-ਸੜਕ ਦੁਰਘਟਨਾਵਾਂ 'ਤੇ ਨਕੇਲ ਕੱਸਣ ਲਈ ਸਖ਼ਤੀ ਨਾਲ ਟਰੈਫਿਕ ਪੁਲਿਸ ਕੱਟੇਗੀ ਚਲਾਨ
ਹੁਸ਼ਿਆਰਪੁਰ, 9 ਮਾਰਚ:ਓਵਰ ਸਪੀਡ ਕਾਰਨ ਹੋਣ ਵਾਲੀਆਂ ਸੜਕ ਦੁਰਘਟਨਾਵਾਂ 'ਤੇ ਕਾਬੂ ਪਾਉਣ ਲਈ ਵਿਭਾਗ ਵਲੋਂ ਠੋਸ ਕਦਮ ਚੁਕਦੇ ਹੋਏ ਜਿਲ੍ਹੇ ਵਿੱਚੋਂ ਲੰਘਣ ਵਾਲੇ ਰਾਸ਼ਟਰੀ, ਸਟੇਟ ਅਤੇ ਲਿੰਕ ਸੜਕਾਂ ਉਤੇ ਇੰਟਰਸੈਪਟਰ ਵੈਨ ਤਾਇਨਾਤ ਕੀਤੀ ਗਈ ਹੈ। ਇਸ ਵਿਸ਼ੇਸ਼ ਇੰਟਰਸੈਪਟਰ ਵੈਨ ਦੀ ਪੈਨੀ ਨਜ਼ਰ ਉਨ੍ਹਾਂ ਵਾਹਨ ਚਾਲਕਾਂ 'ਤੇ ਹੋਵੇਗੀ ਜੋ ਓਵਰ ਸਪੀਡ ਕਾਰਨ ਆਪਣੀਆਂ ਅਤੇ ਦੂਜਿਆਂ ਦੀ ਜਾਨਾਂ ਖਤਰੇ ਵਿੱਚ ਪਾਉਂਦੇ ਹਨ।
ਇਹ ਜਾਣਕਾਰੀ ਦਿੰਦੇ ਹੋਏ ਜ਼ਿਲਾ ਟਰਾਂਸਪੋਰਟ ਅਫ਼ਸਰ ਸ੍ਰੀਮਤੀ ਜੀਵਨਜਗਜੋਤ ਕੌਰ ਨੇ ਦੱਸਿਆ ਕਿ ਟਰੈਫਿਕ ਪੁਲਿਸ ਵਲੋਂ ਓਵਰ ਸਪੀਡ ਵਾਹਨਾਂ 'ਤੇ ਨਕੇਲ ਕਸਣ ਲਈ ਵਾਹਨ ਚਾਲਕਾਂ ਦੇ ਚਲਾਨ ਵੀ ਕੱਟੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਵਿਸ਼ੇਸ਼ ਵੈਨ ਜਿਲ੍ਹੇ ਦੀਆਂ ਵੱਖ-ਵੱਖ ਸੜਕਾਂ ਆਦਮਪੁਰ-ਜਲੰਧਰ ਰੋਡ, ਹੁਸ਼ਿਆਰਪੁਰ-ਗੜ੍ਹਸ਼ੰਕਰ ਰੋਡ, ਹੁਸ਼ਿਆਰਪੁਰ-ਦਸੂਹਾ ਰੋਡ, ਹੁਸ਼ਿਆਰਪੁਰ-ਊਨਾ ਰੋਡ, ਹੁਸ਼ਿਆਰਪੁਰ -ਟਾਂਡਾ ਰੋਡ ਤੋਂ ਇਲਾਵਾ ਮੁੱਖ ਸੜਕਾਂ 'ਤੇ ਤਾਇਨਾਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਇੰਟਰਸੈਪਟਰ ਮਸ਼ੀਨ ਦੀ ਇਹ ਖਾਸਿਅਤ ਹੈ ਕਿ ਇਸ ਵਿੱਚ ਵੱਖ-ਵੱਖ ਵਾਹਨ ਚਾਲਕਾਂ ਲਈ ਤੈਅ ਕੀਤੀ ਗਈ ਸਪੀਡ ਲਿਮਟ ਕੰਪਿਊਟਰ ਸਿਸਟਮ ਵਿੱਚ ਦਰਜ ਕਰ ਦਿੱਤੀ ਜਾਂਦੀ ਹੈ ਅਤੇ ਜੋ ਵੀ ਵਾਹਨ ਇਸ ਸਪੀਡ ਲਿਮਟ ਨੂੰ ਪਾਰ ਕਰੇਗਾ, ਤਾਂ ਉਸੇ ਸਮੇਂ ਮਸ਼ੀਨ ਵਿੱਚੋਂ ਆਪਣੇ ਆਪ ਇਕ ਸਾਇਰਨ ਵਜੇਗਾ ਅਤੇ ਉਸੇ ਸਮੇਂ ਟਰੈਫਿਕ ਪੁਲਿਸ ਦੁਆਰਾ ਮੌਕੇ 'ਤੇ ਵਾਹਨ ਚਾਲਕ ਨੂੰ ਰੋਕ ਕੇ ਨਿਯਮਾਂ ਅਨੁਸਾਰ ਚਲਾਨ ਕੱਟ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਓਵਰ ਸਪੀਡ ਹੋਣ 'ਤੇ 700 ਤੋਂ 1200 ਰੁਪਏ, ਸੀਟ ਬੈਲਟ ਨਾ ਲਗਾਉਣ 'ਤੇ 300 ਤੋਂ 600 ਰੁਪਏ ਦੇ ਚਲਾਨ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਗੱਡੀਆਂ ਦੇ ਬਾਕੀ ਕਾਗਜ਼ਾਤ ਵੀ ਚੈਕ ਕੇਤੇ ਜਾਣਗੇ ਅਤੇ ਪੂਰੇ ਨਾ ਹੋਣ ਦੀ ਸੂਰਤ ਵਿੱਚ ਨਿਯਮਾਂ ਅਨੁਸਾਰ ਚਲਾਨ ਕੱਟੇ ਜਾਣਗੇ।ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਇਹ ਦੇਖਣ ਵਿੱਚ ਆਇਆ ਹੈ ਕਿ ਜਿਆਦਾਤਰ ਸੜਕ ਦੁਰਘਟਨਾਵਾਂ ਓਵਰ ਸਪੀਡ ਹੋਣ ਕਾਰਨ ਹੁੰਦੀਆਂ ਹਨ। ਓਵਰ ਸਪੀਡ ਕਾਰਨ ਹਰ ਰੋਜ਼ ਹਜ਼ਾਰਾਂ ਜਿੰਦਗੀਆਂ ਮੌਤ ਦੀ ਭੇਟ ਚੜ੍ਹ ਜਾਂਦੀਆਂ ਹਨ। ਇਨ੍ਹਾਂ ਦੁਰਘਟਨਾਵਾਂ ਨੂੰ ਰੋਕਣ ਲਈ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਹੋਣਾ ਬੇਹੱਦ ਜ਼ਰੂਰੀ ਹੈ। ਇੰਟਰਸੈਪਟਰ ਵੈਨ ਸ਼ੁਰੂ ਕਰਨ ਦਾ ਮਕਸਦ ਚਲਾਨ ਕੱਟਣਾ ਨਹੀਂ ਸਗੋਂ ਵਾਹਨ ਚਾਲਕਾਂ ਨੂੰ ਤੈਅ ਕੀਤੀ ਗਈ ਸਪੀਡ ਲਿਮਟ ਅਨੁਸਾਰ ਵਾਹਨ ਚਲਾਉਣ ਲਈ ਪ੍ਰੇਰਿਤ ਕਰਨਾ ਹੈ, ਤਾਂ ਜੋ ਦੁਰਘਟਨਾਵਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਸਮੂਹ ਵਾਹਨ ਚਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਟਰੈਫਿਕ ਨਿਸਮਾਂ ਦੀ ਪੂਰੀ ਤਰ੍ਹਾਂ ਨਾਲ ਪਾਲਣਾ ਕਰਨ।
No comments:
Post a Comment