ਤਲਵਾੜਾ ਸ਼ਾਹ ਨਹਿਰ ਵਿਚ ਸੈਂਟਰੋ ਕਾਰ ਡਿਗਣ ਨਾਲ ਨਣਾਨ, ਭਾਬੀ ਤੇ ਤਿੰਨ ਬੱਚਿਆਂ ਦੀ ਮੌਤ
- ਕਾਰ ਚਾਲਕ ਹਰੀਸ਼ ਨੂੰ ਰਾਹਗੀਰਾਂ ਦੀ ਮਦਦ ਨਾਲ ਬਾਹਰ ਕੱਢਿਆ
ਤਲਵਾੜਾ, 30 ਜੁਲਾਈ : ਤਲਵਾੜਾ ਸ਼ਹਿਰ ਦੇ ਨਜਦੀਕ ਨਿਕਲਦੀ ਸ਼ਾਹ ਨਹਿਰ ਵਿਚ ਇਕ ਸੈਟਰੋ ਕਾਰ ਡਿਗਣ ਕਾਰਨ ਤਿੰਨ ਬੱਚਿਆਂ ਤੇ ਦੋ ਔਰਤਾਂ ਦੀ ਦਰਦਨਾਕ ਮੌਤ ਦੀ ਖ਼ਬਰ ਨਾਲ ਹਾਹਾਕਾਰ ਮੱਚ ਗਈ ਅਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ। ਇਸ ਕਾਰ ਵਿਚ 6 ਵਿਅਕਤੀ ਸਵਾਰ ਸਨ। ਇਸ ਮੰਦਭਾਗੀ ਸੈਂਟਰੋ ਕਾਰ ਪੀ ਬੀ 65 ਐੱਚ 2399 ਨੂੰ ਹਰੀਸ਼ ਕੁਮਾਰ ਪੁੱਤਰ ਸ਼੍ਰੀ ਬਲਬੀਰ ਸਿੰਘ ਵਾਸੀ ਰਾਮਨੰਗਲ ਚਲਾ ਰਿਹਾ ਸੀ, ਜੋ ਕਿ ਆਪਣੀ ਭੈਣ ਸੁਮਨ ਪਤਨੀ ਸਵ. ਸੰਦੀਪ ਠਾਕੁਰ ਨੂੰ ਆਪਣੇ ਪੇਕੇ ਘਰ ਰਾਮਨੰਗਲ ਤੋਂ ਉਸਦੇ ਸਹੁਰੇ ਘਰ ਪਿੰਡ ਚਾਟਾ (ਧਮੇਟਾ) ਹਿਮਾਚਲ ਵਿਖੇ ਛੱਡਣ ਜਾ ਰਹੇ ਸਨ। ਸੁਮਨ ਕਰੀਬ ਤਿੰਨ ਦਿਨ ਪਹਿਲਾਂ ਆਪਣੇ ਬੱਚਿਆਂ ਨਾਲ ਪੇਕੇ ਘਰ ਆਈ ਸੀ। ਪਰ ਉਸਨੂੰ ਨਹੀਂ ਪਤਾ ਸੀ ਕਿ ਉਹ ਆਪਣੇ ਪਰਿਵਾਰ ਸਮੇਤ ਵਾਪਸ ਕਦੇ ਵੀ ਆਪਣੇ ਸਹੁਰੇ ਘਰ ਨਹੀਂ ਪਰਤ ਸਕੇਗੀ।
ਜਿਕਰਯੋਗ ਹੈ ਕਿ ਸੁਮਨ ਦੇ ਪਤੀ ਦੀ ਵੀ ਲਗਭਗ 2 ਮਹੀਨੇ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਅਜੇ ਪਰਿਵਾਰ ਦੇ ਹੰਝੂ ਸੁੱਕੇ ਵੀ ਨਹੀਂ ਸਨ ਕਿ ਇਹ ਭਾਣਾ ਵਰਤ ਗਿਆ। ਇਸ ਕਾਰ ਵਿਚ ਹਰੀਸ਼ ਦੀ ਭਰਜਾਈ ਅਰੁਨਾ 32 ਸਾਲ ਪਤਨੀ ਸਤੀਸ਼ ਕੁਮਾਰ, ਭੈਣ ਸੁਮਨ 38 ਸਾਲ, ਸੁਮਨ ਦੇ ਤਿੰਨ ਬੱਚੇ ਜਿਨਾਂ ਵਿਚ 2 ਲੜਕੀਆਂ ਸ਼ਿਵਾਨੀ 12 ਸਾਲ, ਤਨੁ 9 ਸਾਲ ਅਤੇ ਪੁੱਤਰ ਨੰਨੂ 9 ਸਾਲ ਸਵਾਰ ਸਨ। ਸੂਤਰਾਂ ਅਨੁਸਾਰ ਜਿਉਂ ਹੀ ਇਹ ਕਾਰ ਨਗਰ ਪੰਚਾਇਤ ਤਲਵਾੜਾ ਦੇ ਸ਼ਾਹ ਨਹਿਰ ਰੋਡ ਦੇ ਨਜ਼ਦੀਕ ਬਣੇ ਵਾਟਰ ਵਰਕਸ ਦੇ ਕੋਲ ਪਹੁੰਚੀ ਤਾਂ ਕਾਰ ਚਾਲਕ ਹਰੀਸ਼ ਲੰਬੇ ਸਮੇਂ ਤੋਂ ਟੁੱਟੀ ਹੋਈ ਸੜਕ ਤੇ ਪਏ ਡੂੰਘੇ ਖੱਡਿਆਂ ਕਾਰਨ ਗੱਡੀ ਦਾ ਵਿਗੜ ਗਿਆ ਅਤੇ ਕਾਰ ਨਹਿਰ ਵਿਚ ਜਾ ਗਿਰੀ। ਨਹਿਰ ਵਿਚ ਕਾਰ ਡਿੱਗਣ ਨਾਲ ਹੀ ਡਰਾਇਵਰ ਸਾਈਡ ਵਾਲਾ ਦਰਵਾਜਾ ਖੁਲ ਗਿਆ ਅਤੇ ਕਾਰ ਚਾਲਕ ਹਰੀਸ਼ ਨਹਿਰ ਵਿਚ ਡਿਗ ਪਿਆ, ਜਿਸ ਨੂੰ ਰਾਹਗੀਰਾਂ ਦੀ ਮਦਦ ਨਾਲ ਬਾਹਰ ਕੱਢ ਲਿਆ ਗਿਆ ਅਤੇ ਤੁੰਰਤ ਬੀ.ਬੀ.ਐਮ.ਬੀ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜੋ ਕਿ ਜੇਰੇ ਇਲਾਜ ਹੈ।
ਕਾਰ ਨੂੰ ਨਹਿਰ ਵਿਚੋਂ ਬਾਹਰ ਕੱਢਣ ਲਈ ਡੀ. ਐੱਸ. ਗਿੱਲ ਐੱਸ. ਪੀ. ਹੈੱਡਕੁਆਟਰ, ਧਰੁਵ ਦਾਹੀਆ ਏ. ਐੱਸ. ਪੀ. ਦਸੂਹਾ, ਡਾ. ਨਾਨਕ ਸਿੰਘ ਏ.ਐਸ.ਪੀ. ਮੁਕੇਰੀਆਂ, ਜਲ ਖੇਡ ਕੇਂਦਰ ਪੌਂਗ ਝੀਲ ਦੀ ਟੀਮ ਵੱਲੋਂ ਭਾਰੀ ਮਸ਼ੱਕਤ ਮਗਰੋਂ ਕਾਰ ਨੂੰ ਨਹਿਰ ਵਿਚੋਂ ਬਾਹਰ ਕੱਢਿਆ ਗਿਆ ਅਤੇ ਲਾਸ਼ਾਂ ਕਾਰ ਵਿਚ ਹੀ ਫਸੀਆਂ ਹੋਈਆਂ ਸਨ। ਮ੍ਰਿਤਕਾਂ ਦੀਆਂ ਲਾਸ਼ਾਂ ਖਾਸ ਕਰ ਬੱਚਿਆਂ ਵੱਲ ਵੇਖ ਕੇ ਮਾਹੌਲ ਬੇਹੱਦ ਸੋਗਮਈ ਹੋ ਗਿਆ।ਵਰਣਨਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਵੀ ਇਸ ਨਹਿਰ ਵਿਚ 2 ਵਾਰ ਅਜਿਹੇ ਵੱਡ ਹਾਦਸੇ ਵਾਪਰ ਚੁੱਕੇ ਹਨ। ਪਰ ਸ਼ਾਹ ਨਹਿਰ ਬੈਰਾਜ ਨੂੰ ਜਾਣ ਵਾਲੀ ਸੜਕ ਦੀ ਖਸਤਾ ਹਾਲਤ ਨਿਤ ਇਹੋ ਜਿਹੇ ਹਾਦਸਿਆਂ ਨੂੰ ਜਨਮ ਦੇ ਰਹੀ ਹੈ। ਪਤਾ ਨਹੀਂ ਸਰਕਾਰ ਕਿਸੇ ਹੋਰ ਅਣਸੁਖਾਵੀਂ ਇਸ ਤੋਂ ਵੱਡੀ ਘਟਨਾ ਦਾ ਇੰਤਜ਼ਾਰ ਕਰ ਰਿਹਾ ਹੈ। ਵੱਖ ਵੱਖ ਰਾਜਸੀ ਅਤੇ ਧਾਰਮਿਕ ਸਮਾਜਿਕ ਆਗੂਆਂ ਵੱਲੋਂ ਪੰਜਾਬ ਸਰਕਾਰ ਤੋਂ ਪੁਰਜੋਰ ਮੰਗ ਹੈ ਕਿ ਸ਼ਾਹ ਨਹਿਰ ਬੈਰਾਜ ਨੂੰ ਜਾਂਦੀ ਸੜਕ ਬਣਾਈ ਜਾਵੇ ਅਤੇ ਨਹਿਰ ਦੇ ਕਿਨਾਰੇ ਰੋਕਾਂ ਲਗਾਈਆਂ ਜਾਣ ਤਾਂ ਜੋ ਅਜਿਹਾ ਹਾਦਸਾ ਮੁੜ ਨਾ ਵਾਪਰ ਸਕੇ। ਇਸ ਘਟਨਾ ਵਾਲੀ ਥਾਂ ਤੇ ਪ੍ਰਦੀਪ ਸਿੰਘ ਐਸ.ਐਚ.ਓ ਤਲਵਾੜਾ, ਪ੍ਰਮੋਦ ਕੁਮਾਰ ਐਸ.ਐਚ.ਓ ਹਾਜੀਪੁਰ, ਪ੍ਰੇਮ ਕੁਮਾਰ ਐਸ.ਐਚ.ਓ ਮੁਕੇਰੀਆਂ, ਡਾ. ਅਮਰਜੀਤ ਸਿੰਘ, ਡਾ. ਸ਼ੋਭਨਾ ਸੋਨੀ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਮੋਜੂਦ ਸਨ।
No comments:
Post a Comment