-ਡਿਪਟੀ ਕਮਿਸ਼ਨਰ ਨੇ ਸ਼ੁੱਭ ਇਛਾਵਾਂ ਨਾਲ ਕੀਤੀ ਸ਼ੁਰੂਆਤ
ਦਸੂਹਾ, 7 ਮਾਰਚ: ਯੁਵਕ ਸੇਵਾਵਾਂ ਵਿਭਾਗ ਪੰਜਾਬ ਵਲੋਂ ਜ਼ਿਲ੍ਹਾ ਪੱਧਰੀ ਦੋ ਰੋਜ਼ਾ ਯੁਵਕ ਮੇਲਾ ਅੱਜ ਗੁਰੂ ਤੇਗ ਬਹਾਦਰ ਖਾਲਸਾ ਕਾਲਜ (ਲੜਕੀਆਂ) ਦਸੂਹਾ ਵਿਖੇ ਸ਼ਾਨੋ ਸ਼ੌਕਤ ਨਾਲ ਸ਼ੁਰੂ ਹੋਇਆ ਅਤੇ ਇਸ ਮੇਲੇ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਨੌਜਵਾਨਾਂ ਨੂੰ ਸ਼ੁੱਭ ਇਛਾਵਾਂ ਦਿੰਦਿਆਂ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਯੁਵਕ ਮੇਲੇ ਵਰਗੇ ਉਪਰਾਲਿਆਂ ਸਦਕਾ ਵਿਦਿਆਰਥੀਆਂ ਅੰਦਰ ਲੁਕੀਆਂ ਕਲਾਵਾਂ ਬਾਹਰ ਨਿਕਲਦੀਆਂ ਹਨ ਅਤੇ ਉਨ੍ਹਾਂ ਦੀ ਸਖਸ਼ੀਅਤ ਵਿੱਚ ਹੋਰ ਵਾਧਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਲਈ ਅਜਿਹੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਹਨ, ਕਿਉਂਕਿ ਇਨ੍ਹਾਂ ਉਪਰਾਲਿਆ ਸਦਕਾ ਹੀ ਨੌਜਵਾਨ ਦੇਸ਼ ਦੇ ਵੱਖ-ਵੱਖ ਸਭਿਆਚਾਰ ਅਤੇ ਸੰਸਕ੍ਰਿਤੀ ਬਾਰੇ ਜਾਣੂ ਹੁੰਦੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਜਿਥੇ ਦੇਸ਼ ਪ੍ਰਤੀ ਆਪਣੀ ਜਿੰਮੇਵਾਰੀ ਬਾਰੇ ਗਿਆਨ ਹੁੰਦਾ ਹੈ, ਉਥੇ ਉਨ੍ਹਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਮਾਰਗ ਦਰਸ਼ਨ ਵੀ ਮਿਲਦਾ ਹੈ। ਸ੍ਰੀਮਤੀ ਮਿਤਰਾ ਨੇ ਅਪੀਲ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਯੁਵਕ ਮੇਲਿਆਂ ਦਾ ਹਿੱਸਾ ਵੀ ਬਣਨਾ ਚਾਹੀਦਾ ਹੈ।
ਮੇਲੇ ਦੇ ਪਹਿਲੇ ਦਿਨ ਕਰੀਬ 14 ਕਾਲਜਾਂ ਦੇ 250 ਯੁਵਕਾਂ ਨੇ ਹਿੱਸਾ ਲਿਆ ਅਤੇ ਇਸ ਮੌਕੇ ਗਿੱਧਾ, ਭੰਗੜਾ, ਰਿਵਾਇਤੀ ਲੋਕ ਕਲਾ ਮੁਕਾਬਲੇ ਤੇ ਰਿਵਾਇਤੀ ਪੰਜਾਬੀ ਪਹਿਰਾਵਾ ਮੁੱਖ ਆਕਰਸ਼ਣ ਰਹੇ। ਰਿਵਾਇਤੀ ਲੋਕ ਕਲਾ ਮੁਕਾਬਲੇ ਵਿੱਚ ਛਿੱਕੂ, ਨਾਲੇ, ਫੁਲਕਾਰੀ, ਪੀੜੀ, ਪੱਖੀ, ਵਿਅਰਥ ਵਸਤੂਆਂ ਤੋਂ ਸਦਉਪਯੋਗੀ ਚੀਜਾਂ ਬਣਾਉਣੀਆਂ ਸ਼ਾਮਲ ਸਨ।
ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ੍ਰੀ ਪ੍ਰੀਤ ਕੋਹਲੀ ਨੇ ਵੀ ਸੰਬੋਧਨ ਕਰਦਿਆਂ ਨੌਜਵਾਨਾਂ ਨੂੰ ਯੁਵਕ ਮੇਲੇ ਵਿੱਚ ਪੂਰੇ ਉਤਸ਼ਾਹ ਨਾਲ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਸ੍ਰੀਮਤੀ ਨਰਿੰਦਰ ਕੌਰ ਘੁੰਮਣ, ਡਾ. ਰੁਪਿੰਦਰਜੀਤ ਗਿੱਲ, ਡਾ. ਜਸਵੰਤ ਸਿੰਘ, ਸ੍ਰੀ ਜੈਕਬ ਤੇਜਾ, ਡਾ. ਅਮਰਜੀਤ ਕੌਰ ਕਾਲਕਟ, ਕਾਲਜ ਦੇ ਡੀਨ ਵਿਦਿਆਰਥੀ ਭਲਾਈ ਅਤੇ ਪ੍ਰਸ਼ਾਸ਼ਨ ਡਾ. ਰੁਪਿੰਦਰ ਰੰਧਾਵਾ, ਪ੍ਰਿੰਸੀਪਲ ਡਾ. ਗੀਤਾ ਸੈਣੀ, ਪ੍ਰਿੰਸੀਪਲ ਡਾ. ਸੁਰਜੀਤ ਬਾਜਵਾ, ਜੁਆਇੰਟ ਸਕੱਤਰ ਜੀ.ਟੀ.ਬੀ. ਐਜੂਕੇਸ਼ਨ ਟਰੱਸਟ ਸ੍ਰੀ ਜਗਦੀਸ਼ ਸਿੰਘ ਰੰਧਾਵਾ, ਸ੍ਰੀ ਭੁਪਿੰਦਰ ਸਿੰਘ ਰੰਧਾਵਾ, ਸ੍ਰੀ ਨਵਰੀਤ ਸਿੰਘ ਰੰਧਾਵਾ, ਸ੍ਰੀਮਤੀ ਸੁੰਦਰ ਪਾਲ ਕੌਰ, ਪਿੰ੍ਰਸੀਪਲ ਡਾ. ਸ਼ਬਨਮ ਸੈਣੀ, ਸ੍ਰੀ ਮਾਨਵ ਸੈਣੀ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਵਿਦਿਆਰਥੀ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।
No comments:
Post a Comment