- ਸਵਾਈਨ ਫਲੂ ਦੀ ਜਾਂਚ ਅਤੇ ਇਲਾਜ ਜਿਲ੍ਹੇ ਦੀਆਂ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਪੂਰੀ ਤਰ੍ਹਾਂ ਮੁਫਤ ਉਪਲਬਧ- ਡੀ.ਸੀ.
ਅਨੰਦਿਤਾ ਮਿਤਰਾ ਆਈ. ਏ. ਐਸ. |
ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲ੍ਹੇ ਅੰਦਰ ਸਵਾਈਨ ਫਲੂ ਹੋਰ ਪੈਰ ਨਾ ਪਸਾਰੇ ਇਸ ਲਈ ਸਿਹਤ ਵਿਭਾਗ ਹੁਸ਼ਿਆਰਪੁਰ ਦੀ ਰੈਪੀਡ ਐਕਸ਼ਨ ਫੋਰਸ ਤਹਿਤ 6 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ। ਟੀਮ ਦੇ ਜਿਲ੍ਹਾ ਇੰਚਾਰਜ ਵੱਜੋਂ ਡਾ.ਸੈਲੇਸ਼ ਅਤੇ ਜਿਲ੍ਹਾ ਨੋਡਲ ਅਧਿਕਾਰੀ ਡਾ.ਸਰਬਜੀਤ ਸਿੰਘ ਦੀ ਤੈਨਾਤੀ ਕੀਤੀ ਗਈ ਹੈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਮ ਜਨਤਾ ਲਈ ਸਵਾਈਨ ਫਲੂ ਕੇਸਾਂ ਸਬੰਧੀ ਜਿਲ੍ਹਾ ਹੈਡ ਕੁਆਟਰ ਸਿਵਲ ਹਸਪਤਾਲ, ਸਬ ਡਿਵੀਜਨਲ ਹਸਪਤਾਲਾਂ ਅਤੇ ਜਿਲ੍ਹੇ ਦੀਆਂ ਸਮੂਹ ਪੀ.ਐਚ.ਸੀ. ਵਿਖੇ ਸਵਾਈਨ ਫਲੂ ਕੰਟਰੋਲ ਲਈ ਉਚੇਚੇ ਤੌਰ ਤੇ ਵੱਖਰੇ ਵਾਰਡ ਤਿਆਰ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਪਾਏ ਜਾਣ ਵਾਲੇ ਸਾਰੇ ਸ਼ੱਕੀ ਮਰੀਜ਼ਾ ਦੀ ਜਾਂਚ, ਟੈਸਟ. ਇਲਾਜ ਅਤੇ ਦਵਾਈਆਂ ਸਮੂਹ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਮੁਫਤ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਇਸ ਮੌਕੇ ਕਿਹਾ ਕਿ ਸਵਾਈਨ ਫਲੂ ਪ੍ਰਤੀ ਆਮ ਜਨਤਾ ਨੂੰ ਕਿਸੇ ਕਿਸਮ ਦਾ ਡਰ ਰਖੱਣ ਜਾਂ ਭੈਭੀਤ ਹੋਣ ਦੀ ਲੋੜ ਨਹੀਂ ਹੈ ਸਗੋਂ ਸਰਦੀ ਜੁਕਾਮ ਜਾ ਖੰਘ ਹੋਣ ਤੇ ਜਾਂਚ ਲਈ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਦੇ ਡਾਕਟਰ ਨਾਲ ਸਪੰਰਕ ਕਰਨਾ ਚਾਹੀਦਾ ਹੈ।
ਮੀਟਿੰਗ ਦੌਰਾਨ ਡਾ.ਸੈਲੇਸ਼ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਲ੍ਹੇ ਅੰਦਰ ਪਿਛਲੇ ਦੋ ਹਫਤਿਆਂ ਦੌਰਾਨ ਸਵਾਈਨ ਫਲੂ ਦੇ ਤਿੰਨ ਸ਼ੱਕੀ ਕੇਸ ਸਾਹਮਣੇ ਆਏ ਹਨ। ਪਾਏ ਗਏ ਕੇਸਾਂ ਵਿੱਚੋਂ 2 ਕੇਸਾਂ ਦੇ ਸੈਂਪਲਾਂ ਦੀ ਜਾਂਚ ਪੀ.ਜੀ.ਆਈ ਤੋਂ ਕਰਾਉਣ ਉਪਰੰਤ ਰਿਪੋਰਟ ਨੈਗੇਟਿਵ ਪਾਈ ਗਈ ਹੈ ਜਦਕਿ ਪੀ.ਜੀ.ਆਈ. ਵਿਖੇ ਇਲਾਜ ਅਧੀਨ ਜਿਲ੍ਹੇ ਦੇ ਪਿੰਡ ਚੱਕ ਹਾਜ਼ੀਪੁਰ ਬਲਾਕ ਪੋਸੀ ਨੇੜੇ ਗੜਸ਼ੰਕਰ ਦੀ ਇੱਕ ਮਹਿਲਾ ਵਿੱਚ ਸਵਾਈਨ ਫਲੂ ਦੀ ਪੁਸ਼ਟੀ ਪੀ.ਜੀ.ਆਈ.ਚੰਡੀਗੜ ਵੱਲੋਂ ਕੀਤੀ ਗਈ ਹੈ। ਡਾ.ਸੈਲੇਸ਼ ਨੇ ਦੱਸਿਆ ਕਿ ਉਪਰੋਕਤ ਕੇਸ ਦੀ ਪੁਸ਼ਟੀ ਹੋਣ ਉਪੰਰਤ ਸਬੰਧਤ ਪਿੰਡ ਦਾ ਸਰਵੇਖਣ ਕਰਵਾਇਆ ਗਿਆ ਹੈ। ਸਰਵੇ ਦੌਰਾਨ ਪਿੰਡ ਦੇ ਕਿਸੇ ਵਸਨੀਕ ਵਿੱਚ ਸਵਾਈਨ ਫਲੂ ਦੇ ਸ਼ੱਕੀ ਲੱਛਣ ਨਹੀਂ ਪਾਏ ਗਏ ਪਰ ਸਿਹਤ ਵਿਭਾਗ ਵੱਲੋਂ ਅਜੇ ਵੀ ਇਹ ਪਿੰਡ ਨਿਗਰਾਨੀ ਅਧੀਨ ਹੈ।
ਸਵਾਈਨ ਫਲੂ ਸਬੰਧੀ ਆਮ ਜਨਤਾ ਦੀ ਜਾਣਕਾਰੀ ਲਈ ਸਿਵਲ ਸਰਜਨ ਡਾ.ਸੁਰਜੀਤ ਸਿੰਘ ਨੇ ਦੱਸਿਆ ਕਿ ਤੇਜ਼ ਬੁਖਾਰ ਦਾ ਆਉਣਾ, ਖਾਂਸੀ, ਨੱਕ ਦਾ ਵਗਣਾ, ਗਲੇ ਵਿੱਚ ਖਰਾਸ਼, ਸ਼ਰੀਰ ਵਿੱਚ ਜਕੜਨ, ਤੇਜ ਸਿਰ ਦਰਦ, ਠੰਡ ਲੱਗਣਾ, ਸਾਹ ਲੈਣ ਵਿੱਚ ਮੁਸ਼ਕਲ ਆਉਣਾ ਅਤੇ ਉਲਟੀ ਦਾ ਆਉਣਾ ਆਦਿ ਸਵਾਈਨ ਫਲੂ ਦੇ ਮੁੱਢਲੇ ਲੱਛਣ ਹਨ। ਇਸ ਤੋਂ ਰੋਕਥਾਮ ਲਈ ਕੁੱਝ ਤਰੀਕੇ ਅਪਣਾਏ ਜਾ ਸਕਦੇ ਹਨ। ਜਿਵੇਂ ਕਿ ਕਿਸੇ ਨਾਲ ਗਲੇ ਮਿਲਣ ਅਤੇ ਹੱਥ ਮਿਲਾਉਣ ਤੋਂ ਪਰਹੇਜ ਕਰਨਾ ਚਾਹੀਦਾ ਹੈ। ਜਨਤਕ ਥਾਵਾਂ ਤੇ ਥੁੱਕਣਾ ਨਹੀਂ ਚਾਹੀਦਾ ਅਤੇ ਡਾਕਟਰੀ ਸਲਾਹ ਤੋਂ ਬਿਨਾਂ ਕਿਸੇ ਦਵਾਈ ਦਾ ਸੇਵਨ ਨਹੀਂ ਕਰਨਾ ਚਾਹੀਦਾ। ਸਵਾਈਨ ਫਲੂ ਦੇ ਸ਼ੱਕੀ ਕੇਸ ਜਾਂ ਫਲੂ ਤੋਂ ਪੀੜਤ ਵਿਅਕਤੀ ਤੋਂ ਦੂਰ ਰਹਿਣਾ ਚਾਹੀਦਾ ਹੈ ਤੇ ਜਨਤਕ ਥਾਵਾਂ ਤੇ ਜਾਣ ਤੋਂ ਬਚਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕਿਸੇ ਨਾਲ ਵੀ ਹੱਥ ਮਿਲਾਉਣ ਤੋਂ ਬਾਅਦ ਹੱਥਾਂ ਨੂੰ ਆਪਣੇ ਮੂੰਹ ਨਾਲ ਨਹੀਂ ਲਗਾਉਣਾ ਚਾਹੀਦਾ। ਇਨ੍ਹਾਂ ਤੋਂ ਇਲਾਵਾ ਖੰਘਣ ਜਾਂ ਛਿੱਕਣ ਵੇਲੇ ਆਪਣੇ ਨੱਕ ਨੂੰ ਢੱਕ ਕੇ ਰੱਖਣਾ ਚਾਹੀਦਾ ਹੈ। ਹੱਥਾਂ ਨੂੰ ਹਰ ਵੇਲੇ ਸਾਫ ਸੁਥਰਾ ਰੱਖਣ ਲਈ ਵਾਰ-ਵਾਰ ਸਾਬਣ ਨਾਲ ਚੰਗੀ ਤਰ੍ਹਾਂ ਧੋਣਾ ਚਾਹੀਦਾ ਹੈ। ਉਪਰੋਕਤ ਰੱਖਿਆਤਮਕ ਉਪਾਅ ਵਰਤਣ ਤੋਂ ਇਲਾਵਾ ਸਾਫ ਪਾਣੀ ਦਾ ਜਿਆਦਾ ਮਾਤਰਾ ਵਿੱਚ ਸੇਵਨ ਕਰਨਾ ਚਾਹੀਦਾ ਹੈ, ਪੂਰੀ ਨੀਂਦ ਲੈਣੀ ਚਾਹੀਦੀ ਹੈ, ਸਾਫ-ਸੁਥਰੀ ਅਤੇ ਪੋਸ਼ਟਿਕ ਖੁਰਾਕ ਦਾ ਸੇਵਨ ਕਰਨ ਦੇ ਨਾਲ ਹੀ ਸਵਾਈਨ ਫਲੂ ਦੇ ਲੱਛਣਾਂ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ।
No comments:
Post a Comment