ਠੰਡਲ ਨੇ ਰੱਖਿਆ ਫੁਗਲਾਣਾ ਤੋਂ ਭੁੰਗਰਨੀ ਲਿੰਕ ਸੜਕ ਦਾ ਨੀਂਹ ਪੱਥਰ

ਮਾਹਿਲਪੁਰ, 30 ਸਤੰਬਰ: ਹੁਸ਼ਿਆਰਪੁਰ-ਫਗਵਾੜਾ ਸੜਕ ਨੂੰ 23 ਫੁੱਟ ਤੋਂ 33 ਫੁੱਟ ਚੌੜਾ ਤੇ ਮਜ਼ਬੂਤ ਕਰਨ ਦਾ ਕੰਮ ਜੰਗੀ ਪੱਧਰ ਤੇ ਕੀਤਾ ਜਾ ਰਿਹਾ ਹੈ ਜਿਸ ਤੇ 45 ਕਰੋੜ ਰੁਪਏ ਖਰਚ ਕੀਤੇ ਜਾਣਗੇ। ਇਹ ਪ੍ਰਗਟਾਵਾ ਹਲਕਾ ਵਿਧਾਇਕ ਮਾਹਿਲਪੁਰ ਸ੍ਰ: ਸੋਹਨ ਸਿੰਘ ਠੰਡਲ ਨੇ ਪਿੰਡ ਫੁਗਲਾਣਾ ਤੋਂ ਭੂੰਗਰਨੀ ਤੱਕ 40. 78 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਨਵੀਂ ਲਿੰਕ ਸੜਕ ਦਾ ਨੀਂਹ ਪੱਥਰ ਰੱਖਣ ਉਪਰੰਤ ਪਿੰਡ ਵਾਸੀਆਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕੀਤਾ।  ਉਨ੍ਹਾਂ ਕਿਹਾ ਕਿ ਇਸ ਪਿੰਡ ਦੇ ਅਧੂਰੇ ਰਹਿੰਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਹਲਕਾ ਮਾਹਿਲਪੁਰ ਵਿੱਚ 20 ਕਿਲੋਮੀਟਰ ਲੰਬੀਆਂ ਲਿੰਕ ਸੜਕਾਂ ਦਾ ਨਵ-ਨਿਰਮਾਣ ਕੀਤਾ ਗਿਆ ਹੈ । ਫੁਗਲਾਣਾ ਤੋਂ ਭੂੰਗਰਨੀ ਅਤੇ ਮੋਨਾ ਤੋਂ ਹੇੜੀਆਂ ਤੱਕ 5 ਕਿਲੋਮੀਟਰ ਨਵੀਆਂ ਲਿੰਕ ਸੜਕਾਂ ਦਾ ਨਿਰਮਾਣ ਕਰਨ ਲਈ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਨੂੰ ਵਿਸ਼ੇਸ਼ ਤੌਰ ਤੇ ਬੇਨਤੀ ਕੀਤੀ ਗਈ ਸੀ ਜਿਸ ਤੇ ਉਨ੍ਹਾਂ ਨੇ ਇਸ ਨੂੰ ਮਨਜ਼ੂਰੀ ਦੇ ਦਿੱਤੀ ਹੈ।

        ਸ੍ਰੀ ਠੰਡਲ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਹਲਕਾ ਚੱਬੇਵਾਲ ਦੇ ਪਿੰਡਾਂ ਵਿੱਚ ਬਿਜਲੀ ਦੀ ਘਾਟ ਨੂੰ ਪੂਰਾ ਕਰਨ ਲਈ ਪਿੰਡ ਰਿਹਾਣਾ ਜੱਟਾਂ ਵਿਖੇ 220 ਕਿਲੋਵਾਟ ਸਮਰੱਥਾ ਵਾਲੇ ਬਿਜਲੀ ਘਰ ਦਾ ਨਿਰਮਾਣ ਕੀਤਾ ਗਿਆ ਹੈ। ਬੱਡਲਾ ਅਤੇ ਚੱਬੇਵਾਲ ਦੇ ਬਿਜਲੀ ਘਰਾਂ ਦੀ ਸਮਰੱਥਾ 33 ਕਿਲੋਵਾਟ ਤੋਂ ਵਧਾ ਕੇ 66 ਕਿਲੋਵਾਟ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਗਲੀਆਂ-ਨਾਲੀਆਂ ਦੀ ਮੁਰੰਮਤ ਅਤੇ ਨਵ-ਨਿਰਮਾਣ, ਗਰੀਬ ਪ੍ਰੀਵਾਰਾਂ ਲਈ ਪਖਾਨੇ ਬਣਾਉਣ, ਸਕੂਲਾਂ ਦੀਆਂ ਇਮਾਰਤਾਂ ਦੀ ਉਸਾਰੀ ਅਤੇ ਲੋਕਾਂ ਨੂੰ ਸਾਫ਼-ਸੁਥਰਾ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੇਂਡੂ ਨੌਜਵਾਨਾਂ ਦੀ ਸ਼ਕਤੀ ਤੇ ਸਮਰੱਥਾ ਉਸਾਰੂ ਪਾਸੇ ਲਗਾਉਣ ਲਈ ਉਨ੍ਹਾਂ ਵਿੱਚ ਖੇਡ ਭਾਵਨਾ ਵਿਕਸਿਤ ਕੀਤੀ ਜਾ ਰਹੀ ਹੈ। ਇਸ ਮੰਤਵ ਨਾਲ ਪਿੰਡਾਂ ਵਿੱਚ ਖੇਡ ਕਿੱਟਾਂ ਦਿੱਤੀਆਂ ਗਈਆਂ ਹਨ ਅਤੇ ਜਿੰਮ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਹਲਕੇ ਦੇ 95 ਪਿਡਾਂ ਵਿੱਚ ਜਲਦੀ ਹੀ ਨਵੇਂ ਜਿੰਮ ਖੋਲ੍ਹੇ ਜਾਣਗੇ।

        ਲੋਕ ਨਿਰਮਾਣ ਵਿਭਾਗ ਦੇ ਐਸ ਡੀ ਓ ਬਲਵਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰਜਕਾਰੀ ਇੰਜੀਨੀਅਰ ਸ੍ਰੀ ਰਮਤੇਸ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫੁਗਲਾਣਾ ਤੋਂ ਭੂੰਗਰਨੀ ਤੱਕ 2. 65 ਕਿਲੋਮੀਟਰ ਨਵੀਂ ਲਿੰਕ  ਸੜਕ ਦਾ ਨਿਰਮਾਣ ਜਲਦੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮੌਕੇ ਤੇ ਜੋਗਿੰਦਰ ਸਿੰਘ ਮੇਹਟਿਆਣਾ, ਸਰਪੰਚ ਫੁਗਲਾਣਾ ਅਵਤਾਰ ਸਿੰਘ, ਸਾਬਕਾ ਸਰਪੰਚ ਖਨੌੜਾ ਮਹਿੰਦਰ ਸਿੰਘ, ਸੁਰਜੀਤ ਸਿੰਘ ਭੂੰਗਰਨੀ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।  ਸਟੇਜ ਸਕੱਤਰ ਦੀ ਭੂਮਿਕਾ ਸ੍ਰੀ ਪਾਲ ਸਿੰਘ ਨੇ ਬਾਖੂਬੀ ਨਿਭਾਈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਲੋਕ ਨਿਰਮਾਣ ਵਿਭਾਗ ਦੇ ਜੇ ਈ ਰਾਮ ਚੰਦ, ਨਿਰਮਲ ਸਿੰਘ, ਗੁਰਮੀਤ ਸਿੰਘ ਫੁਗਲਾਣਾ, ਰੁਪਿੰਦਰ ਸਿੰਘ ਢਿਲੋਂ, ਬਲਜੀਤ ਸਿੰਘ, ਕੂਕੀ ਬਾਦਸ਼ਾਹ, ਮਾਸਟਰ ਰਛਪਾਲ ਸਿੰਘ, ਓਂਕਾਰ ਸਿੰਘ ਮਿਨਹਾਸ, ਨਰਿੰਦਰ ਮਿਨਹਾਸ, ਨਰਿੰਦਰ ਸਿੰਘ ਧਾਮੀ, ਜੋਗਿੰਦਰ ਸਿੰਘ, ਬੋਬੀ ਬਾਂਸਲ, ਮਿੱਠੂ ਅਤੇ ਹੋਰ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਵੋਟਰ ਸੂਚੀਆਂ ਦੀ ਸੁਧਾਈ 4 ਅਕਤੂਬਰ ਤੋਂ ਸ਼ੁਰੂ : ਡੀ. ਸੀ.

Deep Inder Singh DC Hoshiarpur
ਹੁਸ਼ਿਆਰਪੁਰ, 30 ਸਤੰਬਰ: ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਗਾਮੀ ਵਿਧਾਨ ਸਭਾ ਚੋਣਾਂ ਦੇ ਸਬੰਧ ਵਿੱਚ ਵੋਟਰ ਸੂਚੀਆਂ ਦੀ ਸੁਧਾਈ ਸਬੰਧੀ ਅੱਜ ਇਥੇ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ।  ਇਸ ਮੌਕੇ ਤੇ ਸਰਵਸ੍ਰੀ ਵਿਨੈ ਬੁਬਲਾਨੀ ਵਧੀਕ ਡਿਪਟੀ ਕਮਿਸ਼ਨਰ (ਜ), ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ),  ਕਰਨੈਲ ਸਿੰਘ ਤਹਿਸੀਲਦਾਰ (ਚੋਣਾਂ), ਹਰੀਸ਼ ਕੁਮਾਰ, ਚੋਣਾਂ ਨਾਲ ਸਬੰਧਤ ਸਾਰੇ ਚੋਣਕਾਰ ਰਜਿਸਟਰੇਸ਼ਨ ਅਫ਼ਸਰ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਹਾਜ਼ਰ ਸਨ।
        ਸ੍ਰ: ਦੀਪਇੰਦਰ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੋਟਰ ਸੂਚੀਆਂ ਦੀ ਸੁਧਾਈ ਦੇ ਪ੍ਰੋਗਰਾਮ ਤਹਿਤ 4 ਅਕਤੂਬਰ 2011 ਨੂੰ ਵੋਟਰ ਸੂਚੀਆਂ ਦੀ ਪ੍ਰਕਾਸ਼ਨਾਂ ਕੀਤੀ ਜਾਵੇਗੀ ਅਤੇ 4 ਅਕਤੂਬਰ ਤੋਂ 20 ਅਕਤੂਬਰ 2011 ਤੱਕ ਵੋਟਰ ਸੂਚੀਆਂ ਸਬੰਧੀ ਦਾਅਵੇ ਅਤੇ ਇਤਰਾਜ ਲਏ ਜਾਣਗੇ। ਉਨ੍ਹਾਂ ਦੱਸਿਆ ਕਿ 7 ਅਕਤੂਬਰ ਅਤੇ 10 ਅਕਤੂਬਰ ਨੂੰ ਗਰਾਮ ਪੰਚਾਇਤ, ਗਰਾਮ ਸਭਾ, ਲੋਕਲ ਬਾਡੀਜ਼ ਵੱਲੋਂ ਵੋਟਰ ਸੂਚੀਆਂ ਵਿੱਚ ਦਰਜ ਨਾਵਾਂ ਦੀ ਪੜ੍ਹ ਕੇ ਪੜਤਾਲ ਕੀਤੀ ਜਾਵੇਗੀ।  ਉਨ੍ਹਾਂ ਅੱਗੇ ਦੱਸਿਆ ਕਿ 9 ਅਕਤੂਬਰ ਅਤੇ 16 ਅਕਤੂਬਰ ਨੂੰ ਸਪੈਸ਼ਲ ਮੁਹਿੰਮ ਚਲਾਈ ਜਾ ਰਹੀ ਹੈ ਇਨ੍ਹਾਂ ਦਿਨਾਂ ਵਿੱਚ ਬੀ ਐਲ ਓਜ਼ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਨਿਯੁਕਤ ਕੀਤੇ ਗਏ ਬੂਥ ਲੈਵਲ ਏਜੰਟਾਂ ਦੀ ਮੀਟਿੰਗ ਹੋਵੇਗੀ ਅਤੇ ਵੋਟਰ ਸੂਚੀਆਂ ਤੇ  ਦਾਅਵੇ ਅਤੇ ਇਤਰਾਜ ਲਏ ਜਾਣਗੇ ਅਤੇ 19 ਨਵੰਬਰ ਨੂੰ ਇਨ੍ਹਾਂ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ ਕੀਤਾ ਜਾਵੇਗਾ।  ਉਨ੍ਹਾਂ ਦੱਸਿਆ ਕਿ 19 ਨਵੰਬਰ ਤੋਂ 26 ਦਸੰਬਰ ਤੱਕ ਡਾਟੇ ਨੂੰ ਅਪਡੇਟ ਕਰਨ ਉਪਰੰਤ ਫੋਟੋ ਲਗਾ ਕੇ ਕੰਟਰੋਲ ਟੇਬਲਜ਼ ਤਿਆਰ ਕੀਤੇ ਜਾਣਗੇ ਅਤੇ ਵੋਟਰ ਸੂਚੀਆਂ ਦੀ ਸਪਲੀਮੈਂਟਰੀ ਸੂਚੀ ਦੀ ਪ੍ਰਕਾਸ਼ਨਾ ਕੀਤੀ ਜਾਵੇਗੀ ਅਤੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾਂ 2 ਜਨਵਰੀ 2012 ਨੂੰ ਕੀਤੀ ਜਾਵੇਗੀ।
        ਉਨ੍ਹਾਂ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਦੀ ਉਮਰ 1-1-2012 ਨੂੰ 18 ਸਾਲ ਜਾਂ ਇਸ ਤੋਂ ਵੱਧ ਹੈ ਉਨ੍ਹਾਂ ਦੇ ਨਾਂ ਵੋਟਰ ਸੂਚੀਆਂ ਵਿੱਚ ਦਰਜ਼ ਨਹੀਂ ਹਨ, ਉਨ੍ਹਾਂ ਵਿਅਕਤੀਆਂ ਨੂੰ ਆਪਣੀਆਂ ਵੋਟਾਂ ਬਣਾਉਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੂਥ ਲੈਵਲ ਏਜੰਟ ਨਿਯੁਕਤ ਕਰਨ ਦੀ ਪਹਿਲਾਂ ਵੀ ਬੇਨਤੀ ਕੀਤੀ ਗਈ ਸੀ ਪਰ ਕਿਸੇ ਵੀ ਪਾਰਟੀ ਵੱਲੋਂ ਬੂਥ ਲੈਵਲ ਏਜੰਟਾਂ ਦੀ ਨਿਯੁਕਤੀ ਨਹੀਂ ਕੀਤੀ ਗਈ । ਇਸ ਕਰਕੇ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ, ਸਕੱਤਰਾਂ ਦੇ ਨੁਮਾਇੰਦਿਆਂ ਨੂੰ ਬੇਨਤੀ ਹੈ ਕਿ ਹਰੇਕ ਪੋਲਿੰਗ ਸਟੇਸ਼ਨ ਤੇ ਬੂਥ ਲੈਵਲ ਏਜੰਟ ਲਗਾਏ ਜਾਣ ਅਤੇ ਇਨ੍ਹਾਂ ਬੂਥ ਲੈਵਲ ਏਜੰਟਾਂ ਦੇ ਨਾਵਾਂ ਦੀ ਇੱਕ ਸੂਚੀ ਤਹਿਸੀਲਦਾਰ ਚੋਣਾਂ ਅਤੇ ਇੱਕ ਸਬੰਧਤ ਈ ਆਰ ਓ ਨੂੰ ਭੇਜੀ ਜਾਵੇ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੋਟਰਾਂ ਦੀਆਂ ਫੋਟੋਆਂ ਵੋਟਰ ਸੂਚੀ ਵਿੱਚ ਉਨ੍ਹਾਂ ਦੇ ਨਾਵਾਂ ਸਾਹਮਣੇ ਦਰਜ਼ ਨਹੀਂ ਹਨ, ਉਨ੍ਹਾਂ ਨੂੰ ਫਾਰਮ ਨੰ: 001-ਬੀ ਭਰਾਉਣ ਲਈ ਪ੍ਰੇਰਿਤ ਕੀਤਾ ਜਾਵੇ।  ਉਨ੍ਹਾਂ ਕਿਹਾ ਕਿ 1 ਜਨਵਰੀ 2012 ਦੇ ਆਧਾਰ ਤੇ ਤਿਆਰ ਕੀਤੀ ਗਈ ਡਰਾਫ਼ਟ ਵੋਟਰ ਸੂਚੀ 3 ਅਕਤੂਬਰ 2011 ਨੂੰ ਸਬੰਧਤ ਮਾਨਤਾ ਪ੍ਰਾਪਤ ਰਾਜਸੀ ਪਾਰਟੀਆਂ ਵੱਲੋਂ ਜ਼ਿਲ੍ਹਾ ਚੋਣ ਦਫ਼ਤਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।  ਉਨ੍ਹਾਂ ਅੱਗੇ ਕਿਹਾ ਕਿ ਵਿਦੇਸ਼ਾਂ ਵਿੱਚ ਰਹਿ ਰਹੇ ਭਾਰਤੀ ਨਾਗਰਿਕਾਂ ਨੂੰ ਐਨ ਆਰ ਆਈ ਵੋਟਾਂ ਬਣਾਉਣ ਲਈ ਫਾਰਮ ਨੰ: 6 ਏ ਭਰ ਕੇ ਵੋਟਾਂ ਬਣਾਉਣ ਲਈ ਪ੍ਰੇਰਿਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵੋਟਰਾਂ ਵੱਲੋਂ ਆਪਣੀਆਂ ਵੋਟਾਂ ਮੁੱਖ ਚੋਣ ਅਫ਼ਸਰ ਪੰਜਾਬ ਦੀ ਦਫ਼ਤਰੀ ਵੈਬ ਸਾਈਟ www.ceopunjab.nic.in ਤੇ ਚੈਕ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨਾਂ, ਸਕੱਤਰਾਂ ਤੇ ਨੁਮਾਇੰਦਿਆਂ ਨੂੰ ਬੇਨਤੀ ਕੀਤੀ ਕਿ ਮੋਹਤਬਾਰ ਵਿਅਕਤੀਆਂ ਦੇ ਨਾਂ ਵੋਟਰ ਸੂਚੀ ਵਿੱਚ ਆਪਣੇ ਪੱਧਰ ਤੇ ਚੈਕ ਕਰ ਲਏ ਜਾਣ।
        ਸ੍ਰ: ਦੀਪਇੰਦਰ ਸਿੰਘ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਚੋਣਾਂ ਲੜਨ ਲਈ ਖਰਚੇ ਦੀ ਹੱਦ ਵਿੱਚ ਵਾਧਾ ਕੀਤਾ ਗਿਆ ਹੈ। ਹੁਣ ਲੋਕ ਸਭਾ ਦੀ ਚੋਣ ਲਈ 25 ਲੱਖ ਰੁਪਏ ਤੋਂ ਵਧਾ ਕੇ 40 ਲੱਖ ਰੁਪਏ ਅਤੇ ਵਿਧਾਨ ਸਭਾ ਚੋਣਾਂ ਲਈ 10 ਲੱਖ ਰੁਪਏ ਤੋਂ ਵਧਾ ਕੇ 16 ਲੱਖ ਰੁਪਏ ਕਰ ਦਿੱਤੀ ਗਈ ਹੈ।  ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮੌਜੂਦਾ ਸਰਕਾਰ ਦਾ 5 ਸਾਲਾ ਦਾ ਕਾਲ ਪੂਰਾ ਹੋਣ ਤੋਂ 6 ਮਹੀਨੇ ਰਹਿ ਜਾਣ ਤੇ ਰਾਜਨੀਤਿਕ ਪਾਰਟੀ ਦੇ ਉਮੀਦਵਾਰ ਵੱਲੋਂ ਪ੍ਰਚਾਰ ਲਈ ਜੋ ਖਰਚ ਕੀਤਾ ਜਾਵੇਗਾ, ਉਹ ਚੋਣਾਂ ਸਮੇਂ ਸਬੰਧਤ ਰਾਜਨੀਤਿਕ ਪਾਰਟੀ, ਉਮੀਦਵਾਰ ਦੇ ਖਾਤੇ ਵਿੱਚ ਜਮ੍ਹਾਂ ਕੀਤਾ ਜਾਵੇਗਾ। ਇਸ ਲਈ ਬੇਨਤੀ ਹੈ ਕਿ ਕੇਬਲ ਟੀ ਵੀ ਜਾਂ ਅਖ਼ਬਾਰਾਂ ਵਿੱਚ ਪ੍ਰਕਾਸ਼ਤ ਕੀਤੇ ਜਾਣ ਵਾਲੇ ਇਸ਼ਤਿਹਾਰਾਂ ਸਬੰਧੀ ਆਏ ਖਰਚੇ ਦਾ ਹਿਸਾਬ ਜ਼ਿਲ੍ਹਾ ਪੱਧਰ ਤੇ ਗਠਿਤ ਕੀਤੀ ਗਈ ਕਮੇਟੀ ਨੂੰ ਦਿੱਤਾ ਜਾਵੇ । ਉਨ੍ਹਾਂ ਕਿਹਾ ਕਿ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਖਰਚੇ ਸਬੰਧੀ ਰੇਟ ਚਾਰਟ ਤਿਆਰ ਕੀਤਾ ਜਾ ਰਿਹਾ ਹੈ। ਇਸ ਰੇਟ ਲਿਸਟ ਅਨੁਸਾਰ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰ ਦੇ ਖਾਤੇ ਵਿੱਚ ਖਰਚਾ ਬੁੱਕ ਕੀਤਾ ਜਾਵੇਗਾ।  ਰੇਟ ਚਾਰਟ ਜਲਦ ਹੀ ਸਮੂਹ ਰਾਜਨੀਤਿਕ ਪਾਰਟੀਆਂ ਨੂੰ ਸਪਲਾਈ ਕਰ ਦਿੱਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਵੋਟਾਂ ਬਣਾਉਣ ਸਬੰਧੀ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਜੇਕਰ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਲ ਪੇਸ਼ ਆ ਰਹੀ ਹੈ ਤਾਂ ਉਹ ਜ਼ਿਲ੍ਹਾ ਚੋਣ ਅਫ਼ਸਰ ਦੇ ਟੈਲੀਫੋਨ ਨੰ: 01882-225013 ਤੇ ਸੰਪਰਕ ਕਰ ਸਕਦੇ ਹਨ।

ਜਿਲ੍ਹਾ ਸਲਾਹਕਾਰ ਕਮੇਟੀਆਂ ਦੀਆਂ ਮੀਟਿੰਗਾਂ

ਹੁਸ਼ਿਆਰਪੁਰ, 29 ਸਤੰਬਰ:  ਮਾਲ ਵਿਭਾਗ, ਪੁਲਿਸ, ਖੁਰਾਕ ਤੇ ਸਿਵਲ ਸਪਲਾਈ ਵਿਭਾਗ, ਆਬਕਾਰੀ ਤੇ ਕਰ, ਸਿੱਖਿਆ, ਸਿਹਤ, ਬਿਜਲੀ, ਸਿੰਚਾਈ, ਜਨ ਸਿਹਤ (ਪੀਣ ਵਾਲੇ ਪਾਣੀ), ਬੁਨਿਆਦੀ ਢਾਂਚਾ ਅਤੇ ਮਿਉਂਸਪਲ ਅਮੈਨਟੀਜ਼, ਭਲਾਈ ਵਿਭਾਗ, ਸਮਾਜਿਕ ਸੁਰੱਖਿਆ ਅਤੇ ਸਹਿਕਾਰਤਾ ਵਿਭਾਗ ਦੀਆਂ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀਆਂ ਦੀਆਂ ਮੀਟਿੰਗਾਂ ਅੱਜ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿੱਚ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈਆਂ। ਇਸ ਮੌਕੇ ਤੇ ਸਰਵਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ),  ਵਿਨੈ ਬੁਬਲਾਨੀ ਵਧੀਕ ਡਿਪਟੀ ਕਮਿਸ਼ਨਰ (ਜ), ਰਣਜੀਤ ਕੌਰ ਐਸ ਡੀ ਐਮ ਗੜ੍ਹਸ਼ੰਕਰ, ਪੀ ਪੀ ਸਿੰਘ ਐਸ ਡੀ ਐਮ ਦਸੂਹਾ, ਅਵਤਾਰ ਸਿੰਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਤੇ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਤੇ ਸਲਾਹਕਾਰ ਕਮੇਟੀਆਂ ਦੇ ਮੈਂਬਰ ਹਾਜ਼ਰ ਸਨ।
        ਸ੍ਰ: ਦੀਪਇੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਵੱਖ-ਵੱਖ ਸੜਕਾਂ ਦੇ ਕਿਨਾਰਿਆਂ ਤੇ ਲੋਕ ਨਜਾਇਜ਼ ਕਬਜੇ ਕਰ ਰਹੇ ਹਨ, ਉਨ੍ਹਾਂ ਨੂੰ ਤੁਰੰਤ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਟਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਯੋਗ ਉਪਰਾਲੇ ਕੀਤੇ ਜਾਣ।  ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਸਰਵਿਸ ਐਕਟ 2011 ਦੀਆਂ ਕਾਪੀਆਂ ਜ਼ਿਲ੍ਹਾ ਪੱਧਰੀ ਸਲਾਹਕਾਰ ਕਮੇਟੀਆਂ ਦੇ ਮੈਂਬਰਾਂ ਨੂੰ ਦਿੱਤੀਆਂ ਜਾਣ। ਇਸ ਮੀਟਿੰਗ ਵਿੱਚ ਇੱਟਾਂ ਦੀ ਕਮੀ ਬਾਰੇ ਉਠਾਏ ਗਏ ਮਸਲਿਆਂ ਨੂੰ ਹੱਲ ਕਰਨ ਲਈ ਉਨ੍ਹਾਂ ਨੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਬੰਧੀ ਲਿਸਟਾਂ ਬਣਾ ਕੇ ਬੀ ਡੀ ਪੀ ਓਜ਼ ਨੂੰ ਦੇਣ ਤਾਂ ਜੋ ਇੱਕ ਹਫ਼ਤੇ ਦੇ ਅੰਦਰ-ਅੰਦਰ ਉਨ੍ਹਾਂ ਨੂੰ ਵਿਕਾਸ ਕੰਮਾਂ ਲਈ ਇੱਟਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਨੇ ਜ਼ਿਲ੍ਹੇ ਅੰਦਰ ਵਾਪਰ ਰਹੀਆਂ ਲੁੱਟਾਂ-ਖੋਹਾਂ ਸਬੰਧੀ ਪ੍ਰਾਪਤ ਹੋਏ ਸੁਝਾਵਾਂ ਨੂੰ ਗੰਭੀਰਤਾ ਨਾਲ ਸੁਣਿਆ ਅਤੇ ਜ਼ਿਲ੍ਹਾ ਪੁਲਿਸ ਨੂੰ ਕਿਹਾ ਕਿ ਇਸ ਸਬੰਧੀ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਲੁੱਟਾਂ - ਖੋਹਾਂ ਦੀਆਂ ਵਾਰਦਾਤਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਨੇ ਜ਼ਿਲ੍ਹੇ ਅੰਦਰ ਨਸ਼ਿਆਂ ਦੇ ਕਾਰੋਬਾਰ ਨੂੰ ਰੋਕਣ ਲਈ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ।

ਅਯੁਰਵੈਦਿਕ ਯੂਨੀਵਰਸਿਟੀ ਦੇ ਨੀਂਹ ਪੱਥਰ ਸਮਾਗਮ ਦੀ ਤਿਆਰੀ ਜੋਰਾਂ ਤੇ

ਹੁਸ਼ਿਆਰਪੁਰ, 29 ਸਤੰਬਰ:  ਪੰਜਾਬ ਸਰਕਾਰ ਵੱਲੋਂ ਹੁਸ਼ਿਆਰਪੁਰ ਦੇ ਪਿੰਡ ਖੜਕਾਂ ਵਿਖੇ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਦੇ ਨੀਂਹ ਪੱਥਰ ਨੂੰ ਸਮਰਪਿਤ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਗੱਲ ਦਾ ਪ੍ਰਗਟਾਵਾ ਸ੍ਰੀ ਤੀਕਸ਼ਨ ਸੂਦ ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰੀ ਪੰਜਾਬ ਅਤੇ ਸ੍ਰੀ ਅਰੁਨੇਸ਼ ਸ਼ਾਕਰ ਮੈਡੀਕਲ ਸਿੱਖਿਆ ਤੇ ਖੋਜ ਅਤੇ ਜੰਗਲਾਤ ਮੰਤਰੀ ਪੰਜਾਬ ਨੇ ਅੱਜ ਇਥੇ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਰਾਜ ਪੱਧਰੀ ਸਮਾਗਮ ਦੀ ਤਿਆਰੀ ਸਬੰਧੀ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਰੱਖੀ ਗਈ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਤੇ ਸਰਵਸ੍ਰੀ ਅਮਰਜੀਤ ਸਿੰਘ ਸਾਹੀ ਸੰਸਦੀ ਸਕੱਤਰ ਵਿੱਤ ਵਿਭਾਗ, ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ, ਜਗਤਾਰ ਸਿੰਘ ਜ਼ਿਲ੍ਹਾ ਪ੍ਰਧਾਨ ਭਾਜਪਾ, ਸੋਮ ਪ੍ਰਕਾਸ਼ ਭਾਜਪਾ ਆਗੂ, ਡਾ ਓਮ ਪ੍ਰਕਾਸ਼ ਉਪਾਧਿਆਏ ਉਪ ਕੁਲਪਤੀ ਗੁਰੂ ਰਵਿਦਾਸ ਯੂਨੀਵਰਸਿਟੀ, ਜਵਾਹਰ ਖੁਰਾਨਾ, ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਵਿਨੇ ਬੁਬਲਾਨੀ ਵਧੀਕ ਡਿਪਟੀ ਕਮਿਸ਼ਨਰ (ਜ), ਰਣਜੀਤ ਕੌਰ ਐਸ ਡੀ ਐਮ ਗੜ੍ਹਸ਼ੰਕਰ ਅਤੇ ਪੀ ਪੀ ਸਿੰਘ ਐਸ ਡੀ ਐਮ ਦਸੂਹਾ, ਪਵਨ ਸ਼ਰਮਾ, ਆਦਿ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਪਤਵੰਤੇ ਹਾਜ਼ਰ ਸਨ।       
         ਸ੍ਰੀ ਸੂਦ ਅਤੇ ਸ੍ਰੀ ਸ਼ਾਕਰ ਨੇ ਸਾਂਝੇ ਤੌਰ ਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਯੂਵੈਦਿਕ ਸਿੱਖਿਆ ਨੂੰ ਪ੍ਰਫੂਲਤ ਕਰਨ ਲਈ ਦੇਸ਼ ਦੀ ਚੌਥੀ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਪਿੰਡ ਖੜਕਾਂ ਵਿਖੇ ਸਥਾਪਤ ਕੀਤੀ ਗਈ ਹੈ ਅਤੇ ਜਿਸ ਦਾ ਨਾਂ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਦੇ ਕੈਂਪਸ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ ਪਿੰਡ ਖੜਕਾਂ ਵਿਖੇ 9 ਅਕਤੂਬਰ 2011 ਨੂੰ ਦੁਪਹਿਰ 12-00 ਵਜੇ ਰੱਖਣਗੇ।  ਉਨ੍ਹਾਂ ਕਿਹਾ ਕਿ ਪਿੰਡ ਖੜਕਾਂ ਦੀ ਪੰਚਾਇਤ ਵੱਲੋਂ ਗੁਰੂ ਰਵਿਦਾਸ ਯੂਨੀਵਰਸਿਟੀ ਲਈ 33 ਏਕੜ ਜ਼ਮੀਨ ਦਿੱਤੀ ਗਈ ਹੈ।  ਉਨ੍ਹਾਂ ਕਿਹਾ ਕਿ ਆਯੂਰਵੈਦ ਵਿਗਿਆਨ ਇੱਕ ਵੈਦਿਕ ਵਿਗਿਆਨ ਹੈ ਅਤੇ ਹੁਸ਼ਿਆਰਪੁਰ ਜ਼ਿਲ੍ਹੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਜਿਥੇ ਪੰਜਾਬ ਸਰਕਾਰ ਵੱਲੋਂ ਆਯੂਰਵੈਦਿਕ ਸਿੱਖਿਆ ਸਿੱਖਿਆ ਦਾ ਕੌਮਾਂਤਰੀ ਪੱਧਰ ਤੇ ਪ੍ਰਸਾਰ ਕਰਨ ਲਈ ਯੂਨੀਵਰਸਿਟੀ ਸਥਾਪਿਤ ਕੀਤੀ ਗਈ ਹੈ।  ਸ੍ਰੀ ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਮੰਤਰੀ ਸਾਹਿਬਾਨ ਨੂੰ ਭਰੋਸਾ ਦੁਆਇਆ ਕਿ ਪ੍ਰਸ਼ਾਸ਼ਨ ਵੱਲੋਂ ਇਸ ਰਾਜ ਪੱਧਰੀ ਸਮਾਗਮ ਨੂੰ ਕਾਮਯਾਬ ਬਣਾਉਣ ਲਈ ਪੂਰਨ ਸਹਿਯੋਗ ਦਿੱਤਾ ਜਾਵੇਗਾ।
   ਇਸ ਉਪਰੰਤ ਸ੍ਰੀ ਅਰੁਨੇਸ਼ ਸ਼ਾਕਰ ਅਤੇ ਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਪਿੰਡ ਖੜਕਾਂ ਵਿਖੇ ਉਸ ਜਗ੍ਹਾ ਦਾ ਦੌਰਾ ਕੀਤਾ ਜਿਥੇ ਯੂਨੀਵਰਸਿਟੀ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਜਾਣਾ ਹੈ।

ਨਗਰ ਕੌਂਸਲ ਹੁਸ਼ਿਆਰਪੁਰ ਦੀਆਂ ਸੜਕਾਂ ਦਾ ਨਵੀਨੀਕਰਨ ਹੋਵੇਗਾ: ਸੂਦ

ਹੁਸ਼ਿਆਰਪੁਰ, 29 ਸਤੰਬਰ : ਨਗਰ ਕੌਂਸਲ ਹੁਸ਼ਿਆਰਪੁਰ ਦੀਆਂ ਸੜਕਾਂ ਨੂੰ ਮਜ਼ਬੂਤ ਬਣਾਉਣ ਅਤੇ ਉਨ੍ਹਾਂ ਦਾ ਨਵੀਨੀਕਰਨ ਕਰਨ ਲਈ 14.39 ਕਰੋੜ ਰੁਪਏ ਵਿੱਚੋਂ 11 ਕਰੋੜ ਰੁਪਏ ਦੇ ਟੈਂਡਰ ਲਗਾ ਦਿੱਤੇ ਗਏ ਹਨ। ਇਸ ਗੱਲ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ 6 ਲੱਖ ਰੁਪਏ ਦੀ ਲਾਗਤ ਨਾਲ ਮੁਹੱਲਾ ਹਰੀ ਨਗਰ ਵਿਖੇ ਕੋਅਪਰੇਟਿਵ ਬੈਂਕ ਦੀ ਇਮਾਰਤ ਦੇ ਨਾਲ ਲਗਦੀ ਸੜਕ ਦੇ ਨਵੀਨੀਕਰਨ ਦੇ ਕੰਮ ਦੀ ਸ਼ੁਰੂਆਤ ਨਾਰੀਅਲ ਤੋੜ ਕੇ ਕਰਨ ਉਪਰੰਤ ਕੀਤਾ।
        ਸ੍ਰੀ ਸੂਦ ਨੇ ਦੱਸਿਆ ਕਿ ਪਿਛਲੇ ਦਿਨੀ ਬਰਸਾਤੀ ਪਾਣੀ ਨਾਲ ਸ਼ਹਿਰ ਦੀਆਂ ਖਰਾਬ ਹੋਈਆਂ ਸੜਕਾਂ ਦੀ ਮੁਰੰਮਤ ਅਤੇ ਨਵੀਨੀਕਰਨ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕਰ ਦਿੱਤਾ ਗਿਆ ਹੈ।  ਕੁਝ ਦਿਨ ਪਹਿਲਾਂ ਹੀ 2 ਕਰੋੜ ਰੁਪਏ ਦੀ ਲਾਗਤ ਨਾਲ ਸੁਤੈਹਰੀ ਰੋਡ ਨੂੰ ਮਜ਼ਬੂਤ ਅਤੇ ਨਵੀਨੀਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਸੜਕਾਂ ਪੱਕੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਗਲੀਆਂ ਵਿੱਚ ਇੰਟਰ ਲਾਕਿੰਗ ਟਾਈਲਾਂ ਲਗਾਈਆਂ ਜਾ ਰਹੀਆਂ ਹਨ। ਨਗਰ ਕੌਂਸਲ ਹੁਸ਼ਿਆਰਪੁਰ ਵਿੱਚ 100 ਫੀਸਦੀ ਪੀਣ ਵਾਲਾ ਪਾਣੀ ਅਤੇ ਸੀਵਰੇਜ਼ ਮੁਹੱਈਆ ਕਰਾਉਣ ਲਈ ਪ੍ਰੋਜੈਕਟ ਪਹਿਲਾਂ ਹੀ ਚਲ ਰਹੇ ਹਨ।  ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਵਿਕਾਸ ਦੇ ਕਾਰਜ ਜੰਗੀ ਪੱਧਰ ਤੇ ਕਰਵਾਏ ਜਾ ਰਹੇ ਹਨ।  ਉਨ੍ਹਾਂ ਦੱਸਿਆ ਕਿ 9 ਅਕਤੂਬਰ ਨੂੰ ਦੁਪਹਿਰ 12-00 ਵਜੇ ਪਿੰਡ ਖੜਕਾਂ ਵਿਖੇ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਦੀ ਇਮਾਰਤ ਦਾ ਨੀਂਹ ਪੱਥਰ ਰੱਖਣ ਲਈ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਪਹੁੰਚ ਰਹੇ ਹਨ। ਇਸ ਯੂਨੀਵਰਸਿਟੀ ਦੇ ਬਣਨ ਨਾਲ ਹੁਸ਼ਿਆਰਪੁਰ ਦਾ ਨਾਂ ਸੰਸਾਰ ਦਾ ਨਕਸ਼ੇ ਤੇ ਆ ਜਾਵੇਗਾ।
        ਇਸ ਮੌਕੇ ਤੇ ਪ੍ਰਧਾਨ ਨਗਰ ਕੌਂਸਲ ਸ਼ਿਵ ਸੂਦ ਨੇ ਦੱਸਿਆ ਕਿ ਨਗਰ ਕੌਂਸਲ ਹੁਸ਼ਿਆਰਪੁਰ ਦੀਆਂ ਤੰਗ ਗਲੀਆਂ ਵਿੱਚੋਂ ਕੂੜ ਕਰਕਟ ਚੁੱਕਣ ਲਈ ਛੋਟੇ ਟੈਂਪੂ ਲਗਾਏ ਗਏ ਹਨ ਅਤੇ ਟਿੱਪਰ ਵੀ ਖਰੀਦ ਕੀਤਾ ਗਿਆ ਹੈ। ਸੀਵਰੇਜ਼ ਦੀ ਸਫ਼ਾਈ ਲਈ ਆਧੁਨਿਕ ਕਿਸਮ ਦੀ ਜੈਟਿੰਗ ਮਸ਼ੀਨ ਖਰੀਦ ਕੀਤੀ ਗਈ ਹੈ ਅਤੇ ਸ਼ਹਿਰ ਦੇ ਸਾਰੇ ਪਾਰਕਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ।
        ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕਾਰਜਸਾਧਕ ਅਫ਼ਸਰ ਪਰਮਜੀਤ ਸਿੰਘ, ਮਿਉਂਸਪਲ ਇੰਜੀਨੀਅਰ ਪਵਨ ਸ਼ਰਮਾ, ਸਹਾਇਕ ਮਿਉਂਸਪਲ ਇੰਜੀ: ਹਰਪ੍ਰੀਤ ਸਿੰਘ, ਜੇ ਈ ਸੁਖਦੇਵ ਸਿੰਘ, ਜ਼ਿਲ੍ਹਾ ਪ੍ਰਧਾਨ ਭਾਜਪਾ ਜਗਤਾਰ ਸਿੰਘ, ਰਾਮੇਸ਼ ਜ਼ਾਲਮ, ਅਸ਼ਵਨੀ ਓਹਰੀ, ਗਗਨ ਬੱਤਰਾ, ਐਮ ਸੀ ਸੰਜੀਵ ਦੁਆ, ਸ਼ੁਕਲਾ ਸ਼ਰਮਾ, ਅਸ਼ੋਕ ਕੁਮਾਰ, ਪੰਕਜ ਕਾਲਾ, ਯਸ਼ਪਾਲ ਸ਼ਰਮਾ, ਜਗਦੀਸ਼ ਸੈਣੀ, ਵਰਿੰਦਰ ਬਿੰਦੂ, ਗੁਰਿੰਦਰ ਸੈਣੀ, ਐਡਵੋਕੇਟ ਮਹਿੰਦਰ ਪਾਲ ਸਿੰਘ, ਐਡਵੋਕੇਟ ਲੋਕੇਸ਼ ਪੁਰੀ, ਤਜਿੰਦਰ ਓਹਰੀ, ਜੀਵਨ ਜੋਤੀ ਕਾਲੀਆ, ਸੁਧੀਰ ਸੂਦ, ਸੰਜੇ ਗੁਪਤਾ, ਗੁਰਜੀਤ, ਰਵੀ ਅਤੇ ਹੋਰ ਮੁਹੱਲਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਕੰਬਾਈਨਾਂ ਨਾਲ ਰਾਤ ਨੂੰ ਝੋਨਾ ਕੱਟਣ ਤੇ ਪਾਬੰਦੀ

ਹੁਸ਼ਿਆਰਪੁਰ, 27 ਸਤੰਬਰ: ਜ਼ਿਲ੍ਹਾ ਮੈਜਿਸਟਰੇਟ ਸ੍ਰ: ਦੀਪਇੰਦਰ ਸਿੰਘ ਨੇ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਕਿਸੇ ਵੀ ਵਿਅਕਤੀ ਜਾਂ ਕਿਸਾਨ ਵੱਲੋਂ ਝੋਨੇ ਦੀ ਪਰਾਲੀ ਅਤੇ ਨਾੜ ਨੂੰ ਕਿਸੇ ਵੀ ਸਮੇਂ ਅੱਗ ਲਗਾਉਣ ਅਤੇ ਸ਼ਾਮ 7-00 ਵਜੇ ਤੋਂ ਲੈ ਕੇ ਸਵੇਰੇ 9-00 ਵਜੇ ਤੱਕ ਕੰਬਾਇਨਾਂ ਨਾਲ ਝੌਨਾ ਕੱਟਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਆਪਣੇ ਹੁਕਮਾਂ ਵਿੱਚ ਸਪੱਸ਼ਟ ਕੀਤਾ ਹੈ ਕਿ ਸਾਲ 2011 ਦੀ ਝੋਨੇ ਦੀ ਕਟਾਈ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਇਹ ਆਮ ਵਿੱਚ ਵੇਖਣ ਵਿੱਚ ਆਇਆ ਹੈ ਕਿ ਝੋਨੇ ਨੂੰ ਕੱਟਣ ਲਈ ਕੰਬਾਇਨਾ 24 ਘੰਟੇ ਕੰਮ ਕਰਦੀਆਂ ਹਨ। ਇਹ ਕੰਬਾਇਨਾਂ ਰਾਤ ਵੇਲੇ ਤਰੇਲ ਪੈਣ ਕਾਰਨ ਗਿੱਲ ਹੋਇਆ ਝੋਨਾ ਕੱਟ ਦਿੰਦੀਆਂ ਹਨ। ਇਸ ਤਰਾਂ ਝੋਨੇ ਵਿੱਚ ਨਮੀ ਸਰਕਾਰ ਦੀ ਨਿਰਧਾਰਤ ਸਪੈਸੀਫਿਕੇਸ਼ਨ ਤੋਂ ਉਪਰ ਹੁੰਦੀ ਅਤੇ ਖਰੀਦ ਏਜੰਸੀਆਂ ਝੋਨੇ ਨੂੰ ਖਰੀਦਣ ਤੋਂ ਅਸਮਰੱਥ ਹੁੰਦੀਆਂ ਹਨ ਅਤੇ ਕਿਸਾਨਾਂ ਨੂੰ ਝੋਨਾ ਵੇਚਣ ਲਈ ਬੇਵਜ੍ਹਾ ਖੱਜਲ-ਖੁਆਰ ਹੋਣਾ ਪੈਂਦਾ ਹੈ। 
        ਇਹ ਹੁਕਮ 26 ਦਸੰਬਰ, 2011 ਤੱਕ ਲਾਗੂ ਰਹੇਗਾ।

ਅਧਿਕਾਰੀ ਆਪਣੇ ਮੁਬਾਈਲ 24 ਘੰਟੇ ਚਾਲੂ ਰੱਖਣ : ਡੀ. ਸੀ.

ਹੁਸ਼ਿਆਰਪੁਰ, 27 ਸਤੰਬਰ: ਜ਼ਿਲ੍ਹੇ ਅੰਦਰ ਸਰਕਾਰੀ ਵਿਭਾਗਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਅਤੇ ਵਿਭਾਗੀ ਕੰਮ-ਕਾਜ਼ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਅੱਜ ਇਥੇ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਮਾਸਿਕ ਮੀਟਿੰਗਾਂ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਸਰਵਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਪੀ ਐਸ ਗਿੱਲ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ, ਰਾਹੁਲ ਚਾਬਾ ਐਸ ਡੀ ਐਮ ਮੁਕੇਰੀਆਂ, ਪੀ ਪੀ ਸਿੰਘ ਐਸ ਡੀ ਐਮ ਦਸੂਹਾ, ਰਣਜੀਤ ਕੌਰ ਐਸ ਡੀ ਐਮ ਗੜ੍ਹਸ਼ੰਕਰ, ਅਵਤਾਰ ਸਿੰਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਸਰਬਜੀਤ ਸਿੰਘ ਕੰਧਾਰੀ ਮੁੱਖ ਖੇਤੀਬਾੜੀ ਅਫ਼ਸਰ, ਇੰਦਰਜੀਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਅਤੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
        ਸ੍ਰ: ਦੀਪਇੰਦਰ ਸਿੰਘ ਨੇ ਮਾਲ ਵਿਭਾਗ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰਜ਼ੇ ਦੀ ਵਸੂਲੀ ਤੁਰੰਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਜਿਹੜੀਆਂ ਜ਼ਮੀਨਾਂ ਨੂੰ ਸਿੰਚਾਈ ਦਾ ਪਾਣੀ ਲਗਦਾ ਹੈ, ਉਨ੍ਹਾਂ ਕੋਲੋਂ ਬਿਆਨਾ ਵਸੂਲ ਕੀਤਾ ਜਾਵੇ ਅਤੇ ਇਸ ਸਬੰਧੀ ਤਹਿਸੀਲਦਾਰ ਖੁਦ ਨਿੱਜੀ ਤੌਰ ਤੇ ਮੌਕੇ ਤੇ ਜਾ ਕੇ ਇੱਕ ਰਿਪੋਰਟ ਤਿਆਰ ਕਰਕੇ ਭੇਜਣ। ਉਨ੍ਹਾਂ ਕਿਹਾ ਕਿ ਜਿਹੜੇ ਚੌਕੀਦਾਰਾਂ ਦੇ ਬਕਾਏ ਰਹਿੰਦੇ ਹਨ, ਉਹ ਤੁਰੰਤ ਦਿੱਤੇ ਜਾਣ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦਾ ਕੋਈ ਵੀ ਅਧਿਕਾਰੀ ਮਨਜ਼ੂਰੀ ਤੋਂ ਬਿਨਾਂ ਸਟੇਸ਼ਨ ਨਹੀਂ ਛੱਡੇਗਾ।  ਉਨ੍ਹਾਂ ਅਧਿਕਾਰੀਆਂ ਨੂੰ ਸਖਤ ਹਦਾਇਤ ਕੀਤੀ ਕਿ ਆਪਣੇ ਮੁਬਾਇਲ ਫੋਨ 24 ਘੰਟੇ ਚਾਲੂ ਰੱਖੇ ਜਾਣ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਅਧਿਕਾਰੀਆਂ ਖਿਲਾਫ਼ ਗੰਭੀਰ ਨੋਟਿਸ ਲੈਂਦਿਆਂ ਸਖਤ ਕਾਰਵਾਈ ਕੀਤੀ ਜਾਵੇਗੀ।  ਇਸੇ ਤਰਾਂ ਉਨ੍ਹਾਂ ਜ਼ਿਲ੍ਹੇ ਅੰਦਰ ਨਜਾਇਜ਼ ਕਬਜਿਆਂ ਨੂੰ ਹਟਾਉਣ ਲਈ ਲਗਾਤਾਰ ਮੁਹਿੰਮ ਜਾਰੀ ਰੱਖਣ ਦੀ ਹਦਾਇਤ ਕੀਤੀ ਅਤੇ ਇਸ ਮੁਹਿੰਮ ਲਈ ਪੂਰਨ ਸਹਿਯੋਗ ਦਿੱਤਾ ਜਾਵੇਗਾ।  ਉਨ੍ਹਾਂ ਨੇ ਤਹਿਸੀਲਦਾਰਾਂ ਨੂੰ ਕਿਹਾ ਕਿ ਨਜ਼ਾਇਜ਼ ਕਬਜੇ ਛੁਡਾਉਣ ਲਈ ਬੀ ਡੀ ਪੀ ਓਜ਼ ਅਤੇ ਹੋਰ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਕੀਤਾ ਜਾਵੇ।
          ਇਸ ਮੌਕੇ ਤੇ ਉਨ੍ਹਾਂ ਨੇ ਮਿਡ ਡੇ ਸਕੀਮ ਅਤੇ ਸਰਵ ਸਿੱਖਿਆ ਅਭਿਆਨ ਸਬੰਧੀ ਵੱਖ-ਵੱਖ ਸਕੀਮਾਂ, ਅਨਾਜ਼ ਅਤੇ ਮਾਈ ਭਾਗੋ ਸਕੀਮ ਤਹਿਤ ਸਾਈਕਲਾਂ ਦੀ ਵੰਡ ਸਬੰਧੀ ਜਾਇਜ਼ਾ ਲਿਆ।  ਉਨ੍ਹਾਂ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਜਿਹੜੇ ਵੋਕੇਸ਼ਨਲ ਸਿਖਲਾਈ ਕੇਂਦਰ ਚੱਲ ਰਹੇ ਹਨ, ਉਨ੍ਹਾਂ ਬਾਰੇ ਫੀਡ ਬੈਕ ਰਿਪੋਰਟ ਲਈ ਜਾਵੇ। ਉਨ੍ਹਾਂ ਨੇ ਪਿੰਡ ਕੋਟਲੀ ਖੁਰਦਾਂ ਅਤੇ ਪਿੰਡ ਭੰਗਾਲਾ ਵਿਖੇ ਸਕੂਲਾਂ ਦੀਆਂ ਇਮਾਰਤਾਂ ਦੀ ਉਸਾਰੀ ਵਿੱਚ ਪੈਦਾ ਹੋਏ ਵਿਵਾਦ ਬਾਰੇ ਰਿਪੋਰਟ ਮੰਗੀ।  ਇਸੇ ਤਰਾਂ ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਵਿਭਾਗ ਦੀ ਕਾਰਗੁਜਾਰੀ ਦਾ ਜਾਇਜ਼ਾ ਲਿਆ ਅਤੇ ਮੀਟਿੰਗ ਵਿੱਚ ਹਾਜ਼ਰ ਕਿਸਾਨਾਂ ਕੋਲੋਂ ਬਾਗਬਾਨੀ, ਖਾਦਾਂ ਦੀ ਸਪਲਾਈ, ਸਿੰਚਾਈ ਅਤੇ ਹੋਰ ਕਿਸਾਨੀ ਸਮੱਸਿਆਵਾਂ ਬਾਰੇ ਫੀਡ ਬੈਕ ਪ੍ਰਾਪਤ ਕੀਤੀ।  ਉਨ੍ਹਾਂ ਨੇ ਸਮਾਜਿਕ ਸੁਰੱਖਿਆ ਅਫ਼ਸਰ ਨੂੰ ਹਦਾਇਤ ਕੀਤੀ ਕਿ 31 ਦਸੰਬਰ 2010 ਤੱਕ ਜਿਹੜੀਆਂ ਪੈਨਸ਼ਨਾਂ ਅਣ-ਵੰਡੀਆਂ ਪਈਆਂ ਹਨ, ਉਹਨਾਂ ਨੂੰ ਤੁਰੰਤ ਮੁਕੰਮਲ ਕੀਤਾ ਜਾਵੇ।
        ਇਸ ਮੌਕੇ ਤੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਅੰਦਰ ਐਮ ਪੀ ਲੈਂਡ ਸਕੀਮ ਤਹਿਤ ਵੱਖ-ਵੱਖ ਵਿਕਾਸ ਕਾਰਜਾਂ, ਬੀ ਆਰ ਜੀ ਐਫ ਸਕੀਮ ਤਹਿਤ ਵੱਖ-ਵੱਖ ਕੰਮਾਂ ਅਤੇ ਪ੍ਰਵਾਸੀ ਭਾਰਤੀਆਂ ਦੀਆਂ ਮੁਸ਼ਕਲਾਂ ਦੇ ਨਿਪਟਾਰੇ ਬਾਰੇ, ਸਿਹਤ ਵਿਭਾਗ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਯੋਜਨਾਵਾਂ ਦਾ ਜਾਇਜ਼ਾ ਲਿਆ।

ਭਾਰਤ ਦੀ ਚੌਥੀ ਆਯੁਰਵੈਦਿਕ ਯੁਨੀਵਰਸਿਟੀ ਬਣੇਗੀ ਹੁਸ਼ਿਆਰਪੁਰ ਵਿਚ : ਸੂਦ



 ਹੁਸ਼ਿਆਰਪੁਰ, 26 ਸਤੰਬਰ: ਪੰਜਾਬ ਸਰਕਾਰ ਵੱਲੋਂ ਆਯੂਰਵੈਦਿਕ ਸਿੱਖਿਆ ਨੂੰ ਪ੍ਰਫੁੱਲਤ ਕਰਨ ਲਈ ਭਾਰਤ ਦੀ ਚੌਥੀ ਆਯੂਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਵਿਖੇ ਸਥਾਪਿਤ ਕੀਤੀ ਗਈ ਹੈ।  ਜਿਸ ਦਾ ਨਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਿਆ ਗਿਆ ਹੈ। ਇਸ ਯੂਨੀਵਰਸਿਟੀ ਦੇ ਨਵੇਂ ਕੈਂਪਸ ਦੀ ਇਮਾਰਤ ਦਾ ਨੀਂਹ ਪੱਥਰ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ਼ ਸਿੰਘ ਬਾਦਲ 9 ਅਕਤੂਬਰ 2011 ਨੂੰ ਪਿੰਡ ਖੜਕਾਂ ਵਿਖੇ ਰੱਖਣਗੇ। ਇਹ ਪ੍ਰਗਟਾਵਾ ਸ੍ਰੀ ਤੀਕਸ਼ਨ ਸੂਦ ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰੀ ਪੰਜਾਬ ਨੇ ਅੱਜ ਇਥੇ ਪੁਲਿਸ ਗਰਾਉਂਡ ਦੇ ਮੀਟਿੰਗ ਹਾਲ ਵਿੱਚ ਜ਼ਿਲ੍ਹਾ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਤੇ ਸਰਵਸ੍ਰੀ ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ, ਡਾ. ਓਮ ਪ੍ਰਕਾਸ਼ ਉਪਾਧਿਆਏ ਉਪ ਕੁਲਪਤੀ ਸ੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ, ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਵਿਨੇ ਬੁਬਲਾਨੀ ਵਧੀਕ ਡਿਪਟੀ ਕਮਿਸ਼ਨਰ (ਜ), ਜਗਤਾਰ ਸਿੰਘ ਸੈਣੀ ਜ਼ਿਲ੍ਹਾ ਪ੍ਰਧਾਨ ਭਾਜਪਾ, ਕਮਲਜੀਤ ਸੇਤੀਆ ਜਨਰਲ ਸਕੱਤਰ ਜ਼ਿਲ੍ਹਾ ਭਾਜਪਾ, ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ, ਵਿਜੇ ਪਠਾਨੀਆ, ਅਵਤਾਰ ਸਿੰਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਆਰ ਐਸ ਬੈਂਸ ਐਕਸੀਅਨ ਲੋਕ ਨਿਰਮਾਣ ਵਿਭਾਗ, ਰਣਧੀਰ ਸਿੰਘ ਸਰਪੰਚ ਪਿੰਡ ਖੜਕਾਂ ਆਦਿ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀ ਹਾਜ਼ਰ ਸਨ।
        ਸ੍ਰੀ ਸੂਦ ਨੇ ਕਿਹਾ ਕਿ ਆਯੂਰਵੈਦਿਕ ਸਿੱਖਿਆ ਭਾਰਤੀ ਸੰਸਕ੍ਰਿਤੀ ਦੀ ਪ੍ਰਤੀਕ ਹੈ ਅਤੇ ਇਸ ਯੂਨੀਵਰਸਿਟੀ ਰਾਹੀਂ ਆਯੂਰਵੈਦਿਕ ਸਿੱਖਿਆ ਦਾ ਕੌਮਾਂਤਰੀ ਪੱਧਰ ਤੇ ਪ੍ਰਸਾਰ ਕੀਤਾ ਜਾਵੇਗਾ।  ਉਨ੍ਹਾਂ ਕਿਹਾ ਕਿ ਆਯੂਰਵੈਦਿਕ ਸਿੱਖਿਆ ਦੇ ਪ੍ਰਸਾਰ ਲਈ ਪਿੰਡ ਖੜਕਾਂ ਦੀ ਪੰਚਾਇਤ ਵੱਲੋਂ  25 ਏਕੜ ਜਮੀਨ ਦਿੱਤੀ ਗਈ ਹੈ ਜਿਸ ਉਪਰ ਪੰਜਾਬ ਸਰਕਾਰ ਵੱਲੋਂ 20 ਕਰੋੜ ਰੁਪਏ ਖਰਚ ਕਰਕੇ ਨਵੇਂ ਕੈਂਪਸ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਸਰਕਾਰ ਵੱਲੋਂ ਇਸ ਨਿਰਮਾਣ ਕਾਰਜ ਲਈ ਫੰਡ ਜਾਰੀ ਕਰ ਦਿੱਤੇ ਗਏ ਹਨ।  ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਨਵੇਂ ਕੈਂਪਸ ਵਿੱਚ ਪ੍ਰਬੰਧਕੀ ਬਲਾਕ, ਹੋਸਟਲ, ਬੋਟੈਨੀਕਲ ਪਾਰਕ ਅਤੇ ਕੈਂਪਸ ਦੀਆਂ ਵੱਖ-ਵੱਖ ਇਮਾਰਤਾਂ ਦੀ ਉਸਾਰੀ ਕੀਤੀ ਜਾਵੇਗੀ ਜੋ ਡੇਢ ਸਾਲ ਵਿੱਚ ਮੁਕੰਮਲ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਯੂਨੀਵਰਸਿਟੀ ਦੇ ਅੰਦਰ ਸ੍ਰੀ ਗੁਰੂ ਰਵਿਦਾਸ ਜੀ ਅਤੇ ਭਗਵਾਨ ਧਨਵੰਤਰੀ ਜੀ ਦੀ ਮੂਰਤੀ ਸਥਾਪਿਤ ਕੀਤੀ ਜਾਵੇਗੀ।  ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਯੂਨੀਵਰਸਿਟੀ ਨੂੰ ਅੰਤਰ ਰਾਸ਼ਟਰੀ ਪੱਧਰ ਤੇ ਵਿਕਸਿਤ ਕੀਤਾ ਜਾਵੇਗਾ।
        ਇਸ ਮੌਕੇ ਤੇ ਸ੍ਰੀ ਤੀਕਸ਼ਨ ਸੂਦ ਕੈਬਨਿਟ ਮੰਤਰੀ ਪੰਜਾਬ, ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਅਧਿਕਾਰੀਆਂ ਨੇ ਪਿੰਡ ਖੜਕਾਂ ਵਿਖੇ ਜਿਸ ਥਾਂ ਤੇ ਸ੍ਰੀ ਗੁਰੂ ਰਵਿਦਾਸ ਆਯੂਰਵੈਦਿਕ ਯੂਨੀਵਰਸਿਟੀ ਦੇ ਕੈਂਪਸ ਦੀ ਇਮਾਰਤ ਦਾ ਨਿਰਮਾਣ ਕਰਨਾ ਹੈ, ਉਸ ਥਾਂ ਦਾ ਦੌਰਾ ਕੀਤਾ ਅਤੇ ਪ੍ਰਬੰਧਾਂ ਜਾਇਜ਼ਾ ਲਿਆ। ਇਸ ਮੌਕੇ ਤੇ ਉਨ੍ਹਾਂ ਨੇ ਮੁੱਖ ਮੰਤਰੀ ਦੀ ਆਮਦ ਬਾਰੇ ਪ੍ਰਬੰਧਾਂ ਅਤੇ ਜਨਤਕ ਸਮਾਗਮ ਵਾਲੀ ਥਾਂ ਦਾ ਮੁਆਇਨਾ ਕੀਤਾ। ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਇਸ ਸਬੰਧੀ ਸਮੂਚੇ ਪ੍ਰਬੰਧ ਜਲਦੀ ਮੁਕੰਮਲ ਕੀਤੇ ਜਾਣ।  ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਆਮਦ ਦੇ ਅਗੇਤੇ ਪ੍ਰਬੰਧਾਂ ਲਈ ਅਗਲੀ ਮੀਟਿੰਗ 29 ਸਤੰਬਰ ਨੂੰ ਸ਼ਾਮ 4-00 ਵਜੇ ਖੜਕਾਂ ਵਿਖੇ ਹੋਵੇਗੀ। ਜਿਸ ਵਿੱਚ ਜ਼ਿਲ੍ਹੇ ਦੇ ਸਮੂਹ ਅਧਿਕਾਰੀ ਹਾਜ਼ਰ ਹੋਣ।

ਰੱਬ ਰਾਖਾ ਹੈ ਸ਼ਾਹ ਨਹਿਰ ਬੈਰਾਜ ਦਾ !

ਤਲਵਾੜਾ, 27 ਸਤੰਬਰ: ਸ਼ਾਹ ਨਹਿਰ ਬੈਰਾਜ ਤਲਵਾੜਾ ਦੀ ਖ਼ਸਤਾ ਹਾਲਤ ਵੇਖਦਿਆਂ ਦੂਰੋਂ ਨੇੜਿਓਂ ਇਸ ਰਮਣੀਕ ਸਥਾਨ ਤੇ ਆਉਣ ਵਾਲੇ ਸੈਲਾਨੀਆਂ ਅਤੇ ਰਾਹਗੀਰਾਂ ਦੇ ਮੂੰਹ ਚੋਂ ਇੱਥੇ ਪਹੁੰਚ ਕੇ ਇਹੋ ਸ਼ਬਦ ਨਿਕਲਦੇ ਹਨ। ਅਸਲ ਵਿਚ ਸ਼ਾਹ ਨਹਿਰ ਬੈਰਾਜ ਅਤੇ ਪੌਂਗ ਡੈਮ ਦੀਆਂ ਝੀਲਾਂ ਇਨ੍ਹੀਂ ਦਿਨੀ ਸਾਈਬੇਰੀਅਨ ਪੰਛੀਆਂ ਦੀ ਰੌਣਕ ਸਦਕਾ ਲੋਕਾਂ ਲਈ ਖਿੱਚ ਦਾ ਕੇਂਦਰ ਬਣੀਆਂ ਹੋਈਆਂ ਹਨ। ਪਰੰਤੂ ਬੈਰਾਜ ਤਲਵਾੜੇ ਨੂੰ ਬੈਰਾਜ ਨਾਲ ਜੋੜਦੀ ਸੰਪਰਕ ਸੜਕ ਆਪਣੀ ਬਦਹਾਲੀ ਆਪ ਬਿਆਨ ਕਰਦੀ ਜਾਪਦੀ ਹੈ। ਇਸ ਸੜਕ ਤੇ ਪਏ ਡੂੰਘੇ ਖੱਡੇ ਲੋਕਾਂ ਦੇ ਰਾਹ ਵਿਚ ਵੱਡੀ ਰੁਕਾਵਟ ਖੜ੍ਹੀ ਕਰਦੇ ਹਨ। ਹਾਲਤ ਇਹ ਹੈ ਕਿ ਸ਼ਾਹ ਨਹਿਰ ਬੈਰਾਜ ਦੇ ਉੱਪਰੋਂ ¦ਘਦਾ ਰਸਤਾ ਵੀ ਬੁਰੀ ਤਰਾਂ ਟੁੱਟ ਭੱਜ ਦਾ ਸ਼ਿਕਾਰ ਹੋ ਚੁੱਕਾ ਹੈ। ਕੇਵਲ ਹਲਕੇ ਵਾਹਨਾਂ ਲਈ ਬਣੇ ਇਸ ਰਸਤੇ ਤੋਂ ਦਿਨ ਰਾਤ ਭਾਰੀ ਮਸ਼ੀਨਰੀ ਦੀ ਆਵਾਜਾਈ ਆਮ ਵੇਖੀ ਜਾ ਸਕਦੀ ਹੈ। ਬੈਰਾਜ ਤੇ ਬਣੇ ਪਾਰਕਾਂ ਤੋਂ ਲੈ ਕੇ ਸੜਕ ਅਤੇ ਬੈਰਾਜ ਉੱਤੇ ਦੋਵੇਂ ਪਾਸੇ ਲੱਗੀਆਂ ਸਟਰੀਟ ਲਾਈਟਾਂ ਅਤੇ ਸਜਾਵਟੀ ਰੌਸ਼ਨੀਆਂ ਦੇ ਸਿਰਫ ਨਿਸ਼ਾਨੀਆਂ ਹੀ ਵੇਖੀਆਂ ਜਾ ਸਕਦੀਆਂ ਹਨ ਅਤੇ ਸ਼ਾਮ ਹੁੰਦੇ ਹੀ ਕਦੇ ਦੀਵਾਲੀ ਵਾਂਗ ਚਮਕਦੇ ਇਸ ਖ਼ੂਬਸੂਰਤ ਸਥਾਨ ਦਾ ਜਿਆਦਾਤਰ ਹਿੱਸਾ ਹਨੇਰੇ ਵਿਚ ਡੁੱਬ ਜਾਂਦਾ ਹੈ। ਦਰਿਆ ਬਿਆਸ ਦੇ ਅਮੋੜ ਪਾਣੀਆਂ ਨੂੰ ਠੱਲ੍ਹ ਕੇ ਦਰਿਆ ਅਤੇ ਨਹਿਰ ਵਿਚ ਤਕਸੀਮ ਕਰਨ ਲਈ ਬਣਾਏ ਵਿਸ਼ਾਲ ਗੇਟਾਂ ਨੂੰ ਜੰਗਾਲ ਲੱਗ ਚੁੱਕਾ ਹੈ। ਸੁਰੱਖਿਆ ਕਾਰਨਾਂ ਕਰਕੇ ਬੈਰਾਜ ਦੇ ਫੋਟੋਗ੍ਰਾਫੀ ਦੀ ਮਨਾਹੀ ਦੱਸੀ ਜਾਂਦੀ ਹੈ ਪਰੰਤੂ ਦੂਜੇ ਪਾਸੇ ਬੈਰਾਜ ਦੇ ਐਨ ਨੱਕ ਉੱਤੇ ਦਰਿਆ ਵਾਲੇ ਪਾਸੇ ਇੱਥੋਂ ਰੇਤ, ਬਜਰੀ ਕੱਢਣ ਵਾਲੇ ਲੋਕਾਂ ਦੀ ਪੂਰੀ ਬਸਤੀ ਅਬਾਦ ਹੋ ਚੁੱਕੀ ਹੈ। ਲੋਕਾਂ ਦੀ ਹਲਕਾ ਵਿਧਾਇਕ ਸ. ਅਮਰਜੀਤ ਸਿੰਘ ਸਾਹੀ ਮੁੱਖ ਪਾਰਲੀਮਾਨੀ ਸਕੱਤਰ ਵਿੱਤ, ਅਰੁਣੇਸ਼ ਸ਼ਾਕਰ ਜੰਗਲਾਤ ਮੰਤਰੀ ਪੰਜਾਬ ਤੋਂ ਪੁਰਜੋਰ ਮੰਗ ਹੈ ਕਿ ਇਸ ਸਥਾਨ ਦੀ ਖ਼ੂਬਸੂਰਤੀ ਬਹਾਲ ਕਰਨ ਅਤੇ ਵਿਸ਼ੇਸ਼ ਕਰਕੇ ਇਸ ਦੀ ਆਪਣੀ ਸੁਰੱਖਿਆ ਲਈ ਇੱਥੇ ਪੁਖ਼ਤਾ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।

ਬੇਖੌਫ਼ ਸੜਕਛਾਪ ਮਜਨੂੰਆਂ ਲੜਕੀਆਂ ਪ੍ਰੇਸ਼ਾਨ

ਤਲਵਾੜਾ, 27 ਸਤੰਬਰ: ਇੱਥੇ ਸਕੂਲ ਅਤੇ ਕਾਲਜ ਵਿਚ ਪੜ੍ਹਨ ਆਉਂਦੀਆਂ ਵਿਦਿਆਰਥਣਾਂ ਅਤੇ ਮਾਪਿਆਂ ਦੇ ਇਕ ਵਫ਼ਦ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੇਲਗਾਮ ਸੜਕਛਾਪ ਮਜਨੂੰਆਂ ਕਾਰਨ ਉਨ੍ਹਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਵੇਰੇ ਸਕੂਲ ਤੇ ਕਾਲਜ ਲੱਗਣ ਵੇਲੇ ਅਤੇ ਫ਼ਿਰ ਦੁਪਿਹਰ ਨੂੰ ਛੁੱਟੀ ਵੇਲੇ ਮੋਟਰਸਾਈਕਲਾਂ ਅਤੇ ਜੀਪਾਂ ਆਦਿ ਦੇ ਸਵਾਰ ਅਵਾਰਾ ਕਿਸਮ ਦੀ ਮੰਡੀਹਰ ਵੱਲੋਂ ਪੁਲਿਸ ਦੇ ਡਰ ਖ਼ੌਫ ਨੂੰ ਟਿੱਚ ਸਮਝਦੇ ਹੋਏ ਸਾਰੇ ਕਾਇਦੇ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਕੋਲੋ ¦ਘਣ ਵਾਲੀਆਂ ਲੜਕੀਆਂ ਦੇ ਭੱਦੇ ਫਿਕਰੇ ਕਸੇ ਜਾਂਦੇ ਹਨ ਅਤੇ ਕਈ ਵਾਰ ਤਾਂ ਗੱਲ ਸਿੱਧੀ ਛੇੜਖਾਨੀ ਤੱਕ ਪੁੱਜ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਖਾਸ ਕਰਕੇ ਆਈ. ਟੀ. ਆਈ. ਮੋੜ ਬੱਸ ਸਟਾਪ, ਸੈਕਟਰ ਤਿੰਨ ਲੜਕੀਆਂ ਦਾ ਸਕੂਲ, ਸਰਕਾਰੀ ਕਾਲਜ ਆਦਿ ਦੇ ਬਾਹਰਵਾਰ ਅਜਿਹੇ ਸਿਰਫਿਰੇ ਆਮ ਹੀ ਮੋਟਰਸਾਈਕਲਾਂ ਉੱਤੇ ਟੋਲੀਆਂ ਬਣਾ ਕੇ ਘੁੰਮਦੇ ਆਮ ਵੇਖੇ ਜਾ ਸਕਦੇ ਹਨ। ਉਨ੍ਹਾਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਉਕਤ ਸਥਾਨਾਂ ਤੇ ਪੁਲਿਸ ਨੂੰ ਮੁਸਤੈਦ ਕਰਕੇ ਆਵਾਰਾ ਮੰਡੀਹਰ ਨੂੰ ਨੱਥ ਪਾ ਕੇ ਅਮਨ ਕਾਨੂੰਨ ਦੇ ਪ੍ਰਬੰਧ ਬਹਾਲ ਕੀਤੇ ਜਾਣੇ ਚਾਹੀਦੇ ਹਨ।

ਲੋਕਾਂ ਵੱਲੋਂ ਪੀਪਲਜ਼ ਪਾਰਟੀ ਨੂੰ ਡੱਟਵਾਂ ਸਮਰਥਨ : ਬੌਬੀ

ਤਲਵਾੜਾ, 27 ਸਤੰਬਰ: ਪੀਪਲਜ਼ ਪਾਰਟੀ ਆਫ ਪੰਜਾਬ ਦੀ ਤਲਵਾੜਾ ਆਮਦ ਨੂੰ ਲੈ ਕੇ ਪਾਰਟੀ ਵਰਕਰਾਂ ਵੱਲੋਂ ਇੱਥੇ ਮੀਟਿੰਗਾਂ ਦਾ ਸਿਲਸਿਲਾ ਜੰਗੀ ਪੱਧਰ ਤੇ ਜਾਰੀ ਹੈ ਅਤੇ ਇਸੇ ਲੜੀ ਵਿਚ ਤਲਵਾੜਾ ਇਕਾਈ ਦੀ ਇਕ ਮੀਟਿੰਗ ਤਰਨਜੀਤ ਬੌਬੀ ਦੀ ਅਗਵਾਈ ਹੇਠ ਹੋਈ ਜਿਸ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਸ਼ਿਰਕਤ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਤਰਨਜੀਤ ਬੌਬੀ ਨੇ ਕਿਹਾ ਕਿ ਸ. ਮਨਪ੍ਰੀਤ ਸਿੰਘ ਬਾਦਲ ਵੱਲੋਂ ਪੰਜਾਬ ਦੇ ਲੋਕਾਂ ਨੂੰ ਸੂਬੇ ਦੇ ਸਰਵਪੱਖੀ ਵਿਕਾਸ ਅਤੇ ਭ੍ਰਿਸ਼ਟਾਚਾਰ ਤੋਂ ਮੁਕਤੀ ਲਈ ਲਾਮਬੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹਰ ਵਰਗ ਦੇ ਲੋਕਾਂ ਵੱਲੋਂ ਸ. ਬਾਦਲ ਦਾ ਡੱਟਵਾਂ ਸਮਰਥਨ ਕੀਤਾ ਜਾ ਰਿਹਾ ਹੈ ਅਤੇ ਇੱਥੇ ਪੂਰੇ ਇਲਾਕੇ ਵਿਚ ਪਿੰਡਾਂ ਵਿਚ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਭੁਪਿੰਦਰ ਸਿੰਘ ਘੁੰਮਣ ਦੀ ਅਗਵਾਈ ਹੋ ਰਹੀਆਂ ਮੀਟਿੰਗਾਂ ਵਿਚ ਲੋਕ ਖੁੱਲ੍ਹ ਕੇ ਪਾਰਟੀ ਦਾ ਸਾਥ ਦੇਣ ਲਈ ਅੱਗੇ ਰਹੇ ਹਨ। ਇਸ ਮੌਕੇ ਪਾਰਟੀ ਦੇ ਆਗੂ ਰਾਜੇਸ਼ ਸ਼ਰਮਾ, ਗਗਨਦੀਪ ਆਦਿ ਨੇ ਵੀ ਸੰਬੋਧਨ ਕੀਤਾ। ਹੋਰਨਾਂ ਤੋਂ ਇਲਾਵਾ ਅਰੁਣ, ਅਨਿਲ, ਰਜੀਵ ਸਿੰਘ, ਨਿਰੰਜਣ, ਅਜੇ, ਦੀਪੀ, ਰਜਨੀਸ਼, ਅਮਿਤ, ਬ੍ਰਿਜ ਮੋਹਨ, ਪਰਦੀਪ ਕੁਮਾਰ, ਸੁਰੇਸ਼ ਕੁਮਾਰ, ਅਮਨ, ਸੰਜੀਵ ਕੁਮਾਰ, ਰਜਿੰਦਰ, ਪ੍ਰੇਮ ਚੰਦ, ਸੰਕਿਤ, ਅਸ਼ੀਸ਼, ਰਮਨ, ਵਿਸ਼ਾਲ, ਸੱਤਪਾਲ ਆਦਿ ਸਮੇਤ ਵੱਡੀ ਗਿਣਤੀ ਵਿਚ ਵਰਕਰ ਸ਼ਾਮਿਲ ਸਨ। ਜਿਕਰਯੋਗ ਹੈ ਕਿ ਮੀਟਿੰਗ ਉਪਰੰਤ ਸਮੂਹ ਵਰਕਰ ਕਾਫਿਲੇ ਬਣਾ ਕੇ ਦਸੂਹਾ ਵਿਖੇ ਸ. ਮਨਪ੍ਰੀਤ ਬਾਦਲ ਦੀ ਆਮਦ ਸਬੰਧੀ ਹੋਈ ਵਿਸ਼ੇਸ਼ ਮੀਟਿੰਗ ਵਿਚ ਵੀ ਸ਼ਾਮਿਲ ਹੋਣ ਲਈ ਰਵਾਨਾ ਹੋਏ।

ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ ਵੱਲੋਂ ਦਫ਼ਤਰੀ ਕੰਮਕਾਰ ਤੇ ਵਰਕਸ਼ਾਪ

ਹੁਸ਼ਿਆਰਪੁਰ, 27 ਸਤੰਬਰ: ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸ਼ਨ ਸੰਸਥਾਨ (ਮਗਸੀਪਾ), ਜ਼ਿਲ ਸੈਂਟਰ ਹੁਸ਼ਿਆਰਪੁਰ ਵੱਲੋਂ ਦਫ਼ਤਰੀ ਕੰਮਕਾਰ ਦੀਆਂ ਕੋਮਲ ਕੁਸ਼ਲਤਾਵਾਂ ਵਿਧੀਆ ਜਿਵੇਂ ਕਿ ਮੋਟੀਵੇਸ਼ਨ, ਐਥਿਕਸ ਐਂਡ ਵੈਲਿਊਜ਼ ਇੰਨ ਗੁਡ ਗਵਰਨੈਂਸ, ਡਿਸੀਜਨ ਮੇਕਿੰਗ ਅਤੇ ਟੀਮ ਮੈਨੇਜਮੈਂਟ ਸਬੰਧੀ ਇੱਕ ਦਿਨ ਦੀ ਵਰਕਸ਼ਾਪ ਮਗਸੀਪਾ, ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵਿਖੇ ਲਗਾਈ ਗਈ।  ਇਸ ਵਰਕਸ਼ਾਪ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਅਤੇ (ਐਲੀ:), ਸਿਹਤ ਵਿਭਾਗ ਦੇ ਮੈਡੀਕਲ ਅਫ਼ਸਰ, ਪਸ਼ੂ ਪਾਲਣ ਵਿਭਾਗ ਦੇ ਵੈਟਰਨਜੀ ਡਾਕਟਰ,ਪੰਚਾਇਤ ਅਫਸਰ,ਖੇਤੀ ਵਿਭਾਗ ਤੋ ਖੇਤੀਬਾੜੀ ਅਫਸਰ,ਸਹਾਇਕ ਆਬਕਾਰੀ ਤੇ ਕਰ ਅਫਸਰ, ਕੰਢੀ ਕੈਨਾਲ ਤੋਂ ਐਸ ਡੀ ਓਜ਼, ਭੂਮੀ ਰੱਖਿਆ ਵਿਭਾਗ ਤੋ ਭੂਮੀ ਰੱਖਿਆ ਅਫਸਰ ਆਦਿ ਹਾਜ਼ਰ ਹੋਏ। ਅਧਿਕਾਰੀਆਂ ਨੂੰ ਸ੍ਰ: ਸੁਰਜੀਤ ਸਿੰਘ ਜ਼ਿਲ੍ਹਾ ਪ੍ਰੋਗਰਾਮ ਕੁਆਰਡੀਨੇਟਰ ਜ਼ਿਲ੍ਹਾ ਸੈਂਟਰ ਹੁਸ਼ਿਆਰਪੁਰ ਵੱਲੋਂ ਜੀ ਆਇਆਂ ਆਖਿਆ ਗਿਆ ਅਤੇ ਮੋਟੀਵੇਸ਼ਨ, ਐਥਿਕਸ ਐਂਡ ਵੈਲਿਊਜ਼ ਇੰਨ ਗੁਡ ਗਵਰਨੈਂਸ, ਡਿਸੀਜਨ ਮੇਕਿੰਗ ਅਤੇ ਟੀਮ ਮੈਨੇਜਮੈਂਟ ਤੇ ਮਗਸੀਪਾ ਜ਼ਿਲ੍ਹਾ ਸੈਂਟਰ ਵੱਲੋਂ ਦਿੱਤੀ ਜਾ ਰਹੀ ਜਾਣਕਾਰੀ ਨੂੰ ਗਵਰਨੈਂਸ ਵਿੱਚ ਸੁਧਾਰ ਲਿਆਉਣ ਲਈ ਸ਼ਲਾਘਾਯੋਗ ਕਦਕ ਦੱਸਿਆ। ਉਨ੍ਹਾਂ ਦੱਸਿਆ ਕਿ ਇਹ ਟਰੇਨਿੰਗਾਂ ਅਧਿਕਾਰੀਆਂ ਦੀਆਂ ਦਫ਼ਤਰੀ ਅਤੇ ਲੋਕ ਰਾਜੀ ਜ਼ਰੂਰਤਾਂ ਨੁੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਦੀ ਕੰਮਕਾਜ ਵਿੱਚ ਕਾਰਜਕੁਸ਼ਲਤਾ ਵਧਾਉਣ ਅਤੇ ਵਿਵਸਥਾ ਵਿੱਚ ਪਾਰਦਰਸ਼ਤਾ ਲਿਆਉਣ ਲਈ ਜ਼ਰੂਰੀ ਹਨ। ਉਨ੍ਹਾਂ ਨੇ ਆਪਣੇ ਸੰਖੇਪ ਵਿੱਚ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਲਈ ਵਿਵਸਥਾ ਅਤੇ ਮਨੁੱਖੀ ਮਾਨਸਿਕਤਾ ਵਿੱਚ ਤਬਦੀਲੀ ਲਿਆਉਣ ਦੀ ਲੋੜ ਹੈ, ਜਿਸ ਸਬੰਧੀ ਮੌਜੂਦਾ ਟਰੇਨਿੰਗ ਰਾਹੀਂ ਸਰਕਾਰ ਵੱਲੋਂ ਉਪਰਾਲੇ ਜਾਰੀ ਹਨ। ਉਨ੍ਹਾਂ ਨੇ ਸਰਕਾਰੀ ਅਧਿਕਾਰੀਆਂ ਨੂੰ ਦਫ਼ਤਰੀ ਕੰਮਕਾਜ ਕਰਦੇ ਸਮੇਂ ਨੈਤਿਕ ਕਦਰਾਂ ਕੀਮਤਾਂ ਨੂੰ ਅਪਨਾਉਣ ਅਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਦਫ਼ਤਰੀ ਕੰਮ ਕਾਜ ਕਰਦਿਆਂ ਜੋ ਫੈਸਲੇ ਅਧਿਕਾਰੀਆਂ ਵੱਲੋਂ ਲਏ ਜਾਂਦੇ ਹਨ, ਉਹ ਬਦਲਦੇ ਸਮੇਂ ਅਤੇ ਸਮਾਜਿਕ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਨਿਯਮਾਂ ਮੁਤਾਬਕ ਲੋਕਾਂ ਦੇ ਹਿੱਤਾਂ ਦਾ ਖਿਆਲ ਰੱਖਦੇ ਹੋਏ, ਲਏ ਜਾਣ ਦੀ ਲੋੜ ਹੈ। ਸਮਾਜਿਕ ਸੁਸਾਇਟੀਆਂ ਵਿੱਚ ਆਈਆਂ ਨੈਤਿਕ ਕਦਰਾਂ ਦੀਆਂ ਘਾਟਾ ਪ੍ਰਤੀ ਉਨ੍ਹਾਂ ਨੇ ਅਫ਼ਸਰਾਂ ਨੂੰ ਸੁਧਾਰਕ ਪ੍ਰਵਿਰਤੀ ਅਪਨਾਉਣ ਲਈ ਪ੍ਰੇਰਿਆ ਕਿ ਹਰ ਸਰਕਾਰੀ ਅਫ਼ਸਰਾਂ ਨੂੰ ਨਸ਼ਿਆਂ, ਪਾਰਟੀਬਾਜ਼ੀ ਅਤੇ ਪੱਖਪਾਤ ਤੋਂ ਦੂਰ ਰਹਿ ਕੇ ਤਨਦੇਹੀ ਨਾਲ ਕੰਮ ਕਰਨਾ ਚਾਹੀਦਾ ਹੈ।
        ਵਰਕਸ਼ਾਪ ਦੇ ਪਹਿਲੇ ਅਤੇ ਦੂਸਰੇ ਸੈਸ਼ਨ ਵਿੱਚ ਸ੍ਰੀ ਜਸਵੰਤ ਸਿੰਘ ਸੈਣੀ ਰਿਸੋਰਸ ਪਰਸਨ ਵੱਲੋਂ ਮੋਟੀਵੇਸ਼ਨ, ਐਥਿਕਸ ਐਂਡ ਵੈਲਿਊਜ਼ ਇੰਨ ਗੁਡ ਗਵਰਨੈਂਸ ਸਬੰਧੀ ਪ੍ਰੋਜੈਕਟਰ ਤੇ ਸਲਾਈਡਜ਼ ਦੀ ਸਹਾਇਤਾ ਨਾਲ ਭਰਪੂਰ ਜਾਣਕਾਰੀ ਦਿੱਤੀ ਗਈ ਅਤੇ ਇਸ ਦੌਰਾਨ ਹਾਜ਼ਰ ਆਏ ਅਧਿਕਾਰੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਉਦਾਹਰਨਾਂ ਦੇ ਕੇ ਬੜੇ ਹੀ ਰੌਚਕ ਤੇ ਤਸੱਲੀਬਖਸ਼ ਢੰਗ ਨਾਲ ਦਿੰਦੇ ਹੋਏ, ਉਨ੍ਹਾਂ ਦੇ ਸ਼ੱਕ ਸ਼ੁਬੇ ਦੂਰੇ ਕੀਤੇ ਗਏ।
        ਵਰਕਸ਼ਾਪ ਦੇ ਤੀਸਰੇ ਅਤੇ ਚੌਥੇ ਸੈਸ਼ਨ ਵਿੱਚ ਸ੍ਰੀਮਤੀ ਸੰਗੀਤਾ ਸ਼ੋਨਿਕ ਰਿਸੋਰਸ ਪਰਸਨ ਵੱਲੋਂ ਡਸਿਜਨ ਮੇਕਿੰਗ ਅਤੇ ਟੀਮ ਮੈਨੇਜਮੈਂਟ ਸਬੰਧੀ ਪ੍ਰੋਜੈਕਟ ਤੇ ਸਿਲਾਈਡਜ਼ ਦੀ ਸਹਾਇਤਾ ਨਾਲ ਵਿਸਥਾਰਪੂਵਰਕ ਜਾਣਕਾਰੀ ਦਿੱਤੀ ਗਈ। ਇਸ ਵਰਕਸ਼ਾਪ ਵਿੱਚ ਪ੍ਰੇਮ ਸਿੰਘ ਕਾਹਲੋਂ ਸਹਾਇਕ ਪ੍ਰੋਗਰਾਮ ਕੋਆਰਡੀਨੇਟਰ ਮਗਸੀਪਾ ਜ਼ਿਲ੍ਹਾਂ ਸੈਂਟਰ ਹੁਸ਼ਿਆਰਪੁਰ ਵੀ ਹਾਜ਼ਰ ਸਨ।

ਹੁਸ਼ਿਆਰਪੁਰ ਵਿਚ ਦੋ ਦਿਨਾ ਤੈਰਾਕੀ ਮੁਕਾਬਲਾ ਸ਼ੁਰੂ

ਹੁਸ਼ਿਆਰਪੁਰ, 26 ਸਤੰਬਰ: ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ  ਖੇਡਾਂ ਵੱਲ ਪ੍ਰੇਰਿਤ ਕਰਨ ਲਈ ਜਲੰਧਰ ਵਿਖੇ ਇੱਕ ਨਵਾਂ ਖੇਡ ਸਕੂਲ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਖੇਡ ਸਕੂਲ ਵਿੱਚ 5000 ਬੱਚਿਆਂ ਲਈ ਸਰਕਾਰ ਵੱਲੋਂ ਉਨ੍ਹਾਂ ਦੀ ਰਿਹਾਇਸ਼, ਖੁਰਾਕ, ਸਿਖਲਾਈ ਅਤੇ ਹੋਰ ਬੁਨਿਆਦੀ ਢਾਂਚੇ ਦੀ ਮੁਫ਼ਤ ਵਿਵਸਥਾ ਕੀਤੀ ਜਾਵੇਗੀ।  ਇਹ ਪ੍ਰਗਟਾਵਾ ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਸਰਵਿਸ ਕਲੱਬ ਦੇ ਸਵੀਮਿੰਗ ਪੂਲ ਵਿਖੇ ਦੋ ਰੋਜ਼ਾ ਜਿਲ੍ਹਾ ਤੈਰਾਕੀ ਪ੍ਰਤੀਯੋਗਤਾ ਦਾ ਉਦਘਾਟਨ ਕਰਨ ਉਪਰੰਤ ਕੀਤਾ। ਉਨ੍ਹਾਂ ਕਿਹਾ ਕਿ ਤੈਰਾਕੀ ਦੇ ਖਿਡਾਰੀ ਆਪਣੇ ਵਧੀਆ ਪ੍ਰਦਰਸ਼ਨ ਕਾਰਨ ਹੁਸ਼ਿਆਰਪੁਰ ਜ਼ਿਲ੍ਹੇ ਦਾ ਰੌਸ਼ਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਨਾਲ ਖਿਡਾਰੀਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਹੁਸ਼ਿਆਰਪੁਰ ਦੇ ਤੈਰਾਕਾਂ ਲਈ ਅੰਤਰ ਰਾਸ਼ਟਰੀ ਪੱਧਰ ਦਾ 50 ਮੀਟਰ ਸਵੀਮਿੰਗ ਪੂਲ ਬਣਾਇਆ ਜਾਵੇਗਾ। ਇਸ ਮੌਕੇ ਤੇ ਉਨ੍ਹਾਂ ਨੇ ਜ਼ਿਲ੍ਹਾ ਤੈਰਾਕੀ ਸੰਸਥਾ ਨੂੰ 50 ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ।

        ਸੰਸਥਾ ਦੇ ਪ੍ਰਧਾਨ ਸ੍ਰ: ਪਰਮਜੀਤ ਸਿੰਘ ਸੱਚਦੇਵਾ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਹਿੰਦੇ ਹੋਏ ਦੱਸਿਆ ਕਿ ਇਸ ਦੋ ਰੋਜ਼ਾ ਤੈਰਾਕੀ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੇ 18 ਸਕੂਲਾਂ ਅਤੇ ਕਾਲਜਾਂ ਦੇ 150 ਤੋਂ ਵੱਧ ਤੈਰਾਕ ਭਾਗ ਲੈ ਰਹੇ ਹਨ ਅਤੇ ਇਨ੍ਹਾਂ ਮੁਕਾਬਲਿਆਂ ਵਿੱਚ ਸਬ-ਜੂਨੀਅਰ, ਜੂਨੀਅਰ ਅਤੇ ਸੀਨੀਅਰ ਵਰਗ ਦੇ 45 ਈਵੈਂਟ ਕਰਵਾਏ ਜਾਣਗੇ । ਇਸ ਤੋਂ ਇਲਾਵਾ ਵਾਟਰ ਪੋਲੋ ਦੇ ਮੈਚ ਵੀ ਕਰਵਾਏ ਜਾਣਗੇ। ਜ਼ਿਲ੍ਹਾ ਤੈਰਾਕੀ ਸੰਸਥਾ ਦੇ ਸਕੱਤਰ ਅਤੇ ਡਿਪਟੀ ਡਾਇਰੈਕਟਰ ਖੇਡਾਂ ਸ੍ਰੀ ਹਰਪਾਲ ਕੰਵਰ ਨੇ ਇਸ ਮੌਕੇ ਤੇ ਸੰਸਥਾ ਦੀਆਂ ਗਤੀਵਿਧੀਆਂ ਅਤੇ ਉਪਲਬੱਧੀਆਂ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ। ਉਨ੍ਹਾਂ ਨੇ ਤੈਰਾਕਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਦੱਸਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੀਨੀਅਰ ਵਾਈਸ ਪ੍ਰਧਾਨ ਦਲਜੀਤ ਸਿੰਘ ਖੇਲਾ, ਜਾਇੰਟ ਸਕੱਤਰ ਰਾਹੁਲ ਸਿਆਲ, ਕੈਸ਼ੀਅਰ ਰਾਮ ਕੁਮਾਰ, ਮਿਸਜ ਦੀਪਤੀ ਕੰਵਰ, ਜਗਤਪਾਲ ਸਿੰਘ ਪਰਮਾਰ ਅਤੇ ਵੱਡੀ ਗਿਣਤੀ ਤੈਰਾਕ ਤੇ ਖੇਡ ਪ੍ਰੇਮੀ ਹਾਜ਼ਰ ਸਨ।

ਸਿਹਤ ਵਿਭਾਗ ਵੱਲੋਂ ਇਕ ਦਿਨਾ ਵਰਕਸ਼ਾਪ ਲਗਾਈ

ਹੁਸ਼ਿਆਰਪੁਰ, 26 ਸਤੰਬਰ:  ਸਿਹਤ ਵਿਭਾਗ ਹੁਸ਼ਿਆਰਪੁਰ ਵੱਲੋਂ ਰਾਸ਼ਟਰੀ ਪੇਂਡੂ ਹੈਲਥ ਮਿਸ਼ਨ ਅਧੀਨ ਮੈਟਰਨਲ ਐਂਡ ਚਾਈਲਡ ਹੈਲਥ ਅਤੇ PNDT Act ਸਬੰਧੀ ਅੱਜ ਇਥੇ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹਾ ਪੱਧਰੀ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਮੌਕੇ ਤੇ ਡਿਪਟੀ ਕਮਿਸ਼ਨਰ ਵੱਲੋਂ ਜੱਚਾ-ਬੱਚਾ ਸਿਹਤ ਸੰਭਾਲ, ਭਰੂਣ ਹੱਤਿਆ ਨੂੰ ਰੋਕਣ ਅਤੇ ਪੀ ਐਨ ਡੀ ਟੀ ਐਕਟ ਸਬੰਧੀ  ਲੋਕਾਂ ਨੂੰ ਜਾਗਰੂਕ ਕਰਨ ਲਈ ਪੈਂਫਲੈਟ ਰਿਲੀਜ਼ ਕੀਤਾ ਗਿਆ।  ਇਸ ਮੌਕੇ ਤੇ ਸਿਹਤ ਵਿਭਾਗ ਵੱਲੋਂ ਭਰੂਣ ਹੱਤਿਆ ਦੀ ਰੋਕਥਾਮ ਨੂੰ ਦਰਸਾਉਂਦੀ ਫੋਟੋ ਪ੍ਰਦਰਸ਼ਨੀ ਲਗਾਈ ਗਈ। ਇਸ ਵਰਕਸ਼ਾਪ ਵਿੱਚ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਕਰਮਚਾਰੀ, ਸਵੈਸੇਵੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।
        ਸ੍ਰ: ਦੀਪਇੰਦਰ ਸਿੰਘ ਨੇ ਕਿਹਾ ਕਿ ਮਾਂ ਅਤੇ ਬੱਚੇ ਦੀ ਸਿਹਤ ਸੰਭਾਲ ਰਾਹੀਂ ਸਿਹਤਮੰਦ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।  ਉਨ੍ਹਾਂ ਕਿਹਾ ਕਿ ਸਿਹਤ ਸੰਸਥਾਵਾਂ ਵਿੱਚ ਸੁਰੱਖਿਆਤ ਜਣੇਪੇ ਤਹਿਤ ਮਾਂ ਅਤੇ ਬੱਚੇ ਦੀ ਸੰਪੂਰਨ ਦੇਖ-ਭਾਲ ਕੀਤੀ ਜਾਂਦੀ ਹੈ ਅਤੇ ਜੱਚਾ-ਬੱਚਾ ਦੀ ਮੌਤ ਦਰ ਨੂੰ ਘਟਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਭਰੂਣ ਹੱਤਿਆ ਦੀ ਰੋਕਥਾਮ ਲਈ ਸਮਾਜ ਦੇ ਹਰੇਕ ਵਰਗ ਵੱਲੋਂ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਲੜਕੀਆਂ ਦੀ ਆਰਥਿਕ ਸੁਰੱਖਿਆ ਅਤੇ ਇਜ਼ਤਮਾਣ ਨੂੰ ਕਾਇਮ ਰੱਖਿਆ ਜਾਵੇ।  ਉਨ੍ਹਾਂ ਕਿਹਾ ਕਿ ਭਰੂਣ ਹੱਤਿਆ ਨੂੰ ਰੋਕਣ ਲਈ ਸਮਾਜ ਵਿੱਚ ਚੇਤਨਤਾ ਪੈਦਾ ਕਰਨੀ ਚਾਹੀਦੀ ਹੈ।
        ਡਾ. ਯਸ਼ ਮਿੱਤਰਾ ਸਿਵਲ ਸਰਜਨ ਨੇ ਕਿਹਾ ਕਿ ਕੌਮੀ ਪੇਂਡੂ ਸਿਹਤ ਮਿਸ਼ਨ ਵੱਲੋਂ ਪੇਂਡੂ ਖੇਤਰਾਂ ਵਿੱਚ ਜੱਚਾ-ਬੱਚਾ ਦੀ ਮੌਤ ਦਰ ਘਟਾਉਣ ਲਈ ਘਰ-ਘਰ ਵਿੱਚ ਸਿਹਤ ਸੰਭਾਲ ਸਬੰਧੀ ਸੇਵਾਵਾਂ ਪਹੁੰਚਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਹਸਪਤਾਲ,  ਸੀ ਐਚ ਸੀ ਤੋਂ ਇਲਾਵਾ 17 ਪੀ ਐਚ ਸੀ ਵਿੱਚ ਜਣੇਪਾ ਕਰਾਉਣ ਉਪਰੰਤ 1000/- ਰੁਪਏ ਰੈਫਰਲ ਟਰਾਂਸਪੋਰਟ ਵਜੋਂ ਦਿੱਤੇ ਜਾਂਦੇ ਹਨ।  ਉਨ੍ਹਾਂ ਕਿਹਾ ਕਿ ਜਨਨੀ ਸੁਰੱਖਿਆ ਯੋਜਨਾ ਅਧੀਨ ਪੇਂਡੂ ਅਤੇ ਸ਼ਹਿਰੀ ਔਰਤਾਂ ਨੂੰ ਵੱਖ-ਵੱਖ ਲਾਭ ਪ੍ਰਦਾਨ ਕੀਤੇ ਜਾ ਰਹੇ ਹਨ। ਇਸ ਵਰਕਸ਼ਾਪ ਵਿੱਚ ਡਾ. ਚੁਨੀ ਲਾਲ ਕਾਜ਼ਲ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਕੌਮੀ ਪੇਂਡੂ ਸਿਹਤ ਮਿਸ਼ਨ ਤਹਿਤ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰਪੂਵਕ ਚਾਨਣਾ ਪਾਇਆ।  ਇਸੇ ਤਰਾਂ ਡਾ. ਕੁਲਦੀਪ ਸਿੰਘ, ਡਾ. ਡੀ ਬੀ ਕਪੂਰ ਵੱਲੋਂ ਮਾਦਾ ਭਰੂਣ ਹੱਤਿਆ ਰੋਕਣ ਬਾਰੇ ਜਾਣਕਾਰੀ ਦਿੱਤੀ।  ਮਨਮੋਹਨ ਕੌਰ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਅਤੇ ਡਾ ਰਜਿੰਦਰ ਰਾਜ ਇਸਤਰੀ ਰੋਗਾਂ ਦੇ ਮਾਹਿਰ ਦੁਆਰਾ ਗਰਭਵਤੀ ਔਰਤਾਂ ਰਜਿਸਟਰੇਸ਼ਨ, ਗਰਭ ਦੌਰਾਨ ਘੱਟੋ-ਘੱਟ ਤਿੰਨ ਵਾਰ ਚੈਕਅਪ ਅਤੇ ਹਾਈ ਰਿਸਕ ਕੇਸਾਂ ਵਿੱਚ ਸਾਵਧਾਨੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ।  ਡਾ. ਗੁਰਮੀਤ ਸਿੰਘ ਨੇ ਬੱਚਿਆਂ ਦੀ ਦੇਖਭਾਲ ਅਤੇ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।  ਸ੍ਰੀ ਮੁਹੰਮਦ ਆਸਿਫ ਨੇ ਉਦੇਸ਼ ਅਤੇ ਕੰਪੋਨੈਟ  ਬਾਰੇ ਦੱਸਿਆ। ਇਨ੍ਹਾਂ ਤੋਂ ਇਲਾਵਾ ਸ੍ਰੀ ਟੀ ਐਸ ਗਰੇਵਾਲ ਡਿਪਟੀ ਡੀ ਈ ਓ (ਐਲੀ:), ਸ੍ਰੀ ਰਾਮ ਪਾਲ ਸਿੰਘ, ਡਾ ਬਲਦੇਵ ਸ਼ਰਮਾ ਜ਼ਿਲ੍ਹਾ ਆਯੂਰਵੈਦਿਕ ਐਂਡ ਸੈਨੀਟੇਸ਼ਨ ਵਿਭਾਗ, ਸ੍ਰੀਮਤੀ ਰੀਨਾ ਉਪਲ, ਸ੍ਰੀ ਅਸ਼ਵਨੀ ਤਿਵਾੜੀ, ਸ੍ਰੀ ਸੰਜੀਵ, ਸਨੀਲ ਪ੍ਰੀਏ, ਰਮਨਦੀਪ ਕੌਰ, ਸੀਨੀਅਰ ਐਲ ਐਚ ਵੀ ਅਤੇ ਹੈਲਥ ਇੰਸਪੈਕਟਰ ਆਦਿ ਇਸ ਵਰਕਸ਼ਾਪ ਵਿੱਚ ਹਾਜ਼ਰ ਸਨ।

ਅਡੈਪਟਸ ਪ੍ਰਾਜੈਕਟ ਜਿਲ੍ਹੇ ਦੇ 100 ਸਕੂਲਾਂ ਚ ਜਾਰੀ : ਸੁਖਵਿੰਦਰ ਕੌਰ

ਹੁਸ਼ਿਆਰਪੁਰ, 26 ਸਤੰਬਰ : ਜ਼ਿਲ੍ਹਾ ਸਿੱਖਿਆ ਅਫ਼ਸਰ (ਐ:ਸਿ:) ਹੁਸ਼ਿਆਰਪੁਰ ਸੁਖ਼ਵਿੰਦਰ ਕੌਰ ਦੀ ਅਗਵਾਈ ਹੇਠ ਸਰਵ ਸਿੱਖਿਆ ਅਭਿਆਨ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਚੱਲ ਰਹੇ ਪ੍ਰਾਜੈਕਟ ਪੜ੍ਹੋ ਪੰਜਾਬ ਤਹਿਤ ਜਿਲ੍ਹੇ ਦੇ ਚੁਣੀਂਦਾ ਸਰਕਾਰੀ ਸਕੂਲਾਂ ਵਿੱਚ ਅਡੈਪਟਸ (ਅਡਵਾਂਸਮੈਂਟ ਆਫ਼ ਐਜੂਕੈਸ਼ਨਲ ਪਰਫ਼ਾਰਮੈਂਸ ਥਰੂ ਟੀਚਰ ਸਪੋਰਟ) ਤਹਿਤ ਸਵੈ-ਮੁਲਾਂਕਣ ਸੰਬੰਧੀ ਇੱਕ ਦਿਨਾ ਜ਼ਿਲ੍ਹਾ ਪੱਧਰੀ ਟ੍ਰੇਨਿੰਗ ਦਾ ਆਯੋਜਨ ਪ੍ਰਾਜੈਕਟ ਦੇ ਜ਼ਿਲ੍ਹਾ ਕੋ-ਆਰਡੀਨੇਟਰ ਦੀਪਕ ਕੇ.  ਵਸ਼ਿਸ਼ਟ ਦੇ ਪ੍ਰਬੰਧਨਾਂ ਹੇਠ ਹੁਸ਼ਿਆਰਪੁਰ ਵਿਖੇ ਕੀਤਾ ਗਿਆ।
    ਇਸ ਟ੍ਰੇਨਿੰਗ ਨੂੰ ਸੰਬੋਧਿਤ ਕਰਦਿਆਂ ਡੀਈਓ ਸੁਖ਼ਵਿੰਦਰ ਕੌਰ ਨੇ ਦੱਸਿਆ ਕਿ ‘ਅਡੈਪਟਸ’ADEPTS ਤੋਂ ਭਾਵ ਅਧਿਆਪਕ ਦੇ ਸਮਰਥਨ ਰਾਹੀਂ ਸਿੱਖਿਆ ਦਾ ਉੱਤਮ ਪ੍ਰਗਟਾਵਾ ਹੈ। ਪੜ੍ਹੋ ਪੰਜਾਬ ਤਹਿਤ ਰਾਜ ਦੇ ਸਮੂਹ ਜ਼ਿਲ੍ਹਿਆਂ ਦੇ ਲਗਭਗ 100 ਚੁਣੀਂਦਾ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਕਾਰਜ਼ਰਤ 500 ਅਧਿਆਪਕਾਂ ਵੱਲੋਂ ਅਡੈਪਟਸ ਤਹਿਤ ਸਵੈ-ਮੁਲਾਂਕਣ ਕੀਤਾ ਜਾ ਰਿਹਾ ਹੈ। ਇਸੇ ਕੜੀ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਦੇ ਵੱਖ-ਵੱਖ ਬਲਾਕਾਂ ਦੇ ਪੰਜ ਚੁਣੀਂਦਾ ਸਕੂਲਾਂ - ਸ. ਐ. ਸ. ਧੁੱਗਾ ਕਲਾਂ (ਭੂੰਗਾਂ-1), ਪਾਹਲੇਵਾਲ (ਗੜ੍ਹਸ਼ੰਕਰ-1), ਡਘਾਮ (ਗੜ੍ਹਸ਼ੰਕਰ-2), ਨਾਰੂ ਨੰਗਲ(ਹੁਸ਼ਿ.-2ਬੀ) ਅਤੇ ਜਾਜਾ(ਟਾਂਡਾ-2) ਵਿਚ ਕਾਰਜ਼ਰਤ ਲਗਭਗ 25 ਅਧਿਆਪਕਾਂ ਵੱਲੋਂ ਇਹ ਸਵੈ ਮੁਲਾਂਕਣ ਤਿੰਨ ਪੜਾਵਾਂ ਵਿੱਚ ਕੀਤਾ ਜਾਵੇਗਾ। ਇਸ ਸਵੈ-ਮੁਲਾਂਕਣ ਦੀ ਨਜ਼ਰ ਸਾਨੀ ਪੜ੍ਹੋ ਪੰਜਾਬ ਟੀਮ ਵੱਲੋਂ ਕੀਤੀ ਜਾਵੇਗੀ। ਇਸ ਮੌਕੇ-ਮੁਲਾਂਕਣ ਨੂੰ ਕਰਨ ਦੀ ਅਪੀਲ ਵੀ ਕੀਤੀ।
    ਜ਼ਿਲ੍ਹਾ ਕੋ-ਆਰਡੀਨੇਟਰ ਦੀਪਕ ਕੇ. ਵਸ਼ਿਸ਼ਟ ਨੇ ਬਲਾਕ ਮਾਸਟਰ ਟ੍ਰੇਨਰਜ਼ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਪ੍ਰਾਜੈਕਟ ਪੜ੍ਹੋ ਪੰਜਾਬ ਤਹਿਤ ਆਯੋਜਿਤ ਟ੍ਰੇਨਿੰਗ ਦਾ ਮੁੱਖ ਮੰਤਵ ਅਧਿਆਪਕ ਨੂੰ ਜਿੱਥੇ ਆਪਣੇ ਕਿੱਤੇ ਪ੍ਰਤੀ ਸੁਚੇਤ ਕਰਨਾ ਹੈ ਉਸਦੇ ਨਾਲ-ਨਾਲ ਅਧਿਆਪਨ ਖੇਤਰ ਵਿ¤ਚ ਨਿਰਧਾਰਿਤ ਮਾਪਦੰਡਾਂ ਤੋਂ ਜਾਣੂ ਵੀ ਕਰਵਾਉਣਾਂ ਹੈ। ਸ਼੍ਰੀ ਵਸ਼ਿਸ਼ਟ ਨੇ ਅਡੈਪਟਸ ਦੇ ਉਦੇਸ਼ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਇਸ ਤਹਿਤ ਅਧਿਆਪਕ ਜਿੱਥੇ ਆਪਣੇ ਅਧਿਆਪਨ ਦਾ ਸਵੈ-ਮੁਲਾਂਕਣ ਕਰੇਗਾ ਉੱਥੇ ਹੀ ਉਹ ਆਪਣੇ ਅੰਦਰ ਲੋੜੀਂਦੇ ਬਦਲਾਅ ਲਿਆ ਕੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਵੱਲ ਪ੍ਰੇਰਿਤ ਵੀ ਹੋਵੇਗਾ। ਇਸ ਕਾਰਜ਼ ਲਈ ਪੜ੍ਹੋ ਪੰਜਾਬ ਦੀ ਟੀਮ ਜਿੱਥੇ ਨਜ਼ਰਸਾਨੀ ਕਰੇਗੀ ਉੱਥੇ ਹੀ ਅਧਿਆਪਕਾਂ ਨੂੰ ਲੋੜੀਂਦਾ ਸਹਿਯੋਗ ਵੀ ਕਰੇਗੀ। ਸ਼੍ਰੀ ਵਸ਼ਿਸ਼ਟ ਨੇ ਦੱਸਿਆ ਕਿ ਅਡੈਪਟਸ ਤਹਿਤ ਇ¤ਕ ਪ੍ਰਸ਼ਨਾਵਲੀ ਤਿਆਰ ਕੀਤੀ ਗਈ ਹੈ ਜਿਸ ਵਿ¤ਚ ਅਧਿਆਪਕ ਦੇ ਗਿਆਨਾਤਮਕ, ਸਮਾਜਿਕ, ਭਾਵਨਾਤਮਕ, ਭੌਤਿਕ ਅਤੇ ਸੰਸਥਾ ਸਬੰਧੀ ਮਾਪਦੰਡਾਂ ਦੇ ਸਵੈ ਮੁਲਾਂਕਣ ਹਿੱਤ 106 ਪ੍ਰਸ਼ਨ ਦਿੱਤੇ ਗਏ ਹਨ। ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਦਿੰਦਿਆਂ ਜਿੱਥੇ ਅਧਿਆਪਕ ਆਪਣੀਆਂ ਖ਼ੂਬੀਆਂ-ਕਮੀਆਂ ਤੋਂ ਜਾਣੂ ਹੁੰਦਾ ਹੋਇਆ ਆਪਣੇ ਵਿਚ ਲੋੜੀਂਦਾ ਬਦਲਾਅ ਕਰਨ ਲਈ ਉਤਸ਼ਾਹਿਤ ਹੋਵੇਗਾ ਉਥੇ ਹੀ ਇਸ ਮੁਲਾਂਕਣ ਤੋਂ ਪ੍ਰਾਪਤ ਸਿੱਟੇ ਭਵਿੱਖ ਵਿ¤ਚ ਸਿ¤ਖਿਆ ਸੁਧਾਰ ਪ੍ਰੋਗਰਾਮਾਂ ਲਈ ਬਣਨ ਵਾਲੀਆਂ ਯੋਜਨਾਵਾਂ ਦੇ ਆਧਾਰ ਦਾ ਕੰਮ ਵੀ ਕਰਨਗੇ।
    ਇਸ ਮੌਕੇ ’ਤੇ ਵਿਸ਼ੇਸ਼ ਰੂਪ ਨਾਲ ਡੀ.ਪੀ.ਸੀ. ਮਦਨ ਲਾਲ, ਡੀ.ਆਰ.ਪੀ. ਰਜਨੀਸ਼ ਗੁਲਿਆਨੀ, ਸਹਾਇਕ ਵਿਜੇ ਕੁਮਾਰ, ਸਹਾਇਕ ਰਮਨ ਕੁਮਾਰ, ਰਿੰਪਲ ਕੁਮਾਰ, ਜਸਵੀਰ ਸਿੰਘ, ਰਾਜ ਕੁਮਾਰ, ਲਖ਼ਵਿੰਦਰ, ਸਿੰਘ, ਸਰਬਜੀਤ ਸਿੰਘ (ਸਾਰੇ ਬਲਾਕ ਮਾਸਟਰ ਟ੍ਰੇਨਰ) ਨੇ ਵੀ ਆਪਣੇ ਵਿਚਾਰ ਰੱਖੇ।

ਨਗਰ ਕੌਂਸਲਾਂ ਦੀਆਂ ਸੜਕਾਂ ਦੇ ਨਵੀਨੀਕਰਨ ਲਈ 317 ਕਰੋੜ ਰੁ. ਖਰਚ: ਸੂਦ

ਹੁਸ਼ਿਆਰਪੁਰ, 25 ਸਤੰਬਰ: ਪੰਜਾਬ ਸਰਕਾਰ ਵੱਲੋਂ ਨਗਰ ਕੌਂਸਲਾਂ ਦੀਆਂ ਸੜਕਾਂ ਦਾ ਨਵੀਨੀਕਰਨ ਕਰਨ ਲਈ 317 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਜਿਸ ਵਿੱਚੋਂ 14.39 ਕਰੋੜ ਰੁਪਏ ਹੁਸ਼ਿਆਰਪੁਰ ਨਗਰ ਕੌਂਸਲ ਦੀਆਂ ਸੜਕਾਂ ਦੇ ਨਵੀਨੀਕਰਨ ਤੇ ਖਰਚ ਕੀਤੇ ਜਾਣਗੇ। ਇਸ ਗੱਲ ਦਾ ਪ੍ਰਗਟਾਵਾ ਸਥਾਨਕ ਸਰਕਾਰਾਂ ਅਤੇ ਉਦਯੋਗ ਮੰਤਰੀ ਪੰਜਾਬ ਸ੍ਰੀ ਤੀਕਸ਼ਨ ਸੂਦ ਨੇ ਅੱਜ 2 ਕਰੋੜ ਰੁਪਏ ਦੀ ਲਾਗਤ ਨਾਲ ਪ੍ਰਭਾਤ ਚੌਕ ਤੋਂ ਸ਼ਹੀਦ ਭਗਤ ਸਿੰਘ ਚੌਕ (ਚੰਡੀਗੜ੍ਹ ਰੋਡ) ਤੱਕ ਸੜਕ ਨੂੰ ਮਜ਼ਬੂਤ ਅਤੇ ਨਵੀਨੀਕਰਨ ਦੇ ਕੰਮ ਦਾ ਨੀਂਹ ਪੱਥਰ ਰੱਖਣ ਉਪਰੰਤ ਕੀਤਾ।
        ਇਸ ਮੌਕੇ ਤੇ ਸ੍ਰੀ ਸੂਦ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਸਰਵਪੱਖੀ ਵਿਕਾਸ ਦੇ ਕਾਰਜ ਕਰਵਾਏ ਗਏ ਹਨ ਅਤੇ ਹੁਣ ਵੀ ਵਿਕਾਸ ਦੇ ਕਾਰਜ ਜੰਗੀ ਪੱਧਰ ਤੇ ਕਰਵਾਏ ਜਾ ਰਹੇ ਹਨ।  ਉਨ੍ਹਾਂ ਕਿਹਾ ਕਿ ਨਗਰ ਕੌਂਸਲ ਹੁਸ਼ਿਆਰਪੁਰ ਦੀਆਂ ਸਾਰੀਆਂ ਸੜਕਾਂ ਅਤੇ ਗਲੀਆਂ ਜਲਦੀ ਹੀ ਪੱਕੀਆਂ ਕਰ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰ ਵਿੱਚ 100 ਫੀਸਦੀ ਸੀਵਰੇਜ਼ ਅਤੇ ਪੀਣ ਵਾਲੇ ਸਾਫ਼-ਸੁਥਰੇ ਦੀ ਸੁਵਿਧਾ ਦੇਣ ਲਈ 114 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਹੁਸ਼ਿਆਰਪੁਰ ਵਿੱਚ ਪੀਣ ਵਾਲਾ ਪਾਣੀ ਮੁਹੱਈਆ ਕਰਾਉਣ ਲਈ 16 ਨਵੇਂ ਟਿਊਬਵੈਲ ਲਗਾਏ ਗਏ ਹਨ ਅਤੇ ਜਲਦੀ ਹੀ 19 ਹੋਰ ਟਿਊਬਵੈਲ ਲਗਾਏ ਜਾਣਗੇ। ਜਿਸ ਨਾਲ ਸਾਰੇ ਸ਼ਹਿਰ ਨਿਵਾਸੀਆਂ ਨੂੰ ਸਾਫ਼-ਸੁਥਰਾ ਪੀਣ ਵਾਲਾ ਪਾਣੀ ਨਿਰਵਿਘਨ ਸਪਲਾਈ ਕੀਤਾ ਜਾਵੇਗਾ। ਉਨ੍ਹਾਂ ਹੋਰ ਦੱਸਿਆ ਕਿ ਡੀ ਏ ਵੀ ਕਾਲਜ ਤੋਂ ਫਤਹਿਗੜ੍ਹ ਚੁੰਗੀ ਤੱਕ ਸੜਕ ਦੇ ਨਵੀਨੀਕਰਨ ਦਾ ਕੰਮ ਕੀਤਾ ਗਿਆ ਹੈ ਜਿਸ ਦਾ ਉਦਘਾਟਨ ਜਲਦੀ ਹੀ ਕੀਤਾ ਜਾਵੇਗਾ।
         ਪ੍ਰਧਾਨ ਨਗਰ ਕੌਂਸਲ ਹੁਸ਼ਿਆਰਪੁਰ ਸ਼ਿਵ ਸੂਦ  ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਕੌਂਸਲ ਦੀਆਂ ਗਲੀਆਂ ਅਤੇ ਸੜਕਾਂ ਦੇ ਨਵ-ਨਿਰਮਾਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਸਾਰੀਆਂ ਸੜਕਾਂ ਨਵੀਆਂ ਬਣਾ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸ਼ਹਿਰ ਨਿਵਾਸੀਆਂ ਨੂੰ ਬਿਜਲੀ ਨਾ ਹੋਣ ਦੀ ਸੂਤ ਵਿੱਚ ਪੀਣ ਵਾਲਾ ਸਾਫ਼-ਸੁਥਰਾ ਪਾਣੀ ਨਿਰਵਿਘਨ ਸਪਲਾਈ ਕਰਨ ਲਈ ਨਵੇਂ ਜਨਰੇਟਰ ਅਤੇ ਟੈਂਕਰ ਖਰੀਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰ ਦਾ ਵਾਤਾਵਰਣ ਸ਼ੁੱਧ ਰੱਖਣ ਲਈ ਸਾਰੇ ਪਾਰਕਾਂ ਵਿੱਚ ਪੌਦੇ ਅਤੇ ਲੋਕਾਂ ਦੇ ਬੈਠਣ ਲਈ ਬੈਂਚ ਲਗਾਏ ਗਏ ਹਨ। 
        ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਰਮਤੇਸ ਸਿੰਘ ਬੈਂਸ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੜਕ ਨੂੰ ਚੌੜਾ ਅਤੇ ਮਜ਼ਬੂਤ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਨੂੰ ਇੱਕ ਮਹੀਨੇ ਵਿੱਚ ਮੁਕੰਮਲ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸੜਕ ਦੇ ਦੋਵੇਂ ਪਾਸੇ ਬਰਸਾਤੀ ਪਾਣੀ ਦੇ ਸਹੀ ਨਿਕਾਸ ਲਈ ਇੰਟਰ ਲਾਕਿੰਗ ਟਾਈਲਾਂ ਲਗਾਈਆਂ ਜਾਣਗੀਆਂ।
        ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਲੋਕ ਨਿਰਮਾਣ ਵਿਭਾਗ ਦੇ ਐਸ ਡੀ ਓ ਰਜਿੰਦਰ ਕੁਮਾਰ, ਐਸ ਡੀ ਓ ਦਵਿੰਦਰ ਪਾਲ, ਏ ਈ ਰਵਿੰਦਰ ਸਿੰਘ, ਵਰਕਸ ਇੰਸਪੈਕਟਰ ਅਨਿਲ ਕੁਮਾਰ, ਕਾਰਜਸਾਧਕ ਅਫ਼ਸਰ ਨਗਰ ਕੌਂਸਲ ਪਰਮਜੀਤ ਸਿੰਘ, ਮਿਉਂਸਪਲ ਇੰਜੀ: ਪਵਨ ਸ਼ਰਮਾ, ਐਸ ਐਚ ਓ ਸਿਟੀ ਬਲਬੀਰ ਸਿੰਘ, ਅਸ਼ਵਨੀ ਓਹਰੀ, ਰਮੇਸ਼ ਜ਼ਾਲਮ, ਦਿਹਾਤੀ ਮੰਡਲ ਪ੍ਰਧਾਨ ਵਿਜੇ ਪਠਾਨੀਆ, ਯਸ਼ਪਾਲ ਸ਼ਰਮਾ, ਅਤੁੱਲ ਸੂਦ ਪਿੰਕੀ, ਕ੍ਰਿਸ਼ਨ ਲਾਲ ਕਤਨਾ, ਡਾ. ਇੰਦਰਜੀਤ ਸ਼ਰਮਾ, ਜੀਵਨ ਜੋਤੀ ਕਾਲੀਆ, ਵਿਨੋਦ ਪਰਮਾਰ, ਰਜਿੰਦਰ ਕਾਲਾ, ਬਿੱਟੂ ਭਾਟੀਆ, ਅਸ਼ਵਨੀ ਵਿਗ, ਕੌਂਸਲਰ ਬਲਵਿੰਦਰ ਬਿੰਦੀ, ਸ਼ੁਕਲਾ ਦੇਵੀ, ਅਸ਼ੋਕ ਸ਼ੋਕੀ, ਨਰਿੰਦਰ ਸ਼ਰਮਾ, ਰਘਬੀਰ ਬੰਟੀ, ਅਸ਼ੋਕ ਸ਼ਰਮਾ, ਗੁਰਮੇਲ ਰਾਮ ਝਿੰਮ, ਰੋਹਿਤ ਸੂਦ, ਰਾਜ, ਜੋਤੀ ਅਤੇ ਹੋਰ ਸ਼ਹਿਰੀ ਪਤਵੰਤੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

ਹਿੰਦੀ ਭਾਸ਼ਾ ਨਾਲ ਜੁੜਨਾ ਸਮੇਂ ਦੀ ਲੋੜ : ਖੰਨਾ

ਤਲਵਾੜਾ, 25 ਸਤੰਬਰ: ਅੱਜ ਇੱਥੇ ਐੱਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਦੀ ਸਾਹਿਤ ਪਰਿਸ਼ਦ ਵੱਲੋਂ ਹਿੰਦੀ ਪੰਦਰਵਾੜੇ ਦੇ ਅਖੀਰਲੇ ਦਿਨ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਸ਼੍ਰੀ ਅਵਿਨਾਸ਼ ਰਾਏ ਖੰਨਾ ਮੈਂਬਰ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਕੀਤੀ ਅਤੇ ਸ. ਅਮਰਜੀਤ ਸਿੰਘ ਸਾਹੀ ਮੁੱਖ ਪਾਰਲੀਮਾਨੀ ਸਕੱਤਰ ਵਿੱਤ ਅਤੇ ਪ੍ਰਸਿੱਧ ਕਵੀ ਪ੍ਰੋ. ਮੋਹਨ ਸਪਰਾ ਨੇ ਕੀਤੀ। ਆਪਣੇ ਪ੍ਰਭਾਵਸ਼ਾਲੀ ਸੰਬੋਧਨ ਰਾਹੀਂ ਸ਼੍ਰੀ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਆਪਣੀ ਮਾਂਬੋਲੀ ਨੂੰ ਵਿਸਾਰ ਕੇ ਕੋਈ ਵੀ ਕੌਮ ਤਰੱਕੀ ਨਹੀਂ ਕਰ ਸਕਦੀ ਅਤੇ ਵਿਸ਼ੇਸ਼ ਕਰਕੇ ਰਾਸ਼ਟਰ ਭਗਤੀ ਅਤੇ ਗੌਰਵਮਈ ਵਿਰਸੇ ਨਾਲ ਜੁੜਨ ਲਈ ਕੌਮੀ ਭਾਸ਼ਾ ਹਿੰਦੀ ਨੂੰ ਦਿਲੋਂ ਅਪਣਾਉਣਾ ਚਾਹੀਦਾ ਹੈ। ਆਪਣੇ ਕੂੰਜੀਵਤ ਭਾਸ਼ਣ ਰਾਹੀਂ ਪ੍ਰਸਿੱਧ ਕਵੀ ਅਤੇ ਬੁੱਧੀਜੀਵੀ ਪ੍ਰੋ. ਮੋਹਨ ਸਪਰਾ ਨੇ ਜੋਰ ਦਿੱਤਾ ਕਿ ਦੀਵਾਲੀ, ਦੁਸ਼ਿਹਰੇ ਦੀ ਤਰਾਂ ਹਿੰਦੀ ਦਿਵਸ ਨੂੰ ਇਕ ਉਤਸਵ ਦੀ ਤਰਾਂ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅੰਗਰੇਜ਼ੀ ਦਾ ਮੋਹ ਅਤੇ ਹਊਆ ਤਿਆਗ ਕੇ ਆਪਣੀ ਭਾਸ਼ਾ ਨਾਲ ਜੁੜ ਕੇ ਹੀ ਵਿਕਾਸ ਦੇ ਰਾਹ ਤੇ ਅੱਗੇ ਵਧਿਆ ਸਕਦਾ ਹੈ। ਇਸ ਮੌਕੇ ਬੋਲਦਿਆਂ ਸ. ਅਮਰਜੀਤ ਸਿੰਘ ਸਾਹੀ ਮੁੱਖ ਪਾਰਲੀਮਾਨੀ ਸਕੱਤਰ ਵਿੱਤ ਨੇ ਕਿਹਾ ਕਿ ਲੋਕਾਂ ਦੀ ਦੇਖਾ ਦੇਖੀ ਆਪਣੀ ਭਾਸ਼ਾ ਲਈ ਹੀਣਭਾਵਨਾ ਰੱਖਣ ਵਾਲਾ ਇਨਸਾਨ ਕਿਸੇ ਵੀ ਖੇਤਰ ਵਿਚ ਕਾਮਯਾਬ ਨਹੀਂ ਹੁੰਦਾ ਅਤੇ ਆਪਣੇ ਪੁਰਾਤਨ ਵਿਰਸੇ, ਮਹਾਨ ਸਾਹਿਤ ਅਤੇ ਵਿਚਾਰਧਾਰਾ ਨੂੰ ਮਾਣ ਨਾਲ ਅਪਣਾਉਂਣਾ ਸਮੇਂ ਦੀ ਲੋੜ ਹੈ। ਸਕੂਲ ਮੁਖੀ ਪ੍ਰਿੰਸੀਪਲ ਦੇਸ ਰਾਜ ਸ਼ਰਮਾ ਨੇ ਆਪਣੇ ਸੰਬੋਧਨ ਰਾਹੀਂ ਇਸ ਮੌਕੇ ਕਰਵਾਏ ਵੱਖ ਵੱਖ ਮੁਕਾਬਲਿਆਂ ਵਿਚ ਜੇਤੂ ਰਹੇ ਕੀਰਤੀ ਰਾਣਾ, ਅੰਕਿਤਾ ਚੌਧਰੀ ਨੂੰ ਸਨਮਾਨਿਤ ਕੀਤਾ ਗਿਆ। ਹਿੰਦੀ ਸਾਹਿਤ ਦੇ ਖੇਤਰ ਵਿਚ ਨਾਮਣਾ ਖੱਟਣ ਵਾਲੀਆਂ ਸ਼ਖਸੀਅਤਾਂ ਜਿਨ੍ਹਾਂ ਵਿਚ ਕਹਾਣੀਕਾਰ ਸ਼ੈਲੀ ਬਲਜੀਤ ਪਠਾਨਕੋਟ, ਯਸ਼ਪਾਲ ਸ਼ਰਮਾ, ਗੀਤਾ ਡੋਗਰਾ ਲੇਖਕ ਤੇ ਸੰਪਾਦਕ, ਡਾ. ਮਨਮੋਹਨ, ਧਰਮਪਾਲ ਸਾਹਿਲ, ਡਾ. ਨਿਰੂਪਮਾ ਲੁਧਿਆਣਾ, ਡਾ. ਲੇਖ ਰਾਜ ਸ਼ਰਮਾ, ਗੋਪਾਲ ਸ਼ਰਮਾ, ਅਸ਼ਵਨੀ ਮਾਨਵ, ਧਰਮਪਾਲ ਕਾਲੜਾ, ਹਰਮਨਜੀਤ ਭੰਗਾਲਾ, ਡਾ. ਅਮਰਜੀਤ ਅਨੀਸ, ਗਿਆਨ ਚੰਦ ਗੁਪਤਾ, ਰਜਿੰਦਰ ਮਹਿਤਾ, ਕੇ. ਕੇ. ਰਾਣਾ, ਅੰਜੂ ਬਾਲਾ, ਅੰਕਿਤ ਰਾਣਾ ਆਦਿ ਸ਼ਾਮਲ ਹਨ, ਨੂੰ ਵੀ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਾਮ ਕੁਮਾਰ ਸੰਘ ਪ੍ਰਚਾਰਕ, ਮਹੇਸ਼ ਚੋਪੜਾ, ਪ੍ਰਿੰ. ਬਲਕੀਸ਼, ਜਥੇਦਾਰ ਮਨਜੀਤ ਸਿੰਘ ਦਿਓਲ, ਅਸ਼ੋਕ ਸੱਭਰਵਾਲ, ਜੇ. ਐ¤ਸ. ਰਾਣਾ, ਅੰਜੂ ਸ਼ਰਮਾ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਮਨਪ੍ਰੀਤ ਬਾਦਲ ਦੀ ਤਲਵਾੜਾ ਰੈਲੀ ਇਤਿਹਾਸਕ ਹੋਵੇਗੀ: ਘੁੰਮਣ

ਤਲਵਾੜਾ, 24 ਅਗਸਤ: ਪੀਪਲਜ਼ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਸ. ਮਨਪ੍ਰੀਤ ਸਿੰਘ ਬਾਦਲ ਦੀ ਤਲਵਾੜਾ ਰੈਲੀ ਇਤਿਹਾਸਕ ਸਾਬਿਤ ਹੋਵੇਗੀ ਅਤੇ ਇਸ ਰੈਲੀ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਹ ਪ੍ਰਗਟਾਵਾ ਪਾਰਟੀ ਦੇ ਆਗੂ ਐਡਵੋਕੇਟ ਭੁਪਿੰਦਰ ਸਿੰਘ ਘੁੰਮਣ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ. ਬਾਦਲ 8 ਅਕਤੂਬਰ ਨੂੰ ਤਲਵਾੜਾ ਵਿਖੇ ਖੋਖਾ ਮਾਰਕੀਟ ਵਿਖੇ ਲੋਕਾਂ ਦੇ ਰੂਬਰੂ ਹੋਣਗੇ ਅਤੇ ਪੰਜਾਬ ਦੇ ਵਰਤਮਾਨ ਅਤੇ ਭਵਿੱਖ ਬਾਰੇ ਚਰਚਾ ਕਰਨਗੇ। ਸ. ਘੁੰਮਣ ਨੇ ਕਿਹਾ ਕਿ ਪੰਜਾਬ ਨੂੰ ਇਸ ਵੇਲੇ ਮੌਕਾਪ੍ਰਸਤ ਰਾਜਨੀਤੀ ਸਿਉਂਕ ਵਾਂਗ ਖੋਖਲਾ ਕਰ ਰਹੀ ਹੈ ਅਤੇ ਕਾਂਗਰਸ ਦੇ ਨਾਲ ਅਕਾਲੀ ਭਾਜਪਾ ਵਰਗੀਆਂ ਪਾਰਟੀਆਂ ਨੇ ਗਰੀਬ ਵਰਗ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਸੁਪਨੇ ਵਿਖਾ ਕੇ ਸਾਰਾ ਜੋਰ ਕੁਨਬਾਪ੍ਰਸਤੀ ਤੇ ਲਗਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਰੈਲੀ ਨੂੰ ਕਾਮਯਾਬ ਬਣਾਉਣ ਲਈ ਪਾਰਟੀ ਲੀਡਰਸ਼ਿਪ ਵੱਲੋਂ ਤਲਵਾੜਾ, ਰਾਮਗੜ੍ਹ, ਡੁਗਰਾਲ, ਸੇਖਾਮੱਤਾ, ਹਾਜੀਪੁਰ ਆਦਿ ਸਮੇਤ ਵਿਆਪਕ ਪੱਧਰ ਤੇ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਇਸ ਮੌਕੇ ਪਾਰਟੀ ਦੇ ਆਗੂ ਕਿਰਪਾਲ ਸਿੰਘ ਗੇਰਾ ਨੇ ਕਿਹਾ ਕਿ ਸ. ਮਨਪ੍ਰੀਤ ਬਾਦਲ ਦੀ ਸੋਚ ਤੇ ਚੱਲ ਕੇ ਹੀ ਪੰਜਾਬ ਦਰਪੇਸ਼ ਅਜੋਕੇ ਸੰਕਟ ਤੋਂ ਮੁਕਤ ਕੀਤਾ ਜਾ ਸਕਦਾ ਹੈ। ਜਗਦੀਸ਼ ਸਿੰਘ ਸੋਈ ਨੇ ਦੱਸਿਆ ਕਿ ਪਾਰਟੀ ਦੇ ਵਰਕਰਾਂ ਵਿਚ ਆਪਣੇ ਹਰਮਨ ਪਿਆਰੇ ਆਗੂ ਦੀ ਆਮਦ ਨੂੰ ਲੈ ਕੇ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।  ਹੋਰਨਾਂ ਤੋਂ ਇਲਾਵਾ ਇਸ ਮੌਕੇ ਅਮਰਪਾਲ ਸਿੰਘ ਜੌਹਰ, ਸੋਨੀ ਬਾਜਵਾ, ਸੁਖਵਿੰਦਰ ਸੁੱਖਾ ਆਦਿ ਹਾਜਰ ਸਨ।

ਸਕੂਲ ਨੂੰ ਇੱਕੀ ਹਜਾਰ ਰੁਪਏ ਭੇਟ

ਤਲਵਾੜਾ, 24 ਸਤੰਬਰ: ਬਲਾਕ ਤਲਵਾੜਾ ਦੇ ਸਰਕਾਰੀ ਮਿਡਲ ਸਕੂਲ ਦੇਪੁਰ ਨੂੰ ਦਾਨੀ ਸੱਜਣਾਂ ਵੱਲੋਂ ਇੱਕੀ ਹਜਾਰ ਰੁਪਏ ਭੇਟ ਕਰਨ ਦਾ ਸਮਾਚਾਰ ਹੈ। ਸਕੂਲ ਮੁਖੀ ਸ. ਇਕਬਾਲ ਸਿੰਘ ਨੇ ਦੱਸਿਆ ਕਿ ਸਕੂਲ ਨੂੰ ਇਹ ਦਾਨ ਸੇਵਾ ਮੁਕਤ ਲੈਕਚਰਾਰ ਮੈਥ ਸ਼੍ਰੀ ਸੁਦਰਸ਼ਨ ਕੁਮਾਰ ਸ਼ਰਮਾ ਅਤੇ ਸ਼੍ਰੀਮਤੀ ਆਸ਼ਾ ਸ਼ਰਮਾ ਸਾਇੰਸ ਮਿਸਟ੍ਰੈਸ ਵੱਲੋਂ ਕੀਤਾ ਗਿਆ ਹੈ। ਉਨ੍ਹਾਂ ਸਕੂਲ ਦੀ ਸਹਾਇਤਾ ਕਰਨ ਲਈ ਸਟਾਫ਼ ਅਤੇ ਵਿਦਿਆਰਥੀਆਂ ਵੱਲੋਂ ਧੰਨਵਾਦ ਕੀਤਾ ਹੈ।

ਲੋਕ ਅਦਾਲਤ ਵਿਚ 136 ਕੇਸਾਂ ਦਾ ਨਿਪਟਾਰਾ

ਹੁਸ਼ਿਆਰਪੁਰ, 24 ਸਤੰਬਰ: ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਨਿਰਦੇਸ਼ਾਂ ਅਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਹੁਸ਼ਿਆਰਪੁਰ ਸ੍ਰੀ ਅਸ਼ੋਕ ਕੁਮਾਰ ਸਿੰਗਲਾ ਦੀ ਦੇਖ-ਰੇਖ ਹੇਠਾਂ  ਮਾਸਿਕ ਲੋਕ ਅਦਾਲਤਾਂ ਦਾ ਆਯੋਜਨ ਕੀਤਾ ਗਿਆ। ਇਹ ਲੋਕ ਅਦਾਲਤਾਂ ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ ਅਤੇ ਗੜ੍ਹਸ਼ੰਕਰ ਵਿਖੇ ਲਗਾਈਆਂ ਗਈਆਂ। ਇਸ ਲੋਕ ਅਦਾਲਤ ਲਈ ਹੁਸ਼ਿਆਰਪੁਰ ਵਿਖੇ 9, ਦਸੂਹਾ ਵਿਖੇ 1 , ਮੁਕੇਰੀਆਂ ਵਿਖੇ 2 ਬੈਂਚ ਬਣਾਏ ਗਏ ਤਾਂ ਜੋ ਕੇਸਾਂ ਦਾ ਨਿਪਟਾਰਾ ਵਿਚੋਲਗੀ ਅਤੇ ਰਜ਼ਾਮੰਦੀ ਨਾਲ ਕੀਤਾ ਜਾ ਸਕੇ।  ਇਸ ਲੋਕ ਅਦਾਲਤ ਵਿੱਚ ਸ੍ਰੀ ਆਰ.ਪੀ. ਧੀਰ ਪ੍ਰਧਾਨ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਨੇ ਬਾਰ ਮੈਂਬਰਾਂ ਰਾਹੀਂ ਇਸ ਲੋਕ ਅਦਾਲਤ ਨੂੰ ਕਾਮਯਾਬ ਬਣਾਉਣ ਲਈ ਪੂਰਾ ਸਹਿਯੋਗ ਦਿੱਤਾ।
        ਇਸ ਮਾਸਿਕ ਲੋਕ ਅਦਾਲਤ ਵਿੱਚ ਹਿੰਦੂ ਮੈਰਿਜ ਐਕਟ ਕੇਸ, ਦੀਵਾਨੀ ਦਾਅਵੇ, ਅਪੀਲਾਂ, ਸਮਝੌਤਾਯੋਗ ਫੌਜਦਾਰੀ ਕੇਸ, ਰੈਂਟ ਕੇਸ ਅਤੇ ਹੋਰ ਅਦਾਲਤੀ ਕੇਸਾਂ ਨੂੰ ਆਪਸੀ ਰਜ਼ਾਮੰਦੀ ਰਾਹੀਂ ਹੱਲ ਕਰਨ ਲਈ ਸੁਣਿਆ ਗਿਆ। ਇਸ ਲੋਕ ਅਦਾਲਤ ਵਿੱਚ ਕੁਲ 255 ਕੇਸਾਂ ਨੂੰ ਹੱਲ ਕਰਨ ਲਈ ਰੱਖਿਆ ਗਿਆ ਜਿਸ ਵਿੱਚ 136 ਕੇਸਾਂ ਦਾ ਨਿਪਟਾਰਾ ਰਜ਼ਾਮੰਦੀ ਨਾਲ ਕੀਤਾ ਗਿਆ। ਇਨ੍ਹਾਂ ਕੇਸਾਂ ਰਾਹੀਂ ਧਿਰਾਂ ਨੂੰ 10377866/- ਰੁਪਏ ਬਤੌਰ ਕਲੇਮ / ਅਵਾਰਡ ਦਿਵਾਏ ਗਏ । ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸਾਲ 2011 ਵਾਸਤੇ ਸਥਾਪਿਤ ਸਥਾਈ ਲੋਕ ਅਦਾਲਤ ਵਿੱਚ 31 ਕੇਸਾਂ ਦਾ ਫੈਸਲਾ ਕੀਤਾ ਗਿਆ ।
        ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਅਸ਼ੋਕ ਕੁਮਾਰ ਸਿੰਗਲਾ ਨੇ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 159ਵੀਂ ਲੋਕ ਅਦਾਲਤ ਸੀ ਅਤੇ ਹੁਣ ਤੱਕ 45313 ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕੀਤਾ ਜਾ ਚੁੱਕਾ ਹੈ ਜਿਸ ਰਾਹੀਂ ਕੁਲ ਰਕਮ  1103649470/- ਰੁਪਏ ਬਤੌਰ ਕਲੇਮ/ ਅਵਾਰਡ ਧਿਰਾਂ ਨੂੰ ਦੁਆਏ ਜਾ ਚੁੱਕੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 3107 ਵਿਅਕਤੀਆਂ ਨੂੰ ਮੁਫ਼ਤ ਕਾਨੁੰਨੀ ਸਹਾਇਤਾ ਦਿੱਤੀ ਜਾ ਚੁੱਕੀ ਅਤੇ ਕਰੀਬ 244 ਕਾਨੂੰਨੀ ਸਾਖਰਤਾ ਕੈਂਪਾਂ ਦਾ ਆਯੋਜਨ ਕੀਤਾ ਜਾ ਚੁੱਕਾ ਹੈ।
        ਇਸ ਮੌਕੇ ਤੇ ਜ਼ਿਲ੍ਹਾ ਤੇ ਸੈਸ਼ਨ ਜੱਜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਆਪਣੇ ਕੇਸਾਂ ਦਾ ਨਿਪਟਾਰਾ ਲੋਕ ਅਦਾਲਤਾਂ ਰਾਹੀਂ ਕਰਵਾਉਣ ਕਿਉਂਕਿ ਇਸ ਨਾਲ ਪੈਸੇ ਅਤੇ ਸਮੇਂ ਦੋਹਾਂ ਦੀ ਬੱਚਤ ਹੁੰਦੀ ਹੈ। ਇਸ ਦੇ ਫੈਸਲੇ ਦੇ ਖਿਲਾਫ਼ ਕੋਈ ਅਪੀਲ ਨਹੀਂ ਹੁੰਦੀ ਅਤੇ ਇਸ ਦੇ ਫੈਸਲੇ ਨੂੰ ਦਿਵਾਨੀ ਅਦਾਲਤ ਦੀ ਡਿਗਰੀ ਦੀ ਮਾਣਤਾ ਪ੍ਰਾਪਤ ਹੈ। ਇਸ  ਵਿੱਚ ਫੈਸਲੇ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਹੁੰਦੇ ਹਨ ਅਤੇ ਆਪਸੀ ਪਿਆਰ ਵੱਧਦਾ ਹੈ ਅਤੇ ਦੁਸ਼ਮਣੀ ਘੱਟਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਆਪਣੇ ਕੇਸਾਂ ਨੂੰ ਲੋਕ ਅਦਾਲਤਾਂ ਵਿੱਚ ਲਗਾਉਣ ਲਈ ਉਨ੍ਹਾਂਪਾਸ ਜਾਂ ਸਿਵਲ ਜੱਜ (ਸੀਨੀਅਰ ਡਵੀਜ਼ਨ),-ਸਹਿਤ ਸਕੱਤਰ ਜ਼ਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀ ਜਾਂ ਵਧੀਕ ਜੱਜ (ਸ ਡ) ਦਸੂਹਾ, ਮੁਕੇਰੀਆਂ, ਗੜ੍ਹਸ਼ੰਕਰ ਜਾਂ ਸਹਾਇਕ ਜ਼ਿਲ੍ਹਾ ਅਟਾਰਨੀ (ਕ ਸ) ਹੁਸ਼ਿਆਰਪੁਰ ਨਾਲ ਸੰਪਰਕ ਕਰ ਸਕਦੇ ਹਨ।

ਬਿਆਸ ਦਰਿਆ ਦੇ ਖੋਰੇ ਤੋਂ ਬਚਾਉਣ ਲਈ ਵਿਸ਼ੇਸ਼ ਉਪਰਾਲੇ : ਮਜੀਠੀਆ


ਮੁਕੇਰੀਆਂ, 24 ਸਤੰਬਰ:  ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਬਿਆਸ ਦਰਿਆ ਨਾਲ ਲੱਗਦੇ ਪਿੰਡਾਂ ਦੀ ਉਪਜਾਊ ਜ਼ਮੀਨ ਨੂੰ ਖੋਰੇ ਤੋਂ ਬਚਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਪ੍ਰਧਾਨ ਸ੍ਰ: ਬਿਕਰਮਜੀਤ ਸਿੰਘ ਮਜੀਠੀਆ ਨੇ ਅੱਜ ਦਸੂਹਾ ਹਲਕੇ ਦੇ ਪਿੰਡ ਟੇਰਕਿਆਣਾ ਵਿਖੇ ਨਾਬਾਰਡ ਦੀ ਸਹਾਇਤਾ ਨਾਲ 2 ਕਰੋੜ ਰੁਪਏ ਦੀ ਲਾਗਤ ਵਾਲੇ ਰਿਵਰ ਪ੍ਰੋਟੈਕਸ਼ਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣ ਉਪਰੰਤ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਮੌਕੇ ਤੇ ਉਨ੍ਹਾਂ ਨੇ ਪਿੰਡ ਟੇਰਕਿਆਣਾ ਵਿਖੇ ਪੰਚਾਇਤ ਘਰ ਦੀ ਇਮਾਰਤ ਦਾ ਨੀਂਹ ਪੱਥਰ ਵੀ ਰੱਖਿਆ।
        ਸ੍ਰ: ਮਜੀਠੀਆ ਨੇ ਬੋਲਦਿਆਂ ਕਿਹਾ  ਪੰਜਾਬ ਸਰਕਾਰ ਪਿਛਲੇ ਸਾਢੇ ਚਾਰ ਸਾਲਾਂ ਤੋਂ ਵਿਕਾਸ ਨੂੰ ਸਮਰਪਿਤ ਰਹੀ ਹੈ ਜਿਸ ਦੇ ਚਲਦਿਆਂ ਪੰਜਾਬ ਦੇ ਲੋਕਾਂ ਨੇ ਹਾਲ ਹੀ ਵਿੱਚ ਹੋਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਇਕਤਰਫ਼ਾ ਫੈਸਲਾ ਦਿੰਦਿਆਂ ਚੋਣਾਂ ਜਿਤਾਈਆਂ ਹਨ ਅਤੇ ਪੰਜਾਬ ਦੇ ਲੋਕ ਸ੍ਰੋਮਣੀ ਅਕਾਲੀ ਦਲ (ਬ) ਅਤੇ ਭਾਰਤੀ ਜਨਤਾ ਪਾਰਟੀ ਗਠਜੋੜ ਨੂੰ ਵਿਧਾਨ ਸਭਾ ਚੋਣਾਂ ਜਿਤਾਉਣ ਲਈ ਤਤਪਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਰੋਧੀ ਲੋਕ ਪੰਜਾਬੀਆਂ ਦੀ ਭਾਈਚਾਰਕ ਸਾਂਝ ਨੂੰ ਤੋੜਣ ਦੀ ਕੋਸ਼ਿਸ਼ ਕਰ ਰਹੇ ਹਨ ਸੋ ਅਜਿਹੇ ਲੋਕਾਂ ਦੀਆਂ ਚਾਲਾਂ ਤੋਂ ਸਾਵਧਾਨ ਰਹੋ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਕਿਹਾ ਕਿ ਜਿਹੜੇ ਆਗੂ ਲੋਕ-ਹਿਤੈਸ਼ੀ ਹਨ, ਵਿਕਾਸ ਮੁੱਖੀ ਹਨ, ਉਨ੍ਹਾਂ ਦੀ ਵਿਕਾਸਸ਼ੀਲਤਾ ਨੂੰ ਮੱਦੇਨਜ਼ਰ ਰੱਖਦੇ ਹੋਏ ਵਿਧਾਨ ਸਭਾ ਚੋਣਾਂ ਜਿਤਾਉਣ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਸੋ ਪੰਜਾਬ ਦੇ ਕਿਸਾਨਾਂ ਦੀ ਖੁਸ਼ਹਾਲੀ ਲਈ ਜਿਣਸਾਂ ਦੇ ਵਾਜਿਬ ਭਾਅ ਮਿਲਣੇ ਚਾਹੀਦੇ ਹਨ।  ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਭਾਜਪਾ ਗਠਜੋੜ ਦੀ ਸਰਕਾਰ ਨੇ ਪੰਜਾਬ ਦੇ 80 ਹਜ਼ਾਰ ਨੌਜਵਾਨਾਂ ਨੂੰ ਪੱਕੀਆਂ ਨੌਕਰੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪੰਜਾਬ ਦੇ ਕਿਸੇ ਵੀ ਵਰਗ ਉਪਰ ਆਰਥਿਕ ਬੋਝ ਨਹੀਂ ਪਾਇਆ । ਉਨ੍ਹ ਕਿਹਾ ਕਿ ਲੋਕਾਂ ਦੀ ਖੁਸ਼ਕਿਸਮਤੀ ਹੈ ਕਿ ਸ੍ਰ: ਪ੍ਰਕਾਸ਼ ਸਿੰਘ ਬਾਦਲ ਵਰਗਾ ਲੋਕ-ਹਿਤੈਸ਼ੀ ਆਗੂ ਮਿਲਿਆ ਹੈ ਜੋ ਦਿਨ ਰਾਤ ਲੋਕਾਂ ਦੀ ਸੇਵਾ ਨੂੰ ਸਮਰਪਿਤ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਭ੍ਰਿਸ਼ਟ ਲੋਕਾਂ ਦਾ 300 ਲੱਖ ਕਰੋੜ ਡਾਲਰ ਪੈਸਾ ਸਵਿਸ ਬੈਂਕਾਂ ਵਿੱਚ ਪਿਆ ਹੈ ਜਿਸ ਨੂੰ ਵਾਪਸ ਦੇਸ਼ ਵਿੱਚ ਲਿਆਉਣ ਦੀ ਲੋੜ ਹੈ।
        ਉਨ੍ਹਾਂ ਨੇ ਦਸੂਹਾ ਹਲਕੇ ਦੇ ਵਿਧਾਇਕ ਤੇ ਸੰਸਦੀ ਸਕੱਤਰ (ਵਿੱਤ) ਸ੍ਰ: ਅਮਰਜੀਤ ਸਿੰਘ ਸਾਹੀ ਦੇ ਗ੍ਰਹਿ ਵਿਖੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਵਿੱਚ ਹੋਈ ਸ਼ਾਨਦਾਰ ਜਿੱਤ ਸਦਕਾ ਸੰਤ ਸਮਾਜ ਤੇ ਹੋਰ ਭਾਈਵਾਲ ਪਾਰਟੀਆਂ ਦਾ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਸ੍ਰ੍ਰੋਮਣੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿੱਚ ਕਿਸੇ ਕਿਸਮ ਦੀ ਕੋਈ ਵੀ ਧਾਂਦਲੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਭ੍ਰਿਸ਼ਟਾਚਾਰ ਤੇ ਮਹਿੰਗਾਈ ਸਿਖਰ ਤੇ ਪੁੱਜ ਚੁਕੀ ਹੈ ਜਿਸ ਨੂੰ ਠੱਲ੍ਹ ਪਾਉਣੀ ਬਹੁਤ ਜ਼ਰੂਰੀ ਹੈ।
        ਇਸ ਮੌਕੇ ਤੇ ਸ੍ਰ: ਅਮਰਜੀਤ ਸਿੰਘ ਸਾਹੀ ਮੁੱਖ ਸੰਸਦੀ ਸਕੱਤਰ (ਵਿੱਤ) ਨੇ ਕਿਹਾ ਕਿ ਸਰਕਾਰ ਵੱਲੋਂ ਹਲਕੇ ਦੇ ਵਿਕਾਸ ਲਈ ਵੱਡੇ ਪੱਧਰ ਤੇ ਫੰਡ ਦਿੱਤੇ ਗਏ ਹਨ। ਜਿਸ ਨਾਲ ਹਲਕੇ ਦਾ ਸਰਵਪੱਖੀ ਵਿਕਾਸ ਕੀਤਾ ਗਿਆ ਹੈ।
        ਇਸ ਮੌਕੇ ਤੇ ਸ੍ਰ: ਸੁਰਿੰਦਰ ਸਿੰਘ ਭੁਲੇਵਾਲਰਾਲਾਂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬ) ਅਤੇ ਮੈਂਬਰ ਸ੍ਰੋਮਣੀ ਕਮੇਟੀ ਸਰਬਜੋਤ ਸਿੰਘ ਸਾਬੀ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਜਸਜੀਤ ਸਿੰਘ ਥਿਆੜਾ ਚੇਅਰਮੈਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ, ਜਤਿੰਦਰ ਸਿੰਘ ਲਾਲੀ ਬਾਜਵਾ ਚੇਅਰਮੈਨ ਜੈਨਕੋ, ਤਾਰਾ ਸਿੰਘ ਸੱਲ੍ਹਾਂ, ਰਵਿੰਦਰ ਸਿੰਘ ਚੱਕ ਮੈਂਬਰ ਸ੍ਰੋਮਣੀ ਕਮੇਟੀ, ਰਾਜਗੁਰਜਿੰਦਰ ਸਿੰਘ ਸਿੱਧੂ ਕੌਮੀ ਜਨਰਲ ਸਕੱਤਰ ਲੀਗਲ ਸੈਲ, ਵਰਿੰਦਰਜੀਤ ਸਿੰਘ ਸੋਨੂ ਸਰਪੰਚ, ਹਰਿੰਦਰ ਜੀਤ ਕੌਰ ਸਰਪੰਚ, ਸਤਵਿੰਦਰ ਪਾਲ ਸਿੰਘ ਢੱਟ, ਵੀ ਕੇ ਗੁਪਤਾ ਐਕਸੀਅਨ ਡਰੇਨੇਜ਼, ਵਿਨੋਦ ਮਹਾਜਨ ਐਸ ਡੀ ਓ  ਡਰੇਨੇਜ਼, ਸੁਰਜੀਤ ਸਿੰਘ ਡਾਇਰੈਕਟਰ ਮਿਲਕ ਫੈਡ, ਸਤਨਾਮ ਸਿੰਘ ਧਨੋਆ, ਅਵਤਾਰ ਸਿੰਘ ਜੌਹਲ, ਹਰਸਿਮਰਤ ਸਿੰਘ ਸਾਹੀ ਆਦਿ ਸਮੇਤ ਇਲਾਕੇ ਦੇ ਪੰਚ-ਸਰਪੰਚ ਅਤੇ ਹੋਰ ਲੋਕ ਹਾਜ਼ਰ ਸਨ।

ਖਜਾਨ ਸਿੰਘ ਸੰਧੂ ਦੇ ਵਿਛੋੜੇ ਤੇ ਦੁੱਖ ਦਾ ਪ੍ਰਗਟਾਵਾ

ਤਲਵਾੜਾ, 23 ਸਤੰਬਰ : ਸ਼੍ਰੀ ਖਜ਼ਾਨ ਸਿੰਘ ਸੰਧੂ ਸ. ਸ. ਮਾਸਟਰ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦਾ ਕੱਲ੍ਹ ਸਕੂਲ ਵਿਚ ਅਚਾਨਕ ਦਿਲ ਦੀ ਧੜਕਨ ਰੁਕਣ ਕਾਰਨ ਦਿਹਾਂਤ ਹੋ ਗਿਆ। ਸ. ਕੁਲਵੰਤ ਸਿੰਘ ਬਲਾਕ ਪ੍ਰਧਾਨ ਮਾਸਟਰ ਕਾਡਰ ਯੂਨੀਅਨ, ਸ਼੍ਰੀ ਸ਼ਿਵ ਕੁਮਾਰ ਸੂਬਾ ਜਨਰਲ ਸਕੱਤਰ ਗੌਰਮਿੰਟ ਟੀਚਰਜ਼ ਯੂਨੀਅਨ, ਸ਼੍ਰੀ ਸੁਭਾਸ਼ ਚੰਦ ਮੁਲਾਜਮ ਦਲ ਆਗੂ, ਸ਼੍ਰੀ ਰਜਿੰਦਰ ਪ੍ਰਸਾਦ ਸ਼ਰਮਾ ਮੁੱਖ ਅਧਿਆਪਕ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ, ਸ਼੍ਰੀ ਦਲਜੀਤ ਸਿੰਘ ਜੀਤੂ ਚੇਅਰਮੈਨ ਬਲਾਕ ਸੰਮਤੀ ਤਲਵਾੜਾ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸ਼੍ਰੀ ਖਜ਼ਾਨ ਸਿੰਘ ਸੰਧੂ ਬੇਹੱਦ ਮਿਲਣਸਾਰ, ਨਿਮਰ ਅਤੇ ਆਦਰਸ਼ ਅਧਿਆਪਕ ਹੋਣ ਦੇ ਨਾਲ ਜਥੇਬੰਦਕ ਘੋਲਾਂ ਵਿਚ ਵੱਧ ਚੜ੍ਹ ਕੇ ਸ਼ਿਰਕਤ ਕਰਦੇ ਰਹੇ ਅਤੇ ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਸਮੁੱਚੇ ਅਧਿਆਪਕ ਵਰਗ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਜਿਕਰਯੋਗ ਹੈ ਕਿ ਅੱਜ ਸਵੇਰੇ ਉਨ੍ਹਾਂ ਦਾ ਪੋਸਟਮਾਰਟਮ ਬੀ. ਬੀ. ਐਮ. ਬੀ. ਹਸਪਤਾਲ ਵਿਖੇ ਕੀਤਾ ਗਿਆ ਅਤੇ ਬਾਅਦ ਦੁਪਿਹਰ ਉਨ੍ਹਾਂ ਦੇ ਜੱਦੀ ਪਿੰਡ ਫਤਿਹਪੁਰ ਦੇ ਸ਼ਮਸ਼ਾਨਘਾਟ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।

ਜਲ ਸੰਭਾਲ ਸਮੇਂ ਦੀ ਲੋੜ : ਭਗਤ

ਗੜ੍ਹਸ਼ੰਕਰ, 23 ਸਤੰਬਰ:  ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਮੈਂਟ ਸੈਲ ਹੁਸ਼ਿਆਰਪੁਰ ਵੱਲੋਂ ਪੀਣ ਵਾਲੇ ਪਾਣੀ ਦੀ ਸਾਂਭ-ਸੰਭਾਲ, ਇਸ ਦੀ ਲੋੜ ਅਨੁਸਾਰ ਵਰਤੋਂ ਕਰਨ ਅਤੇ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲ ਖੁਰਦ ਵਿਖੇ ਇੱਕ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਕਾਰਜਕਾਰੀ ਇੰਜੀਨੀਅਰ ਮੰਡਲ ਗੜ੍ਹਸ਼ੰਕਰ ਸ੍ਰੀ ਮੰਗਲ ਦੇਵ ਸਿੰਘ ਭਗਤ ਨੇ ਲੋਕਾਂ ਨੂੰ ਪੀਣ ਵਾਲੇ ਸਾਫ਼ ਸੁਥਰੇ ਪਾਣੀ ਦੀ ਮਹੱਤਤਾ ਬਾਰੇ ਜਾਣੂ ਕਰਾਉਂਦਿਆਂ ਹੋਇਆ ਦੱਸਿਆ ਕਿ  ਪੀਣ ਵਾਲਾ ਸਾਫ਼-ਸੁਥਰਾ ਪਾਣੀ  ਬਹੁਤ ਹੀ ਕੀਮਤੀ ਹੈ । ਇਸ ਨੂੰ ਵਿਆਰਥ ਨਾ ਕੀਤਾ ਜਾਵੇ ਅਤੇ ਇਸ ਦੀ ਲੋੜ ਅਨੁਸਾਰ ਵਰਤੋਂ ਕੀਤੀ ਜਾਵੇ ਕਿਉਂਕਿ ਪੀਣ ਵਾਲੇ ਸਾਫ਼-ਸੁਥਰੇ ਪਾਣੀ ਦਾ ਪੱਧਰ ਬਹੁਤ ਨੀਵਾਂ ਹੋ ਰਿਹਾ ਹੈ ਜੋ ਕਿ ਚਿੰਤਾ ਦਾ ਵਿਸ਼ਾ ਹੈ।
        ਇਸ ਮੌਕੇ ਤੇ ਐਸ ਡੀ ਓ ਨਵਨੀਤ ਕੁਮਾਰ ਜਿੰਦਲ, ਐਚ ਆਰ ਡੀ ਹਰਬੀਰ ਸਿੰਘ, ਜੇ ਈ ਸੁਖਬੀਰ ਸਿੰਘ, ਜੇ ਈ ਅਭੀਸ਼ੇਕ ਖੋਸਲਾ, ਆਈ ਈ ਸੀ ਸਪੈਸ਼ਲਿਸਟ ਅੰਜੂ ਸ਼ਰਮਾ, ਸਕੂਲ ਦੀ ਪ੍ਰਿੰਸੀਪਲ ਕਮਲਜੀਤ ਕੌਰ ਸਹੋਤਾ, ਜ਼ਿਲ੍ਹਾ ਸਲਾਹਕਾਰ ਕਮੇਟੀ ਮੈਂਬਰ ਸ੍ਰੀ ਰਾਜੇਸ਼ ਅਰੋੜਾ, ਮੈਂਬਰ ਫੁਡ ਸਪਲਾਈ ਸਪਲਾਈ ਕਮੇਟੀ  ਜਸਬੀਰ ਸਿੰਘ ਮਾਨ, ਪ੍ਰਧਾਨ ਐਸ ਸੀ ਮੋਰਚਾ ਬੇਦਰਾਜ ਕੁਮਾਰ, ਪ੍ਰਧਾਨ ਕਿਸਾਨ ਮੋਰਚਾ ਚੰਚਲ ਰਾਮ ਨੇ ਵੀ ਪੀਣ ਵਾਲੇ ਸਾਫ਼-ਸੁਥਰੇ ਪਾਣੀ ਦੀ ਮਹੱਤਤਾ ਬਾਰੇ ਦੱਸਦਿਆਂ ਹੋਇਆਂ ਇਸ ਨੂੰ ਸੰਭਾਲ ਕੇ ਵਰਤਣ ਲਈ ਪ੍ਰੇਰਿਤ ਕੀਤਾ।  ਉਨ੍ਹਾਂ ਨੇ ਬੱਚਿਆਂ ਨੂੰ ਪੀਣ ਵਾਲਾ ਸਾਫ਼-ਸੁਥਰਾ ਪਾਣੀ ਬਚਾਉਣ ਲਈ ਜਾਗਰੂਕ ਕੀਤਾ ਅਤੇ ਪਿੰਡ ਵਾਸੀਆਂ ਨੂੰ ਜਲ ਸਪਲਾਈ ਤੋਂ ਪੀਣ ਵਾਲੇ ਪਾਣੀ ਦੇ ਕੁਨੈਕਸ਼ਨ ਲਗਾਉਣ ਲਈ ਕਿਹਾ।
        ਇਸ ਕੈਂਪ ਵਿੱਚ ਸਕੂਲ ਦੇ ਬੱਚਿਆਂ ਨੇ ਪੀਣ ਵਾਲੇ ਸਾਫ਼ ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਆਪਣੇ ਭਾਸ਼ਣ ਪੜੇ  ਅਤੇ ਵਧੀਆ ਭਾਸ਼ਣ ਦੇਣ ਵਾਲੇ ਬੱਚਿਆਂ ਨੂੰ ਡੀ ਪੀ ਐਮ ਸੀ ਸਟਾਫ਼ ਵੱਲੋਂ ਬੱਚਿਆਂ ਨੂੰ ਇਨਾਮ ਦਿੱਤੇ ਗਏ। ਐਸ ਡੀ ਓ ਨਵਨੀਤ ਕੁਮਾਰ ਜਿੰਦਲ ਨੇ ਆਏ ਹੋਏ ਸਾਰੇ ਮਹਿਮਾਨਾਂ ਅਤੇ ਸਕੂਲ ਦੇ ਬੱਚਿਆਂ ਦਾ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਧੰਨਵਾਦ ਕੀਤਾ ਅਤੇ ਸ਼ੁੱਧ ਪਾਣੀ ਪੀਓ ਨਿਰੋਗ ਜੀਵਨ ਜੀਓ ਦਾ ਨਾਅਰਾ ਲਗਾਇਆ।

ਹਰਦੋਖਾਨਪੁਰ ਵਿਚ ਲੱਗਾ ਕਾਨੂੰਨੀ ਸਾਖਰਤਾ ਕੈਂਪ

ਮੁਕੇਰੀਆਂ, 23 ਸਤੰਬਰ: ਸਹਾਇਕ ਜ਼ਿਲ੍ਹਾ ਅਟਾਰਨੀ (ਕਾਨੂੰਨੀ ਸੇਵਾਵਾਂ) ਹੁਸ਼ਿਆਰਪੁਰ ਵੱਲੋਂ ਅੱਜ ਪਿੰਡ ਹਰਦੋਖਾਨਪੁਰ ਵਿਖੇ ਇੱਕ ਕਾਨੂੰਨੀ ਸਾਖਰਤਾ ਕੈਂਪ / ਸੈਮੀਨਾਰ ਦਾ ਆਯੋਜਨ ਕੀਤਾ ਗਿਆ।  ਇਸ ਸੈਮੀਨਾਰ ਵਿੱਚ ਸੀ ਡੀ ਪੀ ਓ (ਬਾਲ ਵਿਕਾਸ ਪ੍ਰੋਜੈਕਟ ਅਫ਼ਸਰ) ਹੁਸ਼ਿਆਰਪੁਰ-1 ਸ੍ਰੀਮਤੀ ਰਾਜ ਰਾਣੀ, ਉਨ੍ਹਾਂ ਦੇ ਅਧੀਨ ਕੰਮ ਕਰ ਰਹੀਆਂ ਆਂਗਣਵਾੜੀ ਵਰਕਰਾਂ ਅਤੇ ਪਿੰਡ ਦੀ ਗਰਾਮ ਪੰਚਾਇਤ ਸਮੇਤ ਔਰਤਾਂ ਅਤੇ ਵਿਅਕਤੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।

        ਇਸ ਸੈਮੀਨਾਰ ਵਿੱਚ ਔਰਤਾਂ ਦੇ ਅਧਿਕਾਰਾਂ ਸਬੰਧੀ ਅਤੇ ਕਾਨੂੰਨ ਬਾਰੇ ਵਿਸਥਾਰਪੂਰਵਕ ਸਹਾਇਕ ਜ਼ਿਲ੍ਹਾ ਅਟਾਰਨੀ ਵੱਲੋਂ ਜਾਣਕਾਰੀ ਦਿੱਤੀ ਗਈ। ਸੀ ਡੀ ਪੀ ਓ ਹੁਸ਼ਿਆਰਪੁਰ ਨੇ ਘਰੇਲੂ ਹਿੰਸਾ ਸਬੰਧੀ ਕਾਨੂੰਨ ਬਾਰੇ ਪਿੰਡ ਵਾਸੀਆਂ ਨੂੰ ਜਾਗਰੂਕ ਕੀਤਾ । ਉਨ੍ਹਾਂ ਨੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਜੋ ਉਨ੍ਹਾਂ ਦੇ ਵਿਭਾਗ ਨਾਲ ਸਬੰਧਤ ਹੋਣ ਕਰਕੇ ਉਨ੍ਹਾਂ ਵੱਲੋਂ ਭਰੋਸਾ ਦੁਆਇਆ ਗਿਆ ਕਿ ਵਿਧਵਾ ਪੈਨਸ਼ਨ ਅਤੇ ਬੁਢਾਪਾ ਪੈਨਸ਼ਨ ਦੇ ਪੈਡਿੰਗ ਕੇਸਾਂ ਸਬੰਧੀ ਕਾਰਵਾਈ ਕੀਤੀ ਜਾਵੇਗੀ। ਪਿੰਡ ਦੇ ਸਰਪੰਚ ਅਤੇ ਮੈਂਬਰ ਪੰਚਾਇਤਾਂ ਵੱਲੋਂ ਨਰੇਗਾ ਸਕੀਮ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਗਈ। ਗਰਾਮ ਪੰਚਾਇਤ ਵੱਲੋਂ ਪਿੰਡ ਹਰਦੋਖਾਨਪੁਰ ਵਿੱਚ ਨਰੇਗਾ ਸਕੀਮ ਸਬੰਧੀ ਇੱਕ ਸੈਮੀਨਾਰ ਲਗਾਉਣ ਬਾਰੇ ਬੇਨਤੀ ਕੀਤੀ ਗਈ।

        ਸੈਮੀਨਾਰ ਵਿੱਚ ਆਂਗਣਵਾੜੀ ਵਰਕਰਾਂ ਵੱਲੋਂ 10 ਲੜਕੀਆਂ ਨੂੰ ਪੈਰਾ ਲੀਗਲ ਵ¦ਟੀਅਰਜ਼ ਦੀ ਟਰੇਨਿੰਗ ਦਿੱਤੀ ਗਈ ਅਤੇ ਸੈਮੀਨਾਰ ਦੇ ਅੰਤ ਵਿੱਚ ਲੋਕਾਂ ਨੂੰ ਮੁਫ਼ਤ ਕਾਨੁੰਨੀ ਸੇਵਾਵਾਂ ਸਬੰਧੀ ਪ੍ਰਚਾਰ ਸਮੱਗਰੀ ਵੀ ਵੰਡੀ ਗਈ। ਇਸ ਕੈਂਪ ਵਿੱਚ ਹੋਰਨਾਂ ਤੋਂ ਇਲਾਵਾ ਬਲਾਕ ਸੰਮਤੀ ਮੈਂਬਰ ਕਿਰਨਦੀਪ ਕਾਲੀਆ, ਹੈਡ ਟੀਚਰ ਪ੍ਰਾਈਮਰੀ ਸਕੂਲ ਸ੍ਰੀਮਤੀ ਬਲਜੀਤ ਕੌਰ, ਹੈਡ ਟੀਚਰ ਸੀਨੀ: ਸੈਕੰ: ਸਕੂਲ ਪਿੰਡ ਹਰਦੋਖਾਨਪੁਰ ਅਤੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।

ਅਕਤੂਬਰ ਵਿਚ ਮਨਾਇਆ ਜਾਏਗਾ ਵਿਕਾਸ ਹਫ਼ਤਾ

ਹੁਸ਼ਿਆਰਪੁਰ, 23 ਸਤੰਬਰ: ਜ਼ਿਲ੍ਹਾ ਯੋਜਨਾ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਇਥੇ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਸ੍ਰੀ ਮਹਿੰਦਰ ਪਾਲ ਸਿੰਘ ਮਾਨ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਹੁਸ਼ਿਆਰਪੁਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਰਵਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਵਿਨੇ ਬੁਬਲਾਨੀ ਵਧੀਕ ਡਿਪਟੀ ਕਮਿਸ਼ਨਰ (ਜ), ਰਾਜੇਸ਼ਵਰ ਸਿੱਧੂ ਐਸ ਪੀ, ਰਾਹੁਲ ਚਾਬਾ ਐਸ ਡੀ ਐਮ ਮੁਕੇਰੀਆਂ, ਪੀ ਪੀ ਸਿੰਘ ਐਸ ਡੀ ਐਮ ਦਸੂਹਾ, ਰਣਜੀਤ ਕੌਰ ਐਸ ਡੀ ਐਮ ਗੜ੍ਹਸ਼ੰਕਰ, ਅਵਤਾਰ ਸਿੰਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਮੁਹੰਮਦ ਇਕਬਾਲ ਭੱਟੀ ਸਕੱਤਰ ਜ਼ਿਲ੍ਹਾ ਪ੍ਰੀਸ਼ਦ, ਸ਼ਿਵ ਸੂਦ ਪ੍ਰਧਾਨ ਨਗਰ ਕੌਂਸਲ, ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਅਤੇ ਮੈਂਬਰ ਹਾਜ਼ਰ ਸਨ।

        ਸ੍ਰੀ ਮਾਨ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਕਤੂਬਰ ਮਹੀਨੇ ਵਿੱਚ ਵਿਕਾਸ ਸਪਤਾਹ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਦੇ ਲੋਕਾਂ ਦੀਆਂ ਬਿਜਲੀ ਪਾਣੀ ਤੇ ਸੜਕਾਂ ਤੇ ਹੋਰ ਮੁਢਲੀਆਂ ਸਮੱਸਿਆਵਾਂ ਦਾ ਜਲਦੀ ਹੱਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਗਰੀਬ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ । ਉਨ੍ਹਾਂ ਨੇ ਕਿਹਾ ਕਿ ਜਨ ਸਿਹਤ ਵਿਭਾਗ, ਪੰਜਾਬ ਟਿਊਬਵੈਲ ਕਾਰਪੋਰੇਸ਼ਨ ਅਤੇ ਨਗਰ ਕੌਂਸਲਾਂ ਵੱਲੋਂ ਪੀਣ ਵਾਲੇ ਸਾਫ਼-ਸੁਥਰੇ ਪਾਣੀ, ਸਟਰੀਟ ਲਾਈਟਾਂ ਅਤੇ ਸਿੰਚਾਈ ਦੀ ਵਿਵਸਥਾ ਨੂੰ ਯਕੀਨੀ ਬਣਾਇਆ ਜਾਵੇ।  ਇਸ ਮੀਟਿੰਗ ਵਿੱਚ ਮੈਂਬਰ ਸਾਹਿਬਾਨ ਵੱਲੋਂ ਗੜ੍ਹਸ਼ੰਕਰ ਹਲਕੇ ਅੰਦਰ ਪੰਚਾਇਤ ਸਕੱਤਰਾਂ ਦੀ ਗੈਰ-ਹਾਜ਼ਰੀ ਦਾ ਮਸਲਾ ਉਠਾਇਆ ਗਿਆ।   ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਮਿੰਦਰ ਸਿੰਘ ਨੇ ਕਿਹਾ ਕਿ ਇਸ ਸਬੰਧੀ ਲਿਖਤੀ ਰਿਪੋਰਟ ਕੀਤੀ ਜਾਵੇ ਤਾਂ ਜੋ ਉਨ੍ਹਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਸਕੇ।  ਇਸ ਮੌਕੇ ਤੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਮੈਂਬਰਾਂ ਵੱਲੋਂ ਵਾਟਰ ਸਪਲਾਈ, ਖੁਰਾਕ ਤੇ ਸਿਵਲ ਸਪਲਾਈ, ਜੰਗਲਾਤ ਅਤੇ ਬਲਾਕ ਵਿਕਾਸ ਤੇ ਪੰਚਾਇਤ ਵਿਭਾਗ ਨਾਲ ਸਬੰਧਤ ਵੱਖ-ਵੱਖ ਮਸਲਿਆਂ ਬਾਰੇ ਵਿਚਾਰ ਕੀਤਾ ਗਿਆ। ਸ੍ਰੀ ਮਹਿੰਦਰ ਪਾਲ ਮਾਨ ਨੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਮੈਂਬਰਾਂ ਨੂੰ  ਭਰੋਸਾ ਦੁਆਇਆ ਕਿ ਉਨ੍ਹਾਂ ਦੇ ਸਹਿਯੋਗ ਨਾਲ ਇਨ੍ਹਾਂ ਮਸਲਿਆਂ ਦਾ ਜਲਦੀ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਵੱਖ-ਵੱਖ ਵਿਕਾਸ ਕੰਮਾਂ ਨੂੰ ਉਲੀਕਣ ਲਈ ਉਨ੍ਹਾਂ ਦੇ ਸੁਝਾਅ  ਲਏ ਜਾਣਗੇ।

ਵਿਕਾਸ ਕਾਰਜਾਂ ਦਾ ਜਾਇਜ਼ਾ ਲੈਣ ਸਬੰਧੀ ਮੀਟਿੰਗ

ਹੁਸ਼ਿਆਰਪੁਰ, 23 ਸਤੰਬਰ: ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਅਤੇ ਵੱਖ-ਵੱਖ ਵਿਭਾਗਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲਈ ਇੱਕ ਮੀਟਿੰਗ ਅੱਜ ਇਥੇ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਸ੍ਰੀ ਹਰਮਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸਰਵਸ੍ਰੀ ਵਿਨੇ ਬੁਬਲਾਨੀ ਵਧੀਕ ਡਿਪਟੀ ਕਮਿਸ਼ਨਰ (ਜ), ਰਾਹੁਲ ਚਾਬਾ ਐਸ ਡੀ ਐਮ ਮੁਕੇਰੀਆਂ, ਪੀ ਪੀ ਸਿੰਘ ਐਸ ਡੀ ਐਮ ਦਸੂਹਾ, ਰਣਜੀਤ ਕੌਰ ਐਸ ਡੀ ਐਮ ਗੜ•ਸ਼ੰਕਰ, ਅਵਤਾਰ ਸਿੰਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਮੁਹੰਮਦ ਇਕਬਾਲ ਭੱਟੀ ਸਕੱਤਰ ਜ਼ਿਲ੍ਹਾ ਪ੍ਰੀਸ਼ਦ, ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਅਤੇ ਮੈਂਬਰ ਹਾਜ਼ਰ ਸਨ।
            ਸ੍ਰ: ਹਰਮਿੰਦਰ ਸਿੰਘ ਨੇ ਕਿਹਾ ਕਿ ਟੋਟਲ ਸੈਨੀਟੇਸ਼ਨ ਕੰਪੇਨ ਤਹਿਤ ਜ਼ਿਲ੍ਹੇ ਚਲ ਰਹੇ ਕੰਮਾਂ ਨੂੰ ਜਲਦੀ ਮੁਕੰਮਲ ਕੀਤਾ ਜਾਵੇ ਅਤੇ ਐਸ ਡੀ ਐਮਜ਼ ਪੇਂਡੂ ਖੇਤਰਾਂ ਵਿੱਚ ਪਖਾਨਿਆਂ ਦੀ ਉਸਾਰੀ ਦੇ ਕੰਮਾਂ ਦਾ ਨਿਰੀਖਣ ਕਰਕੇ ਦਫ਼ਤਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਰਿਪੋਰਟ ਭੇਜਣ । ਉਨ੍ਹਾਂ ਕਿਹਾ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਖੁਦ ਟੋਟਲ ਸੈਨੀਟੇਸ਼ਨ ਕੰਪੇਨ ਤਹਿਤ ਚੱਲ ਰਹੇ ਕੰਮਾਂ ਦੀ ਸਮੀਖਿਆ ਕਰ ਰਹੇ ਹਨ।  ਉਨ੍ਹਾਂ ਦੀਆਂ ਹਦਾਇਤਾਂ ਅਨੁਸਾਰ ਪਖਾਨਿਆਂ ਦੀ ਉਸਾਰੀ ਦੇ ਕੰਮਾਂ ਦਾ ਨਿਰੀਖਣ ਨਿੱਜੀ ਤੌਰ ਤੇ ਕੀਤਾ ਜਾਵੇ  ਤਾਂ ਜੋ ਇਸ ਸਬੰਧੀ ਰਿਪੋਰਟ ਪੰਜਾਬ ਸਰਕਾਰ ਨੂੰ ਜਲਦੀ ਭੇਜੀ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਕੀਮ ਤਹਿਤ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਮਿਲੇ 2.77 ਕਰੋੜ ਰੁਪਏ ਦੀ ਰਾਸ਼ੀ ਨਾਲ ਹੋਣ ਵਾਲੇ ਕੰਮਾਂ ਨੂੰ 31 ਅਕਤੂਬਰ 2011 ਤੱਕ ਮੁਕੰਮਲ ਕੀਤਾ ਜਾਵੇ।
            ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਨੈਸ਼ਨਲ ਓਲਡ ਏਜ਼ ਪੈਨਸ਼ਨ ਸਕੀਮ ਤਹਿਤ ਜ਼ਿਲ੍ਹੇ ਦੇ ਲਾਭਪਾਤਰੀਆਂ ਨੂੰ ਤੁਰੰਤ ਪੈਨਸ਼ਨਾਂ ਵੰਡੀਆਂ ਜਾਣ ਅਤੇ ਨੈਸ਼ਨਲ ਫੈਮਲੀ ਬੈਨਫਿਟ ਸਕੀਮ ਅਤੇ ਇੰਦਰਾ ਆਵਾਸ ਯੋਜਨਾ ਦੇ ਲਾਭ ਸਬੰਧਤ ਲੋਕਾਂ ਤੱਕ ਪਹੁੰਚਾਏ ਜਾਣ। ਉਨ੍ਹਾਂ ਨੇ ਅੱਗੇ ਕਿਹਾ ਕਿ ਮਹਾਤਮਾ ਗਾਂਧੀ ਨਹਿਰੂ ਰੋਜ਼ਗਾਰ ਗਰੰਟੀ ਸਕੀਮ ਤਹਿਤ ਹੁਸ਼ਿਆਰਪੁਰ ਜ਼ਿਲ੍ਹੇ ਨੂੰ 10.50 ਕਰੋੜ ਰੁਪਏ ਦੀ ਰਾਸ਼ੀ ਪ੍ਰਾਪਤ ਹੋਈ ਹੈ।  ਉਨ੍ਹਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੁੰ ਕਿਹਾ ਕਿ ਇਸ ਸਕੀਮ ਤਹਿਤ ਵਿਕਾਸ ਯੋਜਨਾਵਾਂ ਬਣਾ ਕੇ ਅੱਜ ਹੀ ਭੇਜੀਆਂ ਜਾਣ ਤਾਂ ਜੋ ਪੈਸਾ ਜਾਰੀ ਕੀਤਾ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਸਕੀਮ ਤਹਿਤ  ਜ਼ਿਲ੍ਹੇ ਅੰਦਰ ਵੱਖ-ਵੱਖ ਵਿਕਾਸ ਕੰਮ ਪੂਰੀ ਇਮਾਨਦਾਰੀ ਨਾਲ ਕੀਤੇ ਜਾਣ।  ਉਨ੍ਹਾਂ ਨੇ ਅਧਿਕਾਰੀਆਂ ਨੂੰ ਕਿਹਾ ਕਿ ਜ਼ਿਲ੍ਹੇ ਦੀ ਪੱਥਰੀਲੀ ਜਮੀਨ ਉਪਰ ਗਲਗਲ, ਆਂਵਲਾ, ਅੰਬ ਤੇ ਐਲੋਵੀਰਾ ਦੇ ਪੌਦੇ ਲਗਾਉਣ ਲਈ ਯੋਜਨਾਵਾਂ ਭੇਜੀਆਂ ਜਾਣ ਤਾਂ ਜੋ ਜ਼ਿਲ੍ਹੇ ਦੇ ਨੀਮ ਪਹਾੜੀ ਖੇਤਰਾਂ ਵਿੱਚ ਰੋਜ਼ਗਾਰ ਦੇ ਵਧੇਰੇ ਮੌਕੇ ਪੈਦਾ ਕੀਤੇ ਜਾ ਸਕਣ। ਉਨ੍ਹਾਂ ਨੇ ਅਧਿਕਾਰੀਆਂ ਨੁੰ ਕਿਹਾ ਕਿ ਜ਼ਿਲ੍ਹੇ ਅੰਦਰ ਕੋਈ ਇੱਕ ਪਿੰਡ ਅਡਾਪਟ ਕੀਤਾ ਜਾਵੇ ਜਿਸ ਦਾ ਸੰਪੂਰਨ ਵਿਕਾਸ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਨਰੇਗਾ ਦਾ ਪੈਸਾ ਨਾ ਖਰਚਣ ਵਾਲੇ ਜ਼ਿਲ੍ਹਾ ਅਧਿਕਾਰੀਆਂ ਨੂੰ ਡਿਫਾਲਟਰ ਘੋਸ਼ਿਤ ਕੀਤਾ ਜਾਵੇਗਾ ਅਤੇ ਉਨ੍ਹਾਂ ਕੋਲੋਂ ਪੈਸੇ ਵਾਪਸ ਲੈ ਕੇ ਕਿਸੇ ਹੋਰ ਵਿਭਾਗ ਨੂੰ ਦਿੱਤੇ ਜਾਣਗੇ।  ਉਨ੍ਹਾਂ ਕਿਹਾ ਕਿ ਨਿਰਮਲ ਗਰਾਮ ਸਕੀਮ ਤਹਿਤ ਪੇਂਡੂ ਖੇਤਰ ਦੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।  ਉਨ੍ਹਾਂ ਕਿਹਾ ਕਿ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਸਬੰਧਤ ਲੋਕਾਂ ਤੱਕ ਪਹੁੰਚਾਇਆ ਜਾਵੇ। ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਵੱਖ-ਵੱਖ ਵਿਭਾਗਾਂ ਦੀ ਕਾਰਗੁਜਾਰੀ ਅਤੇ ਪ੍ਰਗਤੀ ਦਾ ਜਾਇਜ਼ਾ ਲਿਆ।

ਧਾਰਾ 144 ਤਹਿਤ ਪਾਬੰਦੀ ਦੇ ਹੁਕਮ ਜਾਰੀ

ਹੁਸ਼ਿਆਰਪੁਰ, 22 ਸਤੰਬਰ:  ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਸ੍ਰ: ਦੀਪਇੰਦਰ ਸਿੰਘ ਨੇ  ਆਵਾਜ਼ੀ ਪ੍ਰਦੂਸ਼ਣ ਸਬੰਧੀ ਮਾਨਯੋਗ ਸੁਪਰੀਮ ਕੋਰਟ ਦੇ  ਫੈਸਲੇ ਦੀ ਪਾਲਣਾ ਕਰਦਿਆਂ ਫੌਜਦਾਰੀ ਜਾਬਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਹੁਸ਼ਿਆਰਪੁਰ ਦੀ ਹਦੂਦ ਅੰਦਰ ਆਵਾਜੀ ਪ੍ਰਦੂਸ਼ਣ ਪੈਦਾ ਕਰਨ ਵਾਲੇ ਸਾਧਨਾਂ, ਜ਼ਿਆਦਾ ਸ਼ੋਰ ਕਰਨ ਵਾਲੇ ਯੰਤਰਾਂ, ਸੰਗੀਤਕ ਯੰਤਰਾਂ, ਢੋਲ-ਡਰੱਮ ਆਦਿ ਵਜਾਉਣ ਅਤੇ ਧਮਕ ਪੈਦਾ ਕਰਨ ਵਾਲੇ ਕਿਸੇ ਵੀ ਤਰਾਂ ਦੇ ਪਟਾਕਿਆਂ ਅਤੇ ਆਤਿਸ਼ਬਾਜੀ ਚਲਾਉਣ ਤੇ ਪੂਰਨ ਪਾਬੰਦੀ ਲਗਾਈ ਜਾਂਦੀ ਹੈ। ਇਹ ਪਾਬੰਦੀ ਕੇਵਲ ਰੰਗ ਪੈਦਾ ਕਰਨ ਵਾਲੇ ਪਟਾਕਿਆਂ ਅਤੇ ਫੁਲਝੜੀਆਂ ਤੇ ਲਾਗੂ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਗੱਡੀਆਂ ਆਦਿ ਵਿੱਚ ਕਿਸੇ ਵੀ ਤਰਾਂ ਦੇ ਪ੍ਰੈਸ਼ਰ ਹਾਰਨ, ਵੱਖ-ਵੱਖ ਸੰਗੀਤ ਵਾਲੇ ਅਤੇ ਕਿਸੇ ਤਰਾਂ ਦਾ ਆਵਾਜ਼ੀ ਪ੍ਰਦੂਸ਼ਣ, ਸ਼ੋਰ, ਧਮਕ, ਜ਼ਿਆਦਾ ਆਵਾਜ਼ ਪੈਦਾ ਕਰਨ ਵਾਲੇ ਹਾਰਨ ਨੂੰ ਵਜਾਉਣ ਤੇ ਪੂਰਨ ਪਾਬੰਦੀ ਹੋਵੇਗੀ। ਸਿਰਫ ਸਰਕਾਰ ਵੱਲੋਂ ਨਿਰਧਾਰਤ ਕੀਤੇ ਗਏ ਹਾਰਨ ਜੋ ਆਵਾਜ਼ੀ ਪ੍ਰਦੂਸ਼ਣ ਤੋਂ ਰਹਿਤ ਹੋਣ ਹੀ ਨਿਰਧਾਰਤ ਆਵਾਜ਼ ਵਿੱਚ ਵਜਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਗੈਰ ਸਰਕਾਰੀ ਇਮਾਰਤਾਂ, ਵਪਾਰਕ ਦੁਕਾਨਾਂ, ਜਨਤਕ ਥਾਵਾਂ, ਸਿਨੇਮਿਆਂ, ਮਾਲਜ਼, ਹੋਟਲ ਰੈਸਟੋਰੈਂਟ ਅਤੇ ਮੇਲਿਆਂ ਆਦਿ ਵਿੱਚ ਉਚੀ ਆਵਾਜ਼ ਤੇ ਧਮਕ ਪੈਦਾ ਕਰਨ ਵਾਲੇ ਮਿਊਜ਼ਿਕ ਅਤੇ ਅਸ਼ਲੀਲ ਗੀਤ ਚਲਾਏ ਜਾਣ ਤੇ  ਪਾਬੰਦੀ ਹੋਵੇਗੀ। ਉਨ੍ਹਾਂ ਕਿਹਾ ਕਿ ਖਾਸ ਹਾਲਤਾਂ ਅਤੇ ਮੌਕਿਆਂ ਸਮੇਂ ਪ੍ਰਬੰਧਕ ਧਾਰਮਿਕ ਸਥਾਨਾਂ, ਪੰਡਾਲਾਂ ਵਿੱਚ ਲਾਊਡ ਸਪੀਕਰ ਅਤੇ ਅਧਿਕਾਰਤ ਮੈਰਿਜ ਪੈਲਸਾਂ ਵਿੱਚ ਡੀ ਜੇ ਆਰਕੈਸਟਰਾ ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਪੰਜਾਬ ਇੰਸਟਰੂਮੈਂਟ ਐਕਟ (ਕੰਡਟਰੋਲ ਆਫ਼ ਨੋਆਇੰਸ) 1956 ਵਿੱਚ ਦਰਜ਼ ਸ਼ਰਤਾਂ ਸਹਿਤ ਲਿਖਤੀ ਪ੍ਰਵਾਨਗੀ ਤੋਂ ਬਿਨਾਂ ਨਹੀਂ ਚਲਾਉਣਗੇ। ਉਨ੍ਹਾਂ ਕਿਹਾ ਕਿ ਸਬੰਧਤ ਉਪ ਮੰਡਲ ਮੈਜਿਸਟਰੇਟ ਪਾਸੋਂ ਲੋੜੀਂਦੀ ਪ੍ਰਵਾਨਗੀ ਲੈਣ ਦੇ ਬਾਵਜੂਦ ਵੀ ਮਾਨਯੋਗ ਸੁਪਰੀਮ ਕੋਰਟ ਆਫ਼ ਇੰਡੀਆ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਿਸੇ  ਵੱਲੋਂ ਵੀ ਕਿਸੇ ਵੀ ਥਾਂ ਤੇ ਚਲਾਏ ਜਾ ਰਹੇ ਲਾਉਂਡ ਸਪੀਕਰਾਂ, ਡੀ ਜੇ, ਸੰਗੀਤਕ ਯੰਤਰ, ਐਡਰੈਸ ਸਿਸਟਮ ਆਦਿ ਦੀ ਆਵਾਜੀ ਸੀਮਾ ਸਬੰਧਤ ਜਗ੍ਹਾ ਦੇ ਆਵਾਜ਼ੀ ਸਟੈਂਡਰਡ ਸੀਮਾ ਤੋਂ 10 ਡੀ ਬੀ ਏ ਜਾਂ 75 ਡੀ ਬੀ ਏ (ਦੋਨਾਂ ਵਿੱਚੋਂ ਜਿਹੜਾ ਘੱਟ ਹੋਵੇ ) ਤੋਂ ਵੱਧ ਨਹੀਂ ਹੋਵੇਗੀ। ਉਨ੍ਹਾਂ ਆਪਣੇ ਹੁਕਮਾਂ ਵਿੱਚ ਕਿਹਾ ਕਿ ਸਾਈਲੈਂਸ ਜ਼ੋਨ ਵਿੱਚ ਪੈਂਦੇ ਮੰਤਰਾਲਾ, ਇਨਵਾਇਰਮੈਂਟ, ਜੰਗਲਾਤ ਹਸਪਤਾਲਾਂ, ਵਿਦਿਅਕ ਸੰਸਥਾਵਾਂ, ਅਦਾਲਤਾਂ, ਧਾਰਮਿਕ ਸੰਸਥਾਵਾਂ ਜਾਂ ਕੋਈ ਏਰੀਆ ਜੋ ਸਮਰੱਥ ਅਧਿਕਾਰੀ ਵੱਲੋਂ ਸਾਇਲੈਂਸ ਜੋਨ ਐਲਾਨਿਆ ਗਿਆ ਹੋਵੇ, ਉਸ ਦੇ 100 ਮੀਟਰ ਦੇ ਘੇਰੇ ਵਿੱਚ ਆਤਿਸ਼ਬਾਜੀ ਪਟਾਕਿਆਂ ਲਾਉਡ ਸਪੀਕਰਾਂ, ਪ੍ਰੈਸ਼ਰ ਹਾਰਨ ਅਤੇ ਸ਼ੋਰ ਪੈਦਾ ਕਰਨ ਵਾਲੇ ਯੰਤਰਾਂ ਦੇ ਚਲਾਉਣ / ਲਗਾਉਣ ਤੇ ਪੂਰਨ ਪਾਬੰਦੀ ਹੋਵੇਗੀ। ਇਹ ਹੁਕਮ ਸਰਕਾਰੀ ਮਸ਼ੀਨਰੀ ਅਤੇ ਐਮਰਜੈਂਸੀ ਦੀ ਸਥਿਤੀ ਵਿੱਚ ਲਾਗੂ ਨਹੀਂ ਹੋਵੇਗਾ।
        ਇਹ ਹੁਕਮ 5 ਨਵੰਬਰ, 2011 ਤੱਕ ਲਾਗੂ ਰਹੇਗਾ।

ਜਲ ਸਪਲਾਈ ਤੇ ਸੀਵਰੇਜ ਕੰਮਾਂ ਨੂੰ ਮੁਕੰਮਲ ਕੀਤਾ ਜਾਵੇ : ਡੀ. ਸੀ.

ਹੁਸ਼ਿਆਰਪੁਰ, 22 ਸਤੰਬਰ:  ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਪੈਂਦੀਆਂ ਨਗਰ ਕੌਂਸਲਾਂ ਵਿੱਚ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਹੁਣ ਤੱਕ ਹੋਏ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਇੱਕ ਵਿਸ਼ੇਸ਼ ਮੀਟਿੰਗ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਮਹਿੰਦਰ ਪਾਲ ਮਾਨ ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ, ਸਤਨਾਮ ਸਿੰਘ ਐਕਸੀਅਨ ਵਾਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਹੁਸ਼ਿਆਰਪੁਰ, ਆਰ ਐਸ ਬੈਂਸ ਐਕਸੀਅਨ ਲੋਕ ਨਿਰਮਾਣ ਵਿਭਾਗ, ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਅਧਿਕਾਰੀ ਅਤੇ ਨਗਰ ਕੌਂਸਲਾਂ ਦੇ ਕਾਰਜਸਾਧਕ ਅਫ਼ਸਰ ਹਾਜ਼ਰ ਸਨ।
        ਸ੍ਰ: ਦੀਪਇੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਅੰਦਰ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਕੰਮਾਂ ਨੂੰ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਨਗਰ ਕੌਂਸਲਾਂ ਨੂੰ ਵਾਟਰ ਸਪਲਾਈ ਅਤੇ ਸੀਵਰੇਜ਼ ਦੇ ਕੰਮਾਂ ਵਿੱਚ ਆਪਣਾ ਬਣਦਾ ਹਿੱਸਾ ਪਾਉਣ ਲਈ ਸਾਧਨ ਜੁਟਾਏ ਜਾਣ।  ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਪੈਂਦੇ ਸ਼ਹਿਰਾਂ, ਕਸਬਿਆਂ ਵਿੱਚ ਵਾਟਰ ਸਪਲਾਈ ਅਤੇ ਸੀਵਰੇਜ਼ ਦੀ ਵਿਵਸਥਾ ਨੂੰ ਦਰੁਸਤ ਰੱਖਿਆ ਜਾਵੇ ਅਤੇ ਇਨ੍ਹਾਂ ਕੰਮਾਂ ਲਈ ਹੋ ਰਹੀ ਪੁਟਾਈ ਨੂੰ ਠੀਕ ਕੀਤਾ ਜਾਵੇ। ਉਨ੍ਹਾਂ ਨੇ ਜ਼ਿਲ੍ਹੇ ਦੇ ਸ਼ਹਿਰਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ ਲਈ ਆਪਣਾ ਪੂਰਨ ਸਹਿਯੋਗ ਦੇਣ।
        ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਕਚਹਿਰੀ ਅੰਦਰ ਖੜੇ ਹੁੰਦੇ ਮੀਂਹ ਦੇ ਪਾਣੀ ਦਾ ਗੰਭੀਰ ਨੋਟਿਸ ਲੈਂਦਿਆਂ ਨਗਰ ਕੌਂਸਲ ਹੁਸ਼ਿਆਰਪੁਰ ਅਤੇ ਪਬਲਿਕ ਹੈਲਥ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਮੱਸਿਆ ਦਾ ਫੌਰੀ ਤੌਰ ਤੇ ਹੱਲ ਕੀਤਾ ਜਾਵੇ। ਉਨ੍ਹਾ ਕਿਹਾ ਕਿ ਸ਼ਹਿਰ ਅੰਦਰ ਸੀਵਰੇਜ਼ ਦੀ ਸਾਫ਼-ਸਫ਼ਾਈ ਕੀਤੀ ਜਾਵੇ ਤਾਂ ਜੋ ਗੰਦੇ ਪਾਣੀ ਦੇ ਨਿਕਾਸ ਵਿੱਚ ਰੁਕਾਵਟ ਪੈਦਾ ਨਾ ਹੋ ਸਕੇ।
           ਇਸ ਮੌਕੇ ਤੇ ਡਿਪਟੀ ਕਮਿਸ਼ਨਰ ਨੇ ਲੋਕ ਨਿਰਮਾਣ ਵਿਭਾਗ ਅਤੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨਾਲ ਜ਼ਿਲ੍ਹੇ ਦੇ ਵੱਖ-ਵੱਖ ਵਿਧਾਨ ਸਭਾ ਖੇਤਰਾਂ ਵਿੱਚ ਪੈਂਦੀਆਂ ਸੜਕਾਂ ਦੀ ਮੁਰੰਮਤ ਸਬੰਧੀ ਇੱਕ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਬਰਸਾਤਾਂ ਕਾਰਨ ਸ਼ਹਿਰਾਂ ਅਤੇ ਪੇਂਡੂ ਖੇਤਰਾਂ ਦੀਆਂ ਖਰਾਬ ਹੋਈਆਂ ਸੜਕਾਂ ਦੀ ਤੁਰੰਤ ਮੁਰੰਮਤ ਕੀਤੀ ਜਾਵੇ।  ਉਨ੍ਹਾਂ ਕਿਹਾ ਕਿ ਉਹ ਵਾਟਰ ਸਪਲਾਈ ਅਤੇ ਸੈਨੀਟੇਸ਼ਨ  ਅਤੇ ਸੜਕਾਂ ਦੀ ਮੁਰੰਮਤ ਦੇ ਮਸਲਿਆਂ ਨੂੰ ਹੱਲ ਕਰਨ ਲਈ 23 ਸਤੰਬਰ 2011 ਨੂੰ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕਰਨਗੇ।

ਨਿਸ਼ਕਾਮ ਸੇਵਾ ਦੇ ਪੁੰਜ ਹਨ ਭਾਈ ਘਨੱਈਆ ਜੀ: ਏ. ਡੀ. ਸੀ.


ਹੁਸ਼ਿਆਰਪੁਰ, 20 ਸਤੰਬਰ:  ਅਮਨ-ਸ਼ਾਂਤੀ ਅਤੇ ਨਿਸ਼ਕਾਮ ਸੇਵਾ ਦੇ ਪੁੰਜ ਭਾਈ ਘਨੱਈਆ ਜੀ ਦੀ ਬਰਸੀ ਦੇ ਮੌਕੇ ਤੇ ਭਾਈ ਘਨੱਈਆ ਜੀ ਟਰੱਸਟ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵੱਲੋਂ ਸਿਵਲ ਹਸਪਤਾਲ ਵਿਖੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ। ਇਸ ਵਿੱਚ ਸਰਕਾਰੀ ਕਾਲਜ ਹੁਸ਼ਿਆਰਪੁਰ, ਡੀ ਏ ਵੀ ਕਾਲਜ ਹੁਸ਼ਿਆਰਪੁਰ, ਪੌਲੀਟੈਕਨਿਕ ਅਤੇ ਆਈ ਟੀ ਆਈ ਦੇ ਨੌਜਵਾਨ ਸਿਖਿਆਰਥੀਆਂ ਨੇ ਵੱਡੀ ਗਿਣਤੀ ਵਿੱਚ ਖੂਨਦਾਨ ਕੀਤਾ।  ਅੱਜ ਦੇ ਖੂਨਦਾਨ ਕੈਂਪ ਦਾ ਉਦਘਾਟਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਮਿੰਦਰ ਸਿੰਘ ਨੇ ਕੀਤਾ।  ਇਸ ਮੌਕੇ ਤੇ ਉਨ੍ਹਾਂ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਸਨਮਾਨਿਤ ਵੀ ਕੀਤਾ। ਇਸ ਤੋਂ ਉਪਰੰਤ ਜ਼ਿਲ੍ਹਾ ਪ੍ਰੀਸ਼ਦ ਹਾਲ ਹੁਸ਼ਿਆਰਪੁਰ ਵਿਖੇ ਇਸ ਸਬੰਧ ਵਿੱਚ ਡਰੱਗ- ਡੀ-ਅਡਿਕਸ਼ਨ ਸਬੰਧੀ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ।  ਜਿਸ ਵਿੱਚ ਲਾਇਨਜ ਕਲੱਬ ਹੁਸ਼ਿਆਰਪੁਰ, ਸਿਵਲ ਹਸਪਤਾਲ ਦੇ ਮਾਹਿਰ ਡਾਕਟਰਾਂ, ਭਾਈ ਘਨੱਈਆ ਜੀ ਬਲੱਡ ਬੈਂਕ, ਨੇਤਰਦਾਨ ਸੁਸਾਇਟੀ, ਹਸਪਤਾਲ ਭਲਾਈ ਸੈਕਸ਼ਨ  ਅਤੇ ਰੈਡ ਕਰਾਸ ਦੀਆਂ ਅਲੱਗ-ਅਲੱਗ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ।
        ਇਸ ਮੌਕੇ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਹਰਮਿੰਦਰ ਸਿੰਘ ਨੇ  ਬੋਲਦਿਆਂ ਕਿਹਾ ਕਿ ਸੰਸਾਰ ਭਰ ਵਿੱਚ ਮਾਨਵ ਕਲਿਆਣ ਅਤੇ ਨਿਸ਼ਕਾਮ ਮਾਨਵ ਸੇਵਾ ਦੀਆਂ ਵਿਲੱਖਣ ਮਿਸਾਲਾਂ ਕਾਇਮ ਕਰਕੇ ਆਪਣੇ ਨਾਵਾਂ ਨੂੰ ਰੌਸ਼ਨ ਕਰਨ ਵਾਲੇ ਵਿਅਕਤੀਆਂ ਵਿੱਚੋਂ ਭਾਈ ਘਨੱਈਆ ਜੀ ਦਾ ਨਾਂ ਸ਼੍ਰੋਮਣੀ ਅਤੇ ਅਦੁੱਤੀ ਸਥਾਨ ਰੱਖਦਾ ਹੈ।  ਉਨ੍ਹਾਂ ਕਿਹਾ ਕਿ ਭਾਈ ਘਨੱਈਆ ਜੀ ਤੋਂ 150 ਸਾਲ ਬਾਅਦ ਇੰਟਰ-ਨੈਸ਼ਨਲ ਰੈਡ ਕਰਾਸ ਹੋਂਦ ਵਿੱਚ ਆਈ ਅਤੇ 1864 ਵਿੱਚ ਇਸ ਦੀ ਸਥਾਪਨਾ ਕੀਤੀ ਗਈ। ਇਹ ਸੰਸਥਾ ਗਰੀਬ ਲੋਕਾਂ ਦੀ ਭਲਾਈ ਅਤੇ ਲੋੜਵੰਦ ਲੋਕਾਂ ਦੀਆਂ ਮਦਦ ਕਰ ਰਹੀ ਹੈ।  ਉਨ੍ਹਾਂ ਕਿਹਾ ਕਿ ਇਸ ਰੈਡ ਕਰਾਸ ਸੁਸਾਇਟੀ ਨੂੰ ਚਲਾਉਣਾ ਹੀ ਉਨ੍ਹਾਂ ਨੂੰ ਇੱਕ ਸਹੀ ਸ਼ਰਧਾਂਜ਼ਲੀ ਹੋਵੇਗੀ।
        ਇਸ ਮੌਕੇ ਤੇ ਡਾ. ਅਜੇ ਬੱਗਾ, ਪ੍ਰੋ: ਬਹਾਦਰ ਸਿੰਘ, ਇੰਦੂ ਚੰਦੇਲ, ਪ੍ਰਿੰਸੀਪਲ (ਰੀਟਾ:) ਦੇਸ਼ਵੀਰ ਸ਼ਰਮਾ, ਸ੍ਰ: ਕੁਲਦੀਪ ਸਿੰਘ ਪ੍ਰਧਾਨ ਨੇਤਰਦਾਨ ਐਸੋਸੀਏਸ਼ਨ ਅਤੇ ਹੋਰ ਵੱਖ-ਵੱਖ ਬੁਲਾਰਿਆਂ ਨੇ ਨਸ਼ਿਆਂ ਦੀ ਰੋਕਥਾਮ ਲਈ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਲਈ ਪ੍ਰੇਰਿਤ ਕੀਤਾ।  ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਰੈਡ ਕਰਾਸ ਦੀ ਸਹਾਇਤਾ ਅਤੇ ਜ਼ਰੂਰਤਮੰਦ ਲੋਕਾਂ ਦੀ ਸਹਾਇਤਾ ਕਰਨ ਵਿੱਚ ਆਪਣਾ ਯੋਗਦਾਨ ਪਾਉਣ।  ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਪ੍ਰਧਾਨ ਲਾਇਨਜ਼ ਕਲੱਬ, ਹਸਪਤਾਲ ਭਲਾਈ ਸੈਕਸ਼ਨ, ਰੈਡ ਕਰਾਸ ਦੇ ਮੈਂਬਰ, ਰਾਜੀਵ ਬਜਾਜ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
        ਸਕੱਤਰ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ  ਕਰਨਲ ਤਜਿੰਦਰ ਸਿੰਘ ਨੇ ਅੱਜ ਦੇ  ਸੈਮੀਨਾਰ ਵਿੱਚ ਆਏ ਮੁੱਖ ਮਹਿਮਾਨ ਅਤੇ ਹੋਰ ਪਤਵੰਤਿਆਂ ਦਾ ਧੰਨਵਾਦ ਕੀਤਾ।

ਜਲਸੇ ਤੇ ਰੈਲੀ ਆਦਿ ਮੌਕੇ ਆਵਾਜ਼ ਪ੍ਰਦੂਸ਼ਨ ਤੇ ਪਾਬੰਦੀ

ਹੁਸ਼ਿਆਰਪੁਰ, 20 ਸਤੰਬਰ: ਸ੍ਰ: ਦੀਪਇੰਦਰ ਸਿੰਘ ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਨੇ ਧਾਰਾ 144 ਤਹਿਤ ਇਹ ਪਾਬੰਦੀ ਲਗਾ ਦਿੱਤੀ ਹੈ ਕਿ ਕੋਈ ਵੀ ਵਿਅਕਤੀ ਜਾਂ ਕੋਈ ਵੀ ਸਿਆਸੀ ਪਾਰਟੀ ਜਲਸਾ ਜਾਂ ਜਲੂਸ ਅਤੇ ਰੈਲੀ ਦੌਰਾਨ ਸਬੰਧਤ ਉਪ ਮੰਡਲ ਮੈਜਿਸਟਰੇਟ ਦੀ ਲਿਖਤੀ ਮਨਜ਼ੂਰੀ ਤੋਂ ਬਿਨਾਂ ਕਿਸੇ ਵੀ ਅਜਿਹੇ ਯੰਤਰ ਜਾਂ ਆਵਾਜ਼ੀ ਪ੍ਰਦੂਸ਼ਣ ਪੈਦਾ ਕਰਨ ਵਾਲੀ ਸਮੱਗਰੀ ਦੀ ਵਰਤੋਂ ਦਿਨ ਜਾਂ ਰਾਤ ਵੇਲੇ ਨਹੀਂ ਕਰੇਗਾ ਜਿਸ ਦੀ ਆਵਾਜ਼ ਉਸ ਦੀ ਹਦੂਦ ਤੋਂ ਬਾਹਰ ਸੁਣਦੀ ਹੋਵੇ।
        ਇਹ ਹੁਕਮ 10 ਨਵੰਬਰ 2011 ਤੱਕ ਲਾਗੂ ਰਹੇਗਾ।

ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਾਉਣ ਤੇ ਪਾਬੰਦੀ

ਹੁਸ਼ਿਆਰਪੁਰ, 20 ਸਤੰਬਰ: ਸ੍ਰ: ਦੀਪਇੰਦਰ ਸਿੰਘ ਜ਼ਿਲਾ  ਮੈਜਿਸਟਰੇਟ  ਹੁਸ਼ਿਆਰਪੁਰ ਵਲੋਂ  ਧਾਰਾ 144 ਅਧੀਨ  ਫਸਲਾਂ  ਦੀ  ਰਹਿੰਦ-ਖੂੰਦ ਨੂੰ ਅੱਗ ਲਗਾਉਣ ਅਤੇ 18-ਅਮੂਨੀਸ਼ਨ  ਡਿਪੂ ਉਚੀ  ਬੱਸੀ, ਤਹਿਸੀਲ: ਦਸੂਹਾ,ਜ਼ਿਲਾ ਹੁਸਿਆਰਪੁਰ ਦੀ  ਬਾਹਰਲੀ ਚਾਰ-ਦੀਵਾਰੀ ਦੇ 1000  ਗਜ਼  ਦੇ  ਘੇਰੇ  ਅੰਦਰ  ਆਮ  ਲੋਕਾਂ  ਵਲੋਂ ਕਿਸੇ  ਵੀ ਤਰਾਂ ਦੀ ਉਸਾਰੀ (ਸਿਵਾਏ  ਸਰਕਾਰੀ  ਉਸਾਰੀ )  ਕਰਨ  ਤੇ  ਪੂਰਨ ਤੌਰ ਤੇ ਪਾਬੰਦੀ  ਲਗਾ  ਦਿਤੀ ਗਈ ਹੈ।
        ਇਹ  ਹੁਕਮ  5 ਨਵੰਬਰ 2011  ਤਕ  ਲਾਗੂ  ਰਹੇਗਾ।

ਕੇਂਦਰੀ ਵਿਦਿਆਲੇ ਦੀ ਤਿਮਾਹੀ ਮੀਟਿੰਗ ਹੋਈ

ਹੁਸ਼ਿਆਰਪੁਰ, 20 ਸਤੰਬਰ: ਕੇਂਦਰੀ ਵਿਦਿਆਲਿਆ ਮੈਨੇਜਮੈਂਟ ਕਮੇਟੀ ਦੀ ਤਿਮਾਹੀ ਮੀਟਿੰਗ ਅੱਜ ਇਥੇ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਕੇਂਦਰੀ ਵਿਦਿਆਲਿਆ ਮੈਨੇਜਮੈਂਟ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸਰਵਸ੍ਰੀ ਅਵਤਾਰ ਸਿੰਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਇੰਦਰਜੀਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸ),  ਰਵਿੰਦਰ ਕੁਮਾਰ ਪ੍ਰਿੰਸੀਪਲ ਕੇਂਦਰੀ ਵਿਦਿਆਲਿਆ ਪਿੰਡ ਗੱਜਾਂ (ਭੂੰਗਾ), ਮੋਹਣ ਸਿੰਘ ਪ੍ਰਿੰਸੀਪਲ ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾ, ਸ੍ਰੀਮਤੀ ਬਲਵਿੰਦਰ ਕੌਰ, ਕਿਰਨ ਸੈਣੀ, ਹਰਜੀਤ ਸਿੰਘ ਜ਼ਿਲ੍ਹਾ ਭਲਾਈ ਅਫ਼ਸਰ ਅਤੇ ਮੈਡਮ ਮਨੀਸ਼ਾ  ਹਾਜ਼ਰ ਸਨ।
        ਸ੍ਰ: ਦੀਪਇੰਦਰ ਸਿੰਘ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਸ਼ਿਆਰਪੁਰ ਜ਼ਿਲ੍ਹੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਥੇ ਕੇਂਦਰੀ ਵਿਦਿਆਲਿਆ ਸੰਗਠਨ ਵੱਲੋਂ ਇਸ ਸੈਸ਼ਨ  ਤੋਂ ਕੇਂਦਰੀ ਵਿਦਿਆਲਿਆ ਸਥਾਪਿਤ ਕੀਤਾ ਗਿਆ ਹੈ।  ਉਨ੍ਹਾਂ ਕਿਹਾ ਕਿ ਇਸ ਕੇਂਦਰੀ ਵਿਦਿਆਲਿਆ ਵਿੱਚ ਭਾਰਤ ਸਰਕਾਰ ਦੇ ਮੁਲਾਜ਼ਮਾਂ ਦੇ ਬੱਚਿਆਂ, ਨਾ ਬਦਲੀ ਯੋਗ ਮੁਲਾਜ਼ਮਾਂ ਦੇ ਬੱਚਿਆਂ ਅਤੇ ਸੂਬਾ ਸਰਕਾਰ ਦੇ ਮੁਲਾਜ਼ਮਾਂ ਦੇ ਬੱਚਿਆਂ ਅਤੇ ਸਥਾਨਕ ਇਲਾਕੇ ਦੇ ਲੋਕਾਂ ਦੇ ਬੱਚਿਆਂ ਨੂੰ ਆਦਰਸ਼ ਅਤੇ ਮਿਆਰੀ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੇਂਡੂ ਤੇ ਪੰਚਾਇਤ ਵਿਭਾਗ ਵੱਲੋਂ ਕੇਂਦਰੀ ਵਿਦਿਆਲਿਆ ਦੀ ਸਥਾਪਨਾ ਲਈ ਜ਼ਿਲ੍ਹੇ ਅੰਦਰ ਪੈਂਦੇ ਬਲਾਕ ਭੂੰਗਾ ਦੇ ਪਿੰਡ ਗੱਜਾਂ ਵਿਖੇ 12 ਏਕੜ ਜਮੀਨ ਦਿੱਤੀ ਗਈ ਹੈ।  ਜਿਸ ਨੂੰ ਕੇਂਦਰੀ ਵਿਦਿਆਲਿਆ ਸੰਗਠਨ ਦੇ ਨਾਂ ਤਬਦੀਲ ਕਰ ਦਿੱਤਾ ਗਿਆ ਅਤੇ ਕੇਂਦਰੀ ਵਿਦਿਆਲਿਆ ਸੰਗਠਨ ਵੱਲੋਂ ਜਲਦੀ ਹੀ ਇਮਾਰਤ ਬਣਾਈ ਜਾਵੇਗੀ। ਉਨ੍ਹਾਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਨੂੰ ਕਿਹਾ ਕਿ ਕੇਂਦਰੀ ਵਿਦਿਆਲਿਆ ਵਿੱਚ ਲੜਕੇ ਤੇ ਲੜਕੀਆਂ ਲਈ ਬਾਥਰੂਮ ਬਣਾਏ ਜਾਣ ਅਤੇ ਕੇਂਦਰੀ ਵਿਦਿਆਲਿਆ ਅੰਦਰ ਪੜਦੇ ਬੱਚਿਆਂ ਨੂੰ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਵਿਦਿਆਲਿਆ ਲਈ ਕੰਪਿਊਟਰ ਅਤੇ ਹੋਰ ਸਾਜੋ ਸਮਾਨ ਦੀ ਤੁਰੰਤ ਖਰੀਦ ਕੀਤੀ ਜਾਵੇ ਅਤੇ ਵਿਦਿਆਲਿਆ ਅੰਦਰ ਪੱਖੇ, ਲਾਈਟਾਂ ਅਤੇ ਹੋਰ ਲੋੜੀਂਦਾ ਸਾਜੋ ਸਮਾਨ ਲਈ ਸੂਚੀ ਤਿਆਰ ਕੀਤੀ ਜਾਵੇ।  ਉਨ੍ਹਾਂ ਕਿਹਾ ਕਿ ਅਗਲੀ ਤਿਮਾਹੀ ਮੀਟਿੰਗ ਨਵੰਬਰ ਵਿੱਚ ਕੇਂਦਰੀ ਵਿਦਿਆਲਿਆ ਗੱਜਾਂ (ਭੂੰਗਾ) ਵਿਖੇ ਕੀਤੀ ਜਾਵੇਗੀ।

ਟ੍ਰੈਫਿਕ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਏ : ਡੀ. ਸੀ.

ਹੁਸ਼ਿਆਰਪੁਰ, 20 ਸਤੰਬਰ: ਹੁਸ਼ਿਆਰਪੁਰ ਜ਼ਿਲ੍ਹੇ ਅੰਦਰ ਟਰੈਫਿਕ ਵਿਵਸਥਾ ਦੇ ਸੁਧਾਰ ਲਈ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਇੱਕ ਵਿਸ਼ੇਸ਼ ਮੀਟਿੰਗ ਅੱਜ ਇਥੇ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿਖੇ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਸਰਵਸ੍ਰੀ ਪੀ ਐਸ ਗਿੱਲ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ, ਅਵਤਾਰ ਸਿੰਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਇੰਦਰਜੀਤ ਜ਼ਿਲ੍ਹਾ ਸਿੱਖਿਆ ਅਫ਼ਸਰ (ਸ), ਸੁਰਜੀਤ ਸਿੰਘ ਕੰਧਾਰੀ ਡੀ ਐਸ ਪੀ (ਟਰੈਫਿਕ), ਮਨਜੀਤ ਸਿੰਘ ਸਹਾਇਕ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਅਤੇ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੇ ਮੈਂਬਰ ਹਾਜ਼ਰ ਸਨ।
        ਸ੍ਰ: ਦੀਪਇੰਦਰ ਸਿੰਘ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟਰੈਫਿਕ ਵਿਵਸਥਾ ਵਿੱਚ ਸੁਧਾਰ ਲਈ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਵਿੱਚ ਸਖਤੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਵੱਲੋਂ ਟਰੈਫਿਕ ਨਿਯਮਾਂ ਦੀ ਵਾਰ-ਵਾਰ ਉਲੰਘਣਾ ਕੀਤੀ ਜਾਂਦੀ ਹੈ, ਉਨ੍ਹਾਂ ਦੇ ਵਾਹਨ ਬਾਉਂਡ ਕੀਤੇ ਜਾਣ।  ਉਨ੍ਹਾਂ ਨੇ ਅੱਗੇ ਕਿਹਾ ਕਿ  ਬਸ ਸਟੈਂਡ ਦੇ ਬਾਹਰ ਹੋਏ ਨਜਾਇਜ਼ ਕਬਜਿਆਂ ਨੂੰ  ਹਟਾਇਆ ਜਾਵੇ ਅਤੇ ਪ੍ਰਾਈਵੇਟ ਟਰਾਂਸਪੋਰਟ ਕੰਪਨੀਆਂ ਦੀਆਂ ਸੜਕ ਉਪਰ ਖੜੀਆਂ ਬੱਸਾਂ ਦੇ ਚਲਾਣ ਕੱਟੇ ਜਾਣ।  ਉਨ੍ਹਾਂ ਕਿਹਾ ਕਿ ਬਸ ਸਟੈਂਡ ਦੇ ਬਾਹਰ ਰਿਕਸ਼ਾ,  ਆਟੋ ਰਿਕਸ਼ਾ ਅਤੇ ਟੈਂਪੂਆਂ ਦੇ ਖੜੇ ਹੋਣ ਲਈ ਰੇਲਿੰਗ ਬਣਾਈ ਜਾਵੇ । ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਪੈਂਦੇ ਗੜ੍ਹਸ਼ੰਕਰ, ਦਸੂਹਾ, ਮੁਕੇਰੀਆਂ ਵਿੱਚ ਵੀ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਖਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ।  ਉਨ੍ਹਾਂ ਨੇ ਕਿਹਾ ਕਿ ਭੰਗੀ ਚੋਅ ਦੇ ਪੁੱਲ ਦੇ ਨਜ਼ਦੀਕ ਟਰੈਫਿਕ ਲਾਈਟਾਂ ਲਗਾਈਆਂ ਜਾਣ ਤਾਂ ਜੋ ਕੋਈ ਅਣ-ਸੁਖਾਵੀਂ ਘਟਨਾ ਨਾ ਵਾਪਰ ਸਕੇ।  ਉਨ੍ਹਾਂ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਨੂੰ ਟਰੈਫਿਕ ਲਾਈਟਾਂ ਦਾ ਸਮਾਂ ਦਰੁਸਤ ਕਰਨ ਦੀ ਹਦਾਇਤ ਕੀਤੀ।  ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚੋਂ ਵੱਡੀਆਂ ਗੱਡੀਆਂ / ਬੱਸਾਂ ਦੇ ਲੰਘਣ ਤੇ ਸਖਤੀ ਨਾਲ ਪਾਬੰਦੀ ਲਗਾਈ ਜਾਵੇ।
          ਇਸ ਮੌਕੇ ਤੇ  ਸ੍ਰੀ ਪੀ ਐਸ ਗਿੱਲ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਨੇ ਕਿਹਾ ਕਿ ਟਰੈਫਿਕ ਵਿਵਸਥਾ ਵਿੱਚ ਸੁਧਾਰ ਕਰਨ ਲਈ ਡਿਪਟੀ ਕਮਿਸ਼ਨਰ ਵੱਲੋਂ ਦਿੱਤੇ ਗਏ ਆਦੇਸ਼ਾਂ ਦੀ ਪਾਲਣਾ ਕੀਤੀ ਜਾਵੇਗੀ। ਇਸ ਮੀਟਿੰਗ ਵਿੱਚ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੇ ਮੈਂਬਰਾਂ ਨੇ ਟਰੈਫਿਕ ਵਿਵਸਥਾ ਨੂੰ ਸੁਚਾਰੂ ਬਣਾਉਣ ਲਈ ਵੱਖ-ਵੱਖ ਸੁਝਾਅ ਦਿੱਤੇ।

ਗੁਰਦੁਆਰਾਂ ਚੋਣਾਂ ਲਈ ਵੋਟਿੰਗ ਸ਼ਾਂਤੀ ਨਾਲ ਮੁਕੰਮਲ

ਹੁਸ਼ਿਆਰਪੁਰ, 18 ਸਤੰਬਰ: ਸ੍ਰ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਵੋਟਾਂ ਪਾਉਣ ਦਾ ਕੰਮ ਅੱਜ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਅਮਨ-ਅਮਾਨ ਨਾਲ ਪੂਰਾ ਹੋ ਗਿਆ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ  ਨੇ ਦੱਸਿਆ ਕਿ 111-ਮੁਕੇਰੀਆਂ ਵਿਖੇ 74.50 ਪ੍ਰਤੀਸ਼ਤ, 112-ਦਸੂਹਾ ਵਿਖੇ 68.53 ਪ੍ਰਤੀਸ਼ਤ, 113-ਸ਼ਾਮਚੁਰਾਸੀ ਵਿਖੇ 61.25 ਪ੍ਰਤੀਸ਼ਤ, 114-ਹੁਸ਼ਿਆਰਪੁਰ ਵਿਖੇ 60.32 ਪ੍ਰਤੀਸ਼ਤ ਅਤੇ 115- ਗੜ੍ਹਸ਼ੰਕਰ ਵਿਖੇ 76 ਪ੍ਰਤੀਸ਼ਤ ਵੋਟਾਂ ਪੋਲ ਹੋਈਆਂ ਹਨ।

ਤਲਵਾੜਾ ਵਿਚ ਗੁਰਦੁਆਰਾ ਚੋਣਾਂ ਵਿਚ ਪਈਆਂ 424 ਵੋਟਾਂ

ਤਲਵਾੜਾ, 18 ਸਤੰਬਰ: ਅੱਜ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣ ਪ੍ਰਕਿਰਿਆ ਦਾ ਅਮਲ ਅਮਨ ਅਮਾਨ ਨਾਲ ਮੁਕੰਮਲ ਹੋਇਆ। ਇਕੱਤਰ ਜਾਣਕਾਰੀ ਅਨੁਸਾਰ ਪੋਲਿੰਗ ਸਟੇਸ਼ਨ ਤਲਵਾੜਾ ਤੇ ਕੁੱਲ 595 ਵੋਟਾਂ ਵਿਚੋਂ 424 ਵੋਟਾਂ ਪੋਲ ਹੋਈਆਂ। ਲੋਕ ਸਵੇਰ 8 ਵਜੇ ਤੋਂ ਹੀ ਲਗਾਤਾਰ ਸਰਕਾਰੀ ਸੀਨੀਅਰ ਸੈਕੰਡਰੀ ਸੈਕਟਰ 1 ਵਿਖੇ ਆਪਣੇ ਮਨਚਾਹੇ ਉਮੀਦਵਾਰਾਂ ਲਈ ਵੋਟਿੰਗ ਕਰਨ ਲਈ ਪਹੁੰਚਣੇ ਸ਼ੁਰੂ ਹੋ ਗਏ ਸਨ ਅਤੇ ਸ਼ਾਮ 4 ਵਜੇ ਤੱਕ ਇਹ ਅਮਲ ਨਿਰਵਿਘਨ ਜਾਰੀ ਰਿਹਾ। ਇਸ ਪੋਲਿੰਗ ਸਟੇਸ਼ਨ ਤੇ ਤਲਵਾੜਾ ਤੋਂ ਇਲਾਵਾ ਲਾਗਲੇ ਪਿੰਡ ਧਾਰ, ਚੰਗੜਵਾਂ, ਭੰਬੋਤਾੜ, ਡੌਹਰ, ਕਮਾਹੀ ਦੇਵੀ ਆਦਿ ਥਾਵਾਂ ਤੋਂ ਵੋਟਰ ਸ਼ਾਮਿਲ ਹਨ।
ਜਿਕਰਯੋਗ ਹੈ ਭਰੋਸੇਯੋਗ ਸੂਤਰਾਂ ਅਨੁਸਾਰ ਸ਼ਾਮ ਨੂੰ ਹੋਈ ਗਿਣਤੀ ਮੁਤਾਬਕ ਚੋਣ ਨਿਸ਼ਾਨ ਟਰੈਕਟਰ ਨੂੰ 278, ਘੜੀ ਨੂੰ 133 ਅਤੇ ਘੋੜੇ ਨੂੰ ਕੇਵਲ 13 ਵੋਟਾਂ ਪਈਆਂ।

ਐਮ ਪੀ ਲੈਡ ਯੋਜਨਾ ਤਹਿਤ ਕੰਮਾਂ ਦੀ ਦੇਰੀ ਬਰਦਾਸ਼ਤ ਨਹੀਂ : ਡੀ. ਸੀ.

ਹੁਸ਼ਿਆਰਪੁਰ, 17 ਸਤੰਬਰ: ਜ਼ਿਲ੍ਹਾ ਹੁਸ਼ਿਆਰਪੁਰ ਅੰਦਰ ਐਮ.ਪੀ. ਲੈਂਡ ਸਕੀਮ ਤਹਿਤ ਕੀਤੇ ਜਾ ਰਹੇ ਕੰਮਾਂ ਦਾ ਮੁਲਾਂਕਣ ਕਰਨ ਲਈ ਇਥੇ ਮਿੰਨੀ ਸਕੱਤਰੇਤ ਦੇ ਮੀਟਿੰਗ ਹਾਲ ਵਿੱਚ ਇੱਕ ਵਿਸ਼ੇਸ਼ ਮੀਟਿੰਗ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਅਵਤਾਰ ਸਿੰਘ ਭੁੱਲਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਆਰ ਐਸ ਬੈਂਸ ਐਕਸੀਅਨ ਲੋਕ ਨਿਰਮਾਣ ਅਤੇ ਵੀ ਕੇ ਗੁਪਤਾ ਐਕਸੀਅਨ ਡਰੇਨੇਜ਼ ਵਿਭਾਗ, ਜ਼ਿਲ੍ਹੇ ਦੇ ਸਮੂਹ ਬੀ.ਡੀ.ਪੀ.ਓਜ਼, ਜ਼ਿਲ੍ਹੇ ਦੀਆਂ ਨਗਰ ਕੌਂਸਲਾਂ ਦੇ ਕਾਰਜ ਸਾਧਕ ਅਫ਼ਸਰ ਤੇ ਹੋਰ ਜ਼ਿਲ੍ਹਾ ਅਧਿਕਾਰੀ ਹਾਜ਼ਰ ਸਨ।
        ਸ੍ਰ: ਦੀਪਇੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਅੰਦਰ ਐਮ ਪੀ ਲੈਂਡ ਸਕੀਮ ਤਹਿਤ ਮਿਲੇ ਫੰਡਾਂ ਨਾਲ ਕਰਵਾਏ ਜਾ ਰਹੇ ਕੰਮਾਂ ਨੂੰ ਜਲਦੀ ਮੁਕੰਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਜਿਹੜੇ ਕੰਮ ਮੁਕੰਮਲ ਹੋ ਗਏ ਹਨ, ਉਨ੍ਹਾਂ ਦੇ ਵਰਤੋਂ ਸਰਟੀਫਿਕੇਟ ਤੁਰੰਤ ਜਮ੍ਹਾਂ ਕਰਵਾਏ ਜਾਣ। ਉਨ੍ਹਾਂ ਕਿਹਾ ਕਿ ਐਮ ਪੀ ਲੈਂਡ ਸਕੀਮ ਤਹਿਤ ਮਿਲੇ ਫੰਡਾਂ ਨਾਲ ਕਰਵਾਏ ਜਾ ਰਹੇ ਕੰਮਾਂ ਵਿੱਚ ਕੀਤੀ ਜਾਂਦੀ ਦੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੇ ਵਿਭਾਗ ਕੰਮਾਂ ਵਿੱਚ ਦੇਰੀ ਕਰਦੇ ਹਨ, ਉਨ੍ਹਾਂ ਕੋਲੋਂ ਪੈਸੇ ਵਾਪਸ ਲੈ ਕੇ ਕਿਸੇ ਹੋਰ ਵਿਭਾਗ ਨੂੰ ਦਿੱਤੇ ਜਾਣ।  ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀਆਂ ਨੁੰ ਸਖਤ ਹਦਾਇਤ ਕੀਤੀ ਕਿ ਐਮ ਪੀ ਲੈਂਡ ਸਕੀਮ ਤਹਿਤ ਮਿਲੇ ਫੰਡਾਂ ਨਾਲ ਵਿਕਾਸ ਕੰਮ ਗੰਭੀਰਤਾ ਨਾਲ ਕਰਵਾਏ ਜਾਣ। ਇਸ ਮੌਕੇ ਤੇ ਜ਼ਿਲ੍ਹੇ ਦੇ ਵੱਖ-ਵੱਖ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਐਮ ਪੀ ਲੈਂਡ ਸਕੀਮ ਤਹਿਤ ਫੰਡਾਂ ਦੇ ਚੈਕ ਉਨ੍ਹਾਂ ਨੂੰ ਦੇਰੀ ਨਾਲ ਮਿਲਦੇ ਹਨ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਗੱਲ  ਐਮ ਪੀ ਸਹਿਬਾਨ ਦੇ ਧਿਆਨ ਵਿੱਚ ਲਿਆਂਦੀ ਜਾਵੇ। ਉਨ੍ਹਾਂ ਕਿਹਾ ਕਿ ਐਮ ਪੀ ਲੈਂਡ ਸਕੀਮ ਤਹਿਤ ਕਰਵਾਏ ਗਏ ਕੰਮਾਂ ਦਾ ਮੌਕੇ ਤੇ ਜਾ ਕੇ ਜਲਦੀ ਹੀ ਜਾਇਜ਼ਾ ਲਿਆ ਜਾਵੇਗਾ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)