ਸਮਾਰੋਹ ਦੌਰਾਨ ਡਾ. ਦੇਸ ਰਾਜ ਨੇ ਕਿਹਾ ਕਿ ਮੂੰਹ ਤੇ ਪੂਰੇ ਸ਼ਰੀਰ ਦੀ ਸਿਹਤ ਇਕ ਦੂਜੇ ’ਤੇ ਨਿਰਭਰ ਕਰਦੀ ਹੈ। ਦੰਦਾਂ ਤੇ ਮੂੰਹ ਦੀਆਂ ਬੀਮਾਰੀਆਂ ਨਾਲ ਭੋਜਨ ਨਲੀ, ਮਿਹਦੇ ਤੇ ਪੇਟ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਲ, ਜਿਸ ਨਾਲ ਬਦਹਜ਼ਮੀ, ਪੇਟ ਗੈਸ, ਮੋਟਾਪਾ ਤੇ ਕਮਜ਼ੋਰੀ ਹੋ ਜਾਂਦੀ ਹੈ। ਇਸੇ ਤਰਾਂ ਮੂੰਹ ਵਿਚਲੀ ਬਿਮਾਰੀ ਦੇ ਕੀਟਾਣੂ ਸਾਹ ਨਲੀ ਰਾਹੀਂ ਫੇਫੜਿਆਂ ਵਿੱਚ ਜਾ ਕੇ ਬੀਮਾਰੀ ਪੈਦਾ ਕਰ ਸਕਦੇ ਹਨ। ਮਸੂੜੇ ਦੀਆਂ ਬੀਮਾਰੀਆਂ ਵਾਲੇ ਵਿਅਕਤੀ ਨੂੰ ਦਿਲ ਦੀਆਂ ਤੇ ਖੂਨ ਦੀਆਂ ਬੀਮਾਰੀਆਂ ਹੋਣ ਦਾ ਜਿਆਦਾ ਖਤਰਾ ਰਹਿੰਦਾ ਹੈ। ਪੂਰੇ ਸਰੀਰ ਦੀ ਸਿਹਤ ਠੀਕ ਰੱਖਣ ਲਈ ਪੋਸ਼ਟਿਕ ਖੁਰਾਕ, ਰੋਗ ਰਹਿਤ ਮੂੰਹ ਤੇ ਦੰਦਾਂ ਦੀ ਬਦੋਲਤ ਹੀ ਖਾਧੀ ਜਾ ਸਕਦੀ ਹੈ। ਇਸ ਲਈ ਮੂੰਹ ਦੀ ਸਿਹਤ ਦੀ ਮਹੱਤਤਾ ਹੋਰ ਵੀ ਵੱਧ ਜਾਂਦੀ ਹੈ।
ਇਸ ਦੇ ਨਾਲ ਹੀ ਡਾ. ਦੇਸ ਰਾਜ ਨੇ ਦੱਸਿਆ ਕਿ ਮੂੰਹ ਦੇ ਦੰਦਾਂ ਦੀ ਚੰਗੀ ਸਿਹਤ ਹਰ ਇਨਸਾਨ ਲਈ ਜਰੂਰੀ ਹੈ, ਪਰ ਗਰਭਵਤੀ ਔਰਤਾਂ ਵਿੱਚ ਇਸਦਾ ਜਿਆਦਾ ਮਹੱਤਵ ਹੈ। ਹਾਰਮੋਨਲ ਬਦਲਾਓ ਕਰਕੇ ਸੁਆਦ ਬਦਲ ਜਾਂਦਾ ਤੇ ਸਰੀਰ ਸੁਸਤ ਹੋ ਜਾਂਦਾ ਹੈ। ਇਸ ਸਮੇਂ ਖੁਰਾਕੀ ਤੱਤਾਂ ਦੀ ਲੋੜ ਜਿਆਦਾ ਹੁੰਦੀ ਹੈ। ਉਹਨਾਂ ਕਿਹਾ ਕਿ ਲੋਕਾਂ ਵਿੱਚ ਇਹ ਮਿਥ ਆਸ ਹੈ ਕਿ ਇਸ ਸਮੇਂ ਔਰਤਾਂ ਨੂੰ ਬੁਰਸ਼ ਨਹੀਂ ਕਰਨਾ ਚਾਹੀਦਾ, ਪਰ ਇਸਦੇ ਉਲਟ ਅਸਲੀਅਤ ਵਿੱਚ ਇਸ ਹਲਾਤ ’ਚ ਦੰਦਾਂ ਤੇ ਮੂੰਹ ਦੀ ਸਫ਼ਾਈ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ। ਜਿਨ੍ਹਾਂ ਗਰਭਵਤੀ ਮਾਂਵਾਂ ਦੇ ਦੰਦ ਖਰਾਬ ਤੇ ਮਸੂੜੇ ਦੀਆਂ ਬੀਮਾਰੀਆਂ ਹੁੰਦੀਆਂ ਹਨ, ਉਨ੍ਹਾਂ ਵਿੱਚ ਬੱਚੇ ਦਾ ਸਮੇਂ ਤੋਂ ਪਹਿਲਾ ਹੋਣਾ ਜਾਂ ਘੱਟ ਭਾਰ ਵਾਲੇ ਬੱਚੇ ਦੇ ਪੈਦਾ ਹੋਣ ਦਾ ਖਤਰਾ ਰਹਿੰਦਾ ਹੈ। ਇਸ ਲਈ ਸਾਨੂੰ ਮੂੰਹ ਤੇ ਦੰਦਾਂ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਦੰਦਾਂ ਦੇ ਮਾਹਿਰ ਡਾ. ਜੇ.ਐਸ. ਮੰਡਿਆਲ ਨੇ ਕਿਹਾ ਕਿ ਮੂੰਹ ਪੂਰੇ ਸ਼ਰੀਰ ਦੀ ਸਿਹਤ ਦਾ ਦਰਪਣ ਹੁੰਦਾ ਹੈ। ਉਹਨਾਂ ਕਿਹਾ ਕਿ ਤੰਬਾਕੂ, ਸਿਗਰਟ, ਪਾਨ ਮਸਾਲੇ ਆਦਿ ਦੇ ਸੇਵਨ ਦੀਆਂ ਵੱਧ ਰਹੀਆਂ ਆਦਤਾਂ ਕਾਰਣ ਮੂੰਹ ਦਾ ਕੈਂਸਰ ਵੱਧ ਰਿਹਾ ਹੈ। ਮੂੰਹ ਤੇ ਦੰਦਾਂ ਦੀਆਂ ਬੀਮਾਰੀਆਂ ਸ਼ੁਰੂ ਵਿੱਚ ਕੋਈ ਅਲਾਮਤਾਂ ਨਹੀਂ ਦਿੰਦੀਆਂ, ਇਸ ਲਈ ਮੂੰਹ ਤੇ ਦੰਦਾਂ ਦੇ ਮਾਹਿਰ ਡਾਕਟਰ ਕੋਲੋਂ ਨਿਯਮਿਤ ਰੂਪ ’ਚ ਹਰ ਛੇ ਮਹੀਨੇ ਬਾਅਦ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਕਿ ਬੀਮਾਰੀ ਵੱਧ ਨਾ ਜਾਵੇ। ਦੰਦਾ ਸਮੇਤ ਜੀਭ, ਗਲੇ ਤੇ ਪੂਰੇ ਮੂੰਹ ਦੀ ਸਫ਼ਾਈ ਖਾਣੇ ਤੋਂ ਬਾਅਦ ਕਰਨੀ ਚਾਹੀਦੀ ਹੈ, ਕਿਉਂਕਿ ਮੂੰਹ ਵਿੱਚ ਫਸੇ ਰਹਿ ਗਏ ਭੋਜ ਦੇ ਕਣ ਹੀ ਬੀਮਾਰੀਆਂ ਪੈਦਾ ਕਰਦੇ ਹਨ। ਮੂੰਹ ਦੀ ਸਿਹਤ ਸੰਭਾਲ ਪ੍ਰਤੀ ਸਭ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਕਿ ਖਾਣ ਪੀਣ ਦਾ ਲੁਤਫ਼ ਸਾਰੀ ਜਿੰਦਗੀ ਮਿਲਦਾ ਰਹੇ।