ਬਿਜਲੀ ਤੇ ਸਿੰਚਾਈ ਖੇਤਰਾਂ ਵਿਚ ਹੋਏ ਨਵੇਂ ਮੀਲ ਪੱਥਰ ਕਾਇਮ: ਅਗਰਵਾਲ
- ਬੀ. ਬੀ. ਐਮ. ਬੀ. ਸਥਾਪਨਾ ਦਿਵਸ ਮਨਾਇਆ
- ਡਾ. ਅਮਰਜੀਤ ਅਨੀਸ ਦਾ ਕਾਵਿ ਸੰਗ੍ਰਹਿ 'ਕ੍ਰਾਂਤੀ ਕ੍ਰਿੰਦਨ' ਰਿਲੀਜ਼
ਤਲਵਾੜਾ, 30 ਮਈ: ਅੱਜ ਇੱਥੇ ਭਾਖੜਾ ਬਿਆਸ ਪ੍ਰਬੰਧਕੀ ਬੋਰਡ (ਬੀ. ਬੀ. ਐਮ. ਬੀ.) ਵੱਲੋਂ ਆਪਣਾ ਸਥਾਪਨਾ ਦਿਵਸ ਬੇਹੱਦ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ ਇਸ ਮੌਕੇ ਸ੍ਰੀ ਏ. ਬੀ. ਅਗਰਵਾਲ ਚੇਅਰਮੈਨ ਬੀ. ਬੀ. ਐਮ. ਬੀ. ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਪੌਂਂਗ ਡੈਮ ਉੱਤੇ ਸਥਿਤ ਸ਼ਹੀਦੀ ਸਮਾਰਕ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਕਮਿਊਨਿਟੀ ਸੈਂਟਰ ਸੈਕਟਰ 2 ਵਿਖੇ ਆਯੋਜਿਤ ਸ਼ਾਨਦਾਰ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਬੋਰਡ ਵੱਲੋਂ ਚਲਾਏ ਜਾ ਰਹੇ ਪ੍ਰਾਜੈਕਟਾਂ ਤੇ ਭਰਪੂਰ ਰੌਸ਼ਨੀ ਪਾਈ। ਉਨ੍ਹਾਂ ਦੱਸਿਆ ਕਿ ਬਿਜਲੀ, ਸਿੰਚਾਈ ਤੇ ਹੜ੍ਹ ਕੰਟਰੋਲ ਖੇਤਰਾਂ ਵਿੱਚ ਬੋਰਡ ਵੱਲੋਂ ਅਨੇਕਾਂ ਨਵੇਂ ਮੀਲ ਪੱਥਰ ਕਾਇਮ ਕੀਤੇ ਗਏ ਹਨ। ਬੀਤੇ ਵਰ੍ਹੇ ਬਿਜਲੀ ਉਤਪਾਦਨ ਲਈ ਨਿਰਧਾਰਿਤ ਟੀਚਾ ਮਹਿਜ ਨੌਂ ਮਹੀਨੇ ਵਿਚ ਹੀ ਪੂਰਾ ਕਰ ਵਿਖਾਇਆ ਜੋ ਡੈਮ ਤੇ ਪਾਵਰ ਹਾਊਸ ਦੇ ਸਮੁੱਚੇ ਅਮਲੇ ਦੀ ਸ਼ਾਨਦਾਰ ਕਾਰਗੁਜਾਰੀ ਦਾ ਪ੍ਰਤੀਕ ਹੈ। ਉਨ੍ਹਾਂ ਦੱਸਿਆ ਕਿ ਬੀ. ਬੀ. ਐਮ. ਬੀ. ਉੱਤਰ ਭਾਰਤ ਦੀ ਇੱਕ ਕਰੋੜ ਪੱਚੀ ਲੱਖ ਏਕੜ ਰਕਬੇ ਵਿਚ ਸਿੰਚਾਈ ਕਰਨ ਤੋਂ ਇਲਾਵਾ 2900 ਮੈਗਾਵਾਟ ਬਿਜਲੀ ਉਤਪਾਦਨ ਕਰਕੇ ਦੇਸ਼ ਦੀ ਸੇਵਾ ਕਰ ਰਿਹਾ ਹੈ। ਜਿਕਰਯੋਗ ਹੈ ਕਿ ਬਿਆਸ ਪ੍ਰਾਜਕੈਟਾਂ ਨੂੰ 15 ਮਈ 1976 ਵਿਚ ਬੀ. ਬੀ. ਐਮ. ਬੀ. ਵਿਚ ਤਬਦੀਲ ਕੀਤਾ ਗਿਆ ਸੀ ਅਤੇ ਇਸ ਇਤਿਹਾਸਕ ਮੋੜ ਨੂੰ ਬੋਰਡ ਵੱਲੋਂ ਹਰ ਸਾਲ 30 ਮਈ ਨੂੰ ਸਥਾਪਨਾ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਸ਼੍ਰੀ ਅਗਰਵਾਲ ਵੱਲੋਂ ਆਪੋ ਆਪਣੇ ਖੇਤਰਾਂ ਵਿਚ ਸ਼ਾਨਦਾਰ ਕਾਰਗੁਜਾਰੀ ਕਰਨ ਵਾਲੇ 61 ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸੋਨ ਤਮਗੇ ਅਤੇ ਨਗਦ ਇਨਾਮ ਤਕਸੀਮ ਕੀਤੇ ਗਏ। ਮਰੀਜ਼ਾਂ ਦੀ ਸਿਹਤ ਦੇ ਨਾਲ ਨਾਲ ਸਾਹਿਤਕ ਖੇਤਰ ਵਿਚ ਨਾਮਣਾ ਖੱਟਣ ਵਾਲੇ ਬਹੁਪੱਖੀ ਸ਼ਖਸ਼ੀਅਤ ਡਾ. ਅਮਰਜੀਤ ਅਨੀਸ ਦੀ ਜੰਗੇ ਆਜਾਦੀ ਵਿਚ ਕੁਰਬਾਨੀਆਂ ਦੇਣ ਵਾਲੇ ਲਾਸਾਨੀ ਦੇਸ਼ ਭਗਤਾਂ ਉੱਤੇ ਅਧਾਰਿਤ ਕਾਵਿ ਸੰਗ੍ਰਿਹ 'ਕ੍ਰਾਂਤੀ ਕ੍ਰਿੰਦਨ' ਵੀ ਰਿਲੀਜ਼ ਕੀਤੀ ਗਈ। ਇਸ ਮੌਕੇ ਬੀ. ਬੀ. ਐਮ. ਬੀ. ਡੀ. ਏ. ਵੀ. ਪਲਬਿਕ ਸਕੂਲ ਸੈਕਟਰ 2 ਦੇ ਵਿਦਿਆਰਥੀਆਂ ਵੱਲੋਂ ਪੰਜਾਬੀ, ਹਿਮਾਚਲੀ, ਹਰਿਆਣਵੀ, ਰਾਜਸਥਾਨੀ ਲੋਕ ਨਾਚਾਂ ਅਤੇ ਦੇਸ਼ ਭਗਤੀ ਗੀਤਾਂ ਨਾਲ ਭਰਪੂਰ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਮੰਚ ਸੰਚਾਲਨ ਇੰਜੀ. ਸੁਰੇਸ਼ ਮਾਨ ਵੱਲੋਂ ਬਾਖ਼ੂਬੀ ਕੀਤਾ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਇੰਜੀ: ਅਸ਼ੋਕ ਥਾਪਰ ਮੈਂਬਰ ਊਰਜਾ, ਇੰਜੀ. ਐੱਸ. ਐੱਲ. ਅਗਰਵਾਲ ਮੈਂਬਰ ਸਿੰਚਾਈ ਨੇ ਦੱਸਿਆ ਕਿ ਸੀਮਤ ਸਮੇਂ ਅਤੇ ਘੱਟੋ ਘੱਟ ਲਾਗਤ ਨਾਲ 347 ਮੈਗਾਵਾਟ ਵਾਧੂ ਬਿਜਲੀ ਉਤਪਾਦਨ ਕਰਨਾ ਆਪਣੇ ਆਪ ਵਿਚ ਵੱਡੀ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਪਣ ਬਿਜਲੀ ਉਤਪਾਦਨ ਦੀਆਂ ਅਸੀਮ ਸੰਭਾਵਨਾਵਾਂ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਰਤ ਭੂਸ਼ਣ ਵਿੱਤ ਸਲਾਹਕਾਰ, ਇੰਜ. ਜੈ ਦੇਵ ਚੀਫ਼ ਇੰਜੀਨੀਅਰ ਬਿਆਸ ਡੈਮ, ਇੰਜ. ਏ. ਕੇ. ਬਾਲੀ ਚੀਫ਼ ਇੰਜੀਨੀਅਰ ਭਾਖੜਾ ਡੈਮ, ਇੰਜੀ. ਹਰਜੀਤ ਸਿੰਘ ਤੋਂ ਇਲਾਵਾ ਵੱਖ ਵੱਖ ਡੈਮਾਂ, ਚੰਡੀਗੜ੍ਹ ਸਕੱਤਰੇਤ ਤੋਂ ਵੱਡੀ ਗਿਣਤੀ ਵਿਚ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।
No comments:
Post a Comment