- ਕਿਹਾ, ਸਿੱਖਿਆ ਕਰਕੇ ਹੀ ਸਾਡੇ ਦੇਸ਼ ਦੀ ਸੰਸਕ੍ਰਿਤੀ ਦਾ ਤਾਣਾ-ਬਾਣਾ ਮਜ਼ਬੂਤ ਹੋਇਆ
- ਐਂਗਲੋ ਸੰਸਕ੍ਰਿਤ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਵਿਖੇ ਸਲਾਨਾ ਸਮਾਰੋਹ ਦਾ ਆਯੋਜਨ
ਆਪਣੇ ਸੰਬੋਧਨ ਵਿੱਚ ਸਪੀਕਰ ਪੰਜਾਬ ਵਿਧਾਨ ਸਭਾ ਸ੍ਰੀ ਰਾਣਾ ਕੇ ਪੀ ਸਿੰਘ ਨੇ ਕਿਹਾ ਕਿ ਐਂਗਲੋ ਸੰਸਕ੍ਰਿਤ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਦੀ ਨੀਂਹ 1914 ਵਿੱਚ ਉਸ ਵੇਲੇ ਰੱਖੀ ਗਈ ਸੀ, ਜਦੋਂ ਦੇਸ਼ ਆਜ਼ਾਦੀ ਹਾਸਲ ਕਰਨ ਲਈ ਸੰਘਰਸ਼ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਉਸ ਸਮੇਂ ਦੌਰਾਨ ਵਿਦਿਆਰਥੀਆਂ ਲਈ ਸਿੱਖਿਆ ਦੇ ਜ਼ਿਆਦਾ ਮੌਕੇ ਮੌਜੂਦ ਨਹੀਂ ਸਨ। ਉਸ ਸਮੇਂ ਖੋਲ੍ਹੇ ਗਏ ਇਸ ਸਕੂਲ ਦੀ ਮਹੱਤਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੇ ਕਿੰਨੀ ਜਦੋ ਜਹਿਦ ਨਾਲ ਇਹ ਸਕੂਲ ਖੋਲ੍ਹ ਕੇ ਇਸ ਖੇਤਰ ਵਿੱਚ ਸਿੱਖਿਆ ਦਾ ਚਾਨਣ ਫੈਲਾਇਆ। ਉਨ੍ਹਾਂ ਕਿਹਾ ਕਿ ਸਿੱਖਿਆ ਦੇ ਖੇਤਰ ਵਿੱਚ ਇਹ ਸਕੂਲ ਮੋਹਰੀ ਭੂਮਿਕਾ ਨਿਭਾ ਰਿਹਾ ਹੈ। ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਬਕਾ ਸਪੀਕਰ ਡਾ. ਕੇਵਲ ਕ੍ਰਿਸ਼ਨ ਵੀ ਇਸ ਸਕੂਲ ਵਿੱਚ ਪੜ੍ਹੇ ਹਨ ਅਤੇ ਉਨ੍ਹਾਂ ਨੇ ਰਾਜਨੀਤਿਕ ਖੇਤਰ ਵਿੱਚ ਅਹਿਮ ਬੁਲੰਦੀਆਂ ਨੂੰ ਛੂਹਿਆ ਸੀ। ਉਨ੍ਹਾਂ ਕਿਹਾ ਕਿ ਸਿੱਖਿਆ ਕਰਕੇ ਹੀ ਸਾਡੇ ਦੇਸ਼ ਦੀ ਸੰਸਕ੍ਰਿਤੀ ਦਾ ਤਾਣਾ-ਬਾਣਾ ਮਜ਼ਬੂਤ ਹੋਇਆ ਹੈ ਅਤੇ ਅਸੀਂ ਵੈਦਿਕ ਕਾਲ ਤੋਂ ਆਪਣੇ ਰੀਤੀ ਰਿਵਾਜਾਂ ਨੂੰ ਬਾਖੂਬੀ ਨਿਭਾ ਰਹੇ ਹਾਂ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਪੰਜਾਬੀਆਂ ਨੇ ਆਪਣੀ ਅਹਿਮ ਥਾਂ ਬਣਾਈ ਹੈ, ਜੇਕਰ ਅਸੀਂ ਹੱਥੀਂ ਕੰਮ ਕਰੀਏ , ਤਾਂ ਅਸੀਂ ਆਪਣੇ ਦੇਸ਼ ਦੀ ਉਨਤੀ ਵਿੱਚ ਹੋਰ ਵੀ ਯੋਗਦਾਨ ਪਾ ਸਕਦੇ ਹਾਂ। ਉਨ੍ਹਾਂ ਨੇ ਸਕੂਲ ਦੇ ਸਮੂਹ ਵਿਦਿਆਰਥੀਆਂ ਨੂੰ ਸੁਨਹਿਰੇ ਭਵਿੱਖ ਲਈ ਸ਼ੁਭ-ਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਬੱਚਿਆਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਨੇ ਆਜ਼ਾਦ ਭਾਰਤ ਵਿੱਚ ਜਨਮ ਲਿਆ ਹੈ ਅਤੇ ਹੁਣ ਇਹ ਉਨ੍ਹਾਂ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਕੜੀ ਮਿਹਨਤ ਕਰਕੇ ਸਿੱਖਿਆ ਹਾਸਲ ਕਰਦੇ ਹੋਏ ਦੇਸ਼ ਦੀ ਉਨਤੀ ਵਿੱਚ ਆਪਣਾ ਯੋਗਦਾਨ ਦੇਣ। ਉਨ੍ਹਾਂ ਕਿਹਾ ਕਿ ਭਾਰਤ ਵਰਗੇ ਲੋਕਤੰਤਰ ਦੇਸ਼ ਵਿੱਚ ਨੌਜਵਾਨਾਂ ਦੀ ਜਿੰਮੇਵਾਰੀ ਹੋਰ ਵੀ ਵੱਧ ਜਾਂਦੀ ਹੈ ਕਿ ਉਹ ਵਧੀਆ ਨਾਗਰਿਕ ਬਣਦੇ ਹੋਏ ਸਿੱਖਿਆ ਦੇ ਮੌਕਿਆਂ ਦਾ ਫਾਇਦਾ ਉਠਾਉਣ ਅਤੇ ਅੱਗੇ ਵੱਧਣ। ਇਸ ਦੌਰਾਨ ਉਨ੍ਹਾਂ ਨੇ ਸਕੂਲ ਮੈਨੇਜਮੈਂਟ ਕਮੇਟੀ ਨੂੰ 5 ਲੱਖ ਰੁਪਏ ਦੇਣ ਦੀ ਘੋਸ਼ਣਾ ਵੀ ਕੀਤੀ।
ਇਸ ਦੌਰਾਨ ਵਿਧਾਇਕ ਹਲਕਾ ਮੁਕੇਰੀਆਂ ਸ੍ਰੀ ਰਜਨੀਸ਼ ਕੁਮਾਰ ਬੱਬੀ ਨੇ ਵੀ ਵਿਦਿਆਰਥੀਆਂ ਨੂੰ ਆਪਣੇ ਟੀਚੇ ਹਾਸਲ ਕਰਨ ਲਈ ਕੜੀ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਸਲਾਨਾ ਸਮਾਰੋਹ ਦੌਰਾਨ ਬੱਚਿਆਂ ਵਲੋਂ ਰੰਗਾ-ਰੰਗ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤੇ ਗਏ। ਇਸ ਦੌਰਾਨ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਮਾਨਯੋਗ ਸਪੀਕਰ ਸ੍ਰੀ ਰਾਣਾ ਕੇ ਪੀ ਸਿੰਘ ਅਤੇ ਵਿਧਾਇਕ ਸ੍ਰੀ ਰਜਨੀਸ਼ ਕੁਮਾਰ ਬੱਬੀ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ 'ਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸ੍ਰੀ ਰਾਜ ਕੁਮਾਰ ਜੈਨ, ਉਪ ਪ੍ਰਧਾਨ ਸ੍ਰੀ ਰਾਜੇਸ਼ ਸਿੰਘ, ਮੈਨੇਜਰ ਡਾ. ਰਾਜੇਸ਼ ਲਖਨਪਾਲ, ਸਕੱਤਰ ਆਰ.ਡੀ ਜੈਨ, ਮੈਂਬਰ ਪੀ ਐਲ ਖੁੱਲਰ, ਪ੍ਰਿੰਸੀਪਲ ਰਣਦੀਪ ਸਿੰਘ ਤੋਂ ਇਲਾਵਾ ਭਾਰੀ ਸੰਖਿਆ ਵਿੱਚ ਸਕੂਲ ਦੇ ਵਿਦਿਆਰਥੀ ਮੌਜੂਦ ਸਨ।
No comments:
Post a Comment