- -ਰਾਜਨੀਤਿਕ, ਸਮਾਜਸੇਵੀ ਸੰਸਥਾਵਾਂ ਅਤੇ ਅਧਿਕਾਰੀਆਂ/ਮੁਲਾਜ਼ਮਾਂ ਨੇ ਸ਼ਰਮਦਾਨ ਦਿਵਸ 'ਤੇ ਬਿਨ੍ਹਾਂ ਸ਼ਰਮ ਦਫ਼ਤਰਾਂ, ਸਕੂਲਾਂ ਅਤੇ ਚੌਕਾਂ ਦੀ ਕੀਤੀ ਸਫ਼ਾਈ
- -ਕੇਂਦਰੀ ਮੰਤਰੀ ਅਤੇ ਡਿਪਟੀ ਕਮਿਸ਼ਨਰ ਨੇ ਡਾ.ਬੀ.ਆਰ. ਅੰਬੇਦਕਰ ਜੀ ਦੇ ਬੁੱਤ ਦੀ ਖੁਦ ਕੀਤੀ ਸਫ਼ਾਈ
- -'ਸਵੱਛਤਾ ਰੱਥ' ਨੂੰ ਵੀ ਦਿੱਤੀ ਹਰੀ ਝੰਡੀ
- - ਜ਼ਿਲ੍ਹਾ ਵਾਸੀ 'ਸਵੱਛਤਾ ਹੀ ਸੇਵਾ' ਪੰਦਰਵਾੜਾ ਮੁਹਿੰਮ ਨਾਲ ਕਾਰ ਸੇਵਾ ਵਾਂਗ ਜੁੜਨ : ਡਿਪਟੀ ਕਮਿਸ਼ਨਰ
ਆਪਣੇ ਸੰਬੋਧਨ ਵਿੱਚ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਪੂਰੇ ਭਾਰਤ ਵਿੱਚ 15 ਸਤੰਬਰ ਤੋਂ ਗਾਂਧੀ ਜੈਅੰਤੀ 2 ਅਕਤੂਬਰ ਤੱਕ 'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ ਸਮੁੱਚੇ ਭਾਰਤ ਵਾਸੀਆਂ ਨੂੰ ਸਫ਼ਾਈ ਕਰਨ ਦਾ ਸੰਕਲਪ ਦਿਵਾਉਣ ਲਈ ਵਿਸ਼ੇਸ਼ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਜਿਥੇ ਸਰਕਾਰੀ ਵਿਭਾਗ ਇਸ ਮੁਹਿੰਮ ਵਿੱਚ ਯੋਗਦਾਨ ਪਾ ਰਹੇ ਹਨ, ਉਥੇ ਯੂਥ ਕਲੱਬ, ਖਿਡਾਰੀ, ਮਹਿਲਾਵਾਂ, ਉਦਯੋਗਿਕ ਅਦਾਰੇ ਅਤੇ ਸੰਸਥਾਵਾਂ ਸਮੇਤ ਸਮਾਜ ਸੇਵੀ ਸੰਸਥਾਵਾਂ ਇਸ ਮੁਹਿੰਮ ਨਾਲ ਜੁੜ ਰਹੀਆਂ ਹਨ। ਉਨ੍ਹਾਂ ਕਿਹਾ ਕਿ 'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ 2 ਅਕਤੂਬਰ ਤੱਕ ਹਸਪਤਾਲਾਂ, ਪਾਰਕਾਂ, ਸਮਾਰਕਾਂ, ਬੱਸ ਅੱਡਿਆਂ, ਛੱਪੜਾਂ, ਚੌਕਾਂ ਅਤੇ ਜਨਤਕ ਪਖਾਨਿਆਂ ਆਦਿ ਨੂੰ ਸਾਫ਼-ਸੁਥਰਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਦੇਸ਼ ਦੀ ਨੁਹਾਰ ਬਦਲਣ ਲਈ ਸਮੂਹਿਕ ਇਕਜੁੱਟਤਾ ਕਾਇਮ ਕਰਦੇ ਹੋਏ ਹਰੇਕ ਨਾਗਰਿਕ ਨੂੰ ਇਸ ਦੇਸ਼ ਸੇਵਾ ਵਾਲੀ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਸ੍ਰੀ ਵਿਜੇ ਸਾਂਪਲਾ ਨੇ ਕਿਹਾ ਕਿ ਸਮੂਹ ਰਾਜਨੀਤਿਕ ਪਾਰਟੀਆਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਅਤੇ ਆਮ ਜਨਤਾ ਵੱਧ ਤੋਂ ਵੱਧ ਇਸ ਮੁਹਿੰਮ ਨਾਲ ਜੁੜਨ, ਤਾਂ ਜੋ ਦੇਸ਼ ਵਿੱਚ ਸਫ਼ਾਈ ਵਿਵਸਥਾ ਦੀ ਮਿਸਾਲ ਕਾਇਮ ਕੀਤੀ ਜਾ ਸਕੇ। ਸਮਾਗਮ ਦੌਰਾਨ ਸ੍ਰੀ ਵਿਜੇ ਸਾਂਪਲਾ ਵਲੋਂ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਕੰਪਲੈਕਸ ਦੇ ਬਾਹਰ ਪੌਦੇ ਵੀ ਲਗਾਏ ਗਏ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਵੱਧ ਤੋਂ ਵੱਧ ਲੋਕ 'ਸਵੱਛਤਾ ਹੀ ਸੇਵਾ' ਪੰਦਰਵਾੜਾ ਮੁਹਿੰਮ ਨਾਲ ਕਾਰ ਸੇਵਾ ਵਾਂਗ ਜੁੜਨ, ਤਾਂ ਜੋ ਜ਼ਿਲ੍ਹੇ ਦੀ ਨੁਹਾਰ ਬਦਲੀ ਜਾ ਸਕੇ। ਉਨ੍ਹਾਂ ਕਿਹਾ ਕਿ ਮਾਨਵਤਾ ਦੀ ਸੇਵਾ ਨਾਲ ਜੁੜੀ ਇਸ ਮੁਹਿੰਮ ਵਿੱਚ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਸਮੇਤ ਆਮ ਜਨਤਾ ਨੂੰ ਮੋਹਰੀ ਰੋਲ ਅਦਾ ਕਰਨਾ ਚਾਹੀਦਾ ਹੈ, ਤਾਂ ਜੋ ਸਫ਼ਾਈ ਵਿਵਸਥਾ ਕਾਇਮ ਕਰਕੇ ਬੀਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਕੇਵਲ ਜ਼ਿਲ੍ਹੇ ਵਿੱਚ ਹੀ ਨਹੀਂ ਪੂਰੇ ਭਾਰਤ ਵਿੱਚ ਸ਼ਰਮਦਾਨ ਦਿਵਸ ਮਨਾ ਕੇ ਭਾਰਤ ਵਾਸੀਆਂ ਨੂੰ ਸਫ਼ਾਈ ਵਿਵਸਥਾ ਨਾਲ ਜੁੜਨ ਦਾ ਸੰਦੇਸ਼ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦੌਰਾਨ ਸਰਕਾਰੀ ਦਫ਼ਤਰਾਂ ਵਿੱਚ ਹੀ ਨਹੀਂ, ਬਲਕਿ ਸਾਰੀਆਂ ਪ੍ਰਾਈਵੇਟ ਸੰਸਥਾਵਾਂ, ਉਦਯੋਗਿਕ ਅਦਾਰੇ, ਸ਼ਹਿਰਾਂ-ਕਸਬਿਆਂ, ਪਿੰਡਾਂ ਅਤੇ ਵਿਦਿੱਅਕ ਅਦਾਰਿਆਂ ਵਿੱਚ ਵੀ ਆਮ ਜਨਤਾ ਨੂੰ ਜੋੜ ਕੇ ਸਫ਼ਾਈ ਕੀਤੀ ਜਾ ਰਹੀ ਹੈ।
ਸ੍ਰੀ ਵਿਪੁਲ ਉਜਵਲ ਨੇ ਕਿਹਾ ਕਿ ਜਿਥੇ ਕਾਰਪੋਰੇਸ਼ਨ ਦਫ਼ਤਰਾਂ ਵਿੱਚ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਹਰਬੀਰ ਸਿੰਘ ਦੀ ਅਗਵਾਈ ਵਿੱਚ ਸਫ਼ਾਈ ਮੁਹਿੰਮ ਵਿੱਢੀ ਗਈ ਹੈ, ਉਥੇ ਐਸ.ਡੀ.ਐਮ. ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ ਅਤੇ ਐਸ.ਡੀ.ਐਮ. ਗੜ੍ਹਸ਼ੰਕਰ ਦੀ ਅਗਵਾਈ ਹੇਠ ਜ਼ਿਲ੍ਹੇ ਦੀਆਂ ਚਾਰੇ ਸਬ-ਡਵੀਜ਼ਨਾਂ ਵਿੱਚ ਵੀ ਵੱਡੇ ਪੱਧਰ 'ਤੇ ਸਫ਼ਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਵੀ ਬੀ.ਡੀ.ਪੀ.ਓਜ਼ ਵਲੋਂ ਪੰਚਾਇਤਾਂ ਅਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਸਫ਼ਾਈ ਮੁਹਿੰਮ ਚਲਾ ਕੇ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 'ਸਵੱਛ ਭਾਰਤ ਮਿਸ਼ਨ' ਤਹਿਤ ਪਿੰਡਾਂ ਨੂੰ ਖੁੱਲ੍ਹੇ ਵਿੱਚ ਸ਼ੋਚ ਮੁਕਤ ਕਰਨ ਲਈ ਸਰਕਾਰ ਵਲੋਂ ਮੁਫ਼ਤ ਪਖਾਨੇ ਬਣਾ ਕੇ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਵੇਂ ਇਹ ਮੁਹਿੰਮ 2 ਅਕਤੂਬਰ ਤੱਕ ਚੱਲਦੀ ਰਹੇਗੀ, ਪਰ ਜ਼ਿਲ੍ਹਾ ਵਾਸੀ ਅਤੇ ਸਰਕਾਰੀ ਅਧਿਕਾਰੀ/ਮੁਲਾਜ਼ਮ ਸਫ਼ਾਈ ਵਿਵਸਥਾ ਕਾਇਮ ਰੱਖਣ ਲਈ ਭਵਿੱਖ ਵਿੱਚ ਵੀ ਆਪਣਾ ਯੋਗਦਾਨ ਪਾਉਂਦੇ ਰਹਿਣ।
ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ੍ਰੀ ਅਮਰਜੀਤ ਸਿੰਘ, ਜਿਲ੍ਹਾ ਮਾਲ ਅਫ਼ਸਰ ਸ੍ਰੀ ਅਮਨਪਾਲ ਸਿੰਘ, ਸਹਾਇਕ ਕਰ ਤੇ ਆਬਕਾਰੀ ਕਮਿਸ਼ਨਰ ਮੈਡਮ ਹਰਦੀਪ ਭਾਂਵਰਾ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ੍ਰੀ ਹਾਕਮ ਥਾਪਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਸਲਵਿੰਦਰ ਸਿੰਘ ਸਮਰਾ, ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਜਗਦੀਸ਼ ਮਿਤਰ, ਐਕਸੀਅਨ ਵਾਰਟਰ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਸ੍ਰੀ ਅਮਰਜੀਤ ਸਿੰਘ ਗਿੱਲ, ਐਸ.ਡੀ.ਓ ਸ੍ਰੀ ਨਵਨੀਤ ਕੁਮਾਰ ਜਿੰਦਲ, ਸ੍ਰੀ ਭਾਰਤ ਭੂਸ਼ਨ ਵਰਮਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਮੁਖੀ ਅਤੇ ਮੁਲਾਜ਼ਮ ਹਜ਼ਾਰਾਂ ਦੀ ਗਿਣਤੀ ਵਿੱਚ ਹਾਜ਼ਰ ਸਨ।
No comments:
Post a Comment