- ਲੜਕੀਆਂ ਨੂੰ ਸੁਰੱਖਿਅਤ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ : ਡਿਪਟੀ ਕਮਿਸ਼ਨਰ
- 'ਬੇਟੀ ਬਚਾਓ-ਬੇਟੀ ਪੜ੍ਹਾਓ' ਸਕੀਮ ਅਧੀਨ ਜ਼ਿਲ੍ਹਾ ਟਾਸਕ ਫੋਰਸ ਦੀ ਕੀਤੀ ਉੱਚ ਪੱਧਰੀ ਮੀਟਿੰਗ
- ਹਾਈ ਅਤੇ ਸੈਕੰਡਰੀ ਸਕੂਲਾਂ 'ਚ ਲੜਕੀਆਂ ਲਈ 'ਬਾਲਿਕਾ ਮੰਚ' ਦੀ ਹੋਵੇਗੀ ਸਥਾਪਨਾ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਅਤੇ ਸਿੱਖਿਆ ਵਿਭਾਗ ਵਲੋਂ ਸਕੂਲਾਂ ਵਿੱਚ ਪੜ੍ਹ ਰਹੀਆਂ ਲੜਕੀਆਂ ਨੂੰ ਬਿਨ੍ਹਾਂ ਕਿਸੇ ਡਰ ਅਤੇ ਝਿੱਜਕ ਦੇ ਕਿਸੇ ਵੀ ਤਰ੍ਹਾਂ ਦੀ ਛੇੜਛਾੜ ਖਿਲਾਫ਼ ਅੱਗੇ ਆਉਣ ਲਈ ਜਾਗਰੂਕ ਵੀ ਕੀਤਾ ਜਾਵੇਗਾ। ਉਨ੍ਹਾਂ ਨਿਰਦੇਸ਼ ਦਿੰਦਿਆਂ ਕਿਹਾ ਕਿ ਪੁਲਿਸ ਵਿਭਾਗ ਸਕੂਲਾਂ ਵਿੱਚ ਸਾਦੇ ਪਹਿਰਾਵੇ ਵਿੱਚ ਆਪਣੇ ਅਧਿਕਾਰੀ ਭੇਜੇ ਅਤੇ ਇਹ ਅਧਿਕਾਰੀ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨਾਲ ਤਾਲਮੇਲ ਕਰਕੇ ਲੜਕੀਆਂ ਅੰਦਰ ਜਾਗਰੂਕਤਾ ਲਿਆਉਣ ਕਿ ਜੇਕਰ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਗਲਤ ਹਰਕਤ ਕਰਦਾ ਹੈ ਜਾਂ ਫੱਬਤੀਆਂ ਕੱਸਦਾ ਹੈ, ਤਾਂ ਉਸ ਬਾਰੇ ਬਿਨ੍ਹਾਂ ਕਿਸੇ ਡਰ ਅਤੇ ਭੈਅ ਦੇ ਦੱਸਿਆ ਜਾਵੇ। ਉਨ੍ਹਾਂ ਕਿਹਾ ਕਿ ਕਿਸੇ ਵੇਲੇ ਲੜਕੀਆਂ ਅੰਦਰ ਜਾਗਰੂਕਤਾ ਦੀ ਘਾਟ ਕਾਰਨ ਉਹ ਦੱਸ ਨਹੀਂ ਸਕਦੀਆਂ, ਇਸ ਲਈ ਲੜਕੀਆਂ ਨੂੰ ਸਹਿਜ ਮਹਿਸੂਸ ਕਰਵਾਉਣਾ ਸਿੱਖਿਆ ਵਿਭਾਗ ਅਤੇ ਪੁਲਿਸ ਵਿਭਾਗ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਛੇੜਛਾੜ ਵਰਗੀਆਂ ਘਟਨਾਵਾਂ ਖਿਲਾਫ ਸਖਤੀ ਨਾਲ ਨਜਿੱਠਿਆ ਜਾਵੇਗਾ।
ਸ਼੍ਰੀ ਵਿਪੁਲ ਉਜਵਲ ਨੇ ਕਿਹਾ ਕਿ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਇਕ 'ਬਾਲਿਕਾ ਮੰਚ' ਦੀ ਸਿਰਜਣਾ ਵੀ ਕੀਤੀ ਜਾ ਰਹੀ ਹੈ ਅਤੇ ਇਸ ਮੰਚ ਵਿਚ ਵਿਦਿਆਰਥਣਾਂ ਨੂੰ ਹੀ ਸ਼ਾਮਿਲ ਕੀਤਾ ਜਾਵੇਗਾ, ਜਦਕਿ ਇਕ ਅਧਿਆਪਕ ਕਨਵੀਨਰ ਹੋਵੇਗਾ। ਉਨ੍ਹਾਂ ਕਿਹਾ ਕਿ ਲੜਕੀਆਂ ਦੇ ਮਨੋਬਲ ਨੂੰ ਉਚਾ ਚੁੱਕਣ ਲਈ ਅਜਿਹਾ ਉਪਰਾਲਾ ਕੀਤਾ ਜਾ ਰਿਹਾ ਹੈ। ਇਹ ਮੰਚ ਸਥਾਪਿਤ ਹੋਣ ਨਾਲ ਜਿੱਥੇ ਲੜਕੀਆਂ ਸਹਿਜ ਮਹਿਸੂਸ ਕਰਨਗੀਆਂ, ਉਥੇ ਉਹ ਕਿਸੇ ਵੀ ਤਰ੍ਹਾਂ ਦੀ ਘਟਨਾ ਬਾਰੇ ਖੁੱਲ੍ਹ ਕੇ ਦੱਸ ਸਕਣਗੀਆਂ। ਉਨ੍ਹਾਂ ਕਿਹਾ ਕਿ ਛੇੜਛਾੜ ਵਰਗੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਜ਼ਿਲ੍ਹਾ ਪ੍ਰਸ਼ਾਸ਼ਨ ਛੇੜਛਾੜ ਸਬੰਧੀ ਬਣੇ ਕਾਨੂੰਨ ਦੀ ਪਾਲਣਾ ਕਰਦੇ ਹੋਏ ਸਖ਼ਤੀ ਨਾਲ ਕਦਮ ਚੁੱਕੇਗਾ, ਤਾਂ ਜੋ ਸਕੂਲਾਂ 'ਚ ਪੜ੍ਹਦੀਆਂ ਲੜਕੀਆਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਣਾ ਨਾ ਪਵੇ। ਉਨ੍ਹਾਂ ਪੁਲਿਸ ਵਿਭਾਗ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਲੜਕੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਸੋਸ਼ਲ ਮੀਡੀਆ ਜਿਵੇਂ ਵਟਸਅੱਪ ਗਰੁੱਪ ਆਦਿ ਵੀ ਬਣਾਏ ਜਾ ਸਕਦੇ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਅਨੁਪਮ ਕਲੇਰ, ਡੀ.ਐਸ.ਪੀ. (ਐਚ) ਸ੍ਰੀ ਜੰਗ ਬਹਾਦਰ ਸਿੰਘ ਅਤੇ ਡੀ.ਐਸ.ਪੀ. (ਡੀ) ਸ੍ਰੀ ਗੁਰਜੀਤ ਪਾਲ ਸਿੰਘ ਸਮੇਤ ਸਮੂਹ ਡੀ.ਐਸ.ਪੀਜ਼, ਸਮੂਹ ਐਸ.ਐਚ.ਓਜ਼, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ.ਹਰਪ੍ਰੀਤ ਕੌਰ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਰਜਿੰਦਰ ਰਾਜ, ਬਾਲ ਵਿਕਾਸ ਪ੍ਰੋਜੈਕਟ ਅਫ਼ਸਰ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਤੋਂ ਇਲਾਵਾ ਹੋਰ ਵੀ ਅਧਿਕਾਰੀ ਹਾਜ਼ਰ ਸਨ।
No comments:
Post a Comment