- 66ਵੇਂ ਗਣਤੰਤਰ ਦਿਵਸ ਮੌਕੇ ਹੁਸ਼ਿਆਰਪੁਰ ਵਿਖੇ ਲਹਿਰਾਇਆ ਕੌਮੀ ਝੰਡਾ
ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਸੂਬੇ ਵਿੱਚ ਕੀਤੇ ਜਾ ਰਹੇ ਵਿਕਾਸ ਦਾ ਹਵਾਲਾ ਦਿੰਦਿਆਂ ਸ੍ਰ: ਠੰਡਲ ਨੇ ਕਿਹਾ ਕਿ ਪੰਜਾਬਂ ਵਿਦਿਆ, ਸਿਹਤ, ਬਿਜਲੀ ਉਤਪਾਦਨ, ਖੇਤੀਬਾੜੀ ਸਮੇਤ ਸਾਰੇ ਅਹਿਮ ਖੇਤਰਾਂ 'ਚ ਮੋਹਰੀ ਸੂਬਾ ਬਣ ਕੇ ਉਭਰ ਰਿਹਾ ਹੈ। ਉਨ੍ਹਾਂ ਪੰਜਾਬ ਦੇ ਕਿਸਾਨਾਂ ਵੱਲੋਂ ਭਾਰਤ ਨੂੰ ਖਾਧ ਪਦਾਰਥਾਂ ਪੱਖੋਂ ਆਤਮ ਨਿਰਭਰ ਬਣਾਉਣ ਲਈ ਪਾਏ ਯੋਗਦਾਨ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੀਂ ਦੀਵਾਲੀ ਦੇ ਸ਼ੁਭ ਦਿਹਾੜੇ 'ਤੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਵਿਖੇ ਸਾਰੇ ਦੇਸ਼-ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਦਿੰਦਿਆਂ ਸ੍ਰੀ ਦਰਬਾਰ ਸਾਹਿਬ ਵਿਖੇ ਗੋਲਡਨ ਪਲਾਜ਼ਾ ਸੰਗਤ ਨੂੰ ਅਰਪਿਤ ਕੀਤਾ ਗਿਆ। ਆਜ਼ਾਦੀ ਘੁਲਾਟੀਆ ਦੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਮੈਮੋਰੀਅਲ ਬਣਾਇਆ ਜਾ ਰਿਹਾ ਹੈ ਜਿਸ ਦਾ ਪਿਛਲੇ ਸਾਲ ਨੀਂਹ ਪੱਥਰ ਰੱਖਿਆ ਗਿਆ ਅਤੇ ਇਸ ਸਾਲ ਦੇ ਅਖੀਰ ਵਿੱਚ ਇਹ ਬਣ ਕੇ ਮੁਕੰਮਲ ਹੋ ਜਾਵੇਗਾ। ਇਸ ਤੋਂ ਇਲਾਵਾ ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਖੁਰਾਲਗੜ੍ਹ ਵਿਖੇ ਗੁਰੂ ਰਵਿਦਾਸ ਜੀ ਦੀ ਯਾਦਗਾਰ ਬਹੁਤ ਜਲਦ ਬਣਾਈ ਜਾਵੇਗੀ ਜਿਸ ਦਾ ਨੀਂਹ ਪੱਥਰ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਜਲਦ ਹੀ ਰੱਖਣਗੇ।
ਉਨ੍ਹਾਂ ਕਿਹਾ ਕਿ ਪ੍ਰਸ਼ਾਸਕੀ ਸੁਧਾਰਾਂ ਨੂੰ ਅੱਗੇ ਵਧਾਉਂਦਿਆਂ ਪੰਜਾਬ ਸਰਕਾਰ ਵੱਲੋਂ ਈ-ਸਟੈਂਪਿੰਗ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ ਅਤੇ ਜਲਦ ਹੀ ਈ—ਰਜਿਸਟ੍ਰੇਸ਼ਨ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਜਿਸ ਨਾਲ ਕਿਸੇ ਵੀ ਵਿਅਕਤੀ ਨੂੰ ਜ਼ਮੀਨ ਜਾਂ ਮਕਾਨ ਦੀ ਰਜਿਸਟਰੀ ਲਈ ਤਹਿਸੀਲਦਾਰ ਕੋਲ ਨਹੀਂ ਜਾਣਾ ਪਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਸ ਸਾਲ ਦੇ ਜੁਲਾਈ ਮਹੀਨੇ ਤੱਕ ਸੂਬੇ ਵਿੱਚ 2174 ਸੇਵਾ ਕੇਂਦਰ ਖੋਲ੍ਹੇ ਜਾ ਰਹੇ ਹਨ। ਇਨ੍ਹਾਂ ਵਿੱਚੋਂ 1750 ਸੇਵਾ ਕੇਂਦਰ ਪਿੰਡਾਂ ਅਤੇ 424 ਸ਼ਹਿਰਾਂ ਵਿੱਚ ਖੋਲ੍ਹੇ ਜਾਣਗੇ ਜਿਨ੍ਹਾਂ ਵਿੱਚ 249 ਨਾਗਰਿਕ ਸੇਵਾਵਾਂ ਇਕੋ ਛੱਤ ਹੇਠ ਮੁਹੱਈਆ ਕਰਵਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਸੈਰ ਸਪਾਟਾ ਖੇਤਰ ਵਿੱਚ ਪੰਜਾਬ ਨੇ ਬਹੁਤ ਸ਼ਲਾਘਾਯੋਗ ਕਦਮ ਪੁੱਟੇ ਹਨ। ਪੰਜਾਬ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ, ਕੁੱਪ ਰੋਹੀੜਾ ਵਿਖੇ ਵੱਡਾ ਘੱਲੂਘਾਰਾ ਯਾਦਗਾਰ, ਕਾਹਨੂੰਵਾਨ ਛੰਭ ਵਿਖੇ ਛੋਟਾ ਘੱਲੂਘਾਰਾ ਯਾਦਗਾਰ, ਚੱਪੜ ਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਈ ਗਈ ਜਿਨ੍ਹਾਂ ਨੂੰ ਸਿਜਦਾ ਕਰਨ ਲੱਖਾਂ ਸ਼ਰਧਾਲੂ ਦੇਸ਼-ਵਿਦੇਸ਼ ਤੋਂ ਪੰਜਾਬ ਆਉਂਦੇ ਹਨ। ਇਹ ਮਾਣ ਵਾਲੀ ਗੱਲ ਹੈ ਕਿ ਫਾਰਮ ਟੂਰਿਜ਼ਮ ਨੂੰ ਹੁਲਾਰਾ ਦੇਣ ਵਿੱਚ ਪੰਜਾਬ ਨੂੰ ਕੌਮੀ ਐਵਾਰਡ ਮਿਲਿਆ।
ਅੱਜ ਦੇ ਸਮਾਗਮ ਦੌਰਾਨ ਡੀ ਐਸ ਪੀ ਸ੍ਰੀ ਪ੍ਰਭ ਸਿੰਘ ਦੀ ਅਗਵਾਈ 'ਚ ਬੀ ਐਸ ਐਫ, ਆਰ ਪੀ ਐਫ, ਪੰਜਾਬ ਪੁਲਿਸ, ਪੰਜਾਬ ਮਹਿਲਾ ਪੁਲਿਸ, ਪੰਜਾਬ ਹੋਮਗਾਰਡਜ਼, ਸਾਬਕਾ ਫੌਜੀਆਂ, ਐਨ ਸੀ ਸੀ, ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਰੇਲਵੇ ਮੰਡੀ, ਸਰਕਾਰੀ ਹਾਈ ਸਕੂਲ ਕਮਾਲਪੁਰ, ਪੀ ਆਰ ਟੀ ਸੀ ਜਹਾਨਖੇਲਾਂ ਦੀਆਂ ਟੁਕੜੀਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਗਿਆ। ਇਸ ਉਪਰੰਤ ਵੱਖ-ਵੱਖ ਸਕੂਲੀ ਵਿਦਿਆਰਥੀਆਂ ਵੱਲੋਂ ਪੀ ਟੀ ਸ਼ੋਅ, ਸਭਿਆਚਾਰਕ ਪ੍ਰੋਗਰਾਮ, ਗਿੱਧਾ-ਭੰਗੜਾ ਪੇਸ਼ ਕੀਤਾ ਗਿਆ। ਖੇਡਾਂ, ਵਿਦਿਅਕ ਖੇਤਰ ਅਤੇ ਹੋਰ ਖੇਤਰਾਂ 'ਚ ਵਧੀਆ ਕਾਰਗੁਜ਼ਾਰੀ ਕਰਨ ਵਾਲੇ ਵਿਦਿਆਰਥੀਆਂ, ਖਿਡਾਰੀਆਂ, ਕਰਮਚਾਰੀਆਂ ਅਤੇ ਹੋਰ ਸਖਸ਼ੀਅਤਾਂ ਦਾ ਮੁੱਖ ਮਹਿਮਾਨ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਵੱਖ-ਵੱਖ ਵਿਭਾਗਾਂ ਵੱਲੋਂ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ। ਲੋੜਵੰਦਾਂ ਨੂੰ ਟਰਾਈ-ਸਾਈਕਲ ਤੇ ਵੀਲਚੇਅਰ ਵੀ ਤਕਸੀਮ ਕੀਤੇ ਗਏ। ਮਾਰਚ ਪਾਸਟ ਵਿੱਚੋਂ ਬੀ ਐਸ ਐਫ ਖੜਕਾਂ ਦੀ ਟੁਕੜੀ ਨੂੰ ਪਹਿਲਾ ਅਤੇ ਆਰ ਪੀ ਐਫ ਦੀ ਟੁਕੜੀ ਨੂੰ ਦੂਸਰਾ ਸਥਾਨ, ਝਾਕੀਆਂ ਵਿੱਚੋਂ ਸਿਹਤ ਵਿਭਾਗ ਨੂੰ ਪਹਿਲਾ ਅਤੇ ਜ਼ਿਲ੍ਹਾ ਉਦਯੋਗ ਕੇਂਦਰ ਨੂੰ ਦੂਜਾ, ਸਭਿਆਚਾਰਕ ਪ੍ਰੋਗਰਾਮਾਂ ਵਿੱਚ ਟਾਈਨ ਟੋਟਸ ਕਿੰਡਰ ਗਾਰਡਨ ਸਕੂਲ ਅਤੇ ਸਿਖਲਾਈ ਸੰਸਥਾ ਡਾਈਟ ਅੱਜੋਵਾਲ ਨੂੰ ਕ੍ਰਮਵਾਰ ਪਹਿਲਾ ਤੇ ਦੂਜਾ ਸਥਾਨ ਹਾਸਲ ਕਰਨ ਬਦਲੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਗਿੱਧਾ-ਭੰਗੜਾ ਦੀਆਂ ਟੀਮਾਂ, ਸਾਬਕਾ ਫੌਜੀਆਂ ਦੀ ਟੁਕੜੀ, ਬੈਂਡ ਅਤੇ ਪ੍ਰੇਡ ਕਮਾਂਡਰ ਡੀ ਐਸ ਪੀ ਸ੍ਰੀ ਪ੍ਰਭ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਵੱਲੋਂ ਸਮਾਗਮ ਵਿੱਚ ਪੁੱਜੇ ਹੋਏ ਸੁਤੰਤਰਤਾ ਸੰਗਰਾਮੀਆਂ ਦਾ ਵੀ ਵਿਸੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ, ਜ਼ਿਲ੍ਹਾ ਪੁਲਿਸ ਮੁੱਖੀ ਸ੍ਰੀ ਰਾਜਜੀਤ ਸਿੰਘ ਵੱਲੋਂ ਮੁੱਖ ਮਹਿਮਾਨ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਸ੍ਰੀ ਤੀਕਸ਼ਨ ਸੂਦ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਸਮਾਗਮ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ, ਪੁਲਿਸ, ਜੂਡੀਸ਼ਰੀ ਦੇ ਅਫ਼ਸਰਾਂ ਤੋਂ ਇਲਾਵਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਤੇ ਸ਼ਹਿਰੀ ਪਤਵੰਤੇ ਹਾਜ਼ਰ ਸਨ।
No comments:
Post a Comment