ਵਿੱਦਿਅਕ ਅਦਾਰਿਆਂ ਵਿਚ 27 ਨੂੰ ਛੁੱਟੀ
ਹੁਸ਼ਿਆਰਪੁਰ, 26 ਜਨਵਰੀ: ਜ਼ਿਲ੍ਹਾ ਹੁਸ਼ਿਆਰਪੁਰ ਵਿੱਚ 63ਵਾਂ ਗਣਤੰਤਰ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ । ਜ਼ਿਲ੍ਹਾ ਪੱਧਰ ਦਾ ਗਣਤੰਤਰ ਦਿਵਸ ਦਾ ਸਮਾਗਮ ਪੁਲਿਸ ਲਾਇਨਜ਼ ਗਰਾਉਂਡ ਹੁਸ਼ਿਆਰਪੁਰ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਚੁੰਨੀ ਲਾਲ ਭਗਤ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਬਤੌਰ ਮੁੱਖ ਮਹਿਮਾਨ ਸ਼ਾਮਲ ਹੋ ਕੇ ਕੌਮੀ ਝੰਡਾ ਲਹਿਰਾਇਆ ਅਤੇ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਲਈ। ਇਸ ਮੁਬਾਰਕ ਮੌਕੇ ਤੇ ਬੀ ਐਸ ਐਫ, ਪੰਜਾਬ ਪੁਲਿਸ, ਪੰਜਾਬ ਹੋਮਗਾਰਡਜ਼, ਸਾਬਕਾ ਫੌਜੀਆਂ, ਐਨ ਸੀ ਸੀ 12 ਪੰਜਾਬ ਬਟਾਲੀਅਨ, ਸਕਾਊਟਸ ਅਤੇ ਗਰਲ ਗਾਇਡਜ਼ ਦੀਆਂ ਟੁਕੜੀਆਂ ਨੇ ਮਾਰਚ ਪਾਸਟ ਵਿੱਚ ਹਿੱਸਾ ਲਿਆ। ਮੁੱਖ ਮਹਿਮਾਨ ਦੇ ਨਾਲ ਪੁਲਿਸ ਜਿਪਸੀ ਵਿੱਚ ਸ੍ਰ: ਦੀਪਇੰਦਰ ਸਿੰਘ ਡਿਪਟੀ ਕਮਿਸ਼ਨਰ ਅਤੇ ਬਲਕਾਰ ਸਿੰਘ ਸਿੱਧੂ ਐਸ ਐਸ ਪੀ ਹੁਸਿਆਰਪੁਰ ਨੇ ਪਰੇਡ ਦਾ ਨਿਰੀਖਣ ਕੀਤਾ।ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਚੁੰਨੀ ਲਾਲ ਭਗਤ ਨੇ ਗਣਤੰਤਰ ਦਿਵਸ ਸਮਾਗਮ ਦੌਰਾਨ ਗਣਤੰਤਰ ਦਿਵਸ ਦੀ ਮਹੱਤਤਾ ਦੱਸਦਿਆਂ ਹੋਇਆਂ ਦੇਸ਼ ਵਿੱਚ ਲਾਗੂ ਕੀਤੇ ਗਏ ਕਾਨੂੰਨਾਂ ਦੀ ਪਾਲਣਾ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਅਤੇ ਭਾਰਤ ਇੱਕ ਲੋਕਤੰਤਰ ਤੇ ਪ੍ਰਭੂਤਾਸੰਪਨ ਰਾਜ ਬਣਿਆ ਸੀ। ਭਾਰਤੀ ਸੰਵਿਧਾਨ ਦੇ ਨਿਰਮਾਤਾਵਾਂ ਨੇ ਹਰ ਭਾਰਤੀ ਨਾਗਰਿਕ ਨੂੰ ਮੁਢਲੇ ਅਧਿਕਾਰ ਅਤੇ ਬਰਾਬਰਤਾ ਦਾ ਅਧਿਕਾਰ ਦਿੱਤਾ ਅਤੇ ਨਾਲ ਹੀ ਆਪਣੇ ਫਰਜ਼ਾਂ ਦੀ ਪੂਰਤੀ ਲਈ ਵੀ ਸੰਦੇਸ਼ ਦਿੱਤਾ। ਉਨ੍ਹਾਂ ਆਪਣੇ ਸੰਦੇਸ਼ ਦੌਰਾਨ ਸ਼ਹੀਦ-ਏ-ਆਜਮ ਸ੍ਰ: ਭਗਤ ਸਿੰਘ, ਰਾਜਗੁਰੂ, ਸੁਖਦੇਵ, ਕਰਤਾਰ ਸਿੰਘ ਸਰਾਭਾ, ਉਧਮ ਸਿੰਘ, ਲਾਲਾ ਲਾਜਪਤ ਰਾਏ, ਦੀਵਾਨ ਸਿੰਘ ਕਾਲੇਪਾਣੀ, ਨਾਮਧਾਰੀ ਬਾਬਾ ਰਾਮ ਸਿੰਘ, ਸੋਹਨ ਸਿੰਘ ਭਕਨਾ ਵਰਗੇ ਮਹਾਨ ਸ਼ਹੀਦਾਂ, ਮਹਾਨ ਦੇਸ਼ ਭਗਤਾਂ ਅਤੇ ਅਨੇਕਾਂ ਹੋਰ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ ਆਜ਼ਾਦੀ ਘੁਲਾਟੀਆਂ ਨੂੰ ਯਾਦ ਕਰਦਿਆਂ ਤੇ ਸ਼ਰਧਾਂਜ਼ਲੀ ਭੇਂਟ ਕਰਦਿਆਂ ਕਿਹਾ ਕਿ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਕੁਰਬਾਨੀਆਂ ਨਾਲ ਪ੍ਰਾਪਤ ਕੀਤੀ ਆਜ਼ਾਦੀ ਨੂੰ ਬਰਕਰਾਰ ਰੱਖਣ ਅਤੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਮਜ਼ਬੂਤ ਕਰਨ ਲਈ ਸਾਨੂੰ ਆਪਣਾ ਵਡਮੁੱਲਾ ਯੋਗਦਾਨ ਪਾਉਣਾ ਚਾਹੀਦਾ ਹੈ।
ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਜਿਥੇ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ, ਉਥੇ ਦੇਸ਼ ਦੇ ਅੰਨ-ਭੰਡਾਰ ਵਿੱਚ ਵੀ ਸਭ ਤੋਂ ਵੱਧ ਹਿੱਸਾ ਪੰਜਾਬ ਦੇ ਮਿਹਨਤੀ ਕਿਸਾਨ ਪਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਲੋਕਤੰਤਰ ਵਿੱਚ ਜਿਥੇ ਵਿਧਾਨ ਪਾਲਿਕਾ, ਕਾਰਜਪਾਲਿਕਾ ਤੇ ਨਿਆਂ ਪਾਲਿਕਾ ਦਾ ਅਹਿਮ ਰੋਲ ਹੈ, ਉਥੇ ਪ੍ਰੈਸ ਵੀ ਇੱਕ ਵੱਡੀ ਭੂਮਿਕਾ ਅਦਾ ਕਰਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਆਜ਼ਾਦੀ ਦੇ ਇਨ੍ਹਾਂ ਸਾਲਾਂ ਵਿੱਚ ਭਾਰਤ ਨੇ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਪਰ ਅਜੇ ਲੋੜ ਹੈ ਕਿ ਸਮਾਜ ਵਿੱਚ ਫੈਲੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਸਾਰੇ ਇੱਕ ਜੁਟ ਹੋ ਕੇ ਹਭਲਾ ਮਾਰੀਏ। ਸੰਵਿਧਾਨ ਵਿੱਚ ਜਿਥੇ ਸਾਨੂੰ ਬਹੁਤ ਸਾਰੇ ਮੌਲਿਕ ਅਧਿਕਾਰ ਪ੍ਰਾਪਤ ਹਨ, ਉਥੇ ਕਰਤੱਵਾਂ ਦੀ ਪਾਲਣਾ ਕਰਨਾ ਵੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ।
ਇਸ ਮੌਕੇ ਵੱਖ-ਵੱਖ ਸਕੂਲਾਂ ਤੇ ਕਾਲਜਾਂ ਦੇ ਬੱਚਿਆਂ ਵੱਲੋਂ ਦੇਸ਼ ਪਿਆਰ ਦੇ ਗੀਤਾਂ ਦੇ ਅਧਾਰਤ ਸਭਿਆਚਾਰਕ ਪ੍ਰੋਗਰਮ ਅਤੇ ਗਿੱਧਾ, ਭੰਗੜਾ ਵੀ ਪੇਸ਼ ਕੀਤਾ ਗਿਆ। ਗਣਤੰਤਰ ਦਿਵਸ ਵਿੱਚ ਹਾਜ਼ਰ ਜ਼ਿਲ੍ਹੇ ਦੇ ਸੁਤੰਤਰਤਾ ਸੈਲਾਨੀਆਂ ਨੂੰ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਮਾਰਚ ਪਾਸਟ ਵਿੱਚ ਪਹਿਲੇ ਨੰਬਰ ਤੇ ਆਉਣ ਵਾਲੀ ਬੀ ਐਸ ਐਫ ਅਤੇ ਦੂਸਰੇ ਨੰਬਰ ਤੇ ਪੰਜਾਬ ਪੁਲਿਸ ਹੁਸ਼ਿਆਰਪੁਰ ਦੀ ਟੁਕੜੀ ਅਤੇ ਪਰੇਡ ਕਮਾਂਡਰ ਡੀ ਐਸ ਪੀ ਹਰਿੰਦਰ ਪਾਲ ਸਿੰਘ ਪਰਮਾਰ ਨੂੰ ਸਨਮਾਨਿਤ ਕੀਤਾ ਗਿਆ। ਡਿਪਟੀ ਸਪੀਕਰ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਵਧੀਆ ਕਾਰਗੁਜਾਰੀ ਕਰਨ ਵਾਲੇ ਵਿਅਕਤੀਆਂ ਨੂੰ ਪ੍ਰਸੰਸਾ ਪੱਤਰ ਦਿੱਤੇ ਗਏ।
ਪੰਚਾਇਤ ਸੰਮਤੀ ਸਟੇਡੀਅਮ ਦਸੂਹਾ ਵਿਖੇ ਸਬਡਵੀਜ਼ਨ ਪੱਧਰ ਦੇ ਗਣਤੰਤਰ ਦਿਵਸ ਤੇ ਸ੍ਰੀ ਕੇ ਡੀ ਭੰਡਾਰੀ ਮੁੱਖ ਸੰਸਦੀ ਸਕੱਤਰ ਕਰ ਤੇ ਆਬਕਾਰੀ ਵਿਭਾਗ ਨੇ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸੇ ਤਰਾਂ ਏ ਐਸ ਸੀਨੀਅਰ ਸੈਕੰਡਰੀ ਸਕੂਲ ਮੁਕੇਰੀਆਂ ਵਿੱਚ ਐਸ ਡੀ ਐਮ ਮੁਕੇਰੀਆਂ ਸ੍ਰੀ ਰਾਹੁਲ ਚਾਬਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੜ੍ਹਸ਼ੰਕਰ ਵਿਖੇ ਐਸ ਡੀ ਐਮ ਗੜ੍ਹਸ਼ੰਕਰ ਸ੍ਰੀਮਤੀ ਰਣਜੀਤ ਕੌਰ ਨੇ ਕੌਮੀ ਝੰਡਾ ਲਹਿਰਾਇਆ।
ਤਲਵਾੜਾ ਦੇ ਸਮੂਹ ਸਕੂਲਾਂ ਵੱਲੋਂ ਸਾਂਝੇ ਤੌਰ ਤੇ ਗਣਤੰਤਰ ਦਿਵਸ ਨਰਸਰੀ ਗਰਾਉਂਡ ਵਿਚ ਮਨਾਇਆ ਗਿਆ ਜਿੱਥੇ ਤਿਰੰਗਾ ਲਹਿਰਾਉਣ ਦੀ ਰਸਮ ਚੀਫ਼ ਇੰਜੀਨੀਅਰ ਸ਼੍ਰੀ ਜੈ ਦੇਵ ਨੇ ਅਦਾ ਕੀਤੀ। ਇਸ ਮੌਕੇ ਡਾ. ਅਮਰਜੀਤ ਅਨੀਸ, ਕੇ ਕੇ ਰਾਣਾ ਨੇ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਅਤੇ ਸਰਕਾਰੀ ਮਾਡਲ ਹਾਈ ਸਕੂਲ ਸੈਕਟਰ 2, ਸਰਕਾਰੀ ਕੰਨਿਆ ਸ. ਸ. ਸਕੂਲ ਸੈਕਟਰ 3, ਬੀ ਬੀ ਐਮ ਬੀ ਡੀ ਏ ਵੀ ਪਬਲਿਕ ਸਕੂਲ ਸੈਕਟਰ 2, ਸ਼ਿਵਾਲਿਕ ਸਕੂਲ, ਸਰਵਹਿੱਤਕਾਰੀ ਵਿੱਦਿਆ ਮੰਦਰ, ਵਸ਼ਿਸ਼ਟ ਭਾਰਤੀ, ਸ਼੍ਰੀ ਗੁਰੂ ਹਰਕ੍ਰਿਸ਼ਨ ਪਲਬਿਕ ਸਕੂਲ ਸੈਕਟਰ 2, ਸ ਸ ਸ ਸਕੂਲ ਸੈਕਟਰ 1 ਦੇ ਬੱਚਿਆਂ ਨੇ ਮਨਮੋਹਕ ਪੇਸ਼ਕਾਰੀਆਂ ਨਾਲ ਦੇਸ਼ ਭਗਤੀ ਦਾ ਖੂਬ ਰੰਗ ਜਮਾਇਆ।
ਪ੍ਰਸ਼ਾਸ਼ਨ ਵੱਲੋਂ ਭਲਕੇ 27 ਜਨਵਰੀ ਨੂੰ ਵਿੱਦਿਅਕ ਸੰਸਥਾਨਾਂ ਨੂੰ ਛੁੱਟੀ ਦਾ ਐਲਾਨ ਕੀਤਾ ਹੈ।
No comments:
Post a Comment