੀ ਵਲੋਂ ਫਾਇਲ ਦੇ ਪਹਿਲੇ ਪੰਨੇ 'ਤੇ ਹੀ ਸਹੀ ਢੰਗ ਨਾਲ ਨੋਟੀਫਾਈ ਕਰਕੇ ਪੂਰੀ ਜਾਣਕਾਰੀ ਉਲੀਕੀ ਗਈ ਹੋਵੇ, ਤਾਂ ਬਿਨ੍ਹਾਂ ਸਮਾਂ ਗਵਾਏ ਫਾਇਲ 'ਤੇ ਜਲਦ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕਦੀ ਹੈ, ਜਿਸ ਨਾਲ ਸਮੇਂ ਦੀ ਵੀ ਬੱਚਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੂੰ ਇਸ ਤਰ੍ਹਾਂ ਦੀਆਂ ਟਰੇਨਿੰਗਾਂ ਵਿੱਚ ਮੁਹਾਰਤ ਹਾਸਲ ਕਰਕੇ ਆਪਣੇ ਦਫ਼ਤਰੀ ਕੰਮ ਵਿੱਚ ਸੁਧਾਰ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਦੀਆਂ ਟਰੇਨਿੰਗਾਂ ਵਿੱਚ ਅਸੀਂ ਆਪਣੇ ਕੰਮ ਵਿੱਚ ਸੁਧਾਰ ਨਹੀਂ ਲਿਆਉਂਦੇ, ਤਾਂ ਇਸ ਦਾ ਅਸਰ ਸਾਡੇ ਕੰਮ 'ਤੇ ਪੈਂਦਾ ਹੈ।  ਉਨ੍ਹਾਂ ਨੇ ਕਰਮਚਾਰੀਆਂ ਨੂੰ ਆਪਣਾ ਰਿਕਾਰਡ ਸਹੀ ਢੰਗ ਨਾਲ ਰੱਖਣ ਲਈ ਦਿਸ਼ਾ-ਨਿਰਦੇਸ਼ ਵੀ ਦਿੱਤੇ। ਉਨ੍ਹਾਂ ਕਿਹਾ ਕਿ ਮੈਗਸੀਪਾ ਵਲੋਂ ਲਗਾਈ ਗਈ ਟਰੇਨਿੰਗ ਦਾ ਅਸਲ ਮਕਸਦ ਸਮੇਂ-ਸਿਰ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਜੇਕਰ ਕਰਮਚਾਰੀ ਆਪਣੇ ਕੰਮ ਵਿੱਚ ਸੁਧਾਰ ਲਿਆਉਣਗੇ, ਤਾਂ ਆਪਣੇ ਆਪ ਲੋਕਾਂ ਨੂੰ ਸਮੇਂ-ਸਿਰ ਸੇਵਾਵਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ।ਇਸ ਦੌਰਾਨ ਡਿਪਟੀ ਕਮਿਸ਼ਨਰ ਪੁਲਿਸ (ਰਿਟਾ:) ਅਤੇ ਮੈਗਸੀਪਾ ਦੇ ਜਨਰਲ ਮੈਨੇਜਰ/ਐਡਮਿਨਸਟਰੇਸ਼ਨ ਸ੍ਰੀ ਐਸ.ਪੀ. ਜੋਸ਼ੀ ਨੇ ਦੱਸਿਆ ਕਿ ਟਰੇਨਿੰਗ ਦੌਰਾਨ ਪੁਲਿਸ, ਸਿੱਖਿਆ, ਰੈਵੀਨਿਊ, ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਵਿਸ਼ਾ ਮਾਹਿਰਾਂ ਵਲੋਂ ਕੇਂਦਰ ਅਤੇ ਰਾਜ ਸਰਕਾਰ ਦੁਆਰਾ ਕਮਜ਼ੋਰ ਵਰਗਾਂ ਲਈ ਚਲਾਈਆਂ ਗਈਆਂ ਸਕੀਮਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ, ਤਾਂ ਜੋ ਇਨ੍ਹਾਂ ਸਕੀਮਾਂ ਸਬੰਧੀ ਜਾਣਕਾਰੀ ਹਾਸਲ ਕਰਕੇ ਕਰਮਚਾਰੀ ਵੱਧ ਤੋਂ ਵੱਧ ਜ਼ਰੂਰਤਮੰਦ ਲੋਕਾਂ ਨੂੰ ਇਨ੍ਹਾਂ ਸਕੀਮਾਂ ਨਾਲ ਜੋੜ ਸਕਣ। ਇਸ ਤੋਂ ਇਲਾਵਾ ਟਰੇਨਿੰਗ ਵਿੱਚ ਭ੍ਰਿਸ਼ਟਾਚਾਰ ਰੋਕਥਾਮ ਐਕਟ, ਇੰਡੀਅਨ ਪੈਨਲ ਕੋਡ, ਕਰੀਮੀਨਲ ਪੈਨਲ ਕੋਡ, ਸਾਂਝ ਕੇਂਦਰਾਂ, ਅਮਰਜੈਂਸੀ ਸੇਵਾਵਾਂ, ਮੋਟਰ ਵਹੀਕਲ ਐਕਟ, ਟਰੈਫਿਕ ਰੂਲਜ਼, ਸਿਹਤ ਸੇਵਾਵਾਂ, ਸਰਕਾਰੀ ਰਿਕਾਰਡ ਦੀ ਸੰਭਾਲ, ਵਿੱਤ ਅਤੇ ਲੇਖਾ, ਤਰਸ ਦੇ ਆਧਾਰ 'ਤੇ ਨੌਕਰੀਆਂ, ਭੱਤੇ, ਪੇ ਫਿਕਸੇਸ਼ਨ ਰੂਲਜ਼ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਗਈ ਹੈ।ਇਸ ਮੌਕੇ ਸ੍ਰੀ ਆਰ ਕੇ ਸ਼ਰਮਾ, ਡਾ. ਪੀ ਵੀ ਰਾਓ, ਕੇ ਐਸ ਬਨਵੈਤ ਸਮੇਤ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀ ਮੌਜੂਦ ਸਨ। 

20 ਅਗਸਤ ਤੱਕ ਜਮ੍ਹਾਂ ਕਰਵਾਏ ਜਾ ਸਕਦੇ ਹਨ ਪੰਜਾਬੀ ਅਤੇ ਤੇਜ਼ਗਤੀ ਸਟੈਨੋਗ੍ਰਾਫ਼ੀ ਸਿੱਖਣ ਲਈ ਫਾਰਮ

20 ਜੁਲਾਈ ਤੱਕ ਜਮ੍ਹਾਂ ਕਰਵਾਉਣ ਉਰਦੂ ਆਮੋਜ਼ ਸਿੱਖਣ ਦੇ ਚਾਹਵਾਨ ਉਮੀਦਵਾਰ
ਹੁਸ਼ਿਆਰਪੁਰ, 14 ਜੁਲਾਈ: ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀ ਰਮਨ ਕੁਮਾਰ ਸਹੋਤਾ ਨੇ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਵਿਖੇ ਪੰਜਾਬੀ ਸਟੈਨੋਗ੍ਰਾਫ਼ੀ ਅਤੇ ਤੇਜਗਤੀ ਸ਼੍ਰੇਣੀ ਦੇ ਨਵੇਂ ਸੈਸ਼ਨ 2017-18 ਵਿੱਚ ਦਾਖਲੇ ਲਈ ਚਾਹਵਾਨ ਉਮੀਦਵਾਰ ਆਪਣੇ ਫਾਰਮ 20 ਅਗਸਤ ਤੱਕ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਨਾਂ ਸ਼੍ਰੇਣੀਆਂ ਵਿੱਚ ਦਾਖਲੇ ਲਈ ਵਿਦਿਅਕ ਯੋਗਤਾ ਪਲਸ ਟੂ ਪਾਸ ਰੱਖੀ ਗਈ ਹੈ ਅਤੇ ਉਚੇਰੀ ਸਿੱਖਿਆ ਵਾਲੇ ਨੂੰ ਤਰਜ਼ੀਹ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਆਪਣੇ ਫਾਰਮ ਜ਼ਿਲ੍ਹਾ ਭਾਸ਼ਾ ਦਫ਼ਤਰ ਕਮਰਾ ਨੰ: 309, ਤੀਜੀ ਮੰਜ਼ਿਲ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਹੁਸ਼ਿਆਰਪੁਰ ਵਿਖੇ ਜਮ੍ਹਾਂ ਕਰਵਾ ਸਕਦੇ ਹਨ। ਪੰਜਾਬੀ ਸਟੈਨੋਗ੍ਰਾਫ਼ੀ ਲਈ ਤੇਜ਼ਗਤੀ ਲਈ ਟੈਸਟ 21 ਅਗਸਤ ਨੂੰ ਲਿਆ ਜਾਵੇਗਾ। ਉਕਤ ਦੋਵੇਂ ਸ਼੍ਰੇਣੀਆਂ ਲਈ ਇੰਟਰਵਿਊ ਦੀ ਮਿਤੀ 25 ਅਗਸਤ ਨੂੰ ਸਵੇਰੇ 10 ਵਜੇ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਹੁਸ਼ਿਆਰਪੁਰ ਵਿਖੇ ਹੀ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਇੰਟਰਵਿਊ ਵਾਲੇ ਦਿਨ ਉਮੀਦਵਾਰ ਆਪਣੇ ਅਸਲ ਸਰਟੀਫਿਕੇਟ ਨਾਲ ਲੈ ਕੇ ਆਉਣ। ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਰਦੂ ਆਮੋਜ਼ ਦਾ 6 ਮਹੀਨੇ ਦਾ ਕੋਰਸ ਸ਼ੁਰੂ ਕੀਤਾ ਗਿਆ ਹੈ। ਇਹ ਕੋਰਸ ਬਿਲਕੁੱਲ ਮੁਫ਼ਤ ਕਰਵਾਇਆ ਜਾ ਰਿਹਾ ਹੈ। ਇਸ ਲਈ ਚਾਹਵਾਨ ਉਮੀਦਵਾਰ ਆਪਣਾ ਦਾਖਲਾ ਫਾਰਮ ਜ਼ਿਲ੍ਹਾ ਭਾਸ਼ਾ ਅਫ਼ਸਰ ਦਫ਼ਤਰ ਤੋਂ ਕਿਸੇ ਵੀ ਕੰਮਕਾਜ ਵਾਲੇ ਦਿਨ ਪ੍ਰਾਪਤ ਕਰਕੇ ਜਾਂ ਸਧਾਰਣ ਕਾਗਜ਼ 'ਤੇ 20 ਜੁਲਾਈ ਤੱਕ ਬਿਨੈ ਪੱਤਰ ਭੇਜਿਆ ਜਾ ਸਕਦਾ ਹੈ।

ਐਸ.ਡੀ.ਐਮ. ਵਲੋਂ ਚੈਕਿੰਗ ਦੌਰਾਨ 32 ਕਰਮਚਾਰੀ ਗੈਰ-ਹਾਜ਼ਰ ਪਾਏ ਗਏ

-ਡਿਪਟੀ ਕਮਿਸ਼ਨਰ ਵਿਪੁਲ ਉਜਵਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵੱਖ-ਵੱਖ ਦਫ਼ਤਰਾਂ ਦੀ ਕੀਤੀ ਚੈਕਿੰਗ
ਹੁਸ਼ਿਆਰਪੁਰ, 14 ਜੁਲਾਈ: ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਉਪ ਮੰਡਲ ਮੈਜਿਸਟਰੇਟ (ਆਈ.ਏ.ਐਸ.) ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਾਲ ਵਲੋਂ 9 ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ 32 ਕਰਮਚਾਰੀ ਗੈਰ-ਹਾਜਰ ਪਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਡੀ.ਐਮ. ਜਿਤੇਂਦਰ ਜੋਰਵਾਲ ਨੇ ਦੱਸਿਆ ਕਿ ਦਫ਼ਤਰ ਉਪ ਮੰਡਲ ਇੰਜੀਨੀਅਰ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਉਪ ਮੰਡਲ-2 ਦੇ 3, ਦਫ਼ਤਰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ਼ ਮੰਡਲ ਹੁਸ਼ਿਆਰਪੁਰ ਦੇ 4, ਦਫ਼ਤਰ ਜ਼ਿਲ੍ਹਾ ਮੈਨੇਜਰ ਮਾਰਕਫੈਡ ਹੁਸ਼ਿਆਰਪੁਰ ਦੇ 11, ਦਫ਼ਤਰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਹੁਸ਼ਿਆਰਪੁਰ-2 ਦੇ 3, ਦਫ਼ਤਰ ਕਾਰਜਕਾਰੀ ਇੰਜੀਨੀਅਰ, ਕੇਂਦਰੀ ਕਾਰਜ ਮੰਡਲ ਡਵੀਜ਼ਨ ਨੰ:-1 ਹੁਸ਼ਿਆਰਪੁਰ ਦੇ 2, ਦਫ਼ਤਰ ਉਪ ਮੰਡਲ ਇੰਜੀਨੀਅਰ ਪ੍ਰਾਂਤਕ ਮੰਡਲ (ਭ ਤ ਮ ਸ਼ਾਖਾ) ਲੋਕ ਨਿਰਮਾਣ ਵਿਭਾਗ ਡਵੀਜਨ ਨੰ: 1 ਹੁਸ਼ਿਆਰਪੁਰ ਦਾ 1 ਕਰਮਚਾਰੀ, ਦਫ਼ਤਰ ਨਿਗਰਾਨ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਹੁਸ਼ਿਆਰਪੁਰ ਦਾ 1, ਦਫ਼ਤਰ ਭੌਂ ਪ੍ਰਾਪਤੀ ਕੁਲੈਕਟਰ ਢੋਲਬਾਹਾ ਡੈਮ ਉਸਾਰੀ ਹਲਕਾ ਹੁਸ਼ਿਆਰਪੁਰ ਦੇ 6 ਅਤੇ ਦਫ਼ਤਰ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਹੁਸ਼ਿਆਰਪੁਰ-1 ਦਾ 1 ਕਰਮਚਾਰੀ ਗੈਰ-ਹਾਜ਼ਰ ਪਾਇਆ ਗਿਆ। ਚੈਕਿੰਗ ਟੀਮ ਵਿੱਚ ਤਹਿਸੀਲਦਾਰ ਸ੍ਰੀ ਅਰਵਿੰਦ ਪ੍ਰਕਾਸ਼ ਵਰਮਾ ਅਤੇ ਨਾਇਬ ਤਹਿਸੀਲਦਾਰ ਸ੍ਰੀ ਜਸਕਰਨ ਸਿੰਘ ਵੀ ਮੌਜੂਦ ਸਨ।

ਜ਼ਿਲ੍ਹਾ ਮੈਜਿਸਟਰੇਟ ਵਲੋਂ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪਾਬੰਦੀ ਦੇ ਹੁਕਮ ਜਾਰੀ

ਹੁਸ਼ਿਆਰਪੁਰ, 14 ਜੁਲਾਈ: ਜ਼ਿਲਾ ਮੈਜਿਸਟਰੇਟ ਹੁਸ਼ਿਆਰਪੁਰ ਨੇ ਸ਼ੋਰ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਕੀਤੇ ਗਏ ਇਸ ਹੁਕਮ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਇਸ ਪਾਬੰਦੀ ਤਹਿਤ ਕੋਈ ਵੀ ਆਵਾਜ਼ੀ ਪ੍ਰਦੂਸ਼ਣ/ਜ਼ਿਆਦਾ ਸ਼ੋਰ ਕਰਨ ਵਾਲੇ ਯੰਤਰਾਂ, ਸੰਗੀਤ ਵਾਲੇ ਅਤੇ ਕਿਸੇ ਤਰ੍ਹਾਂ ਦੀ ਅਵਾਜੀ ਪ੍ਰਦੂਸ਼ਣ, ਸ਼ੋਰ, ਧਮਕ ਪੈਦਾ ਕਰਨ ਯੋਗ ਅਤੇ ਕਿਸੇ ਵੀ ਤਰ੍ਹਾਂ ਦੇ ਪਟਾਕਿਆਂ ਅਤੇ ਆਤਿਸ਼ਬਾਜੀ ਚਲਾਉਣ 'ਤੇ ਪੂਰਨ ਤੌਰ 'ਤੇ ਪਾਬੰਦੀ ਹੋਵੇਗੀ। ਇਹ ਪਾਬੰਦੀ ਕੇਵਲ ਰੰਗ ਪੈਦਾ ਕਰਨ ਵਾਲੇ ਪਟਾਖਿਆਂ ਅਤੇ ਫੁਲਝੜੀਆਂ 'ਤੇ ਲਾਗੂ ਨਹੀਂ ਹੋਵੇਗੀ। ਇਸੇ ਤਰ੍ਹਾਂ ਗੱਡੀਆਂ ਆਦਿ ਵਿੱਚ ਕਿਸੇ ਤਰ੍ਹਾਂ ਦੇ ਪ੍ਰੈਸ਼ਰ ਹਾਰਨ, ਵੱਖ-ਵੱਖ ਸੰਗੀਤ ਵਾਲੇ ਅਤੇ ਕਿਸੇ ਤਰ੍ਹਾਂ ਦਾ ਆਵਾਜ਼ੀ ਪ੍ਰਦੂਸ਼ਣ, ਸ਼ੋਰ, ਧਮਕ, ਜ਼ਿਆਦਾ ਆਵਾਜ਼ ਪੈਦਾ ਕਰਨ ਵਾਲੇ ਹਾਰਨ ਨੂੰ ਵਜਾਉਣ 'ਤੇ ਪੂਰਨ ਤੌਰ 'ਤੇ ਵੀ ਪਾਬੰਦੀ ਲਗਾ ਹੋਵੇਗੀ। ਸਿਰਫ ਸਰਕਾਰ ਵਲੋਂ ਨਿਰਧਾਰਤ ਕੀਤੇ ਗਏ ਹਾਰਨ ਜੋ ਆਵਾਜ਼ੀ ਪ੍ਰਦੂਸ਼ਣ ਤੋਂ ਰਹਿਤ ਹੋਣ, ਹੀ ਨਿਰਧਾਰਤ ਆਵਾਜ਼ ਵਿਚ ਵਜਾਏ ਜਾ ਸਕਦੇ ਹਨ।  ਇਸ ਤੋਂ ਇਲਾਵਾ ਗੈਰ ਸਰਕਾਰੀ ਇਮਾਰਤਾਂ, ਵਪਾਰਕ ਦੁਕਾਨਾਂ, ਜਨਤਕ ਥਾਵਾਂ, ਸਿਨੇਮਿਆਂ, ਮਾਲਜ਼, ਹੋਟਲ ਰੈਸਟੋਰੈਂਟ ਅਤੇ ਮੇਲਿਆਂ ਆਦਿ ਵਿਚ ਉੱਚੀ ਆਵਾਜ਼ ਅਤੇ ਧਮਕ ਪੈਦਾ ਕਰਨ ਵਾਲੇ ਮਿਊਜ਼ਕ ਅਤੇ ਅਸ਼ਲੀਲ ਗੀਤ ਚਲਾਏ ਜਾਣ 'ਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਦਿਤੀ ਗਈ ਹੈ। ਸਾਇਲੈਂਸ ਜ਼ੌਨ ਜਿਵੇਂ ਕਿ ਮੰਤਰਾਲਾ, ਇਨਵਾਇਰਮੈਂਟ, ਜੰਗਲਾਤ, ਹਸਪਤਾਲਾਂ, ਵਿਦਿਅਕ ਸੰਸਥਾਵਾਂ, ਅਦਾਲਤਾਂ, ਧਾਰਮਿਕ ਸੰਸਥਾਵਾਂ ਜਾਂ ਕੋਈ ਇਲਾਕਾ ਜਿਹੜਾ ਕਿ ਸਮਰਥ ਅਧਿਕਾਰੀ ਵਲੋਂ ਸਾਇਲੈਂਸ ਜੋਨ ਐਲਾਨਿਆ ਗਿਆ ਹੋਵੇ, ਦੇ 100 ਮੀਟਰ ਦੇ ਘੇਰੇ ਅੰਦਰ ਆਤਿਸ਼ਬਾਜ਼ੀ/ਪਟਾਕਿਆਂ /ਲਾਊਡ ਸਪੀਕਰਾਂ/ਪ੍ਰੈਸ਼ਰ ਹਾਰਨ ਅਤੇ ਸ਼ੋਰ ਪੈਦਾ ਕਰਨ ਵਾਲੇ ਯੰਤਰਾਂ ਦੇ ਚਲਾਉਣ/ਲਗਾਉਣ 'ਤੇ ਪੂਰਨ ਪਾਬੰਦੀ ਲਗਾਈ  ਹੈ। ਇਸੇ ਤਰ੍ਹਾਂ ਖਾਸ ਹਾਲਾਤਾਂ ਅਤੇ ਮੌਕਿਆਂ ਸਮੇਂ ਪ੍ਰਬੰਧਕ, ਧਾਰਮਿਕ ਸਥਾਨਾਂ/ਪੰਡਾਲਾਂ ਵਿਚ ਲਾਊਡ ਸਪੀਕਰ ਅਤੇ ਅਧਿਕਾਰਤ ਮੈਰਿਜ਼ ਪੈਲਸਾਂ ਵਿਚ ਡੀ ਜੇ/ ਆਰਕੈਸਟਰਾ ,ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਪੰਜਾਬ ਇੰਸਟਰੂਮੈਂਟਸ (ਕੰਟਰੋਲ ਆਫ ਨੋਆਇਸ)ਐਕਟ 1956 ਵਿਚ ਦਰਜ ਸ਼ਰਤਾਂ ਸਹਿਤ ਲਿਖਤੀ ਪ੍ਰਵਾਨਗੀ ਤੋਂ ਬਿਨ੍ਹਾਂ ਨਹੀਂ ਚਲਾਉਣਗੇ। ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਲੋੜੀਂਦੀ ਪ੍ਰਵਾਨਗੀ ਲੈਣ ਦੇ ਬਾਵਜੂਦ ਵੀ ਮਾਨਯੋਗ ਸੁਪਰੀਮ ਕੋਰਟ ਆਫ਼ ਇੰਡੀਆ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸੇ ਵੱਲੋਂ ਵੀ ਕਿਸੇ ਵੀ ਥਾਂ 'ਤੇ ਚਲਾਏ ਜਾ ਰਹੇ ਲਾਊਡ ਸਪੀਕਰਾਂ/ਡੀ ਜੇ/ਸੰਗੀਤਕ ਯੰਤਰ/ਐਡਰੈਸ ਸਿਸਟਮ ਆਦਿ ਦੀ ਆਵਾਜ ਸੀਮਾ ਸਬੰਧਤ ਜਗ੍ਹਾ ਦੇ ਆਵਾਜੀ ਸਟੈਂਡਰਡ ਸੀਮਾ ਨਿਸ਼ਚਿਤ ਕੀਤੀ ਗਈ ਹੈ ਜਿਸ ਤਹਿਤ ਉਦਯੋਗਿਕ ਅਦਾਰਿਆ ਵਿੱਚ ਦਿਨ ਵੇਲੇ 75 ਡੀ ਬੀ (ਏ) ਅਤੇ ਰਾਤ ਸਮੇਂ 70 ਡੀ ਬੀ (ਏ), ਕਮਰਸ਼ੀਅਲ ਏਰੀਏ ਵਿੱਚ ਦਿਨ ਵੇਲੇ 65 ਅਤੇ ਰਾਤ ਸਮੇਂ 55, ਰਿਹਾਇਸ਼ੀ ਏਰੀਏ ਵਿੱਚ ਦਿਨ ਵੇਲੇ 55 ਅਤੇ ਰਾਤ ਸਮੇਂ 45 ਅਤੇ ਸਾਈਲੈਂਸ ਜ਼ੋਨ ਵਿੱਚ ਦਿਨ ਵੇਲੇ 50 ਡੀ ਬੀ (ਏ) ਅਤੇ ਰਾਤ ਸਮੇਂ 40 ਡੀ ਬੀ (ਏ) ਤੋਂ ਵੱਧ ਨਹੀਂ ਹੋਵੇਗੀ। ਇਸ ਪਾਬੰਦੀ ਦਾ ਦਿਨ ਵੇਲੇ ਦਾ ਸਮਾਂ ਸਵੇਰੇ 6-00 ਵਜੇ ਤੋਂ ਰਾਤ 10-00 ਵਜੇ ਤੱਕ ਨਿਸ਼ਚਿਤ ਕੀਤਾ ਗਿਆ ਹੈ। ਇਹ ਹੁਕਮ ਸਰਕਾਰੀ ਮਸ਼ੀਨਰੀ ਅਤੇ ਐਮਰਜੈਂਸੀ ਦੀ ਸਥਿਤੀ ਵਿਚ ਲਾਗੂ ਨਹੀਂ ਹੋਵੇਗਾ। ਇਹ ਹੁਕਮ 6 ਸਤੰਬਰ 2017 ਤੱਕ ਲਾਗੂ ਰਹੇਗਾ।

ਪੰਜ ਦਿਨਾਂ ਦਾ ਮੱਛੀ ਪਾਲਣ ਕੈਂਪ 17 ਜੁਲਾਈ ਤੋਂ

ਹੁਸ਼ਿਆਰਪੁਰ, 14 ਜੁਲਾਈ: ਮੱਛੀ ਪਾਲਣ ਧੰਦੇ ਦੀ ਮੁਢਲੀ ਜਾਣਕਾਰੀ ਦੇਣ ਸਬੰਧੀ ਮੰਛੀ ਪੂੰਗ ਫਾਰਮ ਹਰਿਆਣਾ ਵਿਖੇ  17 ਤੋਂ 21 ਜੁਲਾਈ ਤੱਕ 5 ਦਿਨਾਂ ਦਾ ਮੱਛੀ ਪਾਲਣ ਟਰੇਨਿੰਗ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਸਹਾਇਕ ਡਾਇਰੈਕਟਰ ਮੱਛੀ ਪਾਲਣ ਸ੍ਰੀ ਮਨਜੀਤ ਸਿੰਘ ਨੇ ਦੱਸਿਆ ਕਿ ਮੱਛੀ ਪਾਲਣ ਦੇ ਧੰਦੇ ਨੂੰ ਉਤਸ਼ਾਹਿਤ ਕਰਨ ਅਤੇ ਇਸ ਧੰਦੇ ਨੂੰ ਅਪਨਾਉਣ ਵਾਲੇ ਚਾਹਵਾਨ ਵਿਅਕਤੀਆਂ ਨੂੰ ਕੈਂਪ ਦੌਰਾਨ ਵਿਸ਼ੇਸ਼ ਤੌਰ 'ਤੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 78375-69007 ਜਾਂ ਦਫ਼ਤਰ ਵਿਖੇ ਵੀ ਸੰਪਰਕ ਕੀਤਾ ਜਾ ਸਕਦਾ ਹੈ।

ਮਨੁੱਖੀ ਜੀਵਨ ਵਿੱਚ ਪਾਣੀ ਦੀ ਵਿਸ਼ੇਸ਼ ਮਹੱਤਤਾ : ਏ ਡੀ ਸੀ

-ਨਾਬਾਰਡ ਵਲੋਂ 'ਜਲ ਹੀ ਜੀਵਨ ਹੈ' ਵਿਸ਼ੇ 'ਤੇ ਲਗਾਇਆ ਸੈਮੀਨਾਰ
ਹੁਸ਼ਿਆਰਪੁਰ, 13 ਜੁਲਾਈ: ਮਨੁੱਖੀ ਜੀਵਨ ਵਿੱਚ ਪਾਣੀ ਦੀ ਵਿਸ਼ੇਸ਼ ਮਹੱਤਤਾ ਹੈ। ਪਾਣੀ ਤੋਂ ਬਿਨ੍ਹਾਂ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਸਾਨੂੰ ਪਾਣੀ ਦੇ ਬਚਾਓ ਲਈ ਪਹਿਲ ਕਦਮੀ ਕਰਦੇ ਹੋਏ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ ਨੇ ਨਾਬਾਰਡ ਵਲੋਂ ਸਹਿਕਾਰਤਾ ਬੈਂਕ ਵਿਖੇ ਲਗਾਏ ਲਗਾਏ ਪਾਣੀ ਬਚਾਓ ਮੁਹਿੰਮ ਤਹਿਤ 'ਜਲ ਹੀ ਜੀਵਨ ਹੈ' ਵਿਸ਼ੇ 'ਤੇ ਲਗਾਏ ਗਏ ਵਿਸ਼ੇਸ਼ ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਇਹ ਵਿਚਾਰ ਪ੍ਰਗਟ ਕੀਤੇ।ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਾਣੀ ਬਚਾਓ ਮੁਹਿੰਮ ਤਹਿਤ ਨਾਬਾਰਡ ਵਲੋਂ ਜ਼ਿਲ੍ਹੇ ਵਿੱਚ ਕਰੀਬ 350 ਕੈਂਪ ਲਗਾ ਕੇ ਲੋਕਾਂ ਨੂੰ ਪਾਣੀ ਬਚਾਓ ਸਬੰਧੀ ਜਾਣਕਾਰੀ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਪਾਣੀ ਬਚਾਉਣ ਦੇ ਤਰੀਕਿਆਂ ਪ੍ਰਤੀ ਪੂਰੀ ਜਾਣਕਾਰੀ ਹੋਵੇ, ਤਾਂ ਪਾਣੀ ਬਚਾਓ ਮੁਹਿੰਮ ਪੂਰੀ ਤਰ੍ਹਾਂ ਨਾਲ ਸਫ਼ਲ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵੀ ਤਲਾਬਾਂ ਦੇ ਰੱਖ-ਰਖਾਵ ਅਤੇ ਮੁਰੰਮਤ ਲਈ ਸਮੇਂ-ਸਮੇਂ 'ਤੇ ਕੰਮ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਾਣੀ ਬਚਾਉਣ ਲਈ ਸਭ ਤੋਂ ਜ਼ਰੂਰੀ ਵੱਧ ਤੋਂ ਵੱਧ ਦਰੱਖਤ ਲਾਉਣੇ ਹਨ। ਜੇਕਰ ਅਸੀਂ ਸਾਰੇ ਇਹ ਪ੍ਰਣ ਕਰ ਲਈਏ ਕਿ ਆਪਣੇ ਹਰ ਇਕ ਤਿਉਹਾਰ 'ਤੇ ਇਕ-ਇਕ ਪੌਦਾ ਲਗਾਈਏ ਅਤੇ ਇਸ ਨੂੰ ਪਾਲ ਪੋਸ ਕੇ ਵੱਡਾ ਕਰੀਏ, ਤਾਂ ਪਾਣੀ ਬਚਾਓ ਸਬੰਧੀ ਸਾਡੀ ਕੋਸ਼ਿਸ਼ ਕਾਫ਼ੀ ਹੱਦ ਤੱਕ ਹੱਲ ਹੋ ਸਕਦੀ ਹੈ। ਉਨ੍ਹਾਂ ਨੇ ਸਾਰਿਆਂ ਨੂੰ ਪਾਣੀ ਬਚਾਓ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ 'ਤੇ ਡੀ.ਡੀ.ਐਮ. ਇੰਦਰਜੀਤ ਕੌਰ, ਡੀ.ਜੀ.ਐਮ. ਨਾਬਾਰਡ ਪ੍ਰਤਿਭਾ ਸ਼ਰਮਾ, ਜ਼ਿਲ੍ਹਾ ਪ੍ਰਬੰਧਕ ਸਹਿਕਾਰੀ ਬੈਂਕ ਮੋਹਨ ਲਾਲ, ਖੇਤੀਬਾੜੀ ਅਫ਼ਸਰ ਸ੍ਰੀ ਗੁਰਬਖਸ਼ ਸਿੰਘ, ਬਾਗਬਾਨੀ ਅਫ਼ਸਰ ਗੁਰਵਿੰਦਰ ਸਿੰਘ ਬਾਜਵਾ, ਸ੍ਰਹੀਦ ਭਗਤ ਸਿੰਘ ਕ੍ਰਾਂਤੀਕਾਰੀ ਸੁਸਾਇਟੀ ਦੇ ਪ੍ਰਧਾਨ ਰਵਿੰਦਰ ਸਿੰਘ ਕਾਹਲੋਂ ਵੀ ਮੌਜੂਦ ਸਨ।

ਸੱਤ ਦਫ਼ਤਰਾਂ 'ਚ ਕੀਤੀ ਅਚਨਚੇਤ ਚੈਕਿੰਗ ਦੌਰਾਨ 36 ਕਰਮਚਾਰੀ ਗੈਰ ਹਾਜ਼ਰ ਪਾਏ ਗਏ

ਹੁਸ਼ਿਆਰਪੁਰ, 13 ਜੁਲਾਈ: ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਦੇ ਆਦੇਸ਼ਾਂ 'ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ ਵਲੋਂ 7 ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ, ਜਿਸ ਦੌਰਾਨ 36 ਕਰਮਚਾਰੀ ਗੈਰ-ਹਾਜ਼ਰ ਪਾਏ ਗਏ। ਗੈਰ-ਹਾਜ਼ਰ ਪਾਏ ਗਏ ਕਰਮਚਾਰੀਆਂ ਵਿੱਚ ਕਾਰਜਕਾਰੀ ਇੰਜੀਨੀਅਰ ਜਨੌੜੀ ਚੌਹਾਲ ਦਫ਼ਤਰ ਦੇ 11, ਕਾਰਜਕਾਰੀ ਇੰਜੀਨੀਅਰ ਐਸ.ਐਨ.ਈ. ਦੇ 4, ਕਾਰਜਕਾਰੀ ਇੰਜੀਨੀਅਰ ਸ਼ਾਹ ਨਹਿਰ ਦੇ 9, ਨਿਗਰਾਨ ਇੰਜੀਨੀਅਰ ਕੰਢੀ ਕੈਨਾਲ ਦੇ 2, ਕਾਰਜਕਾਰੀ ਇੰਜੀਨੀਅਰ ਇਨਟੈਂਸਿਵ ਇਨਵੈਸਟੀਗੇਸ਼ਨ ਦੇ 4 ਅਤੇ ਨਿਗਰਾਨ ਇੰਜੀਨੀਅਰ ਢੋਲਬਾਹਾ ਦਫ਼ਤਰ ਦੇ 6 ਕਰਮਚਾਰੀ ਸ਼ਾਮਲ ਸਨ।ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਵਿਭਾਗਾਂ ਦੇ ਮੁਖੀ ਆਪਣੀ ਅਤੇ ਆਪਣੇ ਕਰਮਚਾਰੀਆਂ ਦੀ ਸਮੇਂ-ਸਿਰ ਹਾਜ਼ਰੀ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਦਫ਼ਤਰਾਂ ਵਿੱਚ ਮੂਵਮੈਂਟ ਰਜਿਸਟਰ ਵੀ ਲਗਾਏ ਜਾਣ, ਤਾਂ ਜੋ ਪਤਾ ਲੱਗ ਸਕੇ ਕਿ ਕਿਹੜੇ ਅਧਿਕਾਰੀ ਜਾਂ ਕਰਮਚਾਰੀ ਦੌਰੇ 'ਤੇ ਹਨ। ਉਨ੍ਹਾਂ ਕਿਹਾ ਕਿ ਸੇਵਾ ਦੇ ਅਧਿਕਾਰ ਐਕਟ ਤਹਿਤ ਆਪਣੇ ਮਹਿਕਮੇ ਨਾਲ ਸਬੰਧਤ ਸੇਵਾਵਾਂ ਵੀ ਸਮੇਂ-ਸਿਰ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਇਸ ਐਕਟ ਤਹਿਤ ਆਮ ਲੋਕਾਂ ਦੀ ਖੱਜਲ-ਖੁਆਰੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਪੰਜਾਬ ਸਰਕਾਰ ਨੇ ਕੀਤੀ ਪੈਨਸ਼ਨ ਮਾਪਦੰਡਾਂ 'ਚ ਸੋਧ

-ਯੋਗ ਬਿਨੈਕਾਰਾਂ ਦੀ ਪੈਨਸ਼ਨ ਇਕ ਮਹੀਨੇ ਦੇ ਅੰਦਰ-ਅੰਦਰ ਮਨਜ਼ੂਰ ਕੀਤੀ ਜਾਵੇਗੀ : ਡਿਪਟੀ ਕਮਿਸ਼ਨਰ
-ਕਿਹਾ, ਬਿਨੈਕਾਰ ਦੀ ਆਮਦਨ 60 ਹਜ਼ਾਰ ਰੁਪਏ ਸਲਾਨਾ ਤੋਂ ਵੱਧ ਨਾ ਹੋਵੇ

ਹੁਸ਼ਿਆਰਪੁਰ, 13 ਜੁਲਾਈ:ਪੰਜਾਬ ਸਰਕਾਰ ਵਲੋਂ ਬੁਢਾਪਾ, ਵਿਧਵਾ ਅਤੇ ਬੇਘਰ ਨਿਆਸਰਿਤ ਇਸਤਰੀਆਂ, ਆਸ਼ਰਿਤ ਬੱਚਿਆਂ ਅਤੇ ਅਪੰਗ ਵਿਅਕਤੀਆਂ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਸਕੀਮਾਂ ਲਈ ਮਾਪਦੰਡ ਸੋਧੇ ਗਏ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਪੈਨਸ਼ਨ ਲਈ ਉਹੀ ਬਿਨੈਕਾਰ ਬਿਨੈਪੱਤਰ ਦੇ ਸਕਦਾ ਹੈ, ਜਿਸ ਦੀ ਸਾਰੇ ਵਸੀਲਿਆਂ ਤੋਂ ਆਮਦਨ 60 ਹਜ਼ਾਰ ਰੁਪਏ ਸਲਾਨਾ ਤੋਂ ਵੱਧ ਨਹੀਂ ਹੈ। ਉਨ੍ਹਾਂ ਦੱਸਿਆ ਕਿ ਅਰਜ਼ੀ ਫਾਰਮ ਪ੍ਰਾਪਤ ਹੋਣ ਦੀ ਮਿਤੀ ਤੋਂ 1 ਮਹੀਨੇ ਦੇ ਅੰਦਰ-ਅੰਦਰ ਸੀ.ਡੀ.ਪੀ.ਓ. ਦੀ ਪੜਤਾਲ ਉਪਰੰਤ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਲੋਂ ਪੈਨਸ਼ਨ ਮਨਜ਼ੂਰ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਉਮਰ ਦੇ ਸਬੂਤ ਲਈ ਅਧਾਰ ਕਾਰਡ/ਵੋਟਰ ਕਾਰਡ, ਵੋਟਰ ਸੂਚੀ/ਦਸਵੀਂ ਦਾ ਸਰਟੀਫਿਕੇਟ ਜਾਂ ਰਜਿਸਟਰਾਰ ਜਨਮ ਅਤੇ ਮੌਤ ਵਲੋਂ ਜਾਰੀ ਸਰਟੀਫਿਕੇਟ ਦੀ ਕਾਪੀ ਲੋੜੀਂਦੀ ਹੈ। ਉਨ੍ਹਾਂ ਦੱਸਿਆ ਕਿ ਬੁਢਾਪਾ ਪੈਨਸ਼ਨ ਲਈ ਬਿਨੈਕਾਰ ਕੋਲ ਵੱਧ ਤੋਂ ਵੱਧ 2.5 ਏਕੜ ਨਹਿਰੀ/ਚਾਹੀ ਜਾਂ 5 ਏਕੜ ਬਰਾਨੀ ਜਮੀਨ ਜਾਂ ਸੇਮਗ੍ਰਸਤ ਇਲਾਕਿਆਂ ਵਿੱਚ 5 ਏਕੜ ਜਮੀਨ (ਪਤੀ/ਪਤਨੀ ਦੋਨਾਂ ਨੂੰ ਮਿਲਾ ਕੇ) ਦੀ ਮਾਲਕੀ ਹੋਵੇ। ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ਸਬੰਧੀ ਰਿਪੋਰਟ ਮਾਲ ਵਿਭਾਗ (ਪਟਵਾਰੀ) ਵਲੋਂ ਕੀਤੀ ਜਾਵੇਗੀ।
 ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਪੇਂਡੂ ਖੇਤਰਾਂ ਦੇ ਬਿਨੈਕਾਰਾਂ ਦੀ ਜ਼ਮੀਨ ਅਤੇ ਰਿਹਾਇਸ਼ ਸਬੰਧੀ ਵੈਰੀਫਿਕੇਸ਼ਨ ਪਟਵਾਰੀ ਵਲੋਂ ਕੀਤੀ ਜਾਵੇਗੀ। ਇਸੇ ਤਰ੍ਹਾਂ ਸ਼ਹਿਰੀ ਖੇਤਰ ਦੇ ਬਿਨੈਕਾਰਾਂ ਦੀ ਰਿਹਾਇਸ਼ ਅਤੇ ਜ਼ਮੀਨ/ਜਾਇਦਾਦ ਸਬੰਧੀ ਵੈਰੀਫਿਕੇਸ਼ਨ ਕਾਰਜਸਾਧਕ ਅਫ਼ਸਰ, ਨਗਰ ਕੌਂਸਲ ਵਲੋਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਬਿਨੈਕਰਤਾ ਨੂੰ ਵਿਭਾਗ ਵਲੋਂ ਦਿੱਤਾ ਗਿਆ ਸਵੈਘੋਸ਼ਣਾ ਪੱਤਰ ਵੀ ਭਰ ਕੇ ਦੇਣਾ ਪਵੇਗਾ। ਉਨ੍ਹਾਂ ਦੱਸਿਆ ਕਿ ਅਰਜ਼ੀ ਫਾਰਮ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ, ਸੇਵਾ ਕੇਂਦਰਾਂ, ਮਹਿਕਮੇ ਦੀ ਵੈਬਸਾਈਟ, ਐਸ.ਡੀ.ਐਮ. ਦਫ਼ਤਰ, ਆਂਗਣਵਾੜੀ ਕੇਂਦਰ, ਪੰਚਾਇਤ ਅਤੇ ਬੀ.ਡੀ.ਪੀ.ਓ. ਦਫ਼ਤਰਾਂ ਵਿੱਚ ਉਪਲਬੱਧ ਹੋਣਗੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜੇਕਰ ਪੜਤਾਲ ਦੌਰਾਨ ਲਾਭਪਾਤਰੀ ਅਯੋਗ ਪਾਇਆ ਜਾਂਦਾ ਹੈ, ਤਾਂ ਭੌਂ ਮਾਲੀਆ ਐਕਟ ਅਧੀਨ ਤਸਦੀਕ ਕਰਤਾ/ਸਿਫਾਰਸ਼ ਕਰਤਾ ਪਾਸੋਂ ਲਾਭਪਾਤਰੀ ਨੂੰ ਅਦਾ ਕੀਤੀ ਰਕਮ ਤੋਂ ਦੁੱਗਣੀ ਰਾਸ਼ੀ ਦੀ ਵਸੂਲੀ ਕਰਨ ਦਾ ਉਪਬੰਧ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਗਲਤ ਪਾਏ ਜਾਣ ਦੀ ਸੂਰਤ ਵਿੱਚ ਅਧਿਕਾਰੀ/ਕਰਮਚਾਰੀ (ਸਮੇਤ ਲਾਭਪਾਤਰੀ) ਖਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਨਵੇਂ ਮਾਪਦੰਡਾਂ ਅਨੁਸਾਰ ਉਮਰ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ।ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਬੁਢਾਪਾ ਪੈਨਸ਼ਨ ਲਈ ਉਮਰ ਪੁਰਸ਼ਾਂ ਵਿੱਚ 65 ਸਾਲ ਅਤੇ ਔਰਤ ਹੋਣ ਦੀ ਸੂਰਤ ਵਿੱਚ 58 ਸਾਲ ਨਿਸ਼ਚਿਤ ਹੈ। ਉਨ੍ਹਾਂ ਦੱਸਿਆ ਕਿ 58 ਸਾਲ ਤੋਂ ਘੱਟ ਉਮਰ ਦੀਆਂ ਵਿਧਵਾਵਾਂ ਤੇ ਨਿਆਸਰਿਤ ਔਰਤਾਂ ਅਤੇ 30 ਸਾਲ ਤੋਂ ਵੱਧ ਉਮਰ ਦੀਆਂ ਅਣ-ਵਿਆਹੀਆਂ ਔਰਤਾਂ, 21 ਸਾਲ ਤੋਂ ਘੱਟ ਉਮਰ ਦੇ ਅਜਿਹੇ ਬੱਚੇ ਜਿਹੜੇ ਮਾਪਿਆਂ ਦੀ ਇਮਦਾਦ ਜਾਂ ਉਨ੍ਹਾਂ ਦੀ ਸਰੀਰਕ/ਮਾਨਸਿਕ ਅਪੰਗਤਾ ਕਾਰਨ ਦੇਖਭਾਲ ਤੋਂ ਵੰਚਿਤ ਹੋ ਗਏ ਹੋਣ, 50 ਫੀਸਦੀ ਜਾਂ ਇਸ ਤੋਂ ਵੱਧ ਅਪੰਗਤਾ ਵਾਲੇ ਵਿਅਕਤੀ ਪਹਿਲਾਂ ਹੀ ਪੈਨਸ਼ਨ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਾਪਦੰਡ ਵਿੱਚ ਕੋਈ ਸੋਧ ਨਹੀਂ ਕੀਤੀ ਗਈ ਹੈ।

ਜ਼ਿਲ੍ਹਾ ਮੈਜਿਸਟਰੇਟ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ

ਹੁਸ਼ਿਆਰਪੁਰ, 13 ਜੁਲਾਈ: ਜ਼ਿਲਾ ਮੈਜਿਸਟਰੇਟ ਹੁਸ਼ਿਆਰਪੁਰ ਨੇ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਹੁਕਮਾਂ ਤਹਿਤ ਜ਼ਿਲੇ ਦੀਆਂ ਹੱਦਾਂ ਅੰਦਰ ਬਿਨ੍ਹਾਂ ਉਪ ਮੰਡਲ ਮੈਜਿਸਟਰੇਟ ਦੀ ਪ੍ਰਵਾਨਗੀ ਦੇ ਕਿਸੇ ਕਿਸਮ ਦਾ ਜਲੂਸ ਕੱਢਣ, ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇਕੱਤਰ ਹੋਣ, ਨਾਅਰੇਬਾਜ਼ੀ ਕਰਨ, ਲਾਠੀਆਂ, ਗੈਰ ਲਾਇਸੰਸੀ ਅਸਲਾ, ਤੇਜ਼ ਧਾਰ ਟਾਕੂਆਂ ਨੂੰ ਚੁੱਕਣ ਆਦਿ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਾਰੀ ਕੀਤੇ ਗਏ ਇਸ ਹੁਕਮ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਕੋਈ ਵੀ ਸਿਆਸੀ ਪਾਰਟੀ ਰੈਲੀ/ਜਲਸਾ ਕਰਨ ਲਈ ਪਹਿਲਾਂ ਆਪਣੇ ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਇਸ ਬਾਰੇ ਲਿਖਤੀ ਮਨਜ਼ੂਰੀ ਹਾਸਲ ਕਰੇਗੀ। ਇਹ ਹੁਕਮ ਸਰਕਾਰੀ ਸਮਾਗਮਾਂ, ਕਾਨਫਰੰਸਾਂ ਅਤੇ ਮੀਟਿੰਗਾਂ ਆਦਿ 'ਤੇ ਲਾਗੂ ਨਹੀਂ ਹੋਵੇਗਾ। ਇਸ ਤੋਂ ਇਲਾਵਾ ਇਹ ਹੁਕਮ  ਪੰਜਾਬ ਪੁਲਿਸ, ਹੋਮ ਗਾਰਡਜ਼, ਦੂਜੇ ਕਰਮਚਾਰੀਆਂ ਜੋ ਸਰਕਾਰੀ ਡਿਊਟੀ 'ਤੇ ਹੋਣ ਅਤੇ ਵਿਆਹ ਸ਼ਾਦੀਆਂ, ਮਾਤਮੀ ਸ਼ੋਕ ਸਮਾਗਮਾਂ ਜਾਂ ਸਰਕਾਰੀ ਫੰਕਸ਼ਨਾਂ 'ਤੇ ਵੀ ਲਾਗੂ ਨਹੀਂ ਹੋਵੇਗਾ। ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟਰੇਟ ਵਲੋਂ ਮਕਾਨ ਮਾਲਕਾਂ, ਮਕਾਨ 'ਤੇ ਕਾਬਜ਼ ਵਿਅਕਤੀਆਂ, ਮਕਾਨਾਂ ਦੇ ਇੰਚਾਰਜ ਵਿਅਕਤੀਆਂ ਨੂੰ ਉਨ੍ਹਾਂ ਵਲੋਂ ਜੋ ਵੀ ਮਕਾਨ ਕਿਰਾਏ 'ਤੇ ਦਿੱਤੇ ਹੋਣ ਜਾਂ ਭਵਿੱਖ ਵਿੱਚ ਕਿਰਾਏ 'ਤੇ ਦਿੱਤੇ ਜਾਣ, ਉਨ੍ਹਾਂ ਵਿੱਚ ਰਹਿਣ ਵਾਲੇ ਵਿਅਕਤੀ ਦਾ ਨਾਂ ਅਤੇ ਪੂਰਾ ਪਤਾ ਆਪਣੇ ਇਲਾਕੇ ਦੇ ਥਾਣੇ/ਪੁਲਿਸ ਚੌਕੀ ਵਿੱਚ ਤੁਰੰਤ ਦਰਜ਼ ਕਰਾਉਣ ਦਾ ਹੁਕਮ ਜਾਰੀ ਕੀਤਾ ਗਿਆ ਹੈ। ਇਕ ਹੋਰ ਹੁਕਮ ਰਾਹੀਂ ਜ਼ਿਲ੍ਹਾ ਮੈਜਿਸਟਰੇਟ ਨੇ ਪਾਬੰਦੀ ਲਗਾ ਦਿੱਤੀ ਹੈ ਕਿ ਕੋਈ ਵੀ ਵਿਅਕਤੀ ਜਾਂ ਕੋਈ ਵੀ ਸਿਆਸੀ ਪਾਰਟੀ ਜਲਸਾ ਜਾਂ ਜਲੂਸ ਅਤੇ ਰੈਲੀ ਦੌਰਾਨ ਸਬੰਧਤ ਉਪ ਮੰਡਲ ਮੈਜਿਸਟਰੇਟ ਦੀ ਲਿਖਤੀ ਮਨਜ਼ੂਰੀ ਤੋਂ ਬਿਨ੍ਹਾਂ ਕਿਸੇ ਵੀ ਅਜਿਹੇ ਯੰਤਰ ਜਾਂ ਆਵਾਜ਼ੀ ਪ੍ਰਦੂਸ਼ਣ ਪੈਦਾ ਕਰਨ ਵਾਲੀ ਸਮੱਗਰੀ ਦੀ ਵਰਤੋਂ ਦਿਨ ਜਾਂ ਰਾਤ ਵੇਲੇ ਨਹੀਂ ਕਰੇਗਾ, ਜਿਸ ਦੀ ਆਵਾਜ਼ ਉਸ ਦੀ ਹਦੂਦ ਤੋਂ ਬਾਹਰ ਸੁਣਦੀ ਹੋਵੇ।ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹੇ ਦੀਆਂ ਸਮੂਹ ਸਰਕਾਰੀ/ਪ੍ਰਾਈਵੇਟ ਕੰਪਨੀਆਂ ਦੀਆਂ ਵੱਖ-ਵੱਖ ਰੂਟਾਂ 'ਤੇ ਚੱਲਣ ਵਾਲੀਆਂ ਬੱਸਾਂ ਅੰਦਰ ਟੇਪ ਰਿਕਾਰਡਾਂ ਦੁਆਰਾ ਅਸ਼ਲੀਲ ਗਾਣੇ ਸੁਣਾਉਣ ਅਤੇ ਵੀਡੀਓ ਦੁਆਰਾ ਅਸ਼ਲੀਲ ਫ਼ਿਲਮਾਂ ਦਿਖਾਏ ਜਾਣ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਜ਼ਿਲ੍ਹਾ ਮੈਜਿਸਟਰੇਟ  ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਦੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਦੇ ਸਮੂਹ ਸਿਵਲ ਹਸਪਤਾਲਾਂ ਵਿਖੇ ਵੱਖ-ਵੱਖ ਜਥੇਬੰਦੀਆਂ ਅਤੇ ਆਮ ਜਨਤਾ ਵਲੋਂ ਧਰਨੇ ਅਤੇ ਰੈਲੀਆਂ ਕਰਨ 'ਤੇ ਪੂਰਨ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਜਾਰੀ ਕੀਤੇ ਇਸ ਹੁਕਮ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸਿਵਲ ਹਸਪਤਾਲਾਂ ਵਿਖੇ ਵੱਖ-ਵੱਖ ਜਥੇਬੰਦੀਆਂ ਅਤੇ ਆਮ ਜਨਤਾ ਵਲੋਂ ਕੀਤੇ ਜਾਂਦੇ ਧਰਨੇ ਅਤੇ ਰੈਲੀਆਂ ਨਾਲ ਮਰੀਜ਼ਾਂ ਦੀ ਤਕਲੀਫ਼ ਅਤੇ ਪ੍ਰੇਸ਼ਾਨੀ ਵਿੱਚ ਹੁੰਦੇ ਵਾਧੇ ਨੂੰ ਰੋਕਣ ਅਤੇ ਸਰਕਾਰੀ ਡਾਕਟਰਾਂ ਨੂੰ ਆਪਣੀ ਜਿੰਮੇਵਾਰੀ ਨਿਭਾਉਣ ਵਿੱਚ ਆਉਂਦੀ ਮੁਸ਼ਕਲ ਨੂੰ ਧਿਆਨ ਵਿੱਚ ਰੱਖਦਿਆਂ ਉਕਤ ਹੁਕਮ ਜਾਰੀ ਕੀਤਾ ਗਿਆ ਹੈ। ਇਹ ਹੁਕਮ 6 ਸਤੰਬਰ 2017 ਤੱਕ ਲਾਗੂ ਰਹਿਣਗੇ।

ਦਾਨੀ ਸੱਜਣਾਂ ਵਲੋਂ 'ਸਾਂਝੀ ਰਸੋਈ' ਨੂੰ ਦਿੱਤਾ ਜਾ ਰਿਹਾ ਭਰਵਾਂ ਹੁੰਗਾਰਾ

ਹੁਸ਼ਿਆਰਪੁਰ, 11 ਜੁਲਾਈ:ਹੁਸ਼ਿਆਰਪੁਰ ਵਿਖੇ ਗਰੀਬ, ਬੇਸਹਾਰਾ ਅਤੇ ਬੇਘਰੇ ਵਿਅਕਤੀਆਂ ਲਈ ਖੋਲ੍ਹੀ ਗਈ 'ਸਾਂਝੀ ਰਸੋਈ' ਨੂੰ ਦਾਨੀ ਸੱਜਣਾਂ ਵਲੋਂ ਭਰਪੂਰ ਹੁੰਗਾਰਾ ਦਿੱਤਾ ਜਾ ਰਿਹਾ ਹੈ। ਜਿਥੇ ਸਰਕਾਰੀ ਅਧਿਕਾਰੀ, ਸਮਾਜ ਸੇਵੀ ਸੰਸਥਾਵਾਂ ਸਹਿਯੋਗ ਕਰ ਰਹੀਆਂ ਹਨ, ਉਥੇ ਮਸ਼ਹੂਰ ਕਾਰੋਬਾਰੀ ਵੀ ਲੋਕ ਸੇਵਾ ਦੇ ਇਸ ਕਾਰਜ ਲਈ ਅੱਗੇ ਆ ਰਹੇ ਹਨ। ਅੱਜ ਬਿਜਨਸਮੈਨ ਸ੍ਰੀ ਰਾਜੇਸ਼ ਨਾਕਰਾ ਅਤੇ ਉਨ੍ਹਾਂ ਦੇ ਬੇਟੇ ਸ੍ਰੀ ਭਾਰਤ ਰਾਜ ਨਾਕਰਾ ਐਡਵੋਕੇਟ ਨੇ ਆਪਣੇ ਜਨਮ ਦਿਨ 'ਤੇ 11 ਹਜ਼ਾਰ ਰੁਪਏ ਦਾ ਚੈਕ 'ਸਾਂਝੀ ਰਸੋਈ'  ਨੂੰ ਦਾਨ ਵਜੋਂ ਦਿੱਤਾ।
ਪਿਤਾ-ਪੁੱਤਰ ਦੋਨੋਂ ਦਾਨੀ ਸੱਜਣਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਚੈਕ ਪ੍ਰਾਪਤ ਕਰਦਿਆਂ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਨੇ ਸ੍ਰੀ ਰਾਜੇਸ਼ ਅਤੇ ਸ੍ਰੀ ਭਾਰਤ ਰਾਜ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ 'ਸਾਂਝੀ ਰਸੋਈ' ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਵਿਪੁਲ ਉਜਵਲ ਦੀ ਅਗਵਾਈ ਵਿੱਚ 'ਸਾਂਝੀ ਰਸੋਈ' ਦਾ ਪ੍ਰੋਜੈਕਟ ਕਾਰਗਰ ਸਾਬਤ ਹੋ ਰਿਹਾ ਹੈ। ਉਨ੍ਹਾ ਕਿਹਾ ਕਿ 'ਸਾਂਝੀ ਰਸੋਈ' ਦੇ ਹਾਲ ਨੂੰ ਏ.ਸੀ. ਵੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਆਪਣੇ ਵਿਸ਼ੇਸ਼ ਦਿਨ 'ਸਾਂਝੀ ਰਸੋਈ' ਵਿੱਚ ਮਨਾਉਣ ਲਈ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨਾਲ ਸੰਪਰਕ ਕਰਕੇ ਆਪਣਾ ਦਿਨ ਬੁੱਕ ਕਰਵਾਇਆ ਜਾ ਸਕਦਾ ਹੈ। ਇਸ ਮੌਕੇ ਡਾ. ਨਾਰਦ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਖੋਲ੍ਹੀ ਗਈ 'ਸਾਂਝੀ ਰਸੋਈ' ਵਿੱਚ ਜ਼ਰੂਰਤਮੰਦ ਵਿਅਕਤੀਆਂ ਨੂੰ ਕੇਵਲ 10 ਰੁਪਏ ਵਿੱਚ ਪੇਟ ਭਰ ਖਾਣਾ ਖੁਆਇਆ ਜਾ ਰਿਹਾ ਹੈ।

ਸੱਤ ਦਫ਼ਤਰਾਂ 'ਚ ਕੀਤੀ ਅਚਨਚੇਤ ਚੈਕਿੰਗ ਦੌਰਾਨ 36 ਕਰਮਚਾਰੀ ਗੈਰ ਹਾਜ਼ਰ ਪਾਏ ਗਏ

ਹੁਸ਼ਿਆਰਪੁਰ, 13 ਜੁਲਾਈ:ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਦੇ ਆਦੇਸ਼ਾਂ 'ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਬੀਰ ਸਿੰਘ ਵਲੋਂ 7 ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ, ਜਿਸ ਦੌਰਾਨ 36 ਕਰਮਚਾਰੀ ਗੈਰ-ਹਾਜ਼ਰ ਪਾਏ ਗਏ। ਗੈਰ-ਹਾਜ਼ਰ ਪਾਏ ਗਏ ਕਰਮਚਾਰੀਆਂ ਵਿੱਚ ਕਾਰਜਕਾਰੀ ਇੰਜੀਨੀਅਰ ਜਨੌੜੀ ਚੌਹਾਲ ਦਫ਼ਤਰ ਦੇ 11, ਕਾਰਜਕਾਰੀ ਇੰਜੀਨੀਅਰ ਐਸ.ਐਨ.ਈ. ਦੇ 4, ਕਾਰਜਕਾਰੀ ਇੰਜੀਨੀਅਰ ਸ਼ਾਹ ਨਹਿਰ ਦੇ 9, ਨਿਗਰਾਨ ਇੰਜੀਨੀਅਰ ਕੰਢੀ ਕੈਨਾਲ ਦੇ 2, ਕਾਰਜਕਾਰੀ ਇੰਜੀਨੀਅਰ ਇਨਟੈਂਸਿਵ ਇਨਵੈਸਟੀਗੇਸ਼ਨ ਦੇ 4 ਅਤੇ ਨਿਗਰਾਨ ਇੰਜੀਨੀਅਰ ਢੋਲਬਾਹਾ ਦਫ਼ਤਰ ਦੇ 6 ਕਰਮਚਾਰੀ ਸ਼ਾਮਲ ਸਨ।ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਵਿਭਾਗਾਂ ਦੇ ਮੁਖੀ ਆਪਣੀ ਅਤੇ ਆਪਣੇ ਕਰਮਚਾਰੀਆਂ ਦੀ ਸਮੇਂ-ਸਿਰ ਹਾਜ਼ਰੀ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਦਫ਼ਤਰਾਂ ਵਿੱਚ ਮੂਵਮੈਂਟ ਰਜਿਸਟਰ ਵੀ ਲਗਾਏ ਜਾਣ, ਤਾਂ ਜੋ ਪਤਾ ਲੱਗ ਸਕੇ ਕਿ ਕਿਹੜੇ ਅਧਿਕਾਰੀ ਜਾਂ ਕਰਮਚਾਰੀ ਦੌਰੇ 'ਤੇ ਹਨ। ਉਨ੍ਹਾਂ ਕਿਹਾ ਕਿ ਸੇਵਾ ਦੇ ਅਧਿਕਾਰ ਐਕਟ ਤਹਿਤ ਆਪਣੇ ਮਹਿਕਮੇ ਨਾਲ ਸਬੰਧਤ ਸੇਵਾਵਾਂ ਵੀ ਸਮੇਂ-ਸਿਰ ਦਿੱਤੀਆਂ ਜਾਣ। ਉਨ੍ਹਾਂ ਕਿਹਾ ਕਿ ਇਸ ਐਕਟ ਤਹਿਤ ਆਮ ਲੋਕਾਂ ਦੀ ਖੱਜਲ-ਖੁਆਰੀ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਜ਼ਿਲ੍ਹਾ ਮੈਜਿਸਟਰੇਟ ਨੇ ਲਗਾਈਆਂ ਵੱਖ-ਵੱਖ ਪਾਬੰਦੀਆਂ

ਹੁਸ਼ਿਆਰਪੁਰ, 12 ਜੁਲਾਈ:ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਵਲੋਂ ਵੱਖ-ਵੱਖ ਪਾਬੰਦੀਆਂ ਲਗਾਈਆਂ ਗਈਆਂ ਹਨ। ਜ਼ਿਲ੍ਹੇ ਦੀ ਹਦੂਦ ਅੰਦਰ ਆਮ ਜਨਤਾ ਦੁਆਰਾ ਆਰਮਡ ਫੋਰਸਿਸ, ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਦੀ ਵਰਦੀ ਦੀ ਵਰਤੋਂ ਕਰਨ 'ਤੇ ਪਾਬੰਦੀ ਲਗਾਈ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਕੋਈ ਵੀ ਅਣ-ਅਧਿਕਾਰਤ ਵਿਅਕਤੀ ਉਕਤ ਵਰਦੀ ਦਾ ਪ੍ਰਯੋਗ ਨਹੀਂ ਕਰ ਸਕੇਗਾ। ਇਸ ਤੋਂ ਇਲਾਵਾ ਇਸ ਤਰ੍ਹਾਂ ਦੀਆਂ ਵਰਦੀਆਂ ਵੇਚਣ ਅਤੇ ਖਰੀਦ ਕਰਨ 'ਤੇ ਵੀ ਪਾਬੰਦੀ ਹੋਵੇਗੀ। ਇਹ ਹੁਕਮ ਆਰਮਡ ਫੋਰਸਿਸ, ਪੰਜਾਬ ਪੁਲਿਸ ਅਤੇ ਬੀ.ਐਸ.ਐਫ. ਅਧਿਕਾਰੀਆਂ 'ਤੇ ਲਾਗੂ ਨਹੀਂ ਹੋਵੇਗਾ।  ਜ਼ਿਲ੍ਹਾ ਮੈਜਿਸਟਰੇਟ ਵਲੋਂ ਜ਼ਿਲ੍ਹੇ ਦੇ ਪੋਲਟਰੀ ਫਾਰਮਾਂ/ਰਾਇਸ ਸ਼ੈਲਰਾਂ/ਭੱਠਿਆਂ ਅਤੇ ਹੋਰ ਸਮਾਲ ਸਕੇਲ ਇੰਡਸਟਰੀਜ਼ ਦੇ ਮਾਲਕਾਂ ਦੇ ਨਾਲ-ਨਾਲ ਨੌਕਰ ਰੱਖਣ ਵਾਲਿਆਂ ਦੇ ਨਾਮ ਹੁਕਮ ਜਾਰੀ ਕੀਤੇ ਗਏ ਹਨ ਕਿ ਉਹ ਆਪਣੇ ਅਧੀਨ ਕੰਮ ਕਰਨ ਵਾਲੇ ਵਿਅਕਤੀਆਂ ਦਾ ਨਾਮ, ਪੂਰਾ ਪਤਾ, ਤਿੰਨ ਫੋਟੋਆਂ (ਸੱਜੇ, ਖੱਬੇ ਅਤੇ ਸਾਹਮਣੇ ਤੋਂ ਪੋਜ਼), ਆਪਣੇ ਘਰਾਂ ਵਿੱਚ ਰਜਿਸਟਰ ਲਾ ਕੇ ਰੱਖਣ ਤੋਂ ਇਲਾਵਾ ਉਨ੍ਹਾਂ ਦੇ ਸਾਰੇ ਰਿਸ਼ਤੇਦਾਰਾਂ ਦੇ ਐਡਰੈਸ ਵੀ ਲਿਖ ਕੇ ਰੱਖਣ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਨੌਕਰ ਦੇ ਫਿੰਗਰ ਪ੍ਰਿੰਟ ਮਾਲਕ ਆਪਣੇ ਰਜਿਸਟਰ ਵਿੱਚ ਲਾ ਕੇ ਰੱਖਣ ਅਤੇ ਇਹ ਸਾਰਾ ਰਿਕਾਰਡ ਇਲਾਕੇ ਦੇ ਥਾਣੇ ਜਾਂ ਪੁਲਿਸ ਚੌਂਕੀ ਵਿੱਚ ਵੀ ਤੁਰੰਤ ਦਰਜ ਕਰਾਉਣ।  ਉਕਤ ਤੋਂ ਇਲਾਵਾ ਜ਼ਿਲ੍ਹਾ ਮੈਜਿਸਟਰੇਟ ਵਲੋਂ ਇਹ ਵੀ ਹੁਕਮ ਜਾਰੀ ਕੀਤਾ ਗਿਆ ਹੈ ਕਿ ਜ਼ਿਲ੍ਹੇ ਵਿੱਚ ਪੈਂਦੇ ਸਾਰੇ ਮੈਰਿਜ ਪੈਲਸਾਂ ਵਿੱਚ ਕੋਈ ਵੀ ਵਿਅਕਤੀ ਵਿਆਹ ਸ਼ਾਦੀਆਂ ਜਾਂ ਕਿਸੇ ਹੋਰ ਮੌਕੇ 'ਤੇ  ਕਿਸੇ ਵੀ ਤਰ੍ਹਾਂ ਦੇ ਹਥਿਆਰ ਦੀ ਵਰਤੋਂ ਨਹੀਂ ਕਰੇਗਾ। ਇਸ ਸਬੰਧੀ ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਮੈਰਿਜ ਪੈਲੇਸ ਦੇ ਮਾਲਕ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਕੋਈ ਵੀ ਵਿਅਕਤੀ ਮੈਰਿਜ ਪੈਲੇਸ ਵਿੱਚ ਫੰਕਸ਼ਨ ਸਮੇਂ ਹਥਿਆਰ ਦੀ ਵਰਤੋਂ ਨਾ ਕਰੇ। ਆਰਮੀ ਪਰਸੋਨਲ, ਪੈਰਾ ਮਿਲਟਰੀ ਫੋਰਸ, ਪੁਲਿਸ ਕਰਮਚਾਰੀਆਂ ਅਤੇ ਜਿਨ੍ਹਾਂ ਨੂੰ ਆਪਣੇ ਨਾਲ ਹਥਿਆਰ ਰੱਖਣ ਦੇ ਅਧਿਕਾਰ ਮਿਲੇ ਹਨ, ਕੇਵਲ ਉਹ ਹੀ ਵਿਅਕਤੀ ਆਪਣੇ ਨਾਲ ਹਥਿਆਰ ਰੱਖ ਸਕਣਗੇ। ਇਹ ਹੁਕਮ 6 ਸਤੰਬਰ 2017 ਤੱਕ ਲਾਗੂ ਰਹਿਣਗੇ।

ਜੀ.ਐਸ.ਟੀ. ਤਹਿਤ 60 ਦਿਨਾਂ 'ਚ ਮਿਲੇਗਾ ਬਣਦਾ ਰਿਫੰਡ : ਵਿੱਤ ਕਮਿਸ਼ਨਰ

- ਕਿਹਾ, ਬਹੁ ਕਰ ਪ੍ਰਣਾਲੀ ਦਾ ਖਾਤਮਾ ਹੋਣ ਸਦਕਾ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਮਿਲੇਗੀ ਵੱਡੀ ਰਾਹਤ
-ਇੰਟਰ ਨੈਸ਼ਨਲ ਸੋਨਾਲੀਕਾ ਟਰੈਕਟਰ ਲਿਮਟਡ ਵਿਖੇ ਜੀ.ਐਸ.ਟੀ. ਸਬੰਧੀ ਹੋਇਆ ਵਿਸ਼ੇਸ਼ ਸਮਾਗਮ

ਹੁਸ਼ਿਆਰਪੁਰ, 12 ਜੁਲਾਈ :ਵਸਤਾਂ ਤੇ ਸੇਵਾਵਾਂ ਟੈਕਸ ( ਜੀ.ਐਸ.ਟੀ.) ਨਾਲ ਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਹੋਵੇਗੀ ਅਤੇ  ਜੀ.ਐਸ.ਟੀ. ਤਹਿਤ ਰਿਫੰਡ ਕੇਸ ਵਿੱਚ ਬਣਦਾ ਰਿਫੰਡ 60 ਦਿਨਾਂ ਦੇ ਅੰਦਰ-ਅੰਦਰ ਦੇਣ ਦੀ ਵਿਵਸਥਾ ਕੀਤੀ ਗਈ ਹੈ। ਜੇਕਰ ਮਿਥੇ ਸਮੇਂ ਵਿੱਚ ਰਿਫੰਡ ਨਹੀਂ ਮਿਲਦਾ, ਤਾਂ ਸਰਕਾਰ ਵਲੋਂ ਵਿਆਜ ਸਮੇਤ ਬਣਦੇ ਰਿਫੰਡ ਦੀ ਅਦਾਇਗੀ ਦਿੱਤੀ ਜਾਵੇਗੀ। ਵਿੱਤ ਕਮਿਸ਼ਨਰ (ਟੈਕਸੇਸ਼ਨ) ਸ਼੍ਰੀ ਅਨੁਰਾਗ ਅਗਰਵਾਲ ਆਈ.ਏ.ਐਸ. ਨੇ ਜ਼ਿਲ੍ਹੇ ਦੇ ਕਰ ਤੇ ਆਬਕਾਰੀ ਵਿਭਾਗ ਵਲੋਂ ਇੰਟਰ ਨੈਸ਼ਨਲ ਸੋਨਾਲੀਕਾ ਟਰੈਕਟਰ ਲਿਮਟਿਡ ਵਿਖੇ ਜੀ.ਐਸ.ਟੀ. ਸਬੰਧੀ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਇਹ ਵਿਚਾਰ ਪ੍ਰਗਟ ਕੀਤੇ। ਇਸ ਤੋਂ ਪਹਿਲਾਂ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿਖੇ ਪਹੁੰਚਣ 'ਤੇ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਅਤੇ ਐਸ.ਐਸ.ਪੀ. ਸ੍ਰੀ ਜੇ.ਇਲਨਚੇਲੀਅਨ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਗਾਰਡ ਆਫ਼ ਆਨਰ ਵੀ ਦਿੱਤਾ ਗਿਆ।
ਇਸ ਉਪਰੰਤ ਉਨ੍ਹਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸੇਵਾ ਕੇਂਦਰ ਵਿਖੇ ਵਿਭਾਗ ਵਲੋਂ ਜੀ.ਐਸ.ਟੀ. ਸਬੰਧੀ ਲਗਾਏ ਗਏ ਵਿਸ਼ੇਸ਼ ਕਾਊਂਟਰ ਦਾ ਵੀ ਦੌਰਾ ਕੀਤਾ। ਸੈਮੀਨਾਰ ਦੌਰਾਨ ਵਿੱਤ ਕਮਿਸ਼ਨਰ (ਟੈਕਸੇਸ਼ਨ) ਸ਼੍ਰੀ ਅਨੁਰਾਗ ਅਗਰਵਾਲ ਨੇ ਜ਼ਿਲ੍ਹੇ ਦੇ ਉਦਯੋਗਪਤੀਆਂ, ਵਕੀਲ ਸਾਹਿਬਾਨਾਂ, ਵੱਖ-ਵੱਖ ਵਪਾਰਕ ਐਸੋਸੀਏਸ਼ਨਾਂ ਅਤੇ ਵਪਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੀ.ਐਸ.ਟੀ.ਵਿਵਸਥਾ ਨਾਲ ਬਹੁ-ਕਰ ਪ੍ਰਣਾਲੀ ਦਾ ਖਾਤਮਾ ਹੋਣ ਸਦਕਾ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਇਕ ਮੁਲਕ ਅਤੇ ਇਕ ਕਰ ਦੀ ਵਿਵਸਥਾ ਨਾਲ ਆਰਥਿਕਤਾ ਨੂੰ ਮਜਬੂਤੀ ਮਿਲਣ ਦੇ ਨਾਲ-ਨਾਲ ਨਵੀਂ ਕਰ ਵਿਵਸਥਾ ਨਾਲ ਬੈਰੀਅਰਾਂ ਤੋਂ ਨਿਜਾਤ ਮਿਲੇਗੀ। ਉਨ੍ਹਾਂ ਕਿਹਾ ਕਿ ਜੀ.ਐਸ.ਟੀ.ਨਾਲ ਹੋਣ ਵਾਲੀ ਇਸ ਉਸਾਰੂ ਤਬਦੀਲੀ ਸਦਕਾ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਵਸਤਾਂ ਦੀ ਟਰਾਂਸਪੋਟੇਸ਼ਨ ਅਤੇ ਵਪਾਰਕ ਅਵਾਜਾਈ ਦੀਆਂ ਲਾਗਤਾਂ ਵੀ ਘਟਣਗੀਆਂ।ਸ੍ਰੀ ਅਨੁਰਾਗ ਅਗਰਵਾਲ ਨੇ ਕਿਹਾ ਕਿ ਇਸ ਨਵੀਂ ਪ੍ਰਣਾਲੀ ਤਹਿਤ ਰਾਜ ਤੇ ਕੇਂਦਰ ਸਰਕਾਰ ਇਕੱਠੇ ਮਿਲ ਕੇ ਕੰਮ ਕਰਨਗੇ। ਉਨਾਂ ਵਪਾਰੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਇਸ ਪ੍ਰਣਾਲੀ ਦੇ ਲਾਗੂ ਹੋ ਜਾਣ ਨਾਲ ਹੁਣ ਟੈਕਸ ਚੋਰੀ ਕਰਨਾ ਨਾ-ਮੁਮਕਿਨ ਹੈ ਅਤੇ ਜੇਕਰ ਕੋਈ ਟੈਕਸ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਉਂਦਾ ਵੀ ਹੈ, ਤਾਂ ਉਸ ਖਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਨੇ ਵਪਾਰੀਆਂ ਅਤੇ ਉਦਯੋਗਪਤੀਆਂ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਵਪਾਰੀ ਆਪਣਾ ਡਾਟਾ ਇਲੈਕਟ੍ਰੋਨਿਕ ਫਾਰਮ ਦੇ ਰੂਪ ਵਿੱਚ ਰੱਖ ਸਕਦੇ ਹਨ। ਇਸ ਦੇ ਨਾਲ ਉਨ੍ਹਾਂ ਨੂੰ ਜੀ.ਐਸ.ਟੀ. ਭਰਨ ਵਿੱਚ ਆਸਾਨੀ ਹੋਵੇਗੀ।ਸੈਮੀਨਾਰ ਦੇ ਅੰਤ ਵਿਚ ਸੋਨਾਲੀਕਾ ਦੇ ਚੇਅਰਮੈਨ ਸ੍ਰੀ ਅਮ੍ਰਿਤ ਸਾਗਰ ਮਿੱਤਲ ਨੇ ਸਾਰੇ ਵਪਾਰੀਆਂ ਅਤੇ ਉਦਯੋਗਪਤੀਆਂ ਦਾ ਧੰਨਵਾਦ ਕੀਤਾ ਅਤੇ ਇਸ ਤਰ੍ਹਾਂ ਦੇ ਜਾਣਕਾਰੀ ਭਰਪੂਰ ਸਮਾਗਮ ਦੀ ਸ਼ਲਾਘਾ ਕੀਤੀ। ਉਨ੍ਹਾਂ ਭਰੋਸਾ ਦੁਆਇਆ ਕਿ ਜ਼ਿਲ੍ਹੇ ਦੇ ਛੋਟੇ ਤੋਂ ਵੱਡੇ ਉਦਯੋਗਪਤੀ ਜੀ.ਐਸ.ਟੀ. ਤਹਿਤ ਸਰਕਾਰ ਨੂੰ ਪੂਰਾ ਸਹਿਯੋਗ ਦੇਣਗੇ। ਇਸ ਮੌਕੇ ਉਦਯੋਗਪਤੀਆਂ ਵਲੋਂ ਵੀ ਸ੍ਰੀ ਅਨੁਰਾਗ ਅਗਰਵਾਲ ਦਾ ਸਵਾਗਤ ਕੀਤਾ ਗਿਆ।ਇਸ ਮੌਕੇ 'ਤੇ ਡਿਪਟੀ ਕਮਿਸ਼ਨਰ ਸਟੇਟ ਟੈਕਸ ਜਲੰਧਰ ਡਵੀਜ਼ਨ ਸ੍ਰੀ ਬੀ ਕੇ ਵਿਰਦੀ, ਸਹਾਇਕ ਕਮਿਸ਼ਨਰ ਕਰ ਤੇ ਆਬਕਾਰੀ ਵਿਭਾਗ ਹਰਦੀਪ ਭਾਂਵਰਾ, ਡਾਇਰੈਕਟਰ ਡਿਵੈਲਪਮੈਂਟ ਐਂਡ ਕਮਰਸ਼ੀਅਲ ਸੋਨਾਲੀਕਾ ਗਰੁੱਪ ਸ੍ਰੀ ਅਕਸ਼ੇ ਸਾਗਵਾਨ, ਸ੍ਰੀ ਅਜਵਿੰਦਰ ਸਿੰਘ ਸਮੇਤ ਵੱਖ-ਵੱਖ ਵਪਾਰ ਮੰਡਲਾਂ ਦੇ ਪ੍ਰਤੀਨਿੱਧੀ ਵੀ ਮੌਜੂਦ ਸਨ।

ਸਿਪਾਹੀ (ਜਨਰਲ ਡਿਊਟੀ) ਦੀ ਭਰਤੀ ਰੈਲੀ 18 ਅਗਸਤ ਤੋਂ

ਹੁਸ਼ਿਆਰਪੁਰ, 12 ਜੁਲਾਈ:ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ (ਰਿਟਾ:) ਸ੍ਰੀ ਦਲਵਿੰਦਰ ਸਿੰਘ ਨੇ ਦੱਸਿਆ ਕਿ ਆਰਮੀ ਰਿਕਰੂਟਮੈਂਟ ਆਫਿਸ ਜਲੰਧਰ ਕੈਂਟ ਵਲੋਂ ਫਿਰੋਜਪੁਰ ਵਿਖੇ 18 ਤੋਂ 24 ਅਗਸਤ ਤੱਕ ਸਿਪਾਹੀ (ਜਨਰਲ ਡਿਊਟੀ) ਦੀ ਭਰਤੀ ਰੈਲੀ ਕੀਤੀ ਜਾਵੇਗੀ। ਇਸ ਭਰਤੀ ਰੈਲੀ ਦਾ ਆਯੋਜਨ ਕੇਵਲ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਨਵਾਂਸ਼ਹਿਰ ਜ਼ਿਲ੍ਹਿਆਂ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਭਰਤੀ ਲਈ ਆਨ ਲਾਈਨ ਰਜਿਸਟਰੇਸ਼ਨ ਹੋਵੇਗੀ। ਇਹ ਰਜਿਸਟਰੇਸ਼ਨ ਵੈਬ ਸਾਈਟ www.joinindianarmy.nic.in 'ਤੇ ਕੀਤੀ ਜਾ ਸਕਦੀ ਹੈ। ਕੇਵਲ ਓਹੀ ਉਮੀਦਵਾਰ ਭਰਤੀ ਵਿੱਚ ਹਿੱਸਾ ਲੈ ਸਕਣਗੇ, ਜਿਨ੍ਹਾਂ ਨੇ ਆਨ ਲਾਈਨ ਰਜਿਸਟਰੇਸ਼ਨ ਕਰਵਾਈ ਹੋਵੇਗੀ।

ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਦੀ ਹੋਵੇਗੀ ਰਿ-ਵੈਰੀਫਿਕੇਸ਼ਨ : ਐਸ.ਡੀ.ਐਮ.

ਹੁਸ਼ਿਆਰਪੁਰ, 12 ਜੁਲਾਈ: ਉਪ ਮੰਡਲ ਮੈਜਿਸਟਰੇਟ ਆਈ.ਏ.ਐਸ. ਸ੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਨੈਸ਼ਨਲ ਫੂਡ ਸਕਿਉਰਿਟੀ ਐਕਟ-2013 ਅਨੁਸਾਰ ਨਵੀਂ ਅਤੇ ਪੁਰਾਣੀ ਆਟਾ-ਦਾਲ ਸਕੀਮ ਅਧੀਨ ਸ਼ਨਾਖਤ ਕੀਤੇ ਗਏ ਲਾਭਪਾਤਰੀਆਂ ਦੀ ਰਿ-ਵੈਰੀਫਿਕੇਸ਼ਨ ਕਰਵਾਈ ਜਾਣੀ ਹੈ। ਇਸ ਕੰਮ ਲਈ ਪਿੰਡ ਅਤੇ ਕਸਬਾ ਵਾਈਜ਼ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਅਤੇ ਇਹ ਟੀਮਾਂ ਘਰ-ਘਰ ਜਾ ਕੇ ਆਟਾ-ਦਾਲ ਲਾਭਪਾਤਰੀਆਂ ਦੀ ਮੁੜ ਵੈਰੀਫਿਕੇਸ਼ਨ ਕਰਨਗੀਆਂ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਆਟਾ-ਦਾਲ ਲਾਭਪਾਤਰੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਆਪਣੇ-ਆਪਣੇ ਡੀਪੂ ਹੋਲਡਰਾਂ ਨਾਲ ਤੁਰੰਤ ਸੰਪਰਕ ਕਰਨ ਅਤੇ ਸਰਕਾਰ ਵਲੋਂ ਜਾਰੀ ਕੀਤਾ ਗਿਆ ਪ੍ਰੋਫਾਰਮਾ ਮੁਕੰਮਲ ਕਰਕੇ ਆਧਾਰ ਕਾਰਡ ਕਾਪੀ ਅਤੇ ਬੈਂਕ ਦੀ ਪਾਸ ਬੁੱਕ ਦੀ ਫੋਟੋ ਕਾਪੀ ਡੀਪੂ ਹੋਲਡਰਾਂ ਕੋਲ ਜਮ੍ਹਾਂ ਕਰਾਉਣਾ ਯਕੀਨੀ ਬਣਾਉਣ। ਉਨ੍ਹਾਂ ਕਿਹਾ ਕਿ ਜੇਕਰ ਰਿ-ਵੈਰੀਫਿਕੇਸ਼ਨ ਨਹੀਂ ਕਰਵਾਈ ਗਈ, ਤਾਂ ਨੀਲਾ ਕਾਰਡ ਰੱਦ ਵੀ ਕੀਤਾ ਜਾ ਸਕਦਾ ਹੈ।

ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਕਾਰਗਰ ਸਾਬਤ ਹੋ ਸਕਦੀ ਹੈ ਆਰਸੈਟੀ ਸੰਸਥਾ : ਡਿਪਟੀ ਕਮਿਸ਼ਨਰ

-ਕਿਹਾ, ਕਰਵਾਏ ਜਾਂਦੇ ਕੋਰਸਾਂ ਸਬੰਧੀ ਫੈਲਾਈ ਜਾਵੇ ਜਾਗਰੂਕਤਾ
- ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾ ਦੀ 2016-17 ਦੀ ਪ੍ਰਕਾਸ਼ਿਤ ਕੀਤੀ ਚੌਥੀ ਸਲਾਨਾ ਗਤੀਵਿਧੀ ਰਿਪੋਰਟ ਜਾਰੀ

ਹੁਸ਼ਿਆਰਪੁਰ, 12 ਜੁਲਾਈ: ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾ (ਆਰਸੈਟੀ) ਬੇਰੁਜ਼ਗਾਰੀ ਨੂੰ ਠੱਲ੍ਹ ਪਾਉਣ ਲਈ ਅਹਿਮ ਯੋਗਦਾਨ ਅਦਾ ਕਰ ਸਕਦੀ ਹੈ, ਇਸ ਲਈ ਇਸ ਸੰਸਥਾ ਵਲੋਂ ਕਰਵਾਏ ਜਾਂਦੇ ਕੋਰਸਾਂ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਈ ਜਾਵੇ। ਉਹ ਅੱਜ ਪੰਜਾਬ ਨੈਸ਼ਨਲ ਬੈਂਕ, ਪੇਂਡੂ ਸਵੈ-ਰੋਜ਼ਗਾਰ ਸਿਖਲਾਈ ਸੰਸਥਾ ਦੀ 2016-17 ਦੀ ਪ੍ਰਕਾਸ਼ਿਤ ਕੀਤੀ ਚੌਥੀ ਸਲਾਨਾ ਗਤੀਵਿਧੀ ਰਿਪੋਰਟ ਜਾਰੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੰਸਥਾ ਵਿੱਚ ਕੋਰਸ ਕਰ ਚੁੱਕੇ ਸਿਖਿਆਰਥੀ ਜੇਕਰ ਆਪਣਾ ਕਰਜ਼ਾ ਲੈ ਕੇ ਕੰਮ ਖੋਲ੍ਹਣਾ ਚਾਹੁੰਦੇ ਹਨ, ਤਾਂ ਸੰਸਥਾ ਪਹਿਲ ਦੇ ਆਧਾਰ 'ਤੇ ਉਨ੍ਹਾਂ ਨੂੰ ਕਰਜ਼ਾ ਵੀ ਮੁਹੱਈਆ ਕਰਵਾਏ, ਤਾਂ ਜੋ ਸਿਖਿਆਰਥੀਆਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸੰਸਥਾ ਰਾਹੀਂ 18 ਤੋਂ 45 ਸਾਲ ਉਮਰ ਵਰਗ ਦੇ ਨੌਜਵਾਨ ਲੜਕੇ-ਲੜਕੀਆਂ ਨੂੰ ਵਿਸ਼ੇਸ਼ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬਿਊਟੀ ਪਾਰਲਰ ਮੈਨੇਜਮੈਂਟ, ਵੋਮੈਨ ਟੇਲਰ, ਡੇਅਰੀ ਫਾਰਮਿੰਗ, ਮੋਬਾਇਲ ਰਿਪੇਅਰ, ਕੰਪਿਊਟਰ ਹਾਰਡ ਵੇਅਰ, ਕੰਪਿਊਟਰਾਈਜ਼ ਅਕਾਊਟਿੰਗ, ਏ.ਸੀ., ਫਰਿਜ ਰਿਪੇਅਰ, ਫੋਟੋ ਫਰੇਮਿੰਗ ਤੋਂ ਇਲਾਵਾ ਹੋਰ ਵੀ ਕੋਰਸ ਬਿਲਕੁੱਲ ਮੁਫ਼ਤ ਕਰਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਸਿਖਲਾਈ ਵਸਤਾਂ ਅਤੇ ਖਾਣਾ ਮੁਫ਼ਤ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਆਰਸੈਟੀ ਸੰਸਥਾ ਹੋਰ ਵੀ ਗੰਭੀਰਤਾ ਨਾਲ ਸਿਖਿਆਰਥੀਆਂ ਨੂੰ ਸਿਖਲਾਈ ਪ੍ਰਦਾਨ ਕਰੇ ਅਤੇ ਵੱਖ-ਵੱਖ ਟਰੇਨਿੰਗਾਂ ਬਾਰੇ ਜਾਗਰੂਕਤਾ ਵੀ ਫੈਲਾਈ ਜਾਵੇ। ਪੰਜਾਬ ਨੈਸ਼ਨਲ ਦੇ ਡਿਪਟੀ ਜਨਰਲ ਮੈਨੇਜਰ ਸ੍ਰੀ ਅਨਿਲ ਕੁਮਾਰ ਭਾਟੀਆ ਨੇ ਦੱਸਿਆ ਕਿ ਆਰਸੈਟੀ ਸੰਸਥਾ ਵਲੋਂ ਪਿੰਡਾਂ ਵਿੱਚ ਜਾਗਰੂਕਤਾ ਕੈਂਪ ਵੀ ਲਗਾਏ ਜਾ ਰਹੇ ਹਨ, ਜਿਸ ਵਿੱਚ ਵੱਧ ਤੋਂ ਵੱਧ ਬੇ-ਰੋਜ਼ਗਾਰ ਆਦਮੀਆਂ ਅਤੇ ਔਰਤਾਂ ਨੂੰ ਸੰਸਥਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਸਾਲ 2016-17 ਵਿੱਚ ਸੰਸਥਾ ਦੁਆਰਾ 130 ਪਿੰਡਾਂ ਵਿੱਚ ਜਾਗਰੂਕਤਾ ਕੈਂਪ ਲਗਾਏ ਗਏ। ਉਨ੍ਹਾਂ ਕਿਹਾ ਕਿ ਹੁਣ ਤੱਕ 3124 ਸਿਖਿਆਰਥੀਆਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ, ਜਿਸ ਵਿੱਚ 2655 ਔਰਤਾਂ ਅਤੇ 469 ਮਰਦ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ ਕਈ ਵਿਅਕਤੀਆਂ ਨੇ ਆਪਣਾ ਕੰਮ ਵੀ ਸ਼ੁਰੂ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਟਰੇਨਿੰਗ ਪ੍ਰੋਗਰਾਮਾਂ ਦੌਰਾਨ ਖੇਡਾਂ ਅਤੇ ਭਾਸ਼ਨਾਂ ਦੁਆਰਾ ਵਪਾਰ ਕਰਨ ਦੇ ਗੁਣ ਦੀ ਵੀ ਸਿਖਲਾਈ ਜਾਂਦੇ ਹਨ। ਇਸ ਮੌਕੇ ਜ਼ਿਲ੍ਹੇ ਦੇ ਲੀਡ ਜ਼ਿਲ੍ਹਾ ਮੈਨੇਜਰ ਸ੍ਰੀ ਅਰਵਿੰਦ ਸਰੋਚ, ਸੰਸਥਾ ਦੇ ਡਾਇਰੈਕਟਰ ਸ੍ਰੀ ਬਲਵਿੰਦਰ ਪਾਲ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਲੇਟ ਲਤੀਫਾਂ ਨੂੰ ਪਈਆਂ ਭਾਜੜਾਂ

- ਅਚਨਚੇਤ ਚੈਕਿੰਗ ਦੌਰਾਨ 54 ਅਧਿਕਾਰੀ ਤੇ ਕਰਮਚਾਰੀ ਗੈਰ-ਹਾਜ਼ਰ ਪਾਏ ਗਏ
-ਅਧਿਕਾਰੀ ਅਤੇ ਕਰਮਚਾਰੀ ਦਫ਼ਤਰਾਂ 'ਚ ਹਾਜ਼ਰੀ ਯਕੀਨੀ ਬਣਾਉਣ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 12 ਜੁਲਾਈ:ਅੱਜ ਸਵੇਰੇ ਲੇਟ ਲਤੀਫ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਉਦੋਂ ਭਾਜੜਾਂ ਪੈ ਗਈਆਂ ਜਦੋਂ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਦੇ ਆਦੇਸ਼ਾਂ 'ਤੇ ਏ.ਡੀ.ਸੀ. (ਜ), ਸਹਾਇਕ ਕਮਿਸ਼ਨਰ ਅਤੇ ਜ਼ਿਲ੍ਹਾ ਮਾਲ ਅਫ਼ਸਰ ਵਲੋਂ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ।
ਚੈਕਿੰਗ ਦੌਰਾਨ 54 ਅਧਿਕਾਰੀ ਤੇ ਕਰਮਚਾਰੀ ਗੈਰ-ਹਾਜ਼ਰ ਪਾਏ ਗਏ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰੀ ਦਫ਼ਤਰਾਂ ਵਿੱਚ ਅਧਿਕਾਰੀਆਂ, ਕਰਮਚਾਰੀਆਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਇਹ ਅਚਨਚੇਤ ਚੈਕਿੰਗ ਕਰਵਾਈ ਗਈ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀਆਂ ਨੂੰ ਪਾਰਦਰਸ਼ੀ ਅਤੇ ਸਾਫ਼-ਸੁਥਰਾ ਪ੍ਰਸ਼ਾਸ਼ਨ ਦੇਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜੇਕਰ ਕਿਸੇ ਵਿਭਾਗ ਦੇ ਅਧਿਕਾਰੀ ਜਾਂ ਕਰਮਚਾਰੀ ਸਮੇਂ-ਸਿਰ ਆਪਣੇ ਦਫ਼ਤਰ ਨਹੀਂ ਬੈਠਣਗੇ, ਤਾਂ ਉਨ੍ਹਾਂ ਦੇ ਦਫ਼ਤਰ ਨਾਲ ਸਬੰਧਤ ਕੰਮ ਕਰਵਾਉਣ ਆਉਣ ਵਾਲੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਸਹੂਲਤਾਂ ਸਮੇਂ-ਸਿਰ ਹਾਜ਼ਰ ਹੋ ਕੇ ਹੀ ਸਬੰਧਤ ਅਧਿਕਾਰੀ ਜਾਂ ਕਰਮਚਾਰੀ ਵਲੋਂ ਦਿੱਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀ ਚੈਕਿੰਗ ਕੀਤੀ ਜਾਵੇਗੀ, ਤਾਂ ਜੋ ਲੇਟ ਲਤੀਫ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਜਾ ਸਕੇ। ਉਧਰ ਅੱਜ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ, ਡਿਪਟੀ ਡਾਇਰੈਕਟਰ ਡੇਅਰੀ, ਮੰਡਲ ਭੂਮੀ ਰੱਖਿਆ ਅਫ਼ਸਰ, ਜ਼ਿਲ੍ਹਾ ਖੋਜ ਅਫ਼ਸਰ, ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ, ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫ਼ਸਰ ਅਤੇ ਡੀ.ਐਫ.ਐਸ.ਸੀ. ਦੇ ਦਫ਼ਤਰਾਂ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ 21 ਅਧਿਕਾਰੀ ਅਤੇ ਕਰਮਚਾਰੀ ਗੈਰ ਹਾਜ਼ਰ ਪਾਏ ਗਏ। ਇਸ ਤੋਂ ਇਲਾਵਾ ਸਹਾਇਕ ਕਮਿਸ਼ਨਰ ਸ੍ਰੀ ਅਮਰਜੀਤ ਸਿੰਘ ਵਲੋਂ ਕੀਤੀ ਚੈਕਿੰਗ ਦੌਰਾਨ 10 ਅਧਿਕਾਰੀ ਤੇ ਕਰਮਚਾਰੀ ਗੈਰ ਹਾਜ਼ਰ ਪਾਏ ਗਏ, ਜਦਕਿ ਜ਼ਿਲ੍ਹਾ ਮਾਲ ਅਫ਼ਸਰ ਸ੍ਰੀ ਅਮਨਪਾਲ ਸਿੰਘ ਵਲੋਂ ਕੀਤੀ ਚੈਕਿੰਗ ਦੌਰਾਨ 23 ਅਧਿਕਾਰੀ ਤੇ ਕਰਮਚਾਰੀ ਗੈਰ-ਹਾਜ਼ਰ ਪਾਏ ਗਏ।

ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ ਕੀਤੇ ਵੱਖ-ਵੱਖ ਪਾਬੰਦੀਆਂ ਦੇ ਹੁਕਮ

ਮਿਲਟਰੀ ਵਰਦੀ ਤੇ ਉਲਾਈਵ ਹਰੇ ਰੰਗ ਦੇ ਵਾਹਨਾਂ, ਛੱਪੜ ਪੂਰਨ, ਗਊਵੰਸ਼ ਦੀ ਢੋਆ-ਢੁਆਈ ਅਤੇ ਨਹਿਰਾਂ 'ਤੇ ਡੰਗਰਾਂ ਨੂੰ ਪਾਣੀ ਪਿਲਾਉਣ ਜਾਂ ਨਹਾਉਣ 'ਤੇ ਪੂਰਨ ਪਾਬੰਦੀ
ਹੁਸ਼ਿਆਰਪੁਰ, 11 ਜੁਲਾਈ:ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਵਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਕੀਤੇ ਇਨ੍ਹਾਂ ਹੁਕਮਾਂ ਵਿੱਚ ਜਿਥੇ ਮਿਲਟਰੀ ਵਰਦੀ ਅਤੇ ਉਲਾਈਵ ਹਰੇ ਰੰਗ ਦੇ ਵਾਹਨਾਂ 'ਤੇ ਪਾਬੰਦੀ ਲਗਾਈ ਗਈ ਹੈ, ਉਥੇ ਛੱਪੜ ਪੂਰਨ, ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਗਊਵੰਸ਼ ਦੀ ਢੋਆ-ਢੁਆਈ ਤੋਂ ਇਲਾਵਾ ਵੱਡੀਆਂ-ਛੋਟੀਆਂ ਨਹਿਰਾਂ 'ਤੇ ਡੰਗਰਾਂ ਨੂੰ ਪਾਣੀ ਪਿਲਾਉਣ ਜਾਂ ਨਹਾਉਣ 'ਤੇ ਪੂਰਨ ਪਾਬੰਦੀ ਲਗਾਈ ਗਈ ਹੈ।
 ਜਾਰੀ ਕੀਤੇ ਗਏ ਹੁਕਮਾਂ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹੇ ਦੀ ਹੱਦ ਅੰਦਰ ਮਿਲਟਰੀ ਵਰਦੀ ਅਤੇ ਉਲਾਈਵ ਹਰੇ ਰੰਗ (ਮਿਲਟਰੀ ਰੰਗ) ਦੀਆਂ ਜੀਪਾਂ, ਮੋਟਰ ਸਾਈਕਲਾਂ, ਮੋਟਰ ਗੱਡੀਆਂ ਦੀ ਵਰਤੋਂ ਕਰਨ 'ਤੇ ਪਾਬੰਦੀ ਇਸ ਕਰਕੇ ਲਗਾਈ ਗਈ ਹੈ ਕਿ ਕਿਸੇ ਵੀ ਸਮਾਜ ਵਿਰੋਧੀ ਅਨਸਰਾਂ ਵਲੋਂ ਅਜਿਹੇ ਰੰਗ ਦੀ ਵਰਤੋਂ ਨਾ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਹੁਕਮ ਮਿਲਟਰੀ ਅਧਿਕਾਰੀਆਂ 'ਤੇ ਲਾਗੂ ਨਹੀਂ ਹੋਵੇਗਾ।
 ਇਸ ਤੋਂ ਇਲਾਵਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਕੋਈ ਵੀ ਵਿਅਕਤੀ ਜਾਂ ਪੰਚਾਇਤ ਜਾਂ ਨਗਰ ਕੌਂਸਲ ਜਾਂ ਨਗਰ ਪੰਚਾਇਤ ਸਬੰਧਤ ਉਪ-ਮੰਡਲ  ਮੈਜਿਸਟਰੇਟ  ਦੀ ਲਿਖਤੀ ਪੂਰਵ ਪ੍ਰਵਾਨਗੀ ਤੋਂ ਬਿਨ੍ਹਾਂ ਕੋਈ ਛੱਪੜ ਨਹੀਂ ਪੂਰੇਗਾ। ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਇਹ ਹੁਕਮ ਇਸ ਗੱਲ ਨੂੰ ਧਿਆਨ ਵਿੱਚ ਰੱਖ ਕੇ ਜਾਰੀ ਕੀਤਾ ਗਿਆ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੇਂਡੂ/ਸ਼ਹਿਰੀ ਖੇਤਰਾਂ ਵਿੱਚ ਆਮ ਜਨਤਾ/ਪੰਚਾਇਤਾਂ ਵਲੋਂ ਜਨਤਕ ਛੱਪੜ ਪੂਰਨ ਦਾ ਕੰਮ ਕੀਤਾ ਜਾ ਰਿਹਾ ਹੈ, ਜਿਸ ਨਾਲ ਲੋਕ ਦੁਰਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸ ਦੇ ਨਾਲ ਹੀ ਪਾਣੀ ਦੇ  ਵਹਾਓ ਨੂੰ ਲੈ ਕੇ ਪਿੰਡਾਂ ਵਿੱਚ  ਝਗੜਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ, ਜਿਸ ਕਰਕੇ ਛੱਪੜਾਂ ਦੇ ਪੂਰਨ ਦੇ ਕੰਮ ਨੂੰ ਕੰਟਰੋਲ ਕਰਨਾ ਅਤੇ ਲੋਕ ਸ਼ਾਂਤੀ ਨੂੰ ਬਹਾਲ ਕਰਨਾ ਜ਼ਰੂਰੀ ਹੋ ਗਿਆ ਹੈ। ਉਕਤ ਹੁਕਮਾਂ ਤੋਂ ਇਲਾਵਾ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਗਰਮੀਆਂ ਨੂੰ ਸ਼ਾਮ 6 ਵਜੇ ਤੋਂ ਸਵੇਰੇ 6 ਵਜੇ ਤੱਕ ਅਤੇ ਸਰਦੀਆਂ ਨੂੰ ਸ਼ਾਮ 5 ਵਜੇ ਤੋਂ ਸਵੇਰੇ 7 ਵਜੇ ਤੱਕ ਗਊ ਵੰਸ਼ ਦੀ ਢੋਆ-ਢੁਆਈ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਸ ਹੁਕਮ ਰਾਹੀਂ ਜਿਨ੍ਹਾਂ ਲੋਕਾਂ ਨੇ ਗਊ ਵੰਸ਼ ਰੱਖੇ ਹੋਏ ਹਨ, ਉਨ੍ਹਾਂ ਨੂੰ ਪਸ਼ੂ ਪਾਲਣ ਵਿਭਾਗ ਪਾਸ ਰਜਿਸਟਰਡ ਕਰਾਉਣ ਦੇ ਆਦੇਸ਼ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਹੜੇ ਪਸ਼ੂ ਪਾਲਕਾਂ ਨੇ ਗਊਵੰਸ਼ ਰੱਖਿਆ ਹੋਇਆ ਹੈ, ਉਨ੍ਹਾਂ ਨੂੰ ਰਜਿਸਟਰਡ ਕਰਵਾਉਣ ਲਈ ਏਰੀਏ ਦੇ ਸਬੰਧਤ ਪਸ਼ੂ ਪਾਲਣ ਅਫ਼ਸਰ ਕੋਲ ਰਜਿਸਟਰੇਸ਼ਨ ਕਰਵਾਈ ਜਾਵੇ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਗਊਵੰਸ਼ ਨੂੰ ਲੈ ਕੇ ਕੋਈ ਅਣ-ਸੁਖਾਵੀਂ ਘਟਨਾ ਨਾ ਵਾਪਰ ਸਕੇ। ਅਗਲੇ ਹੁਕਮ ਵਿੱਚ ਜਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਦੇ ਅੰਦਰ ਵੱਡੀਆਂ-ਛੋਟੀਆਂ ਨਹਿਰਾਂ, ਚੋਅ ਦੇ ਬੰਧ ਅਤੇ ਦਰਿਆ ਬਿਆਸ ਦੇ ਕੰਡੇ ਬਣੇ ਧੁਸੀ ਬੰਧ ਵਿੱਚ ਕਿਸੇ ਵੀ ਵਿਅਕਤੀ ਵਲੋਂ ਡੰਗਰਾਂ ਨੂੰ ਪਾਣੀ ਪਿਲਾਉਣ ਜਾਂ ਨਹਾਉਣ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਉਪਰੋਕਤ ਹੁਕਮ 6 ਸਤੰਬਰ 2017 ਤੱਕ ਲਾਗੂ ਰਹਿਣਗੇ।

ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਦੀ ਚੁਕਾਈ ਸਹੁੰ

-ਜ਼ਿਲ੍ਹੇ ਦੇ 10 ਬਲਾਕਾਂ ਵਿੱਚ ਕਰਵਾਏ ਗਏ ਸਹੁੰ ਚੁੱਕ ਪ੍ਰੋਗਰਾਮ
-ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਅਤੇ ਧਰਤੀ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਲਈ ਹਰੇਕ ਕਿਸਾਨ ਦੀ ਪਹਿਲ ਕਦਮੀ ਜ਼ਰੂਰੀ : ਡਿਪਟੀ ਕਮਿਸ਼ਨਰ

ਹੁਸ਼ਿਆਰਪੁਰ, 11 ਜੁਲਾਈ: ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਸਬੰਧੀ ਅੱਜ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਕਿਸਾਨਾਂ ਨੂੰ ਖੇਤਾਂ ਦੀ ਰਹਿੰਦ-ਖੂੰਹਦ ਨਾ ਸਾੜਨ ਦੀ ਸਹੁੰ ਚੁਕਾਈ ਗਈ। ਇਹ ਪ੍ਰੋਗਰਾਮ ਜ਼ਿਲ੍ਹੇ ਦੇ ਸਾਰੇ 10 ਬਲਾਕਾਂ ਵਿੱਚ ਕਰਵਾਇਆ ਗਿਆ ਅਤੇ ਕਰੀਬ 2000 ਤੋਂ ਵੱਧ ਕਿਸਾਨਾਂ ਵਲੋਂ ਸਹੁੰ ਚੁੱਕੀ ਗਈ ਕਿ ਉਹ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਰਹਿੰਦ-ਖੂੰਹਦ ਨੂੰ ਅੱਗ ਨਹੀਂ ਲਗਾਉਣਗੇ। 
ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਇਸ ਸਹੁੰ ਚੁੱਕ ਸਮਾਗਮ ਰਾਹੀਂ ਕਿਸਾਨਾਂ ਨੂੰ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ ਉਹ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ, ਕਿਉਂਕਿ ਇਸ ਨਾਲ ਜਿਥੇ ਵਾਤਾਵਰਣ ਦੂਸ਼ਿਤ ਹੁੰਦਾ ਹੈ, ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਉਹ ਅੱਗੇ ਤੋਂ ਅਜਿਹਾ ਨਹੀਂ ਕਰਨਗੇ ਅਤੇ ਵਾਤਾਵਰਣ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਬਾਕੀ ਕਿਸਾਨਾਂ ਨੂੰ ਵੀ ਜਾਗਰੂਕ ਕਰਨਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪਰਾਲੀ/ਨਾੜ ਨੂੰ ਖੇਤ ਵਿੱਚ ਹੀ ਦਬਾਉਣ ਲਈ ਤਿਆਰ ਕੀਤੇ ਗਏ ਸੰਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਖੇਤੀਬਾੜੀ ਭਵਨ ਹੁਸ਼ਿਆਰਪੁਰ ਵਿਖੇ ਕਰਵਾਏ ਗਏ ਸਹੁੰ ਚੁੱਕ ਸਮਾਰੋਹ ਵਿੱਚ ਬੋਲਦਿਆਂ ਖੇਤੀਬਾੜੀ ਅਫ਼ਸਰ ਸ੍ਰੀ ਗੁਰਬਖਸ਼ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਸਮੇਂ-ਸਮੇਂ ਸਿਰ ਸਿਖਲਾਈ ਕੈਂਪਾਂ ਰਾਹੀਂ ਝੋਨੇ ਦੀ ਪਰਾਲੀ, ਕਣਕ ਦੇ ਨਾੜ ਅਤੇ ਹੋਰ ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਗ ਲਾਉਣ ਨਾਲ ਭੂਮੀ ਦਾ ਜੀਵਕ ਮਾਦਾ, ਸੂਖਮ ਤੱਤ ਅਤੇ ਜੀਵਾਣੂ ਖਤਮ ਹੋ ਜਾਂਦੇ ਹਨ, ਜਿਸ ਨਾਲ ਖੇਤੀ ਉਤਪਾਦਨ ਘੱਟਦਾ ਹੈ ਅਤੇ ਉਪਜ ਦੀ ਕੁਆਲਟੀ 'ਤੇ ਵੀ ਅਸਰ ਪੈਂਦਾ ਹੈ। ਡਿਪਟੀ ਰਜਿਸਟਰਾਰ ਕੋ-ਅਪਰੇਟਿਵ ਸੁਸਾਇਟੀ ਸ੍ਰੀ ਰਾਮ ਦਾਸ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਸਾਂਭਣ ਲਈ ਕਈ ਤਰ੍ਹਾਂ ਦੇ ਸੰਦ ਅਤੇ ਤਕਨੀਕਾਂ ਉਪਲਬੱਧ ਹਨ, ਜਿਨ੍ਹਾਂ ਦੀ ਵਰਤੋਂ ਨਾਲ ਪਰਾਲੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਰਤੇ ਜਾਂਦੇ ਸੰਦਾਂ 'ਤੇ ਸਰਕਾਰ ਵਲੋਂ ਸਬਸਿਡੀ ਵੀ ਦਿੱਤੀ ਜਾ ਰਹੀ ਹੈ।ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀ ਪ੍ਰੀਤ ਕੋਹਲੀ, ਭੌਂ ਪਰਖ ਅਫ਼ਸਰ ਸ੍ਰੀ ਸੁਰਿੰਦਰ ਸਿੰਘ, ਖੇਤੀਬਾੜੀ ਅਫ਼ਸਰ ਸ੍ਰੀ ਕਿਸ਼ੋਰੀ ਲਾਲ ਅਤੇ ਸ੍ਰੀ ਗੁਰਮੇਲ ਸਿੰਘ, ਸਹਾਇਕ ਰਜਿਸਟਰਾਰ ਕੋ-ਅਪਰੇਟਿਵ ਸੁਸਾਇਟੀ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਮਾਤਾ ਚਿੰਤਪੁਰਨੀ ਮੇਲੇ ਦੌਰਾਨ ਬਿਨ੍ਹਾਂ ਪ੍ਰਵਾਨਗੀ ਨਹੀਂ ਚੱਲਣਗੇ ਡੀ.ਜੇ : ਡਿਪਟੀ ਕਮਿਸ਼ਨਰ

-ਲੰਗਰ ਕਮੇਟੀਆਂ ਨੂੰ ਲੰਗਰ ਲਈ ਪੱਤਲਾਂ ਦੀ ਵਰਤੋਂ ਕਰਨ ਦੀ ਕੀਤੀ ਅਪੀਲ
-ਕਿਸੇ ਵੀ ਸਮੱਸਿਆ ਲਈ ਨੋਡਲ ਅਫ਼ਸਰ ਨਾਲ ਹੈਲਪਲਾਈਨ ਨੰਬਰ 98722-75252 'ਤੇ ਕੀਤਾ ਜਾ ਸਕਦੈ ਸੰਪਰਕ
ਹੁਸ਼ਿਆਰਪੁਰ, 11 ਜੁਲਾਈ : ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਕਿਹਾ ਕਿ ਮਾਤਾ ਚਿੰਤਪੁਰਨੀ ਮੇਲੇ ਦੌਰਾਨ ਬਿਨ੍ਹਾਂ ਪ੍ਰਵਾਨਗੀ ਡੀ.ਜੇ. ਦੀ ਵਰਤੋਂ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਜੇਕਰ ਕੋਈ ਅਜਿਹਾ ਕਰੇਗਾ, ਉਸ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹ ਅੱਜ 24 ਜੁਲਾਈ ਤੋਂ 1 ਅਗਸਤ ਤੱਕ ਚੱਲਣ ਵਾਲੇ ਮਾਤਾ ਚਿੰਤਪੁਰਨੀ ਮੇਲੇ ਸਬੰਧੀ ਅਗੇਤੇ ਪ੍ਰਬੰਧਾਂ ਲਈ ਧਾਰਮਿਕ ਸੰਸਥਾਵਾਂ ਅਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ ਡਿਪਟੀ ਕਮਿਸ਼ਨਰ ਵਲੋਂ ਬਿਨ੍ਹਾਂ ਪ੍ਰਵਾਨਗੀ ਡੀ.ਜੇ. 'ਤੇ ਰੋਕ ਲਗਾਉਣ ਦਾ ਫੈਸਲਾ ਭਾਰਤੀ ਸਨਾਤਨ ਧਰਮ ਮਹਾਵੀਰ ਦਲ ਅਤੇ ਜ਼ਿਲ੍ਹਾ ਪੁਲਿਸ ਵਲੋਂ ਕੀਤੀ ਸ਼ਿਫਾਰਿਸ਼ 'ਤੇ ਲਿਆ ਗਿਆ ਹੈ। ਉਕਤ ਧਾਰਮਿਕ ਸੰਸਥਾ ਵਲੋਂ ਧਿਆਨ ਵਿਚ ਲਿਆਂਦਾ ਗਿਆ ਕਿ ਕਈ ਵਾਰ ਡੀ.ਜੇ 'ਤੇ ਜੋ ਗਾਣੇ ਚਲਾਏ ਜਾਂਦੇ ਹਨ, ਉਹ ਸਭਿਅੱਕ ਅਤੇ ਧਾਰਮਿਕ ਨਹੀਂ ਹੁੰਦੇ, ਜਿਸ ਨਾਲ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਜ਼ਿਲ੍ਹਾ ਪੁਲਿਸ ਵਲੋਂ ਦੱਸਿਆ ਗਿਆ ਕਿ ਡੀ.ਜੇ ਦੀ ਵਰਤੋਂ ਨਾਲ ਟ੍ਰੈਫਿਕ ਵਿਵਸਥਾ ਪ੍ਰਭਾਵਿਤ ਹੁੰਦੀ ਹੈ।
ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਟ੍ਰੈਫਿਕ ਸਮੱਸਿਆ ਪੈਦਾ ਕਰਨ ਦਾ ਕਾਰਨ ਬਣਦੇ ਡੀ.ਜੇ. 'ਤੇ ਡਿਪਟੀ ਕਮਿਸ਼ਨਰ ਨੇ ਮੇਲੇ ਦੌਰਾਨ ਰੋਕ ਲਗਾਉਂਦਿਆਂ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਹਦਾਇਤ ਕੀਤੀ ਕਿ ਬਿਨ੍ਹਾਂ ਪ੍ਰਵਾਨਗੀ ਤੋਂ ਚੱਲਣ ਵਾਲੇ ਡੀ.ਜੇ. 'ਤੇ ਤੁਰੰਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਡੀ.ਜੇ. ਦੀ ਪ੍ਰਵਾਨਗੀ ਐਸ.ਡੀ.ਐਮ. ਹੁਸ਼ਿਆਰਪੁਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਮਾਤਾ ਚਿੰਤਪੁਰਨੀ ਮੇਲੇ ਨੂੰ ਸਫਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।ਸ਼੍ਰੀ ਵਿਪੁਲ ਉਜਵਲ ਨੇ ਮੇਲੇ ਦੌਰਾਨ ਕਿਸੇ ਵੀ ਸਮੱਸਿਆ ਦੇ ਹੱਲ ਲਈ ਜਿੱਥੇ ਨੋਡਲ ਅਫ਼ਸਰ ਤਾਇਨਾਤ ਕੀਤਾ, ਉਥੇ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ। ਉਨ੍ਹਾਂ ਕਿਹਾ ਕਿ ਕਿਸੇ ਵੀ ਪ੍ਰਕਾਰ ਦੀ ਦਿੱਕਤ ਆਉਣ 'ਤੇ ਨੋਡਲ ਅਫ਼ਸਰ ਚੀਫ ਸੈਨੇਟਰੀ ਇੰਸਪੈਕਟਰ, ਕਾਰਪੋਰੇਸ਼ਨ ਨਵਦੀਪ ਸ਼ਰਮਾ ਨਾਲ ਹੈਲਪ ਲਾਈਨ ਨੰਬਰ 98722-75252 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਲੰਗਰ ਕਮੇਟੀਆਂ ਨੂੰ ਅਪੀਲ ਕੀਤੀ ਕਿ ਲੰਗਰ ਸਮੇਂ ਪੱਤਲਾਂ (ਪੱਤਿਆਂ ਦੇ ਬਰਤਨ) ਦੀ ਹੀ ਵਰਤੋਂ ਕੀਤੀ ਜਾਵੇ, ਤਾਂ ਜੋ ਸਫਾਈ ਵਿਵਸਥਾ ਯਕੀਨੀ ਬਣਾਈ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਲੰਗਰ ਸੜਕਾਂ ਤੋਂ ਹਟਵੇਂ ਲਗਾਉਣ ਲਈ ਕਿਹਾ, ਤਾਂ ਜੋ ਟ੍ਰੈਫਿਕ ਸਮੱਸਿਆ ਪੈਦਾ ਨਾ ਹੋ ਸਕੇ। ਉਨ੍ਹਾਂ ਜ਼ਿਲ੍ਹਾ ਪੁਲਿਸ ਨੂੰ ਟ੍ਰੈਫਿਕ ਵਿਵਸਥਾ, ਸਿਵਲ ਸਰਜਨ ਨੂੰ ਸਿਹਤ ਸੇਵਾਵਾਂ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਨਿਰੰਤਰ ਬਿਜਲੀ ਸਪਲਾਈ, ਕਾਰਪੋਰੇਸ਼ਨ ਨੂੰ ਸਾਫ-ਸਫਾਈ ਅਤੇ ਮੇਲੇ ਤੋਂ ਪਹਿਲਾਂ ਫੌਗਿੰਗ ਯਕੀਨੀ ਬਣਾਉਣ ਦੀ ਹਦਾਇਤ ਵੀ ਕੀਤੀ। ਉਨ੍ਹਾਂ ਭਾਰਤੀ ਸਨਾਤਨ ਧਰਮ ਮਹਾਵੀਰ ਦਲ ਅਤੇ ਲੰਗਰ ਕਮੇਟੀਆਂ ਨੂੰ ਇਸ ਮੇਲੇ ਨੂੰ ਸਫਲ ਬਣਾਉਣ ਲਈ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।ਡਿਪਟੀ ਕਮਿਸ਼ਨਰ ਨੇ ਐਸ.ਡੀ.ਐਮ ਨੂੰ ਨਿਰਦੇਸ਼ ਦਿੱਤੇ ਕਿ ਪੁਲਿਸ ਅਤੇ ਲੰਗਰ ਕਮੇਟੀਆਂ ਸਮੇਤ ਇਕ ਕੋਆਰਡੀਨੇਸ਼ਨ ਕਮੇਟੀ ਵੀ ਬਣਾਈ ਜਾਵੇ, ਤਾਂ ਜੋ ਆਪਸੀ ਤਾਲਮੇਲ ਨਾਲ ਮੇਲੇ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਿਆ ਜਾ ਸਕੇ। ਇਸ ਮੌਕੇ ਏ.ਡੀ.ਸੀ (ਜ) ਸ਼੍ਰੀਮਤੀ ਅਨੁਪਮ ਕਲੇਰ, ਏ.ਡੀ.ਸੀ (ਵਿਕਾਸ) ਸ਼੍ਰੀ ਹਰਬੀਰ ਸਿੰਘ, ਐਸ.ਡੀ.ਐਮ. ਹੁਸ਼ਿਆਰਪੁਰ ਸ਼੍ਰੀ ਜਿਤੇਂਦਰ ਜੋਰਵਾਲ, ਸਹਾਇਕ ਕਮਿਸ਼ਨਰ ਸ਼੍ਰੀ ਅਮਰਜੀਤ ਸਿੰਘ, ਡੀ.ਐਸ.ਪੀ ਸ਼੍ਰੀ ਜੰਗ ਬਹਾਦਰ, ਪੰਜਾਬ ਪ੍ਰਧਾਨ ਭਾਰਤੀ ਸਨਾਤਨ ਧਰਮ ਮਹਾਵੀਰ ਦਲ ਸ਼੍ਰੀ ਕ੍ਰਿਸ਼ਨ ਗੋਪਾਲ ਆਨੰਦ, ਜਨਰਲ ਸੱਕਤਰ ਸ਼੍ਰੀ ਭਾਰਤ ਭੂਸ਼ਣ ਵਰਮਾ, ਸ਼੍ਰੀ ਅਸ਼ੋਕ ਮਹਿਰਾ, ਸ਼੍ਰੀ ਸੁਖਦੇਵ ਸਿੰਘ, ਸ਼੍ਰੀ ਬਲਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।  

ਦਾਨੀ ਸੱਜਣਾਂ ਵਲੋਂ 'ਸਾਂਝੀ ਰਸੋਈ' ਨੂੰ ਦਿੱਤਾ ਜਾ ਰਿਹਾ ਭਰਵਾਂ ਹੁੰਗਾਰਾ

ਹੁਸ਼ਿਆਰਪੁਰ, 11 ਜੁਲਾਈ: ਹੁਸ਼ਿਆਰਪੁਰ ਵਿਖੇ ਗਰੀਬ, ਬੇਸਹਾਰਾ ਅਤੇ ਬੇਘਰੇ ਵਿਅਕਤੀਆਂ ਲਈ ਖੋਲ੍ਹੀ ਗਈ 'ਸਾਂਝੀ ਰਸੋਈ' ਨੂੰ ਦਾਨੀ ਸੱਜਣਾਂ ਵਲੋਂ ਭਰਪੂਰ ਹੁੰਗਾਰਾ ਦਿੱਤਾ ਜਾ ਰਿਹਾ ਹੈ। ਜਿਥੇ ਸਰਕਾਰੀ ਅਧਿਕਾਰੀ, ਸਮਾਜ ਸੇਵੀ ਸੰਸਥਾਵਾਂ ਸਹਿਯੋਗ ਕਰ ਰਹੀਆਂ ਹਨ, ਉਥੇ ਮਸ਼ਹੂਰ ਕਾਰੋਬਾਰੀ ਵੀ ਲੋਕ ਸੇਵਾ ਦੇ ਇਸ ਕਾਰਜ ਲਈ ਅੱਗੇ ਆ ਰਹੇ ਹਨ। ਅੱਜ ਬਿਜਨਸਮੈਨ ਸ੍ਰੀ ਰਾਜੇਸ਼ ਨਾਕਰਾ ਅਤੇ ਉਨ੍ਹਾਂ ਦੇ ਬੇਟੇ ਸ੍ਰੀ ਭਾਰਤ ਰਾਜ ਨਾਕਰਾ ਐਡਵੋਕੇਟ ਨੇ ਆਪਣੇ ਜਨਮ ਦਿਨ 'ਤੇ 11 ਹਜ਼ਾਰ ਰੁਪਏ ਦਾ ਚੈਕ 'ਸਾਂਝੀ ਰਸੋਈ'  ਨੂੰ ਦਾਨ ਵਜੋਂ ਦਿੱਤਾ। ਪਿਤਾ-ਪੁੱਤਰ ਦੋਨੋਂ ਦਾਨੀ ਸੱਜਣਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ।  ਚੈਕ ਪ੍ਰਾਪਤ ਕਰਦਿਆਂ ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਨਰੇਸ਼ ਗੁਪਤਾ ਨੇ ਸ੍ਰੀ ਰਾਜੇਸ਼ ਅਤੇ ਸ੍ਰੀ ਭਾਰਤ ਰਾਜ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਦਾਨੀ ਸੱਜਣਾਂ ਦੇ ਸਹਿਯੋਗ ਸਦਕਾ 'ਸਾਂਝੀ ਰਸੋਈ' ਨੂੰ ਪੂਰਾ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਸ੍ਰੀ ਵਿਪੁਲ ਉਜਵਲ ਦੀ ਅਗਵਾਈ ਵਿੱਚ 'ਸਾਂਝੀ ਰਸੋਈ' ਦਾ ਪ੍ਰੋਜੈਕਟ ਕਾਰਗਰ ਸਾਬਤ ਹੋ ਰਿਹਾ ਹੈ। ਉਨ੍ਹਾ ਕਿਹਾ ਕਿ 'ਸਾਂਝੀ ਰਸੋਈ' ਦੇ ਹਾਲ ਨੂੰ ਏ.ਸੀ. ਵੀ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਆਪਣੇ ਵਿਸ਼ੇਸ਼ ਦਿਨ 'ਸਾਂਝੀ ਰਸੋਈ' ਵਿੱਚ ਮਨਾਉਣ ਲਈ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨਾਲ ਸੰਪਰਕ ਕਰਕੇ ਆਪਣਾ ਦਿਨ ਬੁੱਕ ਕਰਵਾਇਆ ਜਾ ਸਕਦਾ ਹੈ। ਇਸ ਮੌਕੇ ਡਾ. ਨਾਰਦ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਖੋਲ੍ਹੀ ਗਈ 'ਸਾਂਝੀ ਰਸੋਈ' ਵਿੱਚ ਜ਼ਰੂਰਤਮੰਦ ਵਿਅਕਤੀਆਂ ਨੂੰ ਕੇਵਲ 10 ਰੁਪਏ ਵਿੱਚ ਪੇਟ ਭਰ ਖਾਣਾ ਖੁਆਇਆ ਜਾ ਰਿਹਾ ਹੈ।

ਕੈਂਪ ਲਗਾ ਕੇ ਦੁੱਧ ਦੇ ਸੈਂਪਲ ਚੈਕ ਕੀਤੇ

-ਡੇਅਰੀ ਵਿਕਾਸ ਬੋਰਡ ਨੇ ਕੈਂਪ ਲਗਾ ਕੇ ਚੈਂਕ ਕੀਤੇ ਦੁੱਧ ਦੇ ਸੈਂਪਲ
ਹੁਸ਼ਿਆਰਪੁਰ, 6 ਜੁਲਾਈ: ਡੇਅਰੀ ਵਿਕਾਸ ਬੋਰਡ ਦੇ ਡਾਇਰੈਕਟਰ ਸ੍ਰੀ ਇੰਦਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਮੁਹੱਲਾ ਗੋਬਿੰਦ ਨਗਰ ਟਾਂਡਾ ਵਿਖੇ ਦੁੱਧ ਪਰਖ ਕੈਂਪ ਲਗਾਇਆ ਗਿਆ। ਡਿਪਟੀ ਡਾਇਰੈਕਟਰ ਸ੍ਰੀ ਹਰਸ਼ਰਨ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਵਿੱਚ ਦੁੱਧ ਦੇ 30 ਸੈਂਪਲ ਚੈਕ ਕੀਤੇ ਗਏ, ਜਿਨ੍ਹਾਂ ਵਿੱਚ ਕੋਈ ਸੰਥੈਟਿਕ/ਹਾਨੀਕਾਰਕ ਤੱਤ ਨਹੀਂ ਪਾਇਆ ਗਿਆ। ਤਕਰੀਬਨ 19 ਸੈਂਪਲਾਂ ਵਿੱਚ ਪਾਣੀ ਦੀ ਵਾਧੂ ਮਾਤਰਾ ਪਾਈ ਗਈ। ਇਸ ਮੌਕੇ 'ਤੇ  ਜ਼ਿਲ੍ਹਾ ਅਧਿਕਾਰੀ ਵਲੋਂ ਸੈਂਪਲ ਟੈਸਟ ਕਰਵਾਉਣ ਆਏ ਮੁਹੱਲਾ ਵਾਸੀਆਂ ਨੂੰ ਚੰਗੇ ਦੁੱਧ ਦੀ ਖਰੀਦ ਕਰਨ ਦੀ ਵੀ ਅਪੀਲ ਕੀਤੀ ਗਈ। ਉਨ੍ਹਾਂ ਦੱਸਿਆ ਕਿ ਗਰਮੀਆਂ ਦੇ ਮੌਸਮ ਦੌਰਾਨ ਮਿਲਾਵਟ ਖੋਰੀ ਦੀ ਸੰਭਾਵਨਾ ਨੂੰ ਮੁੱਖ ਰੱਖਦਿਆਂ ਅਜਿਹੇ ਕੈਂਪ ਸ਼ਹਿਰਾਂ ਦੇ ਵੱਖ-ਵੱਖ ਵਾਰਡਾ/ਮੁਹੱਲਿਆਂ ਵਿੱਚ ਵੀ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਹਿਰ ਵਾਸੀ ਨੂੰ ਜੇਕਰ ਦੁੱਧ ਸਬੰਧੀ ਕੋਈ ਵੀ ਸ਼ਿਕਾਇਤ ਹੋਵੇ, ਤਾਂ ਸਿੱਧੇ ਤੌਰ 'ਤੇ ਦਫ਼ਤਰ ਡਿਪਟੀ ਡਾਇਰੈਕਟਰ ਡੇਅਰੀ ਹੁਸ਼ਿਆਰਪੁਰ, ਕਮਰਾ ਨੰ: 439 ਚੌਥੀ ਮੰਜਿਲ, ਮਿੰਨੀ ਸਕੱਤਰੇਤ ਵਿਖੇ ਦੁੱਧ ਟੈਸਟ ਕਰਵਾ ਸਕਦਾ ਹੈ। ਇਸ ਮੌਕੇ 'ਤੇ ਇੰਸਪੈਕਟਰ ਦਵਿੰਦਰ ਕੁਮਾਰ, ਗੁਰਪ੍ਰੀਤ ਸਿੰਘ, ਲੈਬ ਇੰਚਾਰਜ ਵਿਲੀਅਮ ਅਤੇ ਮੁਹੱਲਾ ਨਿਵਾਸੀ ਮਨਪ੍ਰੀਤ ਸਿੰਘ ਵੀ ਮੌਜੂਦ ਸਨ।

ਆਦਮਪੁਰ ਏਅਰਪੋਰਟ ਦਾ ਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਂ 'ਤੇ ਰੱਖਣ ਲਈ ਕੀਤਾ ਜਾ ਰਿਹਾ ਹੈ ਤਾਲਮੇਲ: ਆਦੀਆ

-ਕਿਹਾ, ਆਦਮਪੁਰ ਏਅਰਪੋਰਟ ਦੋਆਬਾ ਖੇਤਰ ਲਈ ਹੋਵੇਗਾ ਲਾਹੇਵੰਦ
ਹੁਸ਼ਿਆਰਪੁਰ, 10 ਜੁਲਾਈ: ਹਲਕਾ ਵਿਧਾਇਕ ਸ਼ਾਮਚੁਰਾਸੀ ਅਤੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਸ੍ਰੀ ਪਵਨ ਕੁਮਾਰ ਆਦੀਆ ਨੇ ਦੱਸਿਆ ਕਿ ਆਦਮਪੁਰ ਏਅਰਪੋਰਟ ਦਾ ਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਨਾਂ 'ਤੇ ਰੱਖਣ ਲਈ ਹਵਾਬਾਜ਼ੀ ਮੰਤਰਾਲੇ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਆਦਮਪੁਰ ਦਾ ਇਹ ਏਅਰਪੋਰਟ ਦੋਆਬਾ ਖੇਤਰ ਲਈ ਕਾਫ਼ੀ ਲਾਹੇਵੰਦ ਸਾਬਤ ਹੋਵੇਗਾ ਅਤੇ ਇਸ ਦਾ ਨਾਂ ਗੁਰੂ ਮਹਾਰਾਜ ਜੀ ਦੇ ਨਾਂ 'ਤੇ ਰੱਖਣ ਨਾਲ ਦਲਿਤ ਸਮਾਜ ਦਾ ਸਿਰ ਫ਼ਖਰ ਨਾਲ ਹੋਰ ਉਚਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਜਲਦ ਹੀ ਇਹ ਏਅਰਪੋਰਟ ਆਪਣੀਆਂ ਘਰੇਲੂ ਉਡਾਨਾ ਭਰਨੀਆਂ ਸ਼ੁਰੂ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਜਿਥੇ ਖੇਤਰ ਦੀ ਆਰਥਿਕਤਾ ਨੂੰ ਭਰਵਾਂ ਹੁੰਗਾਰਾ ਮਿਲੇਗਾ, ਉਥੇ ਇਸ ਏਅਰਪੋਰਟ ਦੇ ਸ਼ੁਰੂ ਹੋਣ ਨਾਲ ਐਨ.ਆਰ.ਆਈਜ਼ ਅਤੇ ਵਪਾਰੀਆਂ ਨੂੰ ਵੀ ਕਾਫ਼ੀ ਫਾਇਦਾ ਪਹੁੰਚੇਗਾ।ਸ੍ਰੀ ਆਦੀਆ ਨੇ ਕਿਹਾ ਕਿ ਪੰਜਾਬ ਵਾਸੀਆਂ ਲਈ ਇਹ ਬੜੀ ਖੁਸ਼ਖਬਰੀ ਦੀ ਗੱਲ ਹੈ ਕਿ ਜਲੰਧਰ ਦੇ ਆਦਮਪੁਰ ਵਿਖੇ ਡੋਮੈਸਟਿਕ ਏਅਰਪੋਰਟ ਜਲਦੀ ਉਡਾਨਾ ਭਰ ਰਿਹਾ ਹੈ। ਉਨ੍ਹਾਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਇਸ ਏਅਰਪੋਰਟ ਦਾ ਨਾਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਦੇ ਨਾਂ 'ਤੇ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਸਬੰਧਤ ਮੰਤਰਾਲੇ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ ਅਤੇ ਇਸ ਕਾਰਜ ਲਈ ਜੀਅ ਤੋੜ ਯਤਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਦੋਆਬਾ ਖੇਤਰ ਦੇ ਇਸ ਏਅਰਪੋਰਟ ਨਾਲ ਪੰਜਾਬ ਤਰੱਕੀ ਦੀਆਂ ਲੀਹਾਂ 'ਤੇ ਪੁੱਜੇਗਾ ਅਤੇ ਇੰਡਸਟਰੀ ਨੂੰ ਵੀ ਕਾਫ਼ੀ ਹੁੰਗਾਰਾ ਮਿਲੇਗਾ।

ਬੈਚਲਰ ਆਫ਼ ਸਾਇੰਸ ਇਨ ਆਈ.ਟੀ. ਦਾ ਨਤੀਜਾ 100 ਫੀਸਦੀ ਰਿਹਾ

ਹੁਸ਼ਿਆਰਪੁਰ, 10 ਜੁਲਾਈ: 'ਸੈਨਿਕ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਹੁਸ਼ਿਆਰਪੁਰ' ਵਿਖੇ ਚੱਲ ਰਹੇ ਬੈਚਲਰ ਆਫ਼ ਸਾਇੰਸ ਇਨ ਆਈ.ਟੀ. ਦੇ ਛੇਵੇਂ ਸਮੈਸਟਰ ਦਾ ਨਤੀਜਾ ਸੌ ਫੀਸਦੀ ਰਿਹਾ। ਪ੍ਰਿੰਸੀਪਲ-ਕਮ-ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ (ਰਿਟਾ:) ਦਲਵਿੰਦਰ ਸਿੰਘ ਨੇ ਦੱਸਿਆ ਕਿ ਬੀ.ਐਸ.ਸੀ. (ਆਈ.ਟੀ.) ਦੇ ਛੇਵੇਂ ਸਮੈਸਟਰ ਵਿੱਚ ਪਿੰਕੀ ਨੇ 87.66 ਫ਼ੀਸਦੀ ਅੰਕ ਲੈ ਕੇ ਪਹਿਲਾ, ਮਨਦੀਪ ਕੌਰ ਨੇ 86.5 ਫ਼ੀਸਦੀ ਅੰਕ ਲੈ ਕੇ ਦੂਜਾ ਅਤੇ ਅਤੀਕਸ਼ਾ ਨੇ 84.83 ਫ਼ੀਸਦੀ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਸ਼ਾਨਦਾਰ ਨਤੀਜਿਆਂ ਲਈ ਕਰਨਲ (ਰਿਟਾ:) ਦਲਵਿੰਦਰ ਸਿੰਘ ਨੇ ਪ੍ਰੋ. ਪਰਮਿੰਦਰ ਕੌਰ (ਕੰਪਿਊਟਰ ਵਿਭਾਗ ਦੇ ਮੁੱਖੀ), ਪ੍ਰੋ. ਰੀਤੂ ਕਾਲੀਆ, ਪ੍ਰੋ. ਸੁਖਵਿੰਦਰ ਸਿੰਘ, ਪ੍ਰੋ. ਜਸਵੀਰ ਸਿੰਘ, ਚਾਂਦਨੀ ਸ਼ਰਮਾ, ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਸੁਪਰਡੈਂਟ ਰਸ਼ਪਾਲ ਸਿੰਘ ਨੇ ਅਕੈਡਮਿਕ ਸਟਾਫ ਵਲੋਂ ਦਿਲ ਲਗਾ ਕੇ ਕਰਵਾਈ ਗਈ ਮਿਹਨਤ ਦੀ ਸ਼ਲਾਘਾ ਕਰਦਿਆਂ, ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਮਿਹਨਤ ਕਰਕੇ ਅੱਗੇ ਵਧਣ ਦੀ ਹੌਂਸਲਾ ਅਫ਼ਜਾਈ ਕੀਤੀ।

ਦੁੱਧ ਉਤਪਾਦਨ ਕੈਂਪ 'ਚ ਪਸ਼ੂ ਪਾਲਕਾਂ ਨੂੰ ਦਿੱਤੀ ਵਿਸ਼ੇਸ਼ ਜਾਣਕਾਰੀ

ਹੁਸ਼ਿਆਰਪੁਰ, 10 ਜੁਲਾਈ: ਪਿੰਡ ਚੌਹਾਲ ਬਲਾਕ ਹੁਸ਼ਿਆਰਪੁਰ -2 ਵਿਖੇ ਦੁੱਧ ਉਤਪਾਦਨ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ 154 ਕਿਸਾਨਾਂ ਨੇ ਭਾਗ ਲਿਆ। ਕੈਂਪ ਵਿੱਚ ਡਿਪਟੀ ਡਾਇਰੈਕਟਰ ਡੇਅਰੀ ਸ. ਹਰਸਰਨ ਸਿੰਘ ਨੇ ਪਸ਼ੂਆਂ ਦੀਆਂ ਨਸਲਾਂ ਬਾਰੇ ਅਤੇ ਸਾਫ਼ ਦੁੱਧ ਪੈਦਾ ਕਰਨ ਦੇ ਨੁਕਤਿਆਂ ਬਾਰੇ ਬੜੀ ਬਾਰੀਕੀ ਨਾਲ ਜਾਣਕਾਰੀ ਦਿਤੀ। ਡੀ.ਡੀ.ਆਈ-2 ਸ੍ਰੀ ਦਲਵੀਰ ਸਿੰਘ ਨੇ ਵਿਭਾਗੀ ਕਰਜ਼ਾ ਸਕੀਮਾਂ ਅਤੇ ਸਬਸਿਡੀ ਬਾਰੇ ਜਾਣਕਾਰੀ ਦਿੱਤੀ। ਕੈਂਪ ਵਿੱਚ ਡਾ. ਹਰਜੀਤ ਸਿੰਘ (ਰਿਟਾ:) ਸੀਨੀਅਰ ਵੈਟਨਰੀ ਅਫ਼ਸਰ, ਮੈਡਮ ਡਾ. ਰਾਣਾ ਨੇ  ਪਸ਼ੂਆਂ ਦੀਆਂ ਬੀਮਾਰੀਆਂ ਅਤੇ ਉਨ੍ਹਾਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ। ਕੈਂਪ ਦੌਰਾਨ ਕੈਟਲ ਫੀਡ ਵੈਨ ਦੁਆਰਾ 27 ਕੈਟਲ ਫੀਡ ਦੇ ਸੈਂਪਲ ਟੈਸਟ ਕੀਤੇ ਗਏ। ਇਸ ਮੌਕੇ ਸ੍ਰੀ ਯੋਗੇਸ਼ਵਰ, ਇੰਸਪੈਕਟਰ ਸ੍ਰੀ ਦਵਿੰਦਰ ਕੁਮਾਰ, ਸਰਪੰਚ ਅਮਨਦੀਪ ਕੌਰ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਮੂੰਹ ਢੱਕ ਕੇ ਕੋਈ ਵੀ ਪੁਰਸ਼ ਨਹੀਂ ਚਲਾ ਸਕੇਗਾ ਦੋਪਹੀਆ ਵਾਹਨ

ਹੁਸ਼ਿਆਰਪੁਰ, 10 ਜੁਲਾਈ: ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਹੁਣ ਕੋਈ ਵੀ ਪੁਰਸ਼ ਮੂੰਹ ਢੱਕ ਕੇ ਦੋਪਹੀਆ ਵਾਹਨ ਨਹੀਂ ਚਲਾ ਸਕੇਗਾ, ਕਿਉਂਕਿ ਜ਼ਿਲ੍ਹਾ ਮੈਜਿਸਟਰੇਟ ਨੇ ਮੂੰਹ ਢੱਕ ਕੇ ਵਾਹਨ ਚਲਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਜੇਕਰ ਕੋਈ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਕੇ ਦੋਪਹੀਆ ਵਾਹਨ ਚਲਾਉਂਦਾ ਫੜਿਆ ਗਿਆ, ਤਾਂ ਉਸ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਲ੍ਹਾ ਮੈਜਿਸਟਰੇਟ ਵਲੋਂ ਇਹ ਪਾਬੰਦੀ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਲਗਾਈ ਗਈ ਹੈ।  ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਐਸ.ਐਸ.ਪੀ. ਹੁਸ਼ਿਆਰਪੁਰ ਵਲੋਂ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਪਿਛਲੇ ਸਮੇਂ ਦੌਰਾਨ ਲੁੱਟ ਖੋਹ ਦੀਆਂ ਕਾਫ਼ੀ ਵਾਰਦਾਤਾਂ ਹੋਈਆਂ ਹਨ ਅਤੇ ਜਦੋਂ ਇਨ੍ਹਾਂ ਵਾਰਦਾਤਾਂ ਸਬੰਧੀ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ਼ ਚੈਕ ਕੀਤੀ ਜਾਂਦੀ ਹੈ, ਤਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੇ ਮੂੰਹ ਢੱਕੇ ਹੋਣ ਕਾਰਨ ਸ਼ਨਾਖਤ ਨਹੀਂ ਹੁੰਦੀ। ਸ੍ਰੀ ਉਜਵਲ ਨੇ ਦੱਸਿਆ ਕਿ ਦੋਸ਼ੀਆਂ ਦੀ ਸ਼ਨਾਖਤ ਯਕੀਨੀ ਬਣਾਉਣ ਲਈ ਪੁਰਸ਼ਾਂ ਵਲੋਂ ਮੂੰਹ ਢੱਕ ਕੇ ਦੋਪਹੀਆ ਵਾਹਨਾਂ 'ਤੇ ਪਾਬੰਦੀ ਲਗਾਉਣਾ ਅਤੀ ਜ਼ਰੂਰੀ ਬਣ ਗਿਆ ਸੀ, ਤਾਂ ਜੋ ਆਮ ਜਨਤਾ ਦੀ ਜਾਨ ਤੇ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਇਹ ਹੁਕਮ 5 ਸਤੰਬਰ 2017 ਤੱਕ ਲਾਗੂ ਰਹੇਗਾ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)