- ਸਰਕਾਰ ਵਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਕੀਤੇ ਜਾ ਰਹੇ ਨੇ ਉਪਰਾਲੇ
- ਸਪੈਸ਼ਲ ਟੀਚਰ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਬੱਚਿਆਂ ਨੂੰ ਸਿੱਖਿਅਤ ਕਰਨ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਸਰਕਾਰੀ ਐਲੀਮੈਂਟਰੀ ਸਕੂਲ ਢੋਲਬਾਹਾ ਦੇ ਰਿਸੋਰਸ ਸੈਂਟਰ ਵਿੱਚ ਵਿਸ਼ੇਸ਼ ਸਿੱਖਿਆ ਪ੍ਰਾਪਤ ਕਰ ਰਹੀ ਰੀਆ ਡਡਵਾਲ ਨੇ ਸਾਬਤ ਕਰ ਦਿੱਤਾ ਹੈ ਕਿ ਸਰੀਰਕ ਅਪੰਗਤਾ ਉਸ ਦੇ ਹੌਂਸਲਿਆਂ ਨੂੰ ਪਸਤ ਨਹੀਂ ਕਰ ਸਕਦੀ। ਦਿਮਾਗੀ ਤੌਰ 'ਤੇ ਕਮਜ਼ੋਰ ਇਸ ਲੜਕੀ ਨੇ ਜੈਪੁਰ ਵਿੱਚ ਹੋਈ '19ਵੀਂ ਪੰਜਾਬ ਸਟੇਟ ਸਪੈਸ਼ਲ ਓਲੰਪਿਕਸ, ਭਾਰਤ' (Sob) ਵਿੱਚ 100 ਮੀਟਰ ਅਤੇ 200 ਮੀਟਰ ਦੌੜ ਵਿੱਚੋਂ ਗੋਲਡ ਮੈਡਲ ਜਿੱਤ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਰੀਆ ਨੇ ਮਨਿਸਟਰੀ ਆਫ਼ ਯੂਥ ਅਫੇਅਰਸ (Myas) ਵਿੱਚੋਂ ਵੀ 100 ਅਤੇ 200 ਮੀਟਰ ਦੌੜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਰੀਆ ਰਾਸ਼ਟਰ ਪੱਧਰ ਦੀਆਂ ਖੇਡਾਂ ਲਈ ਵੀ ਚੁਣੀ ਗਈ ਹੈ। ਰੀਆ ਨੇ ਜੈਪੁਰ ਰਾਸ਼ਟਰ ਪੱਧਰ ਦੀਆਂ ਖੇਡਾਂ ਵਿੱਚ ਹੀ 100 ਮੀਟਰ ਦੌੜ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ, 200 ਮੀਟਰ ਦੌੜ ਵਿੱਚੋਂ ਚੌਥੇ ਸਥਾਨ 'ਤੇ ਰਹੀ। ਰੀਆ ਜੈਪੁਰ ਵਿੱਚ ਬੀਮਾਰ ਵੀ ਹੋ ਗਈ ਸੀ, ਪਰ ਇਸ ਨੇ ਫ਼ਿਰ ਵੀ ਹਿੰਮਤ ਨਹੀਂ ਹਾਰੀ ਅਤੇ ਸਿਲਵਰ ਮੈਡਲ ਜਿੱਤ ਕੇ ਮਾਪਿਆਂ ਦਾ, ਜ਼ਿਲ੍ਹੇ ਦਾ ਅਤੇ ਸੂਬੇ ਦਾ ਨਾਂ ਰੌਸ਼ਨ ਕੀਤਾ। ਇਸ ਤੋਂ ਇਲਾਵਾ ਸਪੈਸ਼ਲ ਰਿਸੋਰਸ ਸੈਂਟਰ ਹੁਸ਼ਿਆਰਪੁਰ ਵਿਖੇ ਸੁਣਨ ਅਤੇ ਬੋਲਣ ਤੋਂ ਅਸਮਰੱਥ ਪੂਨਮ ਕੁਮਾਰੀ ਵਲੋਂ ਕੀਤੀ ਪੇਂਟਿੰਗ ਖਿੱਚ ਦਾ ਕੇਂਦਰ ਬਣੀ ਹੋਈ ਹੈ। ਪੂਨਮ ਵਲੋਂ ਬੜੇ ਹੀ ਸ਼ੌਕ ਨਾਲ ਵੱਖ-ਵੱਖ ਤਰ੍ਹਾਂ ਦੀ ਮਨਮੋਹਕ ਪੇਂਟਿੰਗ ਕੀਤੀ ਗਈ ਹੈ।
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਦਿਅਰਥੀਆਂ ਲਈ ਸਰਕਾਰ ਵਲੋਂ 82 ਰਿਸੋਰਸ ਸੈਂਟਰ ਚਲਾਏ ਜਾ ਰਹੇ ਹਨ। ਇਨ੍ਹਾਂ ਵਿੱਚੋਂ ਇਕ ਸਪੈਸ਼ਲ ਰਿਸੋਰਸ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਰੇਲਵੇ ਮੰਡੀ ਵਿਖੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਿਸੋਰਸ ਸੈਂਟਰਾਂ ਵਿੱਚ 5476 ਚੁਣੌਤੀਗ੍ਰਸਤ ਬੱਚੇ ਹਨ ਅਤੇ ਸਰਵ ਸਿੱਖਿਆ ਅਭਿਆਨ ਤਹਿਤ ਜਿਥੇ ਇਨ੍ਹਾਂ ਬੱਚਿਆਂ ਦਾ ਇਲਾਜ ਕਰਵਾਇਆ ਜਾਂਦਾ ਹੈ, ਉਥੇ 31 ਸਪੈਸ਼ਲ ਟੀਚਰਾਂ ਵਲੋਂ ਇਨ੍ਹਾਂ ਨੂੰ ਸਿੱਖਿਅਤ ਵੀ ਕੀਤਾ ਜਾਂਦਾ ਹੈ। ਉਨ੍ਹਾਂ ਅਧਿਆਪਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਪੂਰੀ ਮਿਹਨਤ ਅਤੇ ਤਨਦੇਹੀ ਨਾਲ ਸਿੱਖਿਅਤ ਕੀਤਾ ਜਾਵੇ, ਤਾਂ ਜੋ ਇਹ ਬੱਚੇ ਆਪਣੀ ਵੱਖਰੀ ਪਛਾਣ ਬਣਾ ਸਕਣ। ਉਧਰ ਦੂਜੇ ਪਾਸੇ ਰੀਆ ਨੂੰ ਇਥੋਂ ਤੱਕ ਪਹੁੰਚਾਉਣ ਲਈ ਬਲਾਕ ਭੂੰਗਾ-2 ਵਿੱਚ ਬਤੌਰ ਸਪੈਸ਼ਲ ਅਧਿਆਪਕ (ਆਈ.ਈ.ਆਰ.ਟੀ.) ਸ੍ਰੀਮਤੀ ਅੰਜੂ ਬਾਲਾ ਨੇ ਦੱਸਿਆ ਕਿ ਉਸ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਰੀਆ ਆਪਣੀ ਦਿਮਾਗੀ ਕਮਜ਼ੋਰੀ ਨੂੰ ਮਾਤ ਪਾ ਰਹੀ ਹੈ। ਉਨ੍ਹਾਂ ਦੱਸਿਆ ਕਿ ਰੀਆ ਵਰਗੇ ਬਾਕੀ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਪੜ੍ਹਾਉਣਾ ਉਸ ਲਈ ਮਾਣ ਵਾਲੀ ਗੱਲ ਹੈ।
No comments:
Post a Comment