- ਨਹੀਂ ਲਿਆ ਦੋ ਸਾਲ ਦਾ ਵਾਧਾ
ਤਲਵਾੜਾ, 30 ਸਤੰਬਰ: ਪੰਜਾਬੀ ਦੇ ਉੱਘੇ ਨਿਬੰਧਕਾਰ, ਸਰਕਾਰੀ ਕਾਲਜ ਤਲਵਾੜਾ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਦੇ ਪ੍ਰੋਫੈਸਰ ਤੇ ਮੁਖੀ ਡਾ. ਸੁਰਿੰਦਰਪਾਲ ਸਿੰਘ ਮੰਡ ਲੰਮੀ ਤੇ ਬੇਦਾਗ ਸੇਵਾ ਉਰਪੰਤ ਸੇਵਾ ਮੁਕਤ ਹੋ ਗਏ।
ਕਾਲਜ ਵੱਲੋਂ ਉਨ੍ਹਾਂ ਨੂੰ ਇਸ ਮੌਕੇ ਨਿੱਘੀ ਵਿਦਾਇਗੀ ਦਿੱਤੀ ਗਈ। ਜਿਕਰਯੋਗ ਹੈ ਕਿ ਡਾ. ਮੰਡ ਨੇ ਸਰਕਾਰ ਵੱਲੋਂ ਦਿੱਤਾ ਜਾਂਦਾ 2 ਸਾਲ ਦਾ ਵਾਧਾ ਨਾ ਲੈਣ ਦਾ ਫ਼ੈਸਲਾ ਕੀਤਾ। ਇਸ ਮੌਕੇ ਵਿਦਾਇਗੀ ਸਮਾਗਮ ਨੂੰ ਸੰਬੋਧਨ ਕਰਦਿਆਂ ਪ੍ਰਿੰ. ਰਾਮ ਤੀਰਥ ਸਿੰਘ ਨੇ ਆਖਿਆ ਕਿ ਡਾ. ਮੰਡ ਨੇ ਪੜ੍ਹਾਉਣ ਵਿਚ ਬੇਮਿਸਾਲ ਕਾਰਗੁਜ਼ਾਰੀ ਵਿਖਾੲ. ਅਤੇ ਕਾਲਜ ਹਿੱਤ ਲਈ ਹਰ ਕੰਮ ਵਿਚ ਵਧ ਚੜ੍ਹ ਕੇ ਅਹਿਮ ਯੋਗਦਾਨ ਪਾਇਆ। ਕਾਲਜ ਵਿਚ ਤਿੰਨ ਹਜਾਰ ਦਰੱਖਤ ਲਾਉਣ ਤੇ ਪਾਲਣ ਦੀ ਜਿੰਮੇਵਾਰੀ ਨਿਭਾਉਣ ਕਾਰਨ ਉਨ੍ਹਾਂ ਡਾ. ਮੰਡ ਨੂੰ ਕਾਲਜ ਦਾ ਮਹਿੰਦਰ ਸਿੰਘ ਰੰਧਾਵਾ ਆਖਿਆ। ਡਾ. ਜਨਮੀਤ ਨੇ ਯੁਨੀਵਰਸਿਟੀ ਦੇ ਦਿਨਾਂ ਤੋਂ ਪ੍ਰੋ. ਮੰਡ ਦੀ ਲੀਡਰਸ਼ਿਪ, ਯੋਗਤਾ, ਸੁਹਿਰਦਤਾ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੀ ਲੇਖਕ ਬੇਟੀ ਮਲਿਕਾ ਮੰਡ ਦਾ ਵਿਸ਼ੇਸ਼ ਜਿਕਰ ਕੀਤਾ। ਪ੍ਰੋ. ਬਲਬੀਰ ਸਿੰਘ ਨੇ ਆਖਿਆ ਕਿ ਹਰ ਸਥਿਤੀ ਵਿਚ ਸ਼ਾਂਤ ਰਹਿ ਕੇ ਕੰਮ ਕਰਨਾ ਉਨ੍ਹਾਂ ਪ੍ਰੋ. ਮੰਡ ਤੋਂ ਸਿੱਖਿਆ ਹੈ। ਪ੍ਰੋ. ਬਖ਼ਤਾਵਰ ਸਿੰਘ ਨੇ ਡਾ. ਮੰਡ ਵੱਲੋਂ ਪਿਤਾ ਵਿਹੂਣੀਆਂ ਲੜਕੀਆਂ ਲਈ ਫ਼ੀਸਾਂ ਦਾ ਪ੍ਰਬੰਧ ਕਰਨ ਨੂੰ ਨਿਵੇਕਲਾ ਕਾਰਜ ਦੱਸਿਆ। ਪ੍ਰੋ. ਗੁਰਚਰਨ ਸਿੰਘ ਨੇ ਪ੍ਰੋ. ਮੰਡ ਨੂੰ ਕਾਲਜ ਦਾ ਰੋਲ ਮਾਡਲ ਦੱਸਦਿਆਂ ਕਿਹਾ ਕਿ ਉਨ੍ਹਾਂ ਨੂੰ ਕਿਤਾਬਾਂ ਲਿਖਣ ਦੀ ਚੇਟਕ ਲਾਉਣ ਵਿਚ ਪ੍ਰੋ. ਮੰਡ ਦੀ ਬੁਨਿਆਦੀ ਭੂਮਿਕਾ ਹੈ। ਪ੍ਰੋ. ਸੁਰਿੰਦਰ ਮੰਡ ਨੇ ਆਪਣੇ ਸੰਬੋਧਨ ਰਾਹੀਂ ਆਖਿਆ ਕਿ ਕਾਲਜ ਦੇ ਸਾਜ਼ਗਾਰ ਮਾਹੌਲ ਨੇ ਉਨ੍ਹਾਂ ਨੂੰ ਗਿਆਰਾਂ ਪੁਸਤਕਾਂ, 500 ਲੇਖ ਨਿਬੰਧ ਛਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਇਸ ਮੋਕੇ ਆਪਣੇ ਵੱਲੋਂ ਐੱਮ. ਏ. ਭਾਗ ਪਹਿਲਾ ਵਿਚੋਂ ਫਸਟ ਆਉਣ ਵਾਲੇ ਵਿਦਿਆਰਥੀਆਂ ਨੂੰ 2100 ਰੁਪਏ ਨਗਦ ਅਤੇ ਕਿਤਾਬਾਂ ਦੇਣ ਦਾ ਵਾਦਾ ਕੀਤਾ। ਕਾਲਜ ਵੱਲੋਂ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ।