- -ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨਾ ਸਾੜਨ ਦੀ ਕੀਤੀ ਅਪੀਲ
ਇਸ ਮੌਕੇ ਹਲਕਾ ਵਿਧਾਇਕਾਂ ਨੇ ਕਿਹਾ ਕਿ ਪੰਜਾਬ ਸਰਕਾਰ ਝੋਨੇ ਦਾ ਇਕ-ਇਕ ਦਾਣਾ ਮੰਡੀਆਂ ਵਿਚੋਂ ਚੁੱਕਣ ਲਈ ਵਚਨਬੱਧ ਹੈ ਅਤੇ ਕਿਸਾਨਾਂ ਨੂੰ ਕਿਸੇ ਵੀ ਕੀਮਤ 'ਤੇ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ। ਸ਼੍ਰੀ ਗਿਲਜੀਆਂ, ਡਾ. ਰਾਜ ਕੁਮਾਰ ਅਤੇ ਸ਼੍ਰੀ ਬੱਬੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਮੰਡੀਆਂ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਲਈ ਵਿਸ਼ੇਸ਼ ਸਹੂਲਤਾਂ ਦੇ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਫਸਲ ਸੁਕਾ ਕੇ ਹੀ ਮੰਡੀਆਂ ਵਿਚ ਲਿਆਉਣ, ਕਿਉਂਕਿ ਜ਼ਿਆਦਾ ਨਮੀ ਵਾਲੇ ਝੋਨੇ ਦੀ ਕਟਾਈ ਹੋਣ ਨਾਲ ਖਰੀਦ ਦੌਰਾਨ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਝੋਨੇ ਦੀ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਸਾਰੀਆਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਜ਼ਿਲ੍ਹੇ ਵਿਚ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਝੋਨੇ ਦੀ ਖਰੀਦ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਅਧਿਕਾਰੀ ਇਹ ਯਕੀਨੀ ਬਣਾਉਣ ਕਿ ਝੋਨਾ ਸਮੇਂ-ਸਿਰ ਚੁੱਕਿਆ ਜਾਵੇ ਅਤੇ ਕਿਸਾਨਾਂ ਨੂੰ ਬਣਦੀ ਰਕਮ ਸਮੇਂ-ਸਿਰ ਦਿੱਤੀ ਜਾਵੇ।
ਸ਼੍ਰੀ ਵਿਪੁਲ ਉਜਵਲ ਨੇ ਕਿਹਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਆਵੇ, ਇਸ ਲਈ ਐਸ.ਡੀ.ਐਮਜ਼ ਆਪੋ-ਆਪਣੇ ਅਧਿਕਾਰਤ ਖੇਤਰ ਵਿਚ ਆਉਂਦੀਆਂ ਮੰਡੀਆਂ ਦੀ ਨਿਗਰਾਨੀ ਕਰਨਗੇ। ਨਾਲ ਹੀ ਉਨ੍ਹਾਂ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਉਹ ਫ਼ਸਲ ਸੰਭਾਲਣ, ਮੰਡੀ ਦੇ ਰੱਖ-ਰਖਾਵ ਅਤੇ ਸਾਫ਼-ਸਫਾਈ ਲਈ ਸੁਚੱਜੇ ਪ੍ਰਬੰਧ ਕਰਨ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਫਸਟ ਏਡ ਬਾਕਸ, ਬਿਜਲੀ, ਸ਼ੈਡ ਦਾ ਪ੍ਰਬੰਧ, ਪੀਣ ਵਾਲਾ ਪਾਣੀ ਅਤੇ ਸਿਹਤ ਸਹੂਲਤਾਂ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਸ਼ਾਮ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਈਨਾਂ ਨਾਲ ਝੋਨੇ ਦੀ ਕਟਾਈ 'ਤੇ ਪਾਬੰਦੀ ਲਗਾਈ ਜਾ ਚੁੱਕੀ ਹੈ, ਇਸ ਲਈ ਐਸ.ਡੀ.ਐਮਜ਼ ਯਕੀਨੀ ਬਣਾਉਣ ਕਿ ਇਸ ਸਮੇਂ ਦੌਰਾਨ ਝੋਨੇ ਦੀ ਕਟਾਈ ਬਿਲਕੁੱਲ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਖਰੀਦ ਕੇਂਦਰਾਂ ਵਿਚ ਖਰੀਦ ਏਜੰਸੀਆਂ ਦੇ ਸੰਪਰਕ ਨੰਬਰਾਂ ਦੀ ਲਿਸਟ ਲੱਗੀ ਹੋਈ ਹੋਣੀ ਬਹੁਤ ਜ਼ਰੂਰੀ ਹੈ, ਤਾਂ ਜੋ ਲੋੜ ਪੈਣ 'ਤੇ ਕਿਸਾਨ ਸਬੰਧਤ ਏਜੰਸੀ ਨਾਲ ਰਾਬਤਾ ਕਾਇਮ ਕਰ ਸਕਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿਚ ਇਸ ਸਾਲ ਕਰੀਬ ਸਾਢੇ 4 ਲੱਖ ਮੀਟ੍ਰਿਕ ਟਨ ਝੋਨੇ ਦੀ ਆਮਦ ਦੀ ਆਸ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸੂਬਾ ਸਰਕਾਰ ਨੇ ਵੱਖ ਵੱਖ ਖਰੀਦ ਏਜੰਸੀਆਂ ਪਨਗਰੇਨ, ਮਾਰਕਫੈਡ, ਪਨਸਪ, ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ, ਪੰਜਾਬ ਐਗਰੋ ਅਤੇ ਐਫ਼.ਸੀ.ਆਈ ਨੂੰ ਪਹਿਲਾਂ ਹੀ ਉਨ੍ਹਾਂ ਦਾ ਨਿਰਧਾਰਿਤ ਕੋਟਾ ਅਲਾਟ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਖਰੀਦ ਲਈ ਇਸ ਵਾਰ 62 ਖਰੀਦ ਕੇਂਦਰ ਬਣਾਏ ਗਏ ਹਨ ਅਤੇ ਇਨ੍ਹਾਂ ਖਰੀਦ ਕੇਂਦਰਾਂ ਵਿਚ ਬਾਰਦਾਨੇ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਝੋਨਾ ਸੁਕਾ ਕੇ ਹੀ ਲਿਆਉਣ ਅਤੇ ਝੋਨੇ ਦੀ ਪਰਾਲੀ ਨੂੰ ਬਿਲਕੁੱਲ ਨਾ ਸਾੜਨ, ਕਿਉਂਕਿ ਇਸ ਨਾਲ ਵਾਤਾਵਰਣ ਦੂਸ਼ਿਤ ਹੁੰਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ।
ਇਸ ਮੌਕੇ ਏ.ਡੀ.ਸੀ (ਜ) ਸ਼੍ਰੀਮਤੀ ਅਨੁਪਮ ਕਲੇਰ, ਏ.ਡੀ.ਸੀ (ਡੀ) ਸ਼੍ਰੀ ਹਰਬੀਰ ਸਿੰਘ, ਐਸ.ਡੀ.ਐਮ. ਹੁਸ਼ਿਆਰਪੁਰ ਸ਼੍ਰੀ ਜਿਤੇਂਦਰ ਜੋਰਵਾਲ, ਐਸ.ਡੀ.ਐਮ. ਦਸੂਹਾ ਸ਼੍ਰੀ ਹਿੰਮਾਸ਼ੂ ਅਗਰਵਾਲ, ਐਸ.ਡੀ.ਐਮ ਮੁਕੇਰੀਆਂ ਸ਼੍ਰੀਮਤੀ ਕੋਮਲ ਮਿੱਤਲ, ਐਸ.ਡੀ.ਐਮ ਗੜ੍ਹਸ਼ੰਕਰ ਸ਼੍ਰੀ ਹਰਦੀਪ ਸਿੰਘ ਧਾਲੀਵਾਲ, ਸਾਬਕਾ ਹਲਕਾ ਵਿਧਾਇਕ ਸ਼੍ਰੀ ਲਵ ਕੁਮਾਰ ਗੋਲਡੀ, ਡੀ.ਐਫ.ਐਸ.ਸੀ ਸ਼੍ਰੀਮਤੀ ਰਜਨੀਸ਼ ਕੌਰ, ਜ਼ਿਲ੍ਹਾ ਮਾਲ ਅਫਸਰ ਸ਼੍ਰੀ ਅਮਨਪਾਲ ਸਿੰਘ, ਜ਼ਿਲ੍ਹਾ ਮੰਡੀ ਅਫ਼ਸਰ ਸ਼੍ਰੀ ਮੋਹਨ ਸਿੰਘ ਤੋਂ ਇਲਾਵਾ ਖਰੀਦ ਏਜੰਸੀਆਂ, ਸ਼ੈਲਰ ਐਸੋਸੀਏਸ਼ਨ, ਆੜ੍ਹਤੀਆ ਐਸੋਸੀਏਸ਼ਨ, ਲੇਬਰ/ਟਰਾਂਸਪੋਰਟ ਐਸੋਸੀਏਸ਼ਨ ਆਦਿ ਦੇ ਨੁਮਾਇੰਦੇ ਵੀ ਹਾਜ਼ਰ ਸਨ।
No comments:
Post a Comment