- ਹਲਕਾ ਵਿਧਾਇਕ ਡਾ. ਰਾਜ ਕੁਮਾਰ ਅਤੇ ਡਿਪਟੀ ਕਮਿਸ਼ਨਰ ਨੇ 24 ਘੰਟੇ ਸੁਵਿਧਾ ਦੇਣ ਵਾਲੀ ਵਿਸ਼ੇਸ਼ ਮੁਹਿੰਮ ਦਾ ਕੀਤਾ ਆਗਾਜ਼
- 'ਮੰਡੀ 'ਚ ਮੰਜੀ' ਵਰਗੀ ਮੁਹਿੰਮ ਸੂਬੇ 'ਚ ਨਿਵੇਕਲੀ ਪਹਿਲ : ਡਾ. ਰਾਜ ਕੁਮਾਰ
- ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਕਣਕ ਦੇ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 18 ਅਪ੍ਰੈਲ ( ) : ਕਿਸਾਨਾਂ ਨੂੰ ਮੰਡੀਆਂ ਵਿਚ 24 ਘੰਟੇ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਨ ਅਤੇ ਸਾਰਾ ਦਿਨ ਦੇ ਥੱਕੇ-ਟੁੱਟੇ ਕਿਸਾਨਾਂ ਦੇ ਆਰਾਮ ਲਈ 'ਮੰਡੀ 'ਚ ਮੰਜੀ' ਨਾਮਕ ਇਕ ਵਿਸ਼ੇਸ਼ ਮੁਹਿੰਮ ਦਾ ਆਗਾਜ਼ ਚੱਬੇਵਾਲ ਮੰਡੀ ਤੋਂ ਕੀਤਾ ਗਿਆ ਹੈ। ਇਹ ਮੁਹਿੰਮ ਸੂਬੇ ਵਿਚੋਂ ਪਹਿਲੀ ਨਿਵੇਕਲੀ ਕਿਸਮ ਦੀ ਮੁਹਿੰਮ ਹੈ।
'ਮੰਡੀ 'ਚ ਮੰਜੀ' ਮੁਹਿੰਮ ਦਾ ਆਗਾਜ਼ ਹਲਕਾ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਚੱਬੇਵਾਲ ਖਰੀਦ ਕੇਂਦਰ ਤੋਂ ਅੱਜ ਕਰ ਦਿੱਤਾ ਹੈ। ਆਪਣੇ ਵਿਧਾਇਕੀ ਭੱਤੇ ਵਿਚੋਂ ਯੋਗਦਾਨ ਪਾ ਕੇ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਹਲਕਾ ਵਿਧਾਇਕ ਡਾ. ਰਾਜ ਕੁਮਾਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਸਹਿਯੋਗ ਨਾਲ ਇਸ ਸਕੀਮ ਜ਼ਰੀਏ ਕਿਸਾਨਾਂ ਦੀ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਅਤੇ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਡੀਆਂ ਵਿਚ ਫਸਲ ਲਿਆਉਣ ਤੋਂ ਬਾਅਦ ਕਿਸਾਨਾਂ ਨੂੰ ਅਦਾਇਗੀ, ਲਿਫਟਿੰਗ, ਬਾਰਦਾਨੇ, ਸਿਹਤ, ਪੀਣ ਵਾਲੇ ਪਾਣੀ ਸਮੇਤ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝਣਾ ਨਹੀਂ ਪਵੇਗਾ, ਬਲਕਿ ਇਨ੍ਹਾਂ ਸਮੱਸਿਆਵਾਂ ਦਾ ਹੱਲ 'ਮੰਡੀ 'ਚ ਮੰਜੀ' ਮੁਹਿੰਮ ਤਹਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਹੈਲਪਲਾਈਨ ਨੰਬਰ 98766-70000, 90418-98460 ਸ਼ੁਰੂ ਕੀਤੇ ਗਏ ਹਨ ਅਤੇ ਕਿਸਾਨ ਕਿਸੇ ਵੀ ਸਮੱਸਿਆ ਲਈ ਇਨ੍ਹਾਂ ਨੰਬਰਾਂ 'ਤੇ ਫੋਨ ਕਰਕੇ ਆਪਣੀ ਮੁਸ਼ਕਿਲ ਦੱਸ ਸਕਦੇ ਹਨ।
ਹਲਕਾ ਵਿਧਾਇਕ ਨੇ ਕਿਹਾ 'ਮੰਡੀ 'ਚ ਮੰਜੀ' ਮੁਹਿੰਮ ਸੂਬੇ ਵਿਚੋਂ ਇਕ ਨਿਵੇਕਲੀ ਪਹਿਲ ਹੋਵੇਗੀ ਅਤੇ ਇਸ ਮੁਹਿੰਮ ਜ਼ਰੀਏ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸਿਹਤ ਸਹੂਲਤਾਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ, ਜਿਸ ਲਈ ਪੈਰਾ ਮੈਡੀਕਲ ਸਟਾਫ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ 24 ਘੰਟੇ ਐਮਰਜੈਂਸੀ ਲਈ ਇਕ ਐਬੂਲੈਂਸ ਦੀ ਸਹੂਲਤ ਵੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਚੱਬੇਵਾਲ ਹਲਕੇ ਦੀਆਂ ਤਿੰਨੋਂ ਮੰਡੀਆਂ ਲਈ ਫਾਇਰ ਬ੍ਰਿਗੇਡ ਦੀ ਸਹੂਲਤ ਵੀ 24 ਘੰਟੇ ਲਈ ਹੋਵੇਗੀ, ਤਾਂ ਜੋ ਅੱਗ ਲੱਗਣ ਦੀਆਂ ਘਟਨਾਵਾਂ ਨਾਲ ਤੁਰੰਤ ਨਜਿੱਠਿਆ ਜਾ ਸਕੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ, ਪੰਜਾਬ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਅਸਲੀ ਹਮਦਰਦ ਹਨ ਅਤੇ ਉਨ੍ਹਾਂ ਮੰਡੀਆਂ ਵਿਚ ਕਿਸਾਨਾਂ ਨੂੰ ਹਰ ਸਹੂਲਤ ਪ੍ਰਦਾਨ ਕਰਨ ਲਈ ਪਹਿਲਾਂ ਹੀ ਨਿਰਦੇਸ਼ ਦਿੱਤੇ ਹੋਏ ਹਨ, ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿਚ ਰੁਲਣਾ ਨਾ ਪਵੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਇਕ-ਇਕ ਦਾਣਾ ਚੁੱਕਣ ਲਈ ਪੱਬਾਂ ਭਾਰ ਹੈ ਅਤੇ ਕਿਸਾਨਾਂ ਨੂੰ ਕਣਕ ਦੇ ਸੀਜ਼ਨ ਦੌਰਾਨ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਲਕਾ ਚੱਬੇਵਾਲ ਦੀ ਮੰਡੀ ਲਈ ਸੜਕਾਂ, ਫੜ ਅਤੇ ਹੋਰ ਸਹੂਲਤਾਂ ਲਈ ਕਰੀਬ 2 ਕਰੋੜ ਰੁਪਏ ਖਰਚੇ ਜਾਣਗੇ। ਇਸ ਤੋਂ ਇਲਾਵਾ ਸਿੰਚਾਈ ਲਈ 30 ਟਿਊਬਵੈਲ ਵੀ ਪੰਜਾਬ ਸਰਕਾਰ ਵਲੋਂ ਇਸ ਹਲਕੇ ਵਿਚ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਸ ਸਾਲ ਵਿਚ 4250 ਕਰੋੜ ਰੁਪਏ ਦੇ ਕਿਸਾਨੀ ਕਰਜ਼ੇ ਮਾਫ ਕੀਤੇ ਜਾਣਗੇ, ਜਦਕਿ ਹਲਕਾ ਚੱਬੇਵਾਲ ਦੇ 357 ਕਿਸਾਨਾਂ ਦਾ ਕਰੀਬ 2 ਕਰੋੜ ਰੁਪਏ ਤੱਕ ਦੀ ਰਾਸ਼ੀ ਦਾ ਕਰਜ਼ਾ ਮਾਫ ਕਰ ਦਿੱਤਾ ਗਿਆ ਹੈ ਅਤੇ ਜਲਦੀ ਹੀ ਹੋਰ ਲੋੜਵੰਦ ਕਿਸਾਨਾਂ ਅਤੇ ਮਜ਼ਦੂਰਾਂ ਦਾ ਕਰਜ਼ਾ ਮਾਫ ਕੀਤਾ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਕਣਕ ਦੀ ਪਰਾਲੀ/ਨਾੜ ਨਾ ਸਾੜਨ ਦੀ ਅਪੀਲ ਵੀ ਕੀਤੀ।
ਡਾ. ਰਾਜ ਕੁਮਾਰ ਨੇ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਲਈ ਪ੍ਰੇਰਦਿਆਂ ਕਿਹਾ ਕਿ ਸਰਕਾਰ ਵਲੋਂ ਬਜਟ ਵਿਚ 100 ਕਰੋੜ ਰੁਪਏ ਫਸਲਾਂ ਦੀ ਰਹਿੰਦ-ਖੂੰਹਦ ਸੰਭਾਲਣ ਲਈ ਰੱਖੇ ਗਏ ਹਨ ਅਤੇ ਆਰ.ਬੀ.ਆਈ ਤੋਂ 18 ਕਰੋੜ ਰੁਪਏ ਦੀ ਸੀ.ਸੀ. ਲਿਮਟ ਨੂੰ ਵੀ ਪ੍ਰਵਾਨਗੀ ਮਿਲ ਗਈ ਹੈ, ਜਿਸ ਨਾਲ ਕਣਕਾਂ ਦਾ ਵਕਤੀ ਭੁਗਤਾਨ ਹੋ ਸਕੇਗਾ। ਉਨ੍ਹਾਂ ਕਿਹਾ ਕਿ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ ਵੀ 1753 ਟਨ ਕੀਤਾ ਗਿਆ ਹੈ, ਜੋ ਪਿਛਲੇ ਸਾਲ ਨਾਲੋਂ 110 ਰੁਪਏ ਵੱਧ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਵਿਪੁਲ ਉਜਵਲ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਜ਼ਿਲ੍ਹੇ ਦੀਆਂ 62 ਮੰਡੀਆਂ ਵਿਚ ਕਣਕ ਦੇ ਸੀਜ਼ਨ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੱਬੇਵਾਲ ਮੰਡੀ ਵਿਚ ਪਿਛਲੇ ਸਾਲ 1 ਲੱਖ, 25 ਹਜ਼ਾਰ ਕੁਇੰਟਲ ਕਣਕ ਦੀ ਖਰੀਦ ਹੋਈ ਸੀ, ਜਦਕਿ ਇਸ ਵਾਰ 10 ਫੀਸਦੀ ਵਧੇਰੇ ਆਮਦ ਹੋਣ ਦੀ ਆਸ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 1500 ਕੁਇੰਟਲ ਕਣਕ ਮੰਡੀ ਵਿਚ ਪਹੁੰਚ ਚੁੱਕੀ ਹੈ।
ਸ਼੍ਰੀ ਵਿਪੁਲ ਉਜਵਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਮੰਡੀਆਂ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀਆਂ ਵਿਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਣਕ ਦੀ ਖਰੀਦ ਤੋਂ ਲੈਕੇ ਸਮੇ-ਸਿਰ ਲਿਫਟਿੰਗ ਅਤੇ ਅਦਾਇਗੀ ਯਕੀਨੀ ਬਣਾਈ ਜਾਵੇਗੀ, ਜਦਕਿ ਕਿਸਾਨਾਂ ਨੂੰ ਬਾਰਦਾਨੇ ਦੀ ਵੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਇਸ ਮੌਕੇ ਐਸ.ਡੀ.ਐਮ. ਸ਼੍ਰੀ ਜਿਤੇਂਦਰ ਜੋਰਵਾਲ, ਸੱਕਤਰ ਸ਼੍ਰੀ ਵਿਕਰਮਜੀਤ ਸਿੰਘ, ਡਾ. ਪੰਕਜ ਕੁਮਾਰ, ਸਰਪੰਚ ਚੱਬੇਵਾਲ ਸ਼੍ਰੀ ਸ਼ਿਵ ਰੰਜਨ, ਸਰਪੰਚ ਅੱਤੋਵਾਲ ਸ਼੍ਰੀ ਸੱਤ ਪ੍ਰਕਾਸ਼, ਸ਼੍ਰੀ ਜਸਵਾਲ ਸਿੰਘ, ਡਾ. ਜਤਿੰਦਰ ਕੁਮਾਰ, ਐਸ.ਐਮ.ਓ ਡਾ. ਖਰਬੰਦਾ, ਸ਼੍ਰੀ ਸਰਬਜੀਤ ਸਿੰਘ, ਸ਼੍ਰੀ ਮਹਿੰਦਰ ਸਿੰਘ, ਸ਼੍ਰੀ ਦਲਜੀਤ ਸਹੋਤਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।
No comments:
Post a Comment