-ਰਿਆਤ ਬਾਹਰਾ ਗਰੁੱਪ ਅਤੇ ਆਈ.ਕੇ. ਗੁਜਰਾਲ ਪੀ.ਟੀ.ਯੂ. ਕੈਂਪਸ ਵਿਖੇ 10 ਮਾਰਚ ਨੂੰ ਛੁੱਟੀ ਦਾ ਐਲਾਨ
ਹੁਸ਼ਿਆਰਪੁਰ, 9 ਮਾਰਚ: ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ 11 ਮਾਰਚ ਨੂੰ ਵਿਧਾਨ ਚੋਣਾਂ-2017 ਲਈ ਹੋਣ ਵਾਲੀ ਵੋਟਾਂ ਦੀ ਗਿਣਤੀ ਵਾਲੇ ਦਿਨ ਡਰਾਈ ਡੇਅ ਘੋਸ਼ਿਤ ਕੀਤਾ ਹੈ। ਜਾਰੀ ਕੀਤੇ ਗਏ ਹੁਕਮ ਵਿੱਚ ਉਨ੍ਹਾਂ ਦੱਸਿਆ ਕਿ ਮੁੱਖ ਚੋਣ ਅਫਸਰ ਪੰਜਾਬ ਵਲੋਂ ਮਿਲੇ ਆਦੇਸ਼ਾਂ ਅਨੁਸਾਰ ਵੋਟਾਂ ਦੀ ਗਿਣਤੀ ਨੂੰ ਮੁੱਖ ਰੱਖਦੇ ਹੋਏ ਲੋਕ ਪ੍ਰਤੀਨਿੱਧਤਾ ਐਕਟ 1951 ਦੀ ਧਾਰਾ 135 ਸੀ ਅਨੁਸਾਰ ਗਿਣਤੀ ਵਾਲੇ ਦਿਨ ਕਿਸੇ ਵੀ ਤਰ੍ਹਾਂ ਦੇ ਨਸ਼ੀਲੇ ਪਦਾਰਥ ਅਤੇ ਸ਼ਰਾਬ ਆਦਿ ਨਹੀਂ ਵੇਚੀ ਜਾ ਸਕਦੀ। ਇਸ ਲਈ ਪੰਜਾਬ ਆਬਕਾਰੀ ਐਕਟ 1914 ਦੀ ਧਾਰਾ 54 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਸਦਕਾ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਸੀਮਾਵਾਂ ਅੰਦਰ 11 ਮਾਰਚ 2017 ਨੂੰ (ਗਿਣਤੀ ਵਾਲੇ ਦਿਨ) ਨੂੰ ਵੋਟਾਂ ਦੀ ਗਿਣਤੀ ਦਾ ਸਿੱਟਾ ਨਿਕਲਣ ਤੱਕ ਡਰਾਈ ਡੇਅ ਘੋਸ਼ਿਤ ਕਰਦੇ ਹੋਏ ਸ਼ਰਾਬ ਦੇ ਠੇਕੇ ਬੰਦ ਕਰਨ ਅਤੇ ਕਿਸੇ ਵੀ ਵਿਅਕਤੀ ਦੁਆਰਾ ਸ਼ਰਾਬ ਸਟੋਰ ਕਰਨ 'ਤੇ ਪੂਰਨ ਤੌਰ 'ਤੇ ਰੋਕ ਲਗਾਈ ਜਾਂਦੀ ਹੈ। ਇਹ ਹੁਕਮ ਹੋਟਲਾਂ, ਕਲੱਬਾਂ ਅਤੇ ਸ਼ਰਾਬ ਦੇ ਅਹਾਤਿਆਂ ਸਮੇਤ ਜਿਥੇ ਸ਼ਰਾਬ ਵੇਚਣ ਅਤੇ ਪੀਣ ਦੀ ਕਾਨੂੰਨੀ ਇਜ਼ਾਜ਼ਤ ਹੈ, 'ਤੇ ਵੀ ਪੂਰਨ ਤੌਰ 'ਤੇ ਲਾਗੂ ਹੋਣਗੇ।ਇਸ ਤੋਂ ਇਲਾਵਾ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ 10 ਮਾਰਚ ਨੂੰ ਗਿਣਤੀ ਕੇਂਦਰਾਂ ਰਿਆਤ ਬਾਹਰਾ ਗਰੁੱਪ ਅਤੇ ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕੈਂਪਸ ਦੇ ਬੱਚਿਆਂ ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਹ ਛੁੱਟੀ ਉਕਤ ਸੈਂਟਰਾਂ 'ਤੇ ਗਿਣਤੀ ਸਬੰਧੀ ਤਿਆਰੀਆਂ ਮੁਕੰਮਲ ਕਰਨ ਲਈ ਕੀਤੀ ਗਈ ਹੈ। ਇਹ ਛੁੱਟੀ ਕੇਵਲ ਬੱਚਿਆਂ ਲਈ ਹੋਵੇਗੀ ਅਤੇ ਅਦਾਰੇ ਦੇ ਅਧਿਕਾਰੀ/ਕਰਮਚਾਰੀ ਆਪਣੀ ਡਿਊਟੀ 'ਤੇ ਤਾਇਨਾਤ ਰਹਿਣਗੇ। ਇਹ ਹੁਕਮ ਵਿਦਿਆਕ ਅਦਾਰੇ, ਯੂਨੀਵਰਸਿਟੀ, ਸਕੂਲਾਂ, ਕਾਲਜਾਂ ਆਦਿ ਜਿਨ੍ਹਾਂ ਵਿਖੇ ਪ੍ਰੀਖਿਆ ਚੱਲ ਰਹੀਆਂ ਹਨ, 'ਤੇ ਲਾਗੂ ਨਹੀਂ ਹੋਣਗੇ।
No comments:
Post a Comment