- ਹਲਕਾ ਵਿਧਾਇਕ, ਡਿਪਟੀ ਕਮਿਸ਼ਨਰ, ਐਸ.ਐਸ.ਪੀ. ਸਮੇਤ ਅਹਿਮ ਸ਼ਖਸ਼ੀਅਤਾਂ ਨੇ ਦਿੱਤੀ ਭਾਵ-ਭਿੰਨੀ ਸ਼ਰਧਾਂਜਲੀ
ਹੁਸ਼ਿਆਰਪੁਰ, 3 ਮਾਰਚ:
ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ ਦੌਰਾਨ ਜੰਮੂ-ਕਸ਼ਮੀਰ ਦੇ ਜ਼ਿਲ੍ਹਾ ਸ਼ੋਪੀਆ ਵਿਖੇ ਅੱਤਵਾਦੀਆਂ ਨਾਲ ਮੁਠਭੇੜ ਦੌਰਾਨ ਗੋਲੀ ਲੱਗਣ ਨਾਲ ਸ਼ਹੀਦ ਹੋਏ ਥਾਣਾ ਹਾਜੀਪੁਰ ਅਧੀਨ ਪੈਂਦੇ ਪਿੰਡ
ਸਰਿਆਣਾ ਨਿਵਾਸੀ ਗਨਰ ਅਰਵਿੰਦਰ ਕੁਮਾਰ ਦਾ ਸੈਨਿਕ ਸਨਮਾਨਾਂ ਨਾਲ ਅੱਜ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਹ ਭਾਰਤੀ ਫੌਜ ਵਿੱਚ 15 ਮੀਡੀਅਮ ਰੈਜ਼ੀਮੈਂਟ ਵਿੱਚ 26 ਜੂਨ 2012 ਨੂੰ ਭਰਤੀ ਹੋਏ ਸਨ ਅਤੇ ਹੁਣ 34-ਆਰ.ਆਰ. (ਰਾਸ਼ਟਰੀਅ ਰਾਈਫਲ) ਯੂਨਿਟ ਵਿੱਚ ਗਨਰ/ਸਿਪਾਹੀ ਵਜੋਂ ਡਿਊਟੀ ਨਿਭਾਅ ਰਹੇ ਸਨ।
ਅੰਤਿਮ ਸਸਕਾਰ ਦੌਰਾਨ ਹਲਕਾ ਵਿਧਾਇਕ ਮੁਕੇਰੀਆਂ ਸ੍ਰੀ ਰਜਨੀਸ਼ ਕੁਮਾਰ ਬੱਬੀ, ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ, ਐਸ.ਐਸ.ਪੀ. ਸ੍ਰੀ ਜੇ. ਏਲਨਚੇਲੀਅਨ ਨੇ ਮ੍ਰਿਤਕ ਦੇਹ 'ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਹਲਕਾ ਵਿਧਾਇਕ ਸ੍ਰੀ ਰਜਨੀਸ਼ ਕੁਮਾਰ ਬੱਬੀ ਨੇ ਕਿਹਾ ਕਿ ਸ਼ਹੀਦ ਅਰਵਿੰਦਰ ਕੁਮਾਰ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕੀਤੀ ਹੈ, ਜਿਸ ਲਈ ਦੇਸ਼ ਅਤੇ ਪੰਜਾਬ ਰਾਜ ਹਮੇਸ਼ਾ ਉਨ੍ਹਾਂ ਦਾ ਰਿਣੀ ਰਹੇਗਾ। ਉਨ੍ਹਾਂ ਅਰਦਾਸ ਕੀਤੀ ਕਿ ਪ੍ਰਮਾਤਮਾ ਸ਼ਹੀਦ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਉਨ੍ਹਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿਚ ਪੰਜਾਬ ਸਰਕਾਰ ਪੀੜਤ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਖੜ੍ਹੀ ਹੈ ਅਤੇ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਵੀ
ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਉਨ੍ਹਾਂ ਦੁੱਖ ਪ੍ਰਗਟਾਉਂਦਿਆਂ ਕਿਹਾ ਕਿ ਸ਼ਹੀਦੀ ਪ੍ਰਾਪਤ ਕਰਨਾ ਹਰੇਕ ਦੇ ਹਿੱਸੇ ਨਹੀਂ ਆਉਂਦਾ, ਇਸ ਲਈ ਸ਼ਹੀਦ ਅਰਵਿੰਦਰ ਕੁਮਾਰ ਦਾ ਨਾਂਅ ਇਤਿਹਾਸ ਦੇ ਸੁਨਹਿਰੀ ਪੰਨਿਆਂ 'ਤੇ ਲਿਖਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਪੀੜਤ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।
ਸ਼ਹੀਦ ਅਰਵਿੰਦਰ ਕੁਮਾਰ ਨੂੰ ਐਸ.ਡੀ.ਐਮ. ਸ੍ਰੀ ਹਿਮਾਂਸ਼ੂ ਅਗਰਵਾਲ, ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਕਰਨਲ (ਰਿਟਾ: ) ਸ੍ਰੀ ਦਲਵਿੰਦਰ ਸਿੰਘ ਤੋਂ ਇਲਾਵਾ ਜ਼ਿਲ੍ਹੇ ਦੀਆਂ ਅਹਿਮ ਸ਼ਖਸ਼ੀਅਤਾਂ ਨੇ ਵੀ ਸ਼ਰਧਾਂਜਲੀ ਭੇਟ ਕੀਤੀ। ਜ਼ਿਕਰਯੋਗ ਹੈ ਕਿ ਸ਼ਹੀਦ ਅਰਵਿੰਦਰ ਕੁਮਾਰ ਪਿਛਲੇ ਦਿਨੀਂ ਸੁਰੱਖਿਆ ਬਲਾਂ ਵਲੋਂ ਚਲਾਏ ਗਏ ਵਿਸ਼ੇਸ਼ ਆਪ੍ਰੇਸ਼ਨ ਦੌਰਾਨ ਅੱਤਵਾਦੀਆਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋ ਗਏ ਸਨ। ਇਸ ਆਪ੍ਰੇਸ਼ਨ ਦੌਰਾਨ ਸੁਰੱਖਿਆਂ ਬਲਾਂ ਦੇ 2 ਹੋਰ ਜਵਾਨ ਸਿਪਾਹੀ ਹੇਤ ਰਾਮ (ਬੀਕਾਨੇਰ, ਰਾਜਸਥਾਨ) ਅਤੇ ਗਨਰ ਨਿਤੇਸ਼ ਸਿੰਘ ਨਿਵਾਸੀ (ਸੁਲਤਾਨਪੁਰ, ਯੂ.ਪੀ.) ਵੀ ਸ਼ਹੀਦ ਹੋ ਗਏ ਸਨ।
ਸ਼ਹੀਦ ਅਰਵਿੰਦਰ ਕੁਮਾਰ ਆਪਣੇ ਪਿਛੇ ਮਾਤਾ-ਪਿਤਾ, ਚਾਰ ਵੱਡੀਆਂ ਭੈਣਾਂ ਅਤੇ ਇਕ ਭਰਾ ਛੱਡ ਗਏ ਹਨ। ਉਨ੍ਹਾਂ ਦਾ ਛੋਟਾ ਭਰਾ ਵੀ ਸੈਨਿਕ ਦੇ ਤੌਰ 'ਤੇ ਦੇਸ਼ ਦੀ ਸੇਵਾ ਕਰ ਰਿਹਾ ਹੈ। ਪਰਿਵਾਰ ਮੁਤਾਬਕ ਅਰਵਿੰਦਰ ਕੁਮਾਰ ਦੇ ਵਿਆਹ ਦੀ ਗੱਲ ਵੀ ਚੱਲ ਰਹੀ ਸੀ, ਪਰ ਇਸ ਤੋਂ ਪਹਿਲਾਂ ਹੀ ਉਹ ਦੇਸ਼ ਲਈ ਕੁਰਬਾਨ ਹੋ ਗਏ।
No comments:
Post a Comment