-ਬਿਜਲਈ ਵੋਟਿੰਗ ਮਸ਼ੀਨਾਂ ਦੀ ਦੂਜੀ ਰੈਂਡੇਮਾਈਜੇਸ਼ਨ ਹੋਈ
- ਕਿਹਾ, ਵੀਵੀਪੈਟ ਰਾਹੀਂ ਵੋਟਰ ਨੂੰ 7 ਸੈਕੰਡ ਲਈ ਦਿਸੇਗੀ ਸਲਿਪ, ਫ਼ਿਰ ਆਪਣੇ ਆਪ ਬਾਕਸ ਵਿੱਚ ਡਿੱਗ ਪਵੇਗੀ
ਹੁਸ਼ਿਆਰਪੁਰ, 22 ਜਨਵਰੀ: ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਪਾਰਦਰਸ਼ੀ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਹਰ ਇਕ ਪਾਰਟੀ ਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੰਮ ਕਰਨਾ ਚਾਹੀਦਾ ਹੈ। ਐਸਾ ਕੋਈ ਕੰਮ ਨਾ ਕੀਤਾ ਜਾਵੇ ਜੋ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਵੱਖ ਹੋਵੇ। ਚੋਣ ਕਮਿਸ਼ਨ ਵਲੋਂ ਨਿਯੁਕਤ ਕੀਤੇ ਗਏ ਜਨਰਲ ਅਬਜ਼ਰਵਰ ਆਈ.ਏ.ਐਸ. ਸ੍ਰੀ ਸੰਜੀਵ ਭਟਨਾਗਰ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰਾਜਨੀਤਿਕ ਪਾਰਟੀਆਂ ਦੇ ਸਾਰੇ ਨੁਮਾਇੰਦਿਆਂ ਨਾਲ ਬੈਠਕ ਦੌਰਾਨ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਨਿਰਪੱਖ ਚੋਣਾਂ ਲਈ ਰਾਜਨੀਤਿਕ ਪਾਰਟੀਆਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ। ਐਸਾ ਕੋਈ ਕੰਮ ਨਾ ਕੀਤਾ ਜਾਵੇ, ਜਿਸ ਤੋਂ ਇਲੈਕਸ਼ਨ ਕਮਿਸ਼ਨ ਨੂੰ ਸਖ਼ਤ ਕਾਰਵਾਈ ਕਰਨੀ ਪਵੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵਲੋਂ ਹਰੇਕ ਪਾਰਟੀ ਲਈ ਪ੍ਰਚਾਰ ਅਤੇ ਹੋਰ ਕੰਮਾਂ ਲਈ 28 ਲੱਖ ਰੁਪਏ ਦੀ ਲਿਮਟ ਰੱਖੀ ਗਈ ਹੈ।ਸ੍ਰੀ ਭਟਨਾਗਰ ਨੇ ਕਿਹਾ ਕਿ ਸਰਕਾਰੀ ਇਮਾਰਤਾਂ ਜਾਂ ਪ੍ਰਾਪਰਟੀ 'ਤੇ ਕਿਸੇ ਵੀ ਤਰ੍ਹਾਂ ਦਾ ਪੋਸਟਰ ਜਾਂ ਪ੍ਰਚਾਰ ਸਮੱਗਰੀ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਹੈ। ਜੇ ਕਿਸੇ ਪਾਰਟੀ ਨੇ ਪ੍ਰਾਈਵੇਟ ਪ੍ਰਾਪਰਟੀ 'ਤੇ ਪ੍ਰਚਾਰ ਸਮੱਗਰੀ ਲਗਾਉਣੀ ਹੈ, ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਉਸ ਪ੍ਰਾਪਰਟੀ ਦੇ ਮਕਾਨ ਮਾਲਕ ਤੋਂ ਲਿਖਤੀ ਪ੍ਰਵਾਨਗੀ ਲੈਣੀ ਹੋਵੇਗੀ ਅਤੇ ਇਸ ਸਬੰਧੀ ਸਬੰਧਤ ਆਰ.ਓ. ਨੂੰ ਵੀ ਸੂਚਨਾ ਦੇਣੀ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਕਿਸੇ ਜਾਤੀ ਜਾਂ ਧਰਮ ਦੇ ਨਾਂ 'ਤੇ ਵੋਟ ਮੰਗਣਾ ਵੀ ਗੈਰ ਕਾਨੂੰਨੀ ਹੈ। ਇਸ ਤੋਂ ਇਲਾਵਾ ਇਸ ਤਰ੍ਹਾਂ ਦਾ ਕੋਈ ਵੀ ਪ੍ਰਚਾਰ ਨਾ ਕੀਤਾ ਜਾਵੇ, ਜਿਸ ਨਾਲ ਕਿਸੇ ਧਰਮ ਦੀਆਂ ਭਾਵਨਾਵਾ ਨੂੰ ਠੇਸ ਪਹੁੰਚਦੀ ਹੋਵੇ।
ਜਨਰਲ ਅਬਜ਼ਰਵਰ ਨੇ ਵੀਵੀਪੈਟ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਲਕਾ ਚੱਬੇਵਾਲ ਅਤੇ ਹੁਸ਼ਿਆਰਪੁਰ ਵਿੱਚ ਪਹਿਲੀ ਵਾਰ ਇਸ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਵੀਵੀਪੈਟ ਰਾਹੀਂ ਵੋਟਰ 7 ਸੈਕੰਡ ਲਈ ਉਸੇ ਵੇਲੇ ਦੇਖ ਸਕੇਗਾ ਕਿ ਉਸ ਨੇ ਕਿਸ ਨੂੰ ਵੋਟ ਪਾਈ ਹੈ ਅਤੇ ਉਸੇ ਸਮੇਂ ਇਹ ਸਲਿਪ ਆਪਣੇ ਆਪ ਬਾਕਸ ਵਿੱਚ ਡਿੱਗ ਪਵੇਗੀ। ਉਨ੍ਹਾਂ ਕਿਹਾ ਕਿ ਇਹ ਗੱਲ ਸਪੱਸ਼ਟ ਹੋ ਜਾਣੀ ਚਾਹੀਦੀ ਹੈ ਕਿ ਵੀਵੀਪੈਟ ਰਾਹੀਂ ਵੋਟ ਪਾਉਣ ਤੋਂ ਬਾਅਦ ਕੋਈ ਵੀ ਸਲਿਪ ਨਾ ਤਾਂ ਕਿਸੇ ਨੂੰ ਦਿੱਤੀ ਜਾਵੇਗੀ ਅਤੇ ਨਾ ਹੀ ਕੋਈ ਸਲਿਪ ਵੋਟਰ ਆਪਣੇ ਲਿਜਾ ਸਕੇਗਾ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਵਿੱਚ 236 ਅਤੇ ਚੱਬੇਵਾਲ ਵਿਧਾਨ ਸਭਾ ਹਲਕੇ ਵਿੱਚ 245 ਵੀਵੀਪੈਟ ਦੀ ਵਰਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 20 ਹਜ਼ਾਰ ਤੋਂ ਵੱਧ ਦੀ ਰਾਸ਼ੀ ਲਈ ਚੈਕ ਦਾ ਪ੍ਰਯੋਗ ਕੀਤਾ ਜਾਵੇ ਅਤੇ ਇਸ ਦੀ ਰਿਪੋਰਟ ਖਰਚਾ ਕਮੇਟੀ ਨੂੰ ਨਾਲ ਦੀ ਨਾਲ ਭੇਜੀ ਜਾਵੇ। ਉਨ੍ਹਾਂ ਨੇ ਸਾਰੇ ਪਾਰਟੀ ਨੁਮਾਇੰਦਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਨਿਰਪੱਖ ਚੋਣਾਂ ਕਰਵਾਉਣ ਲਈ ਸਾਰੇ ਉਮੀਦਵਾਰ ਅਧਿਕਾਰੀਆਂ ਦਾ ਸਹਿਯੋਗ ਕਰਨ।
ਇਸ ਤੋਂ ਪਹਿਲਾਂ ਜਨਰਲ ਅਬਜ਼ਰਵਰ ਸ੍ਰੀ ਸੰਜੀਵ ਭਟਨਾਗਰ ਦੀ ਦੇਖ ਰੇਖ ਅਧੀਨ ਅੱਜ ਇਥੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵਿਧਾਨ ਸਭਾ ਚੋਣਾਂ-2017 ਦੌਰਾਨ ਵਰਤੀਆਂ ਜਾਣ ਵਾਲੀਆਂ ਬਿਜਲਈ ਵੋਟਿੰਗ ਮਸ਼ੀਨਾਂ ਦੀ ਵਿਧਾਨ ਸਭਾ ਹਲਕਾ ਵਾਈਜ਼ ਦੂਜੀ ਰੈਂਡੇਮਾਈਜ਼ੇਸ਼ਨ ਕੀਤੀ ਗਈ। ਇਸ ਦੂਜੀ ਰੈਂਡੇਮਾਈਜ਼ੇਸ਼ਨ ਸਬੰਧੀ ਉਨ੍ਹਾਂ ਦਸਿਆ ਕਿ ਜ਼ਿਲ੍ਹੇ ਵਿਚ ਵਿਧਾਨ ਸਭਾ ਦੌਰਾਨ ਵਰਤੀਆਂ ਜਾਣ ਵਾਲੀਆਂ ਕੁੱਲ 1510 ਬਿਜਲਈ ਵੋਟਿੰਗ ਮਸ਼ੀਨਾਂ ਦੀ ਦੂਜੀ ਰੈਂਡੇਮਾਈਜ਼ੇਸ਼ਨ ਕੀਤੀ ਗਈ ਹੈ। ਇਸ ਦੂਜੀ ਰੈਂਡੇਮਾਈਜ਼ੇਸ਼ਨ ਉਪਰੰਤ ਇਹ ਸਪਸ਼ਟ ਹੋ ਗਿਆ ਹੈ ਕਿਸ ਪੋਲਿੰਗ ਬੂਥ 'ਤੇ ਕਿਹੜੀ ਮਸ਼ੀਨ (ਕੰਟਰੋਲ ਯੂਨਿਟ ਤੇ ਬੈਲਟ ਯੂਨਿਟ) ਇਸਤੇਮਾਲ ਕੀਤੀ ਜਾਵੇਗੀ। ਹਲਕਾ ਵਾਈਜ਼ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ 240 ਮੁਕੇਰੀਆਂ, ਗੜ੍ਹਸ਼ੰਕਰ 227, ਹੁਸ਼ਿਆਰਪੁਰ 200, ਚੱਬੇਵਾਲ 203, ਦਸੂਹਾ 213, ਉੜਮੁੜ 214 ਅਤੇ 213 ਸ਼ਾਮਚੁਰਾਸੀ ਵਿਧਾਨ ਸਭਾ ਹਲਕੇ ਦੇ ਬੂਥਾਂ ਲਈ ਬਿਜਲਈ ਵੋਟਿੰਗ ਮਸ਼ੀਨਾਂ ਦਾ ਇਸਤੇਮਾਲ ਹੋਵੇਗਾ।
ਇਸ ਮੌਕੇ ਰਿਟਰਨਿੰਗ ਅਫ਼ਸਰ-ਕਮ-ਐਸ.ਡੀ.ਐਮ. ਹੁਸ਼ਿਆਰਪੁਰ ਸ੍ਰੀ ਜਿਤੇਂਦਰ ਜੋਰਵਰ, ਰਿਟਰਨਿੰਗ ਅਫ਼ਸਰ ਉੜਮੁੜ-ਕਮ-ਜਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀਮਤੀ ਜੀਵਨਜਗਜੋਤ ਕੌਰ, ਰਿਟਰਨਿੰਗ ਅਫ਼ਸਰ ਸ਼ਾਮਚੁਰਾਸੀ-ਕਮ-ਜਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਦਿਨੇਸ਼ ਕੁਮਾਰ ਵਸ਼ਿਸ਼ਟ, ਤਹਿਸੀਲਦਾਰ ਚੋਣਾਂ ਸ੍ਰੀ ਕਰਨੈਲ ਸਿੰਘ ਸਮੇਤ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਮੌਜੂਦ ਸਨ।
No comments:
Post a Comment