- ਮਹਾਰਾਣਾ ਪ੍ਰਤਾਪ ਜੈਅੰਤੀ ਮਨਾਈ
ਤਲਵਾੜਾ, 31 ਮਈ : ਅੱਜ ਇੱਥੇ ਮਹਾਰਾਣਾ ਪ੍ਰਤਾਪ ਜੈਅੰਤੀ ਮੌਕੇ ਪ੍ਰਤਾਪ ਭਵਨ ਵਿਖੇ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਦਿਨੇਸ਼ ਸਿੰਘ ਬੱਬੂ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਉਨ੍ਹਾਂ ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਹਾਰਾਣਾ ਪ੍ਰਤਾਪ ਅਤੇ ਹੋਰ ਮਹਾਨ ਦੇਸ਼ ਭਗਤਾਂ ਵੱਲੋਂ ਪਾਏ ਸੁਨਿਹਰੀ ਪੂਰਨਿਆਂ ਤੇ ਚੱਲਣਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ ਅਤੇ ਅਜਿਹੇ ਪ੍ਰਬਲ ਜਜ਼ਬੇ ਨਾਲ ਹੀ ਦੇਸ਼ ਨੂੰ ਤਰੱਕੀ ਦੀਆਂ ਬੁਲੰਦੀਆਂ ਤੇ ਲਿਜਾਇਆ ਜਾ ਸਕਦਾ ਹੈ। ਉਨ੍ਹਾਂ ਇਸ ਮੌਕੇ ਰਾਜਪੂਤ ਸਭਾ ਨੂੰ ਦੋ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਪਿਛਲੀ ਵਾਰ ਐਲਾਨੇ ਦੋ ਲੱਖ ਰੁਪਏ ਦੀ ਗਰਾਂਟ ਸਮੇਤ ਛੇਤੀ ਹੀ ਫ਼ੰਡ ਰਿਲੀਜ ਕੀਤੇ ਜਾਣਗੇ। ਹਲਕਾ ਵਿਧਾਇਕ ਬੀਬੀ ਸੁਖਜੀਤ ਕੌਰ ਸਾਹੀ ਨੇ ਕਿਹਾ ਕਿ ਰਾਜਪੂਤਾਨੇ ਦੇ ਦ੍ਰਿੜਤਾ ਭਰਪੂਰ ਗੌਰਵਮਈ ਇਤਿਹਾਸ ਸਦਕਾ ਦੇਸ਼ ਵਿਚ ਅਣਖ ਤੇ ਇੱਜਤ ਦਾ ਝੰਡਾ ਹਮੇਸ਼ਾ ਬੁਲੰਦ ਰਿਹਾ ਹੈ ਅਤੇ ਭਾਈਚਾਰੇ ਦੀਆਂ ਵਿਲੱਖਣ ਕੁਰਬਾਨੀਆਂ ਨੂੰ ਹਮੇਸ਼ ਸੁਨਿਹਰੀ ਅੱਖਰਾਂ ਵਿਚ ਯਾਦ ਰੱਖਿਆ ਜਾਵੇਗਾ। ਹੋਰਨਾਂ ਤੋਂ ਇਲਾਵਾ ਇਸ ਮੌਕੇ ਭਾਜਪਾ ਆਗੂ ਅਸ਼ੋਕ ਸੱਭਰਵਾਲ, ਡਾ. ਧਰੁਬ ਸਿੰਘ ਪ੍ਰਧਾਨ ਨਗਰ ਕੌਂਸਲ, ਮਹੰਤ ਰਮੇਸ਼ ਦਾਸ ਦਾਤਾਰਪੁਰ, ਕੰਵਰ ਰਤਨ ਸਿੰਘ, ਕੌਂਸਲਰ ਨਰੇਸ਼ ਠਾਕੁਰ, ਮਾਨ ਸਿੰਘ, ਸੁਰੇਸ਼ ਰਾਣਾ, ਦਲਜੀਤ ਸਿੰਘ ਜੀਤੂ ਆਦਿ ਸਮੇਤ ਵੱਡੀ ਗਿਣਤੀ ਵਿਚ ਪਤਵੰਤੇ ਹਾਜਰ ਸਨ।