ਹੁਸ਼ਿਆਰਪੁਰ, 20 ਸਤੰਬਰ: ਅਮਨ-ਸ਼ਾਂਤੀ ਅਤੇ ਨਿਸ਼ਕਾਮ ਸੇਵਾ ਦੇ ਪੁੰਜ ਭਾਈ ਘਨੱਈਆ ਜੀ ਦੀ ਬਰਸੀ ਦੇ ਮੌਕੇ ਤੇ ਭਾਈ ਘਨੱਈਆ ਜੀ ਟਰੱਸਟ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਸਿਵਲ ਹਸਪਤਾਲ ਵਿਖੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਇਸ ਵਿੱਚ ਸਰਕਾਰੀ ਕਾਲਜ ਹੁਸ਼ਿਆਰਪੁਰ, ਡੀ ਏ ਵੀ ਕਾਲਜ ਹੁਸ਼ਿਆਰਪੁਰ, ਪੌਲੀਟੈਕਨਿਕ ਅਤੇ ਆਈ ਟੀ ਆਈ ਦੇ ਨੌਜਵਾਨ ਸਿਖਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਖੂਨਦਾਨ ਕੀਤਾ। ਅੱਜ ਦੇ ਖੂਨਦਾਨ ਕੈਂਪ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਮਿੰਦਰ ਸਿੰਘ ਨੇ ਕੀਤਾ। ਇਸ ਮੌਕੇ ਤੇ ਉਨ੍ਹਾਂ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਵੀ ਕੀਤਾ। ਇਸ ਤੋਂ ਉਪਰੰਤ ਜ਼ਿਲ੍ਹਾ ਪ੍ਰੀਸ਼ਦ ਹਾਲ ਹੁਸ਼ਿਆਰਪੁਰ ਵਿਖੇ ਇਸ ਸਬੰਧ ਵਿੱਚ ਡਰੱਗ- ਡੀ-ਅਡਿਕਸ਼ਨ ਸਬੰਧੀ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਲਾਇਨਜ ਕਲੱਬ ਹੁਸ਼ਿਆਰਪੁਰ, ਸਿਵਲ ਹਸਪਤਾਲ ਦੇ ਮਾਹਿਰ ਡਾਕਟਰਾਂ, ਭਾਈ ਘਨੱਈਆ ਜੀ ਬਲੱਡ ਬੈਂਕ, ਨੇਤਰਦਾਨ ਸੁਸਾਇਟੀ, ਹਸਪਤਾਲ ਭਲਾਈ ਸੈਕਸ਼ਨ ਅਤੇ ਰੈਡ ਕਰਾਸ ਦੀਆਂ ਅਲੱਗ-ਅਲੱਗ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਮਿੰਦਰ ਸਿੰਘ ਨੇ ਬੋਲਦਿਆਂ ਕਿਹਾ ਕਿ ਸੰਸਾਰ ਭਰ ਵਿੱਚ ਮਾਨਵ ਕਲਿਆਣ ਅਤੇ ਨਿਸ਼ਕਾਮ ਮਾਨਵ ਸੇਵਾ ਦੀਆਂ ਵਿਲੱਖਣ ਮਿਸਾਲਾਂ ਕਾਇਮ ਕਰਕੇ ਆਪਣੇ ਨਾਵਾਂ ਨੂੰ ਰੌਸ਼ਨ ਕਰਨ ਵਾਲੇ ਵਿਅਕਤੀਆਂ ਵਿੱਚੋਂ ਭਾਈ ਘਨੱਈਆ ਜੀ ਦਾ ਨਾਂ ਸ਼੍ਰੋਮਣੀ ਅਤੇ ਅਦੁੱਤੀ ਸਥਾਨ ਰੱਖਦਾ ਹੈ। ਉਨ੍ਹਾਂ ਕਿਹਾ ਕਿ ਭਾਈ ਘਨੱਈਆ ਜੀ ਤੋਂ 150 ਸਾਲ ਬਾਅਦ ਇੰਟਰ-ਨੈਸ਼ਨਲ ਰੈਡ ਕਰਾਸ ਹੋਂਦ ਵਿੱਚ ਆਈ ਅਤੇ 1864 ਵਿੱਚ ਇਸ ਦੀ ਸਥਾਪਨਾ ਕੀਤੀ ਗਈ। ਇਹ ਸੰਸਥਾ ਗਰੀਬ ਲੋਕਾਂ ਦੀ ਭਲਾਈ ਅਤੇ ਲੋੜਵੰਦ ਲੋਕਾਂ ਦੀਆਂ ਮਦਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਰੈਡ ਕਰਾਸ ਸੁਸਾਇਟੀ ਨੂੰ ਚਲਾਉਣਾ ਹੀ ਉਨ੍ਹਾਂ ਨੂੰ ਇੱਕ ਸਹੀ ਸ਼ਰਧਾਂਜ਼ਲੀ ਹੋਵੇਗੀ।
ਇਸ ਮੌਕੇ ਤੇ ਡਾ. ਅਜੇ ਬੱਗਾ, ਪ੍ਰੋ: ਬਹਾਦਰ ਸਿੰਘ, ਇੰਦੂ ਚੰਦੇਲ, ਪ੍ਰਿੰਸੀਪਲ (ਰੀਟਾ:) ਦੇਸ਼ਵੀਰ ਸ਼ਰਮਾ, ਸ੍ਰ: ਕੁਲਦੀਪ ਸਿੰਘ ਪ੍ਰਧਾਨ ਨੇਤਰਦਾਨ ਐਸੋਸੀਏਸ਼ਨ ਅਤੇ ਹੋਰ ਵੱਖ-ਵੱਖ ਬੁਲਾਰਿਆਂ ਨੇ ਨਸ਼ਿਆਂ ਦੀ ਰੋਕਥਾਮ ਲਈ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਰੈਡ ਕਰਾਸ ਦੀ ਸਹਾਇਤਾ ਅਤੇ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਕਰਨ ਵਿੱਚ ਆਪਣਾ ਯੋਗਦਾਨ ਪਾਉਣ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਪ੍ਰਧਾਨ ਲਾਇਨਜ਼ ਕਲੱਬ, ਹਸਪਤਾਲ ਭਲਾਈ ਸੈਕਸ਼ਨ, ਰੈਡ ਕਰਾਸ ਦੇ ਮੈਂਬਰ, ਰਾਜੀਵ ਬਜਾਜ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਕਰਨਲ ਤਜਿੰਦਰ ਸਿੰਘ ਨੇ ਅੱਜ ਦੇ ਸੈਮੀਨਾਰ ਵਿੱਚ ਆਏ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਦਾ ਧੰਨਵਾਦ ਕੀਤਾ।
No comments:
Post a Comment