ਨਸ਼ਾ ਵਿਰੋਧੀ ਸਾਹਿਤ ਦਾ ਵਿਮੋਚਨ |
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਰਕਾਰ ਵੱਲੋਂ ਨਸ਼ੀਲੀਆਂ ਦਵਾਈਆਂ ਦੀ ਵਿਕਰੀ ਅਤੇ ਤਸਕਰੀ ਨੂੰ ਰੋਕਣ ਲਈ ਡਰੱਗ ਵਿਭਾਗ, ਸਿਹਤ ਵਿਭਾਗ ਅਤੇ ਨਾਰਕੋਟੈਕ ਸੈਲ ਅਹਿਮ ਭੂਮਿਕਾ ਨਿਭਾ ਰਹੇ ਹਨ ਪਰ ਇਸ ਦੇ ਬਾਵਜੂਦ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਨਸ਼ਿਆਂ ਦੀ ਬੁਰਾਈ ਨੂੰ ਖਤਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਦੀਆਂ ਸਰਹੱਦਾਂ ਹੋਰ ਰਾਜਾਂ ਨਾਲ ਲਗਦੀਆਂ ਹਨ । ਇਸ ਲਈ ਸਾਨੂੰ ਜ਼ਿਆਦਾ ਸੁਚੇਤ ਹੋਣ ਦੀ ਲੋੜ ਹੈ ਕਿ ਬਾਹਰੋਂ ਨਸ਼ਿਆਂ ਦੀ ਤਸਕਰੀ ਨਾ ਹੋਵੇ। ਉਨ੍ਹਾਂ ਕਿਹਾ ਕਿ ਇਹ ਮਾਮਲਾ ਵਿਸ਼ਵ ਭਰ ਵਿੱਚ ਗੰਭੀਰ ਰੂਪ ਧਾਰਨ ਕਰ ਚੁੱਕਾ ਹੈ ਅਤੇ ਨਸ਼ਿਆਂ ਦੀ ਵਰਤੋਂ ਕਰਕੇ ਅੱਜ ਅਪਰਾਧ ਦੀਆਂ ਘਟਨਾਵਾਂ ਅਤੇ ਸੜਕ ਹਾਦਸੇ ਵੱਧ ਰਹੇ ਹਨ। ਇਸ ਦੇ ਨਾਲ ਹੀ ਕੈਂਸਰ ਦੀਆਂ ਭਿਆਨਕ ਮਾਰੂ ਬੀਮਾਰੀਆਂ ਦੀ ਮਾਰ ਨਾਲ ਕੀਮਤੀ ਜਾਨਾਂ ਅਜਾਈਂ ਜਾ ਰਹੀਆਂ ਹਨ। ਉਨ੍ਹਾਂ ਇਹ ਵੀ ਕਿਹਾ ਕਿ ਤੰਬਾਕੂ ਦੇ ਸੇਵਨ ਨਾਲ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ ਅਤੇ ਤੰਬਾਕੂ ਦੀ ਵਰਤੋਂ ਕਰਨ ਵਾਲੇ ਦੇ ਨਾਲ-ਨਾਲ ਇਸ ਵਿੱਚੋਂ ਨਿਕਲਦੇ ਧੂੰਏ ਦੇ ਜ਼ਹਰੀਲੇ ਕਣਾਂ ਵਿੱਚ ਸਾਹ ਲੈਣ ਵਾਲੇ ਵੀ ਭਿਆਨਕ ਰੋਗਾਂ ਦੇ ਸ਼ਿਕਾਰ ਹੁੰਦੇ ਹਨ। ਇਸ ਲਈ ਸਾਡਾ ਨੈਤਿਕ ਤੌਰ ਤੇ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਆਲੇ-ਦੁਆਲੇ ਨੂੰ ਤੰਦਰੁਸਤ ਤੇ ਨਰੋਆ ਰੱਖਣ ਲਈ ਨਸ਼ਿਆਂ ਤੋਂ ਤੋਬਾ ਕਰਨ ਦਾ ਪ੍ਰਣ ਲਈਏ। ਇਸ ਮੌਕੇ ਤੇ ਆਲ ਇੰਡੀਆ ਮੈਡੀਕੋਜ਼ ਸੁਸਾਇਟੀ ਦੇ ਪ੍ਰਧਾਨ ਡਾ. ਡੀ.ਬੀ. ਕਪੂਰ ਵੱਲੋਂ ਨਸ਼ਿਆਂ ਵਿਰੋਧੀ ਜਾਗਰੂਕਤਾ ਭਰਪੂਰ ਤਿਆਰ ਕੀਤੇ ਸਾਹਿਤ ਦਾ ਡਿਪਟੀ ਕਮਿਸ਼ਨਰ ਨੇ ਵਿਮੋਚਨ ਕੀਤਾ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਮਿੰਦਰ ਸਿੰਘ ਨੇ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ 26 ਜੂਨ ਦਾ ਦਿਹਾੜਾ ਨਸ਼ਿਆ ਰਹਿਤ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਰੱਖਿਆ ਗਿਆ ਹੈ । ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਵਰਤੋਂ ਕਰਕੇ ਅੱਜ ਅਪਰਾਧ ਦੀਆਂ ਘਟਨਾਵਾਂ ਤੇ ਸੜਕ ਹਾਦਸੇ ਵੱਧ ਰਹੇ ਹਨ ਅਤੇ ਹੋਰ ਗੰਭੀਰ ਬੀਮਾਰੀਆਂ ਫੈਲ ਰਹੀਆਂ ਹਨ। ਇਸ ਲਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਣਾ ਦੇਣੀ ਚਾਹੀਦੀ ਹੈ।
ਡਿਪਟੀ ਮੈਡੀਕਲ ਕਮਿਸ਼ਨਰ ਡਾ. ਦੇਸ ਰਾਜ ਨੇ ਇਸ ਮੌਕੇ ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ 27 ਟਾਰਗੇਟਿਡ ਇੰਟਰਵੈਨਸ਼ਨ ਪ੍ਰੋਜੈਕਟ ਸ਼ੁਰੂ ਕੀਤੇ ਹਨ ਜਿਨ੍ਹਾਂ ਵਿੱਚ ਖਤਰੇ ਵਾਲੇ ਵਿਵਹਾਰ ਵਿੱਚ ਤਬਦੀਲੀ ਅਤੇ ਨਸ਼ਾ ਛੱਡਣ ਲਈ ਕਾਉਂਸਲਿੰਗ, ਗੁਪਤ ਰੋਗਾਂ ਅਤੇ ਟੀਕੇ ਨਾਲ ਹੋਣ ਵਾਲੇ ਜਖਮਾਂ ਦਾ ਰੱਖ-ਰਖਾਓ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਹੁਸ਼ਿਆਰਪੁਰ ਸਮੇਤ 12 ਜ਼ਿਲ੍ਹਿਆਂ ਵਿੱਚ ਓ.ਐਸ.ਟੀ. ਸੈਂਟਰ ਬਣਾਏ ਗਏ ਹਨ। ਇਸ ਮੌਕੇ ਤੇ ਸੀਨੀਅਰ ਮੈਡੀਕਲ ਅਫ਼ਸਰ ਡਾ. ਸਰਦੂਲ ਸਿੰਘ ਨੇ ਬਿਨਾਂ ਨਸ਼ਿਆਂ ਦੇ ਸਿਹਤਮੰਦ ਸਮਾਜ ਲਈ ਵਿਸ਼ਵਵਿਆਪੀ ਸਰਗਰਮੀਆਂ, ਆਲ ਇੰਡੀਆ ਮੈਡੀਕੋਜ਼ ਸੁਸਾਇਟੀ ਦੇ ਪ੍ਰਧਾਨ ਡਾ. ਡੀ ਬੀ ਕਪੂਰ ਨੇ ਨਸ਼ਿਆਂ ਦੇ ਗੈਰ ਕਾਨੂੰਨੀ ਵਪਾਰ ਬਾਰੇ ਜਾਗਰੂਕਤਾ, ਜਿਲ੍ਹਾ ਪ੍ਰੀਵਾਰ ਭਲਾਈ ਅਫ਼ਸਰ ਡਾ. ਚੁੰਨੀ ਲਾਲ ਕਾਜਲ ਨੇ ਰਿਹੈਬਲੀਟੇਸ਼ਨ ਰਾਹੀਂ ਸਿਹਤਮੰਦ ਜੀਵਨ ਜਿਉਣ ਬਾਰੇ, ਪ੍ਰੋ: ਬਹਾਦਰ ਸਿੰਘ ਸੁਨੇਤ ਨੇ ਅੱਜ ਦੀ ਉਮਰ ਵਿੱਚ ਕੀਤਾ ਨਸ਼ਾ ਭਵਿੱਖ ਦਾ ਅੰਜਾਮ, ਮਨੋਚਕਿਤਸਕ ਡਾ. ਰਾਜ ਕੁਮਾਰ ਨੇ ਨਸ਼ਾ ਇੱਕ ਬੁਰੀ ਲੱਤ, ਡਰੱਗ ਇੰਸਪੈਕਟਰ ਹੁਸਿਆਰਪੁਰ ਨੇ ਨੌਜਵਾਨਾਂ ਵਿੱਚ ਡਰੱਗ ਵਾਲੇ ਨਸ਼ਿਆਂ ਦਾ ਵੱਧ ਰਿਹਾ ਰੂਝਾਨ ਸਬੰਧੀ ਵਿਸ਼ਿਆਂ ਤੇ ਵਿਸਥਾਰਪੂਰਵਕ ਚਾਨਣਾ ਪਾਇਆ। ਇਸ ਮੌਕੇ ਤੇ ਸਿਹਤ ਵਿਭਾਗ ਵੱਲੋਂ ਨਸ਼ਿਆਂ ਵਿਰੋਧੀ ਜਾਗਰੂਕਤਾ ਭਰਪੂਰ ਪ੍ਰਦਰਸ਼ਨੀ ਵੀ ਲਗਾਈ ਗਈ।
ਹੋਰਨਾਂ ਤੋਂ ਇਲਾਵਾ ਇਸ ਮੌਕੇ ਤੇ ਆਲ ਇੰਡੀਆ ਮੈਡੀਕੋਜ਼ ਸੁਸਾਇਟੀ ਦੇ ਸਕੱਤਰ ਡਾ ਜੇ ਐਸ ਦਰਦੀ, ਡਾ. ਅਸ਼ੋਕ ਕੁਮਾਰ ਗੁਪਤਾ, ਜਾਇੰਟ ਸੈਕਟਰੀ ਡਾ. ਪਵਨ ਕਾਲੀਆ, ਡਾ. ਅਸ਼ਵਨੀ ਜੁਨੇਜਾ, ਡਿਪਟੀ ਮਾਸ ਮੀਡੀਆ ਅਫ਼ਸਰ ਕ੍ਰਿਪਾਲ ਸਿੰਘ, ਸੁਨੀਲ ਪ੍ਰਿਏ, ਰਮਨਦੀਪ ਕੌਰ ਅਤੇ ਸਿਹਤ ਵਿਭਾਗ ਦੇ ਵੱਖ-ਵੱਖ ਅਧਿਕਾਰੀ, ਡਾਕਟਰ ਅਤੇ ਹੈਲਥ ਵਰਕਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ। ਜਿਲ੍ਹਾ ਮਾਸ ਮੀਡੀਆ ਅਤੇ ਸੂਚਨਾ ਅਫ਼ਸਰ ਸ੍ਰੀਮਤੀ ਮਨਮੋਹਨ ਕੌਰ ਨੇ ਮੁੱਖ ਮਹਿਮਾਨ ਅਤੇ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ।
No comments:
Post a Comment