- ਮਿਡ ਡੇ ਮੀਲ ਸਕੀਮ ਲਈ 11 ਕਰੋੜ 55 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ।
- ਮਿਡ ਡੇ ਮੀਲ ਲਈ ਅਨਾਜ ਦੀ ਮਿਕਦਾਰ ਅਤੇ ਗੁਣਵੱਤਾ ਅਡਵਾਂਸ ਚੈਕ ਕਰਨ ਲਈ ਮੋਨੀਟਰਿੰਗ ਕਮੇਟੀਆਂ ਗਠਿਤ
ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਨੂੰ ਬਰਕਰਾਰ ਰੱਖਣ ਲਈ ਅਤੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਸਕੂਲੀ ਵਿਦਿਆਰਥੀਆਂ ਨੂੰ ਦੁਪਹਿਰ ਦਾ ਤਾਜ਼ਾ ਬਣਿਆ ਖਾਣਾ ਮੁਹੱਈਆ ਕਰਾਉਣ ਲਈ ਜ਼ਿਲ੍ਹੇ ਦੇ ਲਗਭਗ 1807 ਸਕੂਲਾਂ ਵਿੱਚ ਮਿਡ ਮੀਲ ਸਕੀਮ ਚਲਾਈ ਜਾ ਰਹੀ ਹੈ। ਮਿਡ ਡੇ ਮੀਲ ਸਕੀਮ ਤਹਿਤ ਅਨਾਜ ਦੀ ਮਿਕਦਾਰ ਅਤੇ ਗੁਣਵੱਤਾ ਨੂੰ ਅਡਵਾਂਸ ਚੈਕ ਕਰਕੇ ਮਿਲ ਡੇ ਮੀਲ ਸਕੀਮ ਤਹਿਤ ਹਫ਼ਤਾਵਾਰ ਮਿਨੂ ਅਨੁਸਾਰ ਬੱਚਿਆਂ ਨੂੰ ਖਾਣਾ ਦਿੱਤਾ ਜਾਂਦਾ ਹੈ।
ਅਨੰਦਿਤਾ ਮਿੱਤਰਾ ਆਈ. ਏ. ਐੱਸ. |
ਮਿਡ ਡੇ ਮੀਲ ਸਬੰਧੀ ਕੀਤੀ ਗਈ ਕਾਰਗੁਜ਼ਾਰੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਨੰਦਿਤਾ ਮਿਤਰਾ ਨੇ ਦੱਸਿਆ ਕਿ ਚਾਲੂ ਮਾਲੀ ਸਾਲ ਦੌਰਾਨ ਇਸ ਮਹੀਨੇ ਤੱਕ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਲਗਭਗ 11 ਕਰੋੜ 55 ਲੱਖ ਰੁਪਏ ਦੀ ਰਾਸ਼ੀ ਮਿਡ ਡੇ ਮੀਲ ਸਕੀਮ ਤਹਿਤ ਵੱਖ-ਵੱਖ ਕੰਪੋਨੈਟ ਤਹਿਤ ਜਾਰੀ ਕੀਤੀ ਜਾ ਚੁੱਕੀ ਹੈ। ਪ੍ਰਾਇਮਰੀ ਸਕੂਲਾਂ ਲਈ ਅਨਾਜ ਦੀ ਮਾਤਰਾ ਇੱਕ ਦਿਨ ਲਈ 100 ਗ੍ਰਾਮ ਪ੍ਰਤੀ ਵਿਦਿਆਰਥੀ ਪ੍ਰਤੀ ਸਕੂਲ ਦਿੱਤੀ ਜਾਂਦੀ ਹੈ ਜਦ ਕਿ ਅਪਰ ਪ੍ਰਾਇਮਰੀ ਸਕੂਲਾਂ ਲਈ ਅਨਾਜ ਦੀ ਮਾਤਰਾ ਦਿਨ ਲਈ 150 ਗ੍ਰਾਮ ਪ੍ਰਤੀ ਵਿਦਿਆਰਥੀਆਂ ਪ੍ਰਤੀ ਸਕੂਲ ਮਿਡ ਡੇ ਮੀਲ ਤਹਿਤ ਦਿੱਤੀ ਜਾਂਦੀ ਹੈ। ਜ਼ਿਲ੍ਹੇ ਦੇ 1807 ਸਕੂਲਾਂ ਵਿੱਚ ਚਲਾਈ ਜਾ ਰਹੀ ਇਸ ਸਕੀਮ ਤਹਿਤ ਇਸ ਸਮੇਂ ਲਗਭਗ 1 ਲੱਖ 17 ਹਜ਼ਾਰ ਸਕੂਲੀ ਵਿਦਿਆਰਥੀਆਂ ਨੂੰ ਦੁਪਹਿਰ ਦੇ ਖਾਣੇ ਤਹਿਤ ਲਾਭ ਪ੍ਰਾਪਤ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਇਸ ਸਮੇਂ ਸਰਕਾਰੀ ਸਕੂਲਾਂ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀਂ ਕਲਾਸ ਤੱਕ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਮੁਫ਼ਤ ਖਾਣਾ ਦਿੱਤਾ ਜਾਂਦਾ ਹੈ। ਹਫ਼ਤਾਵਾਰ ਮਿਨੂ ਤਹਿਤ ਰੋਟੀ, ਦਾਲ ਅਤੇ ਮੌਸਮੀ ਸਬਜੀਆਂ ਮਿਲਾ ਕੇ ਪੌਸ਼ਟਿਕ ਖਿਚੜੀ, ਕਾਲੇ ਛੋਲੇ, ਕੜੀ ਚਾਵਲ ਤੋਂ ਇਲਾਵਾ ਹਰੇਕ ਸ਼ੁਕਰਵਾਰ ਖਾਣੇ ਦੇ ਨਾਲ ਖੀਰ ਵੀ ਦਿੱਤੀ ਜਾਂਦੀ ਹੈ। ਖਾਣੇ ਵਾਸਤੇ ਸਰਕਾਰ ਵੱਲੋਂ ਸਕੂਲਾਂ ਨੂੰ ਕਣਕ ਅਤੇ ਚਾਵਲ ਮੁਹੱਈਆ ਕਰਵਾਏ ਜਾਂਦੇ ਹਨ। ਖਾਣੇ ਨੂੰ ਤਿਆਰ ਕਰਨ ਲਈ ਪ੍ਰਤੀ ਵਿਦਿਆਰਥੀ ਪ੍ਰਤੀ ਸਕੂਲ ਦਿਨ ਲਈ ਕੂਕਿੰਗ ਕਾਸਟ ਦੀ ਰਾਸ਼ੀ ਸਰਕਾਰ ਵੱਲੋਂ ਸਕੂਲਾਂ ਨੂੰ ਦਿੱਤੀ ਜਾਂਦੀ ਹੈ। ਇਸ ਸਮੇਂ ਕੂਕਿੰਗ ਕਾਸਟ ਪ੍ਰਾਇਮਰੀ ਸਕੁਲਾਂ ਲਈ 3.59 ਰਪਏ ਅਤੇ ਅਪਰ ਪ੍ਰਾਇਮਰੀ ਸਕੂਲਾਂ ਲਈ 5.38 ਰੁਪਏ ਪ੍ਰਤੀ ਵਿਦਿਆਰਥੀ ਪ੍ਰਤੀ ਸਕੂਲ ਦਿਨ ਲਈ ਨਿਰਧਾਰਤ ਕੀਤੀ ਗਈ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਮਹੀਨਾ ਦਸੰਬਰ ਤੱਕ ਜ਼ਿਲ੍ਹੇ ਦੇ ਸਮੂਹ ਸਕੂਲਾਂ ਲਈ 1126.62 ਮੀਟ੍ਰਿਕ ਟਨ ਚਾਵਲ ਅਤੇ 1063.62 ਮੀਟ੍ਰਿਕ ਟਨ ਕਣਕ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਹੁਸ਼ਿਆਰਪੁਰ ਪਾਸੋਂ ਲਿਫਟ ਕੀਤੀ ਗਈ ਹੈ। ਜ਼ਿਲ੍ਹੇ ਦੇ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਵਿੱਚ ਇਸ ਸਮੇਂ ਸਕੂਲਾਂ ਵਿੱਚ ਹੀ ਦੁਪਹਿਰ ਦਾ ਖਾਣਾ ਤਿਆਰ ਕਰਨ ਲਈ ਲਗਭਗ 3107 ਕੂਕ-ਕਮ-ਹੈਲਪਰ ਕੰਮ ਕਰ ਰਹੇ ਹਨ। ਇਨ੍ਹਾਂ ਕੂਕਾਂ ਨੂੰ 1200 ਰੁਪਏ ਪ੍ਰਤੀ ਮਹੀਨਾ ਮਿਹਨਤਾਨੇ ਵਜੋਂ ਸਾਲ ਦੇ 10 ਮਹੀਨਿਆਂ ਵਾਸਤੇ ਦਿੱਤਾ ਜਾ ਰਿਹਾ ਹੈ। ਖਾਣਾ ਬਣਾਉਣ ਲਈ ਸਾਰੇ ਸਕੂਲਾਂ ਵਿੱਚ ਗੈਸ ਭੱਠੀਆਂ, ਅੱਗ ਬਝਾਊ ਯੰਤਰ, ਗੈਸ ਸੈਲੰਡਰ ਅਤੇ ਅਨਾਜ ਸਟੋਰ ਕਰਨ ਲਈ ਡਰੰਮ ਦਿੱਤੇ ਗਏ ਹਨ ਅਤੇ ਸਾਰੇ ਸਕੂਲਾਂ ਵਿੱਚ ਕਿਚਨ ਸ਼ੈਡਾਂ ਦੀ ਉਸਾਰੀ ਵੀ ਮੁਕੰਮਲ ਹੋ ਚੁੱਕੀ ਹੈ। ਸ੍ਰੀਮਤੀ ਮਿਤਰਾ ਨੇ ਦੱਸਿਆ ਕਿ ਹਰੇਕ ਮਹੀਨੇ ਅਨਾਜ ਦੀ ਮਿਕਦਾਰ ਅਤੇ ਗੁਣਵੱਤਾ ਅਡਵਾਂਸ ਚੈਕ ਕਰਨ ਹਿੱਤ ਸਬਡਵੀਜ਼ਨ ਵਿੱਚ ਪੈਂਦੇ ਬਲਾਕਾਂ ਵਾਸਤੇ ਮੋਨੀਟਰਿੰਗ ਕਮੇਟੀਆਂ ਗਠਿਤ ਕੀਤੀ ਗਈਆਂ ਹਨ। ਜ਼ਿਲ੍ਹੇ ਦੇ ਸਕੂਲਾਂ ਨੂੰ ਕੂਕਿੰਗ ਕਾਸਟ ਅਤੇ ਕੂਕਾਂ ਦੇ ਮਿਹਨਤਾਨੇ ਦੀ ਰਾਸ਼ੀ ਆਨ ਲਾਈਨ ਭੇਜੀ ਜਾ ਰਹੀ ਹੈ। ਦੁਪਹਿਰ ਦੇ ਖਾਣੇ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਰੋਗ ਮੁਕਤ ਰੱਖਣ ਅਤੇ ਚੰਗੀ ਸਿਹਤ ਲਈ ਮੈਡੀਕਲ ਚੈਕਅਪ ਸਕੂਲ ਹੈਲਥ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਰਾਹੀਂ ਕੀਤਾ ਜਾ ਰਿਹਾ ਹੈ।
No comments:
Post a Comment