- ਸਾਂਝੀ ਰਸੋਈ' 'ਚ ਖਾਣਾ ਖਾਣ ਵਾਲੇ ਵਿਅਕਤੀਆਂ ਦੀ ਗਿਣਤੀ 1 ਲੱਖ ਤੋਂ ਵੱਧ ਹੋਈ
- ਹਲਕਾ ਵਿਧਾਇਕ ਸੁੰਦਰ ਸ਼ਾਮ ਅਰੋੜਾ ਅਤੇ ਡਾ. ਰਾਜ ਕੁਮਾਰ ਬਣੇ ਸਮਰਪਣ ਦੇ ਮੈਂਬਰ
- ਸਮਰਪਣ' ਪ੍ਰੋਜੈਕਟ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਨਿਵੇਕਲੀ ਪਹਿਲ : ਅਰੋੜਾ, ਡਾ. ਰਾਜ ਕੁਮਾਰ
- ਦਾਨੀ-ਸੱਜਣਾਂ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੀ ਬਦਲੇਗੀ ਨੁਹਾਰ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 10 ਅਪ੍ਰੈਲ :
ਜ਼ਿਲ੍ਹਾ ਪ੍ਰਸ਼ਾਸ਼ਨ ਹੁਸ਼ਿਆਰਪੁਰ ਵਲੋਂ ਸ਼ੁਰੂ ਕੀਤੇ ਗਏ 'ਸਮਰਪਣ' ਪ੍ਰੋਜੈਕਟ ਨੂੰ ਦਿਨੋਂ-ਦਿਨ ਕਾਮਯਾਬੀ ਮਿਲ ਰਹੀ ਹੈ, ਜਿਸ ਸਦਕਾ ਹੁਣ ਤੱਕ 15 ਹਜ਼ਾਰ ਤੋਂ ਵੱਧ ਦਾਨੀ-ਸੱਜਣ ਸਮਰਪਣ ਦੇ ਮੈਂਬਰ ਬਣ ਚੁੱਕੇ ਹਨ। ਇਨ੍ਹਾਂ ਮੈਂਬਰਾਂ ਵਿਚ ਜਿੱਥੇ ਐਨ.ਆਰ.ਆਈਜ਼, ਮੰਤਰੀ ਸਹਿਬਾਨ, ਹਲਕਾ ਵਿਧਾਇਕ, ਪੱਤਰਕਾਰ ਸਹਿਬਾਨ ਸ਼ਾਮਿਲ ਹਨ, ਉਥੇ ਆਮ ਜਨਤਾ, ਅਧਿਆਪਕ ਵਰਗ, ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਾਚਾਰੀ ਵੀ ਸ਼ਾਮਿਲ ਹਨ।
ਹਲਕਾ ਵਿਧਾਇਕ ਹੁਸ਼ਿਆ੍ਰਪੁਰ ਸ਼੍ਰੀ ਸੁੰਦਰ ਸ਼ਾਮ ਅਰੋੜਾ ਅਤੇ ਹਲਕਾ ਵਿਧਾਇਕ ਚੱਬੇਵਾਲ ਡਾ. ਰਾਜ ਕੁਮਾਰ ਵੀ ਸਮਰਪਣ ਦੇ ਮੈਂਬਰ ਬਣ ਗਏ ਹਨ। ਸਮਰਪਣ ਦੀ ਮੈਂਬਰਸ਼ਿਪ 'ਤੇ ਖੁਸ਼ੀ ਜ਼ਾਹਿਰ ਕਰਦਿਆਂ ਸ਼੍ਰੀ ਅਰੋੜਾ ਅਤੇ ਡਾ. ਰਾਜ ਕੁਮਾਰ ਨੇ ਕਿਹਾ ਕਿ ਇਹ ਪ੍ਰੋਜੈਕਟ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਨਿਵੇਕਲੀ ਪਹਿਲ ਹੈ ਅਤੇ ਵੱਧ ਤੋਂ ਵੱਧ ਦਾਨੀ-ਸੱਜਣਾਂ ਨੂੰ ਸਮਰਪਣ ਦੇ ਮੈਂਬਰ ਬਣਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸਾਂਝੀ ਰਸੋਈ ਪ੍ਰੋਜੈਕਟ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵਲੋਂ ਸੂਬਾ ਵਾਸੀਆਂ ਨੂੰ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ, ਉਥੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਨੂੰ ਸੁਚਾਰੂ ਢੰਗ ਨਾਲ ਲਾਗੂ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਸਮਰਪਣ ਪ੍ਰੋਜੈਕਟ ਬਾਰੇ ਦੱਸਦਿਆਂ ਕਿਹਾ ਕਿ ਦਾਨੀ-ਸੱਜਣਾਂ ਦੇ ਸਹਿਯੋਗ ਨਾਲ 'ਸਮਰਪਣ' ਰਾਹੀਂ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਦਾਨੀ-ਸੱਜਣਾਂ ਦਾ ਧੰਨਵਾਦ ਪ੍ਰਗਟਾਉਂਦਿਆਂ ਦੱਸਿਆ ਕਿ 15 ਹਜ਼ਾਰ ਤੋਂ ਵੱਧ ਵਿਅਕਤੀ 'ਸਮਰਪਣ' ਦੇ ਮੈਂਬਰ ਬਣ ਚੁੱਕੇ ਹਨ ਅਤੇ ਇਹ ਪ੍ਰੋਜੈਕਟ ਇਕ ਜਨ ਮੁਹਿੰਮ ਦਾ ਰੂਪ ਧਾਰ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਅਧਿਆਪਕਾਂ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਮੈਂਬਰ ਬਣਾਏ ਜਾ ਰਹੇ ਹਨ ਅਤੇ ਦਾਨੀ-ਸੱਜਣਾਂ ਦੇ ਸਹਿਯੋਗ ਸਦਕਾ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾਵੇਗੀ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਵੱਧ ਤੋਂ ਵੱਧ ਦਾਨੀ ਸੱਜਣ 'ਸਮਰਪਣ' ਤਹਿਤ ਰੋਜ਼ਾਨਾ ਇਕ ਰੁਪਏ ਦੇ ਹਿਸਾਬ ਨਾਲ 365 ਰੁਪਏ ਦਾ ਯੋਗਦਾਨ ਪਾ ਸਕਦੇ ਹਨ।
'ਸਾਂਝੀ ਰਸੋਈ' ਪ੍ਰੋਜੈਕਟ ਬਾਰੇ ਦੱਸਦਿਆਂ ਸ਼੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਹੁਣ ਤੱਕ 'ਸਾਂਝੀ ਰਸੋਈ' ਵਿੱਚ 1,12,202 ਵਿਅਕਤੀ ਕੇਵਲ 10 ਰੁਪਏ ਵਿੱਚ ਪੌਸ਼ਟਿਕ ਖਾਣਾ ਖਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਵਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਇਸ ਪ੍ਰੋਜੈਕਟ ਲਈ 430 ਦਾਨੀ ਸੱਜਣਾਂ ਵਲੋਂ ਸਹਿਯੋਗ ਦਿੱਤਾ ਗਿਆ ਹੈ, ਜਦਕਿ 185 ਦਾਨੀ ਸੱਜਣਾਂ ਵਲੋਂ ਆਪਣੇ ਵਿਸ਼ੇਸ਼ ਦਿਨ 'ਸਾਂਝੀ ਰਸੋਈ' ਵਿੱਚ ਬੁੱਕ ਕਰਵਾ ਕੇ ਮਨਾਏ ਗਏ ਹਨ। ਉਨ੍ਹਾਂ ਦੱਸਿਆ ਕਿ ਦਾਨੀ ਸੱਜਣਾਂ ਵਲੋਂ ਕਰੀਬ 25,05,770 ਰੁਪਏ ਦਾ ਯੋਗਦਾਨ ਦਿੱਤਾ ਜਾ ਚੁੱਕਾ ਹੈ, ਜਿਸ ਨਾਲ ਲੋੜਵੰਦ ਵਿਅਕਤੀਆਂ ਨੂੰ ਰੋਜ਼ਾਨਾ ਦੁਪਹਿਰ ਦਾ ਭੋਜਨ ਕੇਵਲ 10 ਰੁਪਏ ਵਿੱਚ ਖੁਆਇਆ ਜਾ ਰਿਹਾ ਹੈ।
No comments:
Post a Comment