-ਜਿਲ੍ਹਾ ਪ੍ਰਸ਼ਾਸ਼ਨ ਨੇ ਫੂਡ ਕਰਾਫ਼ਟ ਇੰਸਟੀਚਿਊਟ ਵਿਖੇ ਮਨਾਇਆ ਜਿਲ੍ਹਾ ਪੱਧਰੀ ਅੰਤਰ ਰਾਸ਼ਟਰੀ ਮਹਿਲਾ ਦਿਵਸ
ਹੁਸ਼ਿਆਰਪੁਰ, 8 ਮਾਰਚ: ਭਾਰਤੀ ਸਮਾਜ ਵਿੱਚ ਇਸਤਰੀ ਅਤੇ ਪੁਰਸ਼ ਨੂੰ ਸਮਾਨ ਅਧਿਕਾਰ ਪ੍ਰਾਪਤ ਹਨ। ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਵੀ ਕਦਮ ਨਾਲ ਕਦਮ ਮਿਲਾ ਕੇ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਰਹੀਆਂ ਹਨ। ਹੁਣ ਲੋੜ ਕੇਵਲ ਸੋਚ ਨੂੰ ਬਦਲਣ ਦੀ ਹੈ।
ਸਾਨੂੰ ਆਪਣੇ ਘਰ ਅਤੇ ਪਰਿਵਾਰਕ ਸਮੱਸਿਆਵਾਂ ਵਿੱਚ ਮਹਿਲਾਵਾਂ ਦੀ ਰਾਏ ਨੂੰ ਪਹਿਲ ਦੇਣੀ ਚਾਹੀਦੀ ਹੈ, ਤਾਂ ਜੋ ਮਹਿਲਾਵਾਂ ਨੂੰ ਵੀ ਆਪਣੇ ਸਨਮਾਨ ਦਾ ਅਹਿਸਾਸ ਮਹਿਸੂਸ ਹੋਵੇ। ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਫੂਡ ਕਰਾਫ਼ਟ ਇੰਸਟੀਚਿਊਟ, ਰਾਮ ਕਲੋਨੀ ਕੈਂਪ ਵਿਖੇ ਅੰਤਰ ਰਾਸ਼ਟਰੀ ਮਹਿਲਾ ਦਿਵਸ 'ਤੇ ਕਰਵਾਏ ਗਏ ਵਿਸ਼ੇਸ਼ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਪਹਿਲ ਅਤੇ ਸਨਮਾਨ ਦੇਣ ਦੀ ਸ਼ੁਰੂਆਤ ਸਾਨੂੰ ਆਪਣੇ ਘਰ ਅਤੇ ਪਰਿਵਾਰ ਤੋਂ ਕਰਨੀ ਚਾਹੀਦੀ ਹੈ। ਬੱਚੀ ਦੇ ਜਨਮ ਸਮੇਂ ਸਾਨੂੰ ਓਨੀ ਹੀ ਖੁਸ਼ੀ ਮਨਾਉਣੀ ਚਾਹੀਦੀ ਹੈ, ਜਿੰਨੀ ਕਿਸੇ ਪਰਿਵਾਰ ਵਿੱਚ ਲੜਕੇ ਦੇ ਜੰਮਣ 'ਤੇ ਮਨਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਮਾਜ ਨੂੰ ਆਪਣਾ ਦ੍ਰਿਸ਼ਟੀਕੋਣ ਬਦਲਣ ਦੀ ਲੋੜ ਹੈ। ਜਦੋਂ ਅਸੀਂ ਘਰ ਅਤੇ ਪਰਿਵਾਰ ਤੋਂ ਮਹਿਲਾਵਾਂ ਨੂੰ ਸਨਮਾਨ ਦੇਣਾ ਸ਼ੁਰੂ ਕਰ ਦੇਵਾਂਗੇ, ਤਾਂ ਸਮਾਜ ਵਿੱਚ ਵੀ ਉਨ੍ਹਾਂ ਨੂੰ ਵਿਸ਼ੇਸ਼ ਸਨਮਾਨ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ 'ਤੇ ਵੀ ਮਹਿਲਾਵਾਂ ਦਾ ਸਨਮਾਨ ਵਧਿਆ ਹੈ ਅਤੇ ਮਹਿਲਾਵਾਂ ਵਿੱਚ ਆਪਣੇ ਹੱਕਾਂ ਦੀ ਰਾਖੀ ਲਈ ਜਾਗਰੂਕਤਾ ਵਧੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਵੀ ਲਿੰਗ ਅਨੁਪਾਤ ਵਿੱਚ ਵਾਧਾ ਕਰਨ ਅਤੇ ਬੱਚੀਆਂ ਦਾ ਸਨਮਾਨ ਕਰਨ ਲਈ ਹਰ ਇੱਕ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਬੱਚੀਆਂ ਲਈ ਵਿਸ਼ੇਸ਼ ਤੌਰ 'ਤੇ ਪਖਾਨੇ ਬਣਾਏ ਗਏ ਹਨ। ਇਸ ਤੋਂ ਇਲਾਵਾ ਮਹਿਲਾਵਾਂ ਲਈ ਹਰ ਖੇਤਰ ਵਿੱਚ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ, ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਕੋਈ ਸਮੱਸਿਆ ਨਾ ਆਵੇ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਆਂਗਣਵਾੜੀ ਟਰੇਨਿੰਗ ਸੈਂਟਰ ਦੇ ਸੈਲਫ਼ ਹੈਲਪ ਗਰੁੱਪ ਵਲੋਂ ਤਿਆਰ ਕੀਤੇ ਗਏ ਸਮਾਨ ਨੂੰ ਦੇਖਿਆ ਅਤੇ ਮਹਿਲਾਵਾਂ ਦਾ ਉਤਸ਼ਾਹ ਵਧਾਇਆ।ਇਸ ਦੌਰਾਨ ਸੀ.ਜੇ.ਐਮ.-ਕਮ-ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਰਵੀ ਗੁਲਾਟੀ, ਸਹਾਇਕ ਕਮਿਸ਼ਨਰ (ਜ) ਸ੍ਰੀਮਤੀ ਨਵਨੀਤ ਕੌਰ ਬੱਲ, ਜਿਲ੍ਹਾ ਟਰਾਂਸਪੋਰਟ ਅਫ਼ਸਰ ਸ੍ਰੀਮਤੀ ਜੀਵਨਜਗਜੋਤ ਕੌਰ, ਜਿਲ੍ਹਾ ਪ੍ਰੋਗਰਾਮ ਅਫ਼ਸਰ ਡਾ. ਕੁਲਦੀਪ ਸਿੰਘ, ਮਹਿਲਾ ਸਬਇੰਸਪੈਕਟਰ ਮਨਮੀਤ ਕੌਰ, ਐਡਵੋਕੇਟ ਆਰਤੀ ਸ਼ਰਮਾ, ਪ੍ਰਿੰਸੀਪਲ ਸਰਕਾਰੀ ਕਾਲਜ ਟਾਂਡਾ ਰਜਿੰਦਰ ਕੌਰ, ਰਾਸ਼ਟਰੀ ਬਾਲ ਸੁਰੱਖਿਆ ਕਾਰਜਕ੍ਰਮ ਦੀ ਨੋਡਲ ਅਫ਼ਸਰ ਡਾ. ਗੁਨਦੀਪ ਕੌਰ ਨੇ ਮਹਿਲਾਵਾਂ ਦੇ ਅਧਿਕਾਰ, ਸਨਮਾਨ ਅਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਲਈ ਮਹਿਲਾਵਾਂ ਵਲੋਂ ਦਿੱਤੇ ਜਾਣ ਵਾਲੇ ਸਹਿਯੋਗ ਦੀ ਵਿਸਥਾਰ ਨਾਲ ਜਾਣਕਾਰੀ ਦਿੰਦੇ ਹੋਏ ਮਹਿਲਾਵਾਂ ਨੂੰ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਪਿੰਡ ਡੱਲਾ, ਦੂਬਰਜੀ, ਡੱਲੇਵਾਲ, ਨੌਸ਼ਹਿਰਾ, ਚੱਕਗੁਜਰਾਂ ਅਤੇ ਮੌਲਾ ਦੀਆਂ ਪੰਚਾਇਤਾਂ ਨੂੰ ਸਵੱਛ ਭਾਰਤ ਮਿਸ਼ਨ ਤਹਿਤ ਪਿੰਡਾਂ ਵਿੱਚ ਵਿਸ਼ੇਸ਼ ਉਪਰਾਲੇ ਕਰਨ ਲਈ ਮਹਿਲਾ ਸਰਪੰਚਾਂ ਨੂੰ ਵਿਸ਼ੇਸ਼ ਤੌਰ 'ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਵੀ ਕੀਤਾ। ਸਮਾਗਮ ਦੌਰਾਨ ਪੈਰਮਾਊਂਟ ਮਾਡਰਨ ਸਕੂਲ ਦੀਆਂ ਬੱਚੀਆਂ ਵਲੋਂ ਸਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਸੁਪਰਵਾਈਜ਼ਰ ਰਵਿੰਦਰ ਕੌਰ ਨੇ ਬਾਖੂਬੀ ਨਿਭਾਈ।
ਉਧਰ, ਅੰਤਰ ਰਾਸ਼ਟਰੀ ਮਹਿਲਾ ਦਿਵਸ 'ਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੀ ਮਹਿਲਾ ਅਧਿਕਾਰੀ ਅਤੇ ਕਰਮਚਾਰੀਆਂ ਦੀ ਸਿਹਤ ਦੀ ਜਾਂਚ ਲਈ ਵਿਸ਼ੇਸ਼ ਤੌਰ 'ਤੇ ਮੈਡੀਕਲ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਚੈਕਅਪ ਕਰਕੇ ਜ਼ਰੂਰਤ ਅਨੁਸਾਰ ਦਵਾਈਆਂ ਵੀ ਮੁਹੱਈਆ ਕਰਵਾਈਆਂ ਗਈਆਂ।
ਇਸ ਦੌਰਾਨ ਸੋਨੀਕਾ, ਸਰਬਜੀਤ, ਰਾਜਵਿੰਦਰ ਕੌਰ ਅਤੇ ਅੰਜੂ ਸ਼ਰਮਾ ਨੂੰ ਸਫ਼ਾਈ ਵਿਵਸਥਾ ਵੱਲ ਲੋਕਾਂ ਨੂੰ ਜੋੜਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਲਈ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ 'ਤੇ ਐਸ.ਈ. ਵਾਟਰ ਸਪਲਾਈ ਕੁਲਵੰਤ ਸਿੰਘ ਸੈਣੀ, ਜਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਜਗਦੀਸ਼ ਮਿਤਰ, ਜਿਲ੍ਹਾ ਭਲਾਈ ਅਫ਼ਸਰ ਕਮਲਜੀਤ ਰਾਜੂ, ਐਕਸੀਅਨ ਵਿਜੇ ਕੁਮਾਰ, ਪ੍ਰਿੰਸੀਪਲ ਫੂਡ ਕਰਾਫ਼ਟ ਇੰਸਟੀਚਿਊਟ ਡਾ. ਏ ਜਗਨਨਾਥਨ, ਸਰਪੰਚ ਬਲਬੀਰ ਕੌਰ ਠੰਡਲ ਸਮੇਤ ਵੱਖ-ਵੱਖ ਪਿੰਡਾਂ ਦੇ ਪੰਚ-ਸਰਪੰਚ ਮੌਜੂਦ ਸਨ।
No comments:
Post a Comment