- ਮਜੀਠੀਆ ਵੱਲੋਂ ਦੇਸ਼ ਦੇ ਪਹਿਲੇ ਸੈਟੇਲਾਈਟ ਨਿਯੰਤ੍ਰਿਤ ਸੌਰ ਊਰਜਾ ਪਲਾਂਟ ਦਾ ਉਦਘਾਟਨ
- 'ਸਿੰਗਲ ਐਕਸਿਸ ਟ੍ਰੈਕਿੰਗ ਈਸਟ ਵੈਸਟ ਟਿਲਟ' ਤਕਨੀਕ ਨਾਲ ਲਾਲਪੁਰ ਵਿੱਚ ਲੱਗਾ 4.2 ਮੈਗਾਵਾਟ ਦਾ ਪਲਾਂਟ
- 35 ਕਰੋੜ ਰੁਪਏ ਦੀ ਲਾਗਤ ਨਾਲ ਪਲਾਂਟ ਲਾਉਣ ਵਾਲੀ ਅਦਿੱਤਿਆ ਮੈਡੀਸੇਲਜ਼ ਕੰਪਨੀ ਵੱਲੋਂ ਹੋਰ ਨਿਵੇਸ਼ ਕਰਨ ਦਾ ਐਲਾਨ
- ਪੰਜਾਬ ਵੱਲੋਂ ਪ੍ਰਾਜੈਕਟ ਲਾਉਣ ਲਈ ਦਿੱਤੇ ਸਹਿਯੋਗ 'ਤੇ ਖੁਸ਼ੀ ਦਾ ਪ੍ਰਗਟਾਵਾ
ਲਾਲਪੁਰ (ਹੁਸ਼ਿਆਰਪੁਰ), 5 ਮਈ: ਗੈਰ-ਰਵਾਇਤੀ ਊਰਜਾ ਵਸੀਲਿਆਂ ਦੀ ਵਰਤੋਂ ਰਾਹੀਂ ਬਿਜਲੀ ਪੈਦਾਵਾਰ ਵਿੱਚ ਮੋਹਰੀ ਹੋ ਨਿੱਬੜੇ ਪੰਜਾਬ ਨੇ ਅੱਜ ਦੇਸ਼ ਦਾ ਪਹਿਲਾ 4.2 ਮੈਗਾਵਾਟ ਸਮਰੱਥਾ ਦਾ ਸੈਟੇਲਾਈਟ ਨਿਯੰਤ੍ਰਿਤ ਸੌਰ ਊਰਜਾ ਪਲਾਂਟ ਸਥਾਪਿਤ ਕਰਕੇ ਇਸ ਖੇਤਰ ਵਿੱਚ ਇੱਕ ਹੋਰ ਮੀਲ ਪੱਥਰ ਸਥਾਪਿਤ ਕਰ ਦਿੱਤਾ ਹੈ। 'ਸਿੰਗਲ ਐਕਸਿਸ ਟ੍ਰੈਕਿੰਗ ਈਸਟ ਵੈਸਟ ਟਿਲਟ' ਤਕਨੀਕ 'ਤੇ ਅਧਾਰਿਤ ਇਸ ਸੂਰਜੀ ਊਰਜਾ ਪਲਾਂਟ ਦੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਜਿਵੇਂ-ਜਿਵੇਂ ਸੂਰਜ ਦਿਨ ਢਲਣ ਦੇ ਨਾਲ ਘੁੰਮੇਗਾ, ਉਸੇ ਦਿਸ਼ਾ ਵਿੱਚ ਇਸ ਦੇ ਸੋਲਰ ਪੈਨਲ ਘੁੰਮਦੇ ਜਾਣਗੇ, ਜਿਸ ਨਾਲ ਇਹ ਆਮ ਸੋਲਰ ਪਾਵਰ ਪਲਾਂਟਾਂ ਤੋਂ 8 ਫ਼ੀਸਦੀ ਵਧੇਰੇ ਬਿਜਲੀ ਬਣਾਏਗਾ।
ਹੁਸ਼ਿਆਰਪੁਰ ਜ਼ਿਲ੍ਹੇ ਦੇ ਲਾਲਪੁਰ ਪਿੰਡ ਵਿੱਚ 20 ਏਕੜ ਰਕਬੇ ਵਿੱਚ ਫ਼ੈਲੇ 35 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਨੂੰ ਅੱਜ ਪੰਜਾਬ ਦੇ ਨਵੇਂ ਤੇ ਨਵਿਆਉਣਯੋਗ ਊਰਜਾ ਵਸੀਲਿਆਂ ਬਾਰੇ, ਮਾਲ ਤੇ ਮੁੜ ਵਸੇਬਾ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗਾਂ ਦੇ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਲੋਕ ਅਰਪਣ ਕੀਤਾ। ਉਨ੍ਹਾਂ ਆਖਿਆ ਕਿ ਦੇਸ਼ ਦੇ ਉੱਘੇ ਸਨਅਤੀ ਘਰਾਣੇ 'ਸਨ ਫ਼ਾਰਮਾ' ਦਾ ਆਪਣੇ ਗਰੁੱਪ ਦੀ ਕੰਪਨੀ 'ਅਦਿੱਤਿਆ ਮੈਡੀਸੇਲਜ਼' ਰਾਹੀਂ ਪੰਜਾਬ ਵਿੱਚ ਨਿਵੇਸ਼ ਕਰਨਾ ਇਸ ਗੱਲ ਦਾ ਪ੍ਰਤੀਕ ਹੈ ਕਿ ਸੂਬੇ ਦੀ ਸਰਕਾਰ ਦੀਆਂ ਨਿਵੇਸ਼ਕਾਂ ਪੱਖੀ ਨੀਤੀਆਂ ਨੂੰ ਵੱਡੇ ਵਪਾਰਕ ਗਰੁੱਪ ਭਰਪੂਰ ਹੁੰਗਾਰਾ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕੰਪਨੀ ਵੱਲੋਂ ਵਿਸ਼ੇਸ਼ ਤੌਰ 'ਤੇ ਇਸ ਗੱਲ ਲਈ ਧੰਨਵਾਦ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਪ੍ਰਾਜੈਕਟ ਸਿਰੇ ਚੜ੍ਹਾਉਣ ਵਿੱਚ ਸਰਕਾਰ ਵੱਲੋਂ ਦਿੱਤਾ ਗਿਆ ਸਹਿਯੋਗ ਆਲ੍ਹਾ ਦਰਜੇ ਦਾ ਸੀ ਅਤੇ ਉਨ੍ਹਾਂ ਦੀ ਆਸ ਤੋਂ ਵੀ ਵਧੇਰੇ ਸੀ। ਉਨ੍ਹਾਂ ਕੰਪਨੀ ਵੱਲੋਂ ਨੇੜ ਭਵਿੱਖ ਵਿੱਚ ਪੰਜਾਬ ਵਿੱਚ ਹੋਰ ਵੱਡਾ ਨਿਵੇਸ਼ ਕਰਨ ਦੇ ਐਲਾਨ ਨੂੰ ਵੀ ਪੰਜਾਬ ਲਈ ਸ਼ੁੱਭ ਸ਼ਗਨ ਕਰਾਰ ਦਿੱਤਾ।
ਸ੍ਰੀ ਮਜੀਠੀਆ ਨੇ ਕਿਹਾ ਕਿ ਚਾਹੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਗੁਜਰਾਤ ਵਰਗੇ ਭੂਗੋਲਿਕ ਤੌਰ 'ਤੇ ਵੱਡੇ ਰਾਜਾਂ ਵਿੱਚ ਸੋਲਰ ਪਾਵਰ ਪਲਾਂਟ ਲਾਉਣ ਲਈ ਵੱਡੀ ਮਾਤਰਾ ਵਿੱਚ ਜ਼ਮੀਨ ਮੌਜੂਦ ਹੈ ਪਰੰਤੂ ਪੰਜਾਬ ਵੱਲ ਨਿਵੇਸ਼ਕਾਂ ਦਾ ਰੁੱਖ, ਸਰਕਾਰ ਦੀ ਸਰਲ ਨੀਤੀ ਸਦਕਾ ਹੋਇਆ ਹੈ, ਜਿਸ ਤਹਿਤ ਸੂਰਜੀ ਊਰਜਾ ਪਲਾਂਟ ਸਥਾਪਿਤ ਕਰਨ ਵਾਲੇ ਨਿਵੇਸ਼ਕਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਣ ਤੋਂ ਇਲਾਵਾ ਪੈਦਾ ਕੀਤੀ ਜਾਣ ਵਾਲੀ ਬਿਜਲੀ ਸਰਕਾਰੀ ਪੂਲ ਵਿੱਚ ਖਰੀਦਣ ਲਈ 25 ਸਾਲ ਦਾ ਇਕਰਾਰਨਾਮਾ ਵੀ ਸ਼ਾਮਿਲ ਹੈ। Àੁਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਵੀ ਸੋਲਰ ਪਾਵਰ ਪ੍ਰਤੀ ਉਤਸ਼ਾਹਿਤ ਕਰਨ ਲਈ 1 ਤੋਂ 2.5 ਮੈਗਾਵਾਟ ਦੇ ਪਲਾਂਟ ਸਥਾਪਿਤ ਕਰਵਾਉਣ ਦੀ ਸਕੀਮ ਚਲਾਈ ਗਈ ਹੈ।
ਉਨ੍ਹਾਂ ਕਿਹਾ ਕਿ ਰਾਧਾ ਸੁਆਮੀ ਮੱਤ ਵੱਲੋਂ ਬਿਆਸ ਵਿਖੇ 7.5 ਮੈਗਾਵਾਟ ਦੇ ਸੋਲਰ ਰੂਫ਼ ਟਾਪ ਪ੍ਰਾਜੈਕਟ ਦਾ ਵਿਸਤਾਰ ਕਰਕੇ 31 ਮੈਗਾਵਾਟ ਦਾ ਵਿਸ਼ਵ ਦਾ ਸਭ ਤੋਂ ਵੱਡਾ ਸੋਲਰ ਰੂਫ਼ ਟਾਪ ਪ੍ਰਾਜੈਕਟ ਸਥਾਪਿਤ ਕੀਤਾ ਜਾ ਰਿਹਾ ਹੈ ਜੋ ਕਿ ਪੰਜਾਬ ਵਿੱਚ ਸੋਲਰ ਰੂਫ਼ ਟਾਪ ਦੀ ਕਾਮਯਾਬੀ ਦੀ ਸਭ ਤੋਂ ਵੱਡੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਹੋਰਨਾਂ ਧਾਰਮਿਕ ਸਥਾਨਾਂ 'ਤੇ ਵੀ ਅਜਿਹੇ ਪ੍ਰਾਜੈਕਟਾਂ ਵਾਸਤੇ ਯਤਨ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ ਸੋਲਰ ਰੂਫ਼ ਟਾਪ ਤਹਿਤ ਹੁਣ ਤੱਕ 65 ਮੈਗਾਵਾਟ ਊਰਜਾ ਪੈਦਾ ਕਰਨ ਦੇ ਪ੍ਰਾਜੈਕਟ ਲੱਗ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੈਰ ਰਵਾਇਤੀ ਵਸੀਲਿਆਂ ਤੋਂ ਬਿਜਲੀ ਪੈਦਾ ਕਰਨ ਤਹਿਤ 225 ਮੈਗਾਵਾਟ ਦੇ ਪਲਾਂਟ ਸਥਾਪਿਤ ਹੋ ਚੁੱਕੇ ਹਨ ਜਿਨ੍ਹਾਂ 'ਤੇ 1300 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ ਜਦਕਿ 1700 ਕਰੋੜ ਰੁਪਏ ਦੇ 229 ਮੈਗਾਵਾਟ ਦੇ 24 ਹੋਰ ਸੋਲਰ ਪਾਵਰ ਪਲਾਂਟ ਅਲਾਟ ਕੀਤੇ ਜਾ ਚੁੱਕੇ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਨੇ ਗੈਰ ਰਵਾਇਤੀ ਊਰਜਾ ਵਸੀਲਿਆਂ ਤੋਂ ਸਾਲ 2017 ਤੱਕ 1000 ਮੈਗਾਵਾਟ ਬਿਜਲੀ ਪ੍ਰਾਪਤ ਕਰਨ ਦਾ ਟੀਚਾ ਰੱਖਿਆ ਹੈ, ਜਿਸ ਤਹਿਤ ਸੋਲਰ ਰੂਫ਼ ਟਾਪ ਨੈੱਟ ਮੀਟ੍ਰਿੰਗ ਤਹਿਤ 1500 ਅਰਜ਼ੀਆਂ ਪੰਜਾਬ ਊਰਜਾ ਵਿਕਾਸ ਏਜੰਸੀ ਕੋਲ ਆ ਚੁੱਕੀਆਂ ਹਨ। ਸ੍ਰੀ ਮਜੀਠੀਆ ਨੇ ਕਿਹਾ ਕਿ ਪੰਜਾਬ ਮੁਲਕਾਂ ਦੀ ਤਰਜ਼ 'ਤੇ ਰੂਫ਼ ਟਾਪ ਸੋਲਰ ਪ੍ਰਣਾਲੀ ਨੂੰ ਹਰਮਨ ਪਿਆਰਾ ਬਣਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰੇਗਾ ਜਿਸ ਤਹਿਤ ਲੋਕ ਆਪਣੀ ਵਾਧੂ ਬਿਜਲੀ ਨੈੱਟ ਮੀਟ੍ਰਿੰਗ ਰਾਹੀਂ ਸਰਕਾਰ ਨੂੰ ਵੇਚ ਸਕਣਗੇ। ਉਨ੍ਹਾਂ ਕਿਹਾ ਕਿ 'ਗਲੋਬਲ ਵਾਰਮਿੰਗ' ਦੇ ਮੱਦੇਨਜ਼ਰ ਵਾਤਾਵਰਣ ਨੂੰ ਬਚਾਉਣ ਲਈ ਗੈਰ-ਰਵਾਇਤੀ ਊਰਜਾ ਵਸੀਲਿਆਂ ਦੀ ਮਹੱਤਤਾ ਬਹੁਤ ਵੱਧ ਗਈ ਹੈ। ਬਿਜਲੀ ਦੀ ਖ਼ਪਤ ਦਿਨੋ ਦਿਨ ਵਧਣ ਅਤੇ ਕੋਲੇ ਦੇ ਸੰਕਟ ਨੇ ਸਮੱਸਿਆ ਨੂੰ ਹੋਰ ਵੀ ਪੇਚੀਦਾ ਕਰ ਦਿੱਤਾ ਹੈ। ਇਸ ਸਭ ਕਾਸੇ ਦਾ ਬਲਦਵਾਂ ਹੱਲ ਗੈਰ-ਰਵਾਇਤੀ ਵਸੀਲਿਆਂ ਰਾਹੀਂ ਬਿਜਲੀ ਪੈਦਾਵਾਰ ਦੀਆਂ ਸੰਭਾਵਨਾਵਾਂ 'ਤੇ ਜ਼ੋਰ ਲਾਜ਼ਮੀ ਹੋ ਗਿਆ ਹੈ ਅਤੇ ਪੰਜਾਬ ਨੂੰ ਇਸ ਖੇਤਰ ਵਿੱਚ ਪਹਿਲ ਕਰਨ ਦਾ ਮਾਣ ਹਾਸਲ ਹੋਇਆ ਹੈ।
ਇਸ ਨਿਵੇਕਲੀ ਤਕਨੀਕ ਵਾਲੇ ਪਲਾਂਟ ਨੂੰ ਸਥਾਪਿਤ ਕਰਨ ਵਾਲੀ ਮੁੰਬਈ ਅਧਾਰਿਤ 'ਸਨ ਫ਼ਾਰਮਾ' ਦੀ ਮਾਲਕੀ ਵਾਲੀ ਅਦਿਤਿਆ ਮੈਡੇਸੇਲਜ਼ ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ ਸ੍ਰੀ ਵਿਦਿਆ ਸਾਗਰ ਤੁਲੂਰੀ ਨੇ ਇਸ ਮੌਕੇ ਆਖਿਆ ਕਿ 35 ਕਰੋੜ ਰੁਪਏ ਦੀ ਲਾਗਤ ਵਾਲਾ ਇਹ ਪ੍ਰਾਜੈਕਟ, ਕੰਪਨੀ ਦੀ ਪੰਜਾਬ ਵਿੱਚ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ 4000 ਕਰੋੜ ਦੇ ਸਲਾਨਾ ਕਾਰੋਬਾਰ ਵਾਲੀ ਅਦਿਤਿਆ ਮੈਡੀਸੇਲਜ਼ ਪੰਜਾਬ ਵਿੱਚ ਆਪਣੇ ਪਹਿਲੇ ਪਲਾਂਟ ਦੇ ਸੁਖਦ ਤਜਰਬੇ ਅਤੇ ਸਰਕਾਰ ਵੱਲੋਂ ਦਿੱਤੇ ਸਹਿਯੋਗ ਤੋਂ ਪ੍ਰਭਾਵਿਤ ਹੋ ਕੇ, ਸੂਬੇ ਵਿੱਚ ਨੇੜ ਭਵਿੱਖ ਵਿੱਚ ਇਸ ਖੇਤਰ ਵਿੱਚ ਹੋਰ ਵੱਡੇ ਨਿਵੇਸ਼ ਕਰਨ ਦਾ ਵਿਚਾਰ ਰੱਖਦੀ ਹੈ। ਉਨ੍ਹਾਂ ਸ੍ਰੀ ਮਜੀਠੀਆ ਨੂੰ ਭੋਰਸਾ ਦਿਵਾਇਆ ਕਿ ਉਨ੍ਹਾਂ ਦੀ ਕੰਪਨੀ ਪੰਜਾਬ ਵਿੱਚ ਗੈਰ-ਰਵਾਇਤੀ ਵਸੀਲਿਆਂ ਤੋਂ ਬਿਜਲੀ ਪੈਦਾਵਾਰ ਵਿੱਚ ਵੱਡੇ ਪੱਧਰ 'ਤੇ ਨਿਵੇਸ਼ ਕਰੇਗੀ।
ਹਲਕਾ ਸ਼ਾਮ ਚੌਰਾਸੀ ਦੀ ਵਿਧਾਇਕਾ ਅਤੇ ਮੁੱਖ ਸੰਸਦੀ ਸਕੱਤਰ ਬੀਬੀ ਮਹਿੰਦਰ ਕੌਰ ਜੋਸ਼ ਨੇ ਇਸ ਮੌਕੇ ਆਖਿਆ ਕਿ ਕੰਢੀ ਇਲਾਕੇ ਵਿੱਚ ਇਸ ਪ੍ਰਾਜੈਕਟ ਦੇ ਆਉਣ ਨਾਲ ਬਿਜਲੀ ਟ੍ਰਿਪਿੰਗ ਦੀ ਸਮੱਸਿਆ ਤੋਂ ਰਾਹਤ ਮਿਲੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਊਰਜਾ ਵਿਕਾਸ ਏਜੰਸੀ ਦੇ ਮੁੱਖ ਕਾਰਜਕਾਰੀ ਅਫ਼ਸਰ ਡਾ. ਅਮਰਪਾਲ ਸਿੰਘ, ਡਾਇਰੈਕਟਰ ਬਲੌਰ ਸਿੰਘ, ਏ.ਡੀ.ਸੀ. (ਡੀ) ਹਰਬੀਰ ਸਿੰਘ, ਐਸ.ਡੀ.ਐਮ. ਹੁਸ਼ਿਆਰਪੁਰ ਆਨੰਦ ਸਾਗਰ ਸ਼ਰਮਾ, ਡੀ.ਡੀ.ਪੀ.ਓ. ਅਵਤਾਰ ਸਿੰਘ ਭੁੱਲਰ, ਕਰਮਜੀਤ ਸਿੰਘ ਬਬਲੂ ਚੇਅਰਮੈਨ ਮਿਲਕ ਪਲਾਂਟ ਤੇ ਹੋਰ ਅਧਿਕਾਰੀ ਮੌਜੂਦ ਸਨ।
No comments:
Post a Comment