- ਕਿਹਾ, ਯੋਜਨਾ ਦਾ ਲਾਭ ਲੈਣ ਲਈ 20 ਅਪ੍ਰੈਲ ਤੱਕ ਪੀ.ਐਸ.ਪੀ.ਸੀ.ਐਲ. ਦੇ ਦਫ਼ਤਰਾਂ ਵਿਖੇ ਜਮ੍ਹਾਂ ਕਰਵਾਏ ਜਾ ਸਕਦੇ ਹਨ ਫਾਰਮ
ਹੁਸ਼ਿਆਰਪੁਰ, 11 ਅਪ੍ਰੈਲ:
ਸਰਕਾਰ ਵਲੋਂ ਸ਼ੁਰੂ ਕੀਤੀ ਗਈ 'ਪ੍ਰਧਾਨ ਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ' (ਸੌਭਾਗਿਆ, ਐਸ.ਏ.ਯੂ.ਬੀ.ਐਚ.ਏ.ਜੀ.ਵਾਈ.ਏ.) ਰਾਹੀਂ ਲੋੜਵੰਦਾਂ ਤੱਕ ਬਿਜਲੀ ਕੁਨੈਕਸ਼ਨ ਦੇਣ ਦਾ ਟੀਚਾ ਮਿੱਥਿਆ ਗਿਆ ਹੈ। ਇਸ ਤਹਿਤ ਜਿਨ੍ਹਾਂ ਘਰਾਂ ਵਿੱਚ ਕਿਸੇ ਕਾਰਨ ਵੀ ਅਜੇ ਤੱਕ ਬਿਜਲੀ ਦਾ ਕੁਨੈਕਸ਼ਨ ਨਹੀਂ ਮਿਲਿਆ ਹੈ , ਉਹ 20 ਅਪ੍ਰੈਲ ਤੱਕ ਪੰਜਾਬ ਰਾਜ ਬਿਜਲੀ ਬੋਰਡ (ਪੀ.ਐਸ.ਪੀ.ਸੀ.ਐਲ.) ਦੇ ਸਬ ਡਵੀਜਨਾਂ ਵਿੱਚ ਫਾਰਮ ਜਮ੍ਹਾਂ ਕਰਵਾ ਸਕਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ 'ਪ੍ਰਧਾਨ ਮੰਤਰੀ ਸਹਿਜ ਬਿਜਲੀ ਹਰ ਘਰ ਯੋਜਨਾ' ਰਾਹੀਂ ਦੇਸ਼ ਦੇ ਹਰ ਘਰ ਤੱਕ ਬਿਜਲੀ ਪਹੁੰਚਾਉਣ ਲਈ ਜ਼ਮੀਨੀ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹਰ ਜ਼ਰੂਰਤਮੰਦ ਘਰ ਤੱਕ ਬਿਜਲੀ ਕੁਨੈਕਸ਼ਨ ਪਹੁੰਚਾਉਣ ਲਈ ਸਾਲ 2011 ਦੇ ਸਮਾਜਿਕ, ਆਰਥਿਕ ਅਤੇ ਜਾਤੀ ਜਨਗਣਨਾ ਨੂੰ ਆਧਾਰ ਮੰਨਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਜ਼ਰੂਰਤਮੰਦਾਂ ਦਾ ਇਸ ਸੂਚੀ ਵਿੱਚ ਨਾਮ ਨਹੀਂ ਹੈ, ਉਹ ਵੀ ਮਹਿਜ਼ 500 ਰੁਪਏ ਵਿੱਚ ਆਪਣਾ ਕੁਨੈਕਸ਼ਨ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਜ਼ਰੂਰਤਮੰਦਾਂ ਨੂੰ ਇਸ ਸਕੀਮ ਦਾ ਲਾਭ ਦੇਣ ਲਈ 500 ਰੁਪਏ ਦੀ ਇਹ ਰਾਸ਼ੀ 10 ਅਸਾਨ ਕਿਸ਼ਤਾਂ ਵਿੱਚ ਅਦਾ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਹਰ ਜ਼ਰੂਰਤਮੰਦ ਘਰ ਤੱਕ ਪਿੰਡਾਂ ਅਤੇ ਦੂਰ ਦਰਾਜ਼ ਖੇਤਰਾਂ ਵਿੱਚ ਬਿਜਲੀ ਕੁਨੈਕਸ਼ਨ ਪਹੁੰਚਾਉਣ ਲਈ ਦਸੰਬਰ 2018 ਦਾ ਟੀਚਾ ਰੱਖਿਆ ਗਿਆ ਹੈ। ਇਸ ਮਿਥੇ ਸਮੇਂ ਤੱਕ ਹਰ ਘਰ ਵਿੱਚ ਬਿਜਲੀ ਕੁਨੈਕਸ਼ਨ ਪਹੁੰਚਾਉਣ ਲਈ ਕੰਮ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ।
ਸ੍ਰੀ ਵਿਪੁਲ ਉਜਵਲ ਨੇ ਦੱਸਿਆ ਕਿ ਇਸ ਯੋਜਨਾ ਅਧੀਨ ਕੇਵਲ ਜ਼ਰੂਰਤਮੰਦਾਂ ਘਰਾਂ ਵਿੱਚ ਬਿਜਲੀ ਦਾ ਕੁਨੈਕਸ਼ਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਘਰ ਬਿਜਲੀ ਵਿਭਾਗ ਵਲੋਂ ਕਿਸੇ ਕਾਰਨ ਡਿਫਾਲਟਰ ਕਰਾਰ ਦਿੱਤੇ ਗਏ ਹਨ, ਉਨ੍ਹਾਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ। ਉਨ੍ਹਾਂ ਜ਼ਰੂਰਤਮੰਦ ਲਾਭਪਾਤਰੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਸਕੀਮ ਅਨੁਸਾਰ ਬਿਜਲੀ ਕੁਨੈਕਸ਼ਨ ਲੈਣ ਲਈ ਆਪਣਾ ਵੋਟਰ ਕਾਰਡ, ਪੈਨ ਕਾਰਡ, ਆਧਾਰ ਕਾਰਡ, ਪਹਿਚਾਣ ਪੱਤਰ ਅਤੇ ਫੋਟੋ, ਬੈਂਕ ਖਾਤੇ ਦੀ ਕਾਪੀ ਅਤੇ ਡਰਾਈਵਿੰਗ ਲਾਈਸੰਸ ਵਿਚੋਂ ਕੋਈ ਦਸਤਾਵੇਜ਼ ਲੈ ਕੇ ਪੀ.ਐਸ.ਪੀ.ਸੀ.ਐਲ. ਦੇ ਲੋਕਲ ਅਤੇ ਸਬ ਡਵੀਜ਼ਨ ਦਫ਼ਤਰਾਂ ਵਿੱਚ ਪਹੁੰਚ ਕਰ ਸਕਦੇ ਹਨ।
No comments:
Post a Comment