- 82 ਰਿਸੋਰਸ ਸੈਂਟਰਾਂ 'ਚ ਚੁਣੌਤੀਗ੍ਰਸਤ 5476 ਬੱਚਿਆਂ ਨੂੰ ਦਿੱਤੀ ਜਾ ਰਹੀ ਹੈ ਵਿਸ਼ੇਸ਼ ਸਿੱਖਿਆ
ਇਸ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵਿਸ਼ੇਸ਼ ਲੋੜਾਂ ਵਾਲੇ ਵਿਦਿਅਰਥੀਆਂ ਲਈ ਸਰਕਾਰ ਵਲੋਂ 82 ਰਿਸੋਰਸ ਸੈਂਟਰ ਚਲਾਏ ਜਾ ਰਹੇ ਹਨ। ਇਨ੍ਹਾਂ ਵਿੱਚੋਂ ਇਕ ਸਪੈਸ਼ਲ ਰਿਸੋਰਸ ਸੈਂਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ), ਰੇਲਵੇ ਮੰਡੀ ਵਿਖੇ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਿਸੋਰਸ ਸੈਂਟਰਾਂ ਵਿੱਚ 5476 ਚੁਣੌਤੀਗ੍ਰਸਤ ਬੱਚੇ ਹਨ ਅਤੇ ਸਰਵ ਸਿੱਖਿਆ ਅਭਿਆਨ ਤਹਿਤ ਜਿਥੇ ਇਨ੍ਹਾਂ ਬੱਚਿਆਂ ਦਾ ਇਲਾਜ ਕਰਵਾਇਆ ਜਾਂਦਾ ਹੈ, ਉਥੇ ਸਪੈਸ਼ਲ ਟੀਚਰਾਂ ਵਲੋਂ ਇਨ੍ਹਾਂ ਨੂੰ ਸਿਖਿਅਤ ਵੀ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਵਿੱਚ 9 ਬੱਚੇ ਉਹ ਹਨ, ਜਿਹੜੇ ਪੂਰੀ ਤਰ੍ਹਾਂ ਦੇਖ ਨਹੀਂ ਸਕਦੇ, ਜਦਕਿ ਬਾਕੀ ਬੱਚਿਆਂ ਵਿੱਚ 1880 ਅੱਖਾਂ ਦੀਆਂ ਬੀਮਾਰੀਆਂ (ਲੋ ਵਿਜ਼ਨ) ਨਾਲ ਸਬੰਧਤ, 237 ਬੋਲਣ ਅਤੇ ਸੁਣਨ ਤੋਂ ਅਸਮਰੱਥ, 363 ਬੋਲ ਨਹੀਂ ਸਕਦੇ, 277 ਸਰੀਰਕ ਤੌਰ 'ਤੇ ਅਪੰਗ, 300 ਮਸਤਿਕ ਲਕਵੇ ਨਾਲ ਸਬੰਧਤ, 1363 ਮੰਦਬੁਧੀ, 794 ਸਿੱਖਣ ਤੋਂ ਅਸਮਰੱਥ, 241 ਇਕ ਤੋਂ ਵੱਧ ਅਪੰਗਤਾ ਵਾਲੇ ਅਤੇ 12 ਮਸਤ ਮਲੰਗਤਾ (ਔਟਿਜ਼ਮ) ਵਾਲੇ ਬੱਚੇ ਸ਼ਾਮਲ ਹਨ।
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਜ਼ਿਲ੍ਹਾ ਸਪੈਸ਼ਲ ਐਜੂਕੇਟਰ ਸ੍ਰੀਮਤੀ ਅੰਜੂ ਸੈਣੀ ਦੀ ਅਗਵਾਈ ਵਿੱਚ ਇਨ੍ਹਾਂ ਸਾਰੇ ਬੱਚਿਆਂ ਨੂੰ ਸਪੈਸ਼ਲ ਸਿੱਖਿਆ ਦੇਣ ਲਈ 31 ਵਿਸ਼ੇਸ਼ ਅਧਿਆਪਕ (ਆਈ.ਈ.ਆਰ.ਟੀ.), 83 ਵਲੰਟੀਅਰ (ਆਈ.ਈ.ਵੀ.) ਅਤੇ ਇਕ ਫਿਜਿਓਥਰੈਪਿਸਟ ਡਾਕਟਰ ਧੀਰਜ ਕੁਮਾਰ ਤਾਇਨਾਤ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਬੱਚਿਆਂ ਦੀ ਸਮੇਂ-ਸਮੇਂ 'ਤੇ ਜਾਂਚ ਕਰਕੇ ਸਿਹਤ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਹੱਡੀਆਂ ਤੇ ਮਸਤਿਕ ਲਕਵੇ ਨਾਲ ਸਬੰਧਤ 15 ਸਰਜਰੀਆਂ ਵੀ ਕਰਵਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਪਰਿਵਾਰ ਵਿੱਚ ਉਕਤ ਚੁਣੌਤੀਗ੍ਰਸਤ ਬੱਚੇ ਹਨ, ਤਾਂ ਉਹ ਰਿਸੋਰਸ ਸੈਂਟਰਾਂ ਵਿੱਚ ਦਾਖਲ ਕਰਵਾਉਣ ਲਈ ਸਬੰਧਤ ਪਿੰਡ ਦੇ ਸਰਕਾਰੀ ਸਕੂਲ ਵਿੱਚ ਸੰਪਰਕ ਕਰ ਸਕਦੇ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸਲਵਿੰਦਰ ਸਿੰਘ ਸਮਰਾ ਨੇ ਦੱਸਿਆ ਕਿ ਸਪੈਸ਼ਲ ਰਿਸੋਰਸ ਸੈਂਟਰ ਹੁਸ਼ਿਆਰਪੁਰ ਵਿਖੇ ਬੱਚਿਆਂ ਦੀ ਸਮੇਂ-ਸਮੇਂ 'ਤੇ ਸਿਹਤ ਜਾਂਚ ਵੀ ਕੀਤੀ ਜਾਂਦੀ ਹੈ, ਤਾਂ ਜੋ ਉਨ੍ਹਾਂ ਨੂੰ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਉਨ੍ਹਾਂ ਦੱਸਿਆ ਕਿ ਸਪੈਸ਼ਲ ਰਿਸੋਰਸ ਸੈਂਟਰ ਵਿੱਚ 41 ਬੱਚੇ ਹਨ ਅਤੇ ਇਨ੍ਹਾਂ ਬੱਚਿਆਂ ਨੂੰ ਸਪੈਸ਼ਲ ਸਿੱਖਿਆ ਮੁਹੱਈਆ ਕਰਵਾਉਣ ਦੇ ਨਾਲ-ਨਾਲ ਹੋਰ ਗਤੀਵਿਧੀਆਂ ਵੀ ਕਰਵਾਈਆਂ ਜਾ ਰਹੀਆਂ ਹਨ। ਜ਼ਿਲ੍ਹਾ ਸਪੈਸ਼ਲ ਐਜੂਕੇਟਰ ਸ੍ਰੀਮਤੀ ਅੰਜੂ ਸੈਣੀ ਨੇ ਦੱਸਿਆ ਕਿ ਸਕੂਲੀ ਸਿੱਖਿਆ ਦੇ ਨਾਲ-ਨਾਲ ਆਰਟ ਐਂਡ ਕਰਾਫ਼ਟ, ਸਪੋਰਟਸ, ਸਭਿਆਚਾਰਕ ਅਤੇ ਹੋਰ ਹਰ ਤਰ੍ਹਾਂ ਦੀ ਐਕਟੀਵਿਟੀ ਵੀ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸੈਂਟਰ ਦੇ ਬੱਚਿਆਂ ਨੇ ਨੈਸ਼ਨਲ ਅੰਜਲੀ ਫੈਸਟੀਵਲ ਭੁਵਨੇਸ਼ਰ (ਉੜੀਸਾ) ਵਿੱਚ ਵੀ ਕਾਫ਼ੀ ਸਰਾਹਨੀ ਪ੍ਰਫਾਰਮੈਂਸ ਦਿੱਤੀ ਹੈ।
No comments:
Post a Comment