ਨਵ-ਜੰਮੇ ਬੱਚਿਆਂ ਨੂੰ ਤੰਦਰੁਸਤ ਰੱਖਣ ਲਈ ਮਾਪੇ ਜਨਨੀ ਸ਼ਿਸ਼ੂ ਸੁਰੱਖਿਆ ਯੋਜਨਾ ਦਾ ਲਾਭ ਉਠਾਉਣ: ਡੀ ਸੀ

ਹੁਸ਼ਿਆਰਪੁਰ, 29 ਜਨਵਰੀ: ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਨਵ-ਜੰਮੇ ਬੱਚਿਆਂ ਨੂੰ ਸਿਹਤਯਾਬ ਰੱਖਣ ਲਈ ਜਨਨੀ ਸ਼ਿਸ਼ੂ ਸੁਰੱਖਿਆ ਯੋਜਨਾ ਤਹਿਤ 0-1 ਸਾਲ ਦੀ ਉਮਰ ਦੇ ਲੜਕੇ ਅਤੇ 5 ਸਾਲ ਤੱਕ ਦੀ ਉਮਰ ਦੀਆਂ ਲੜਕੀਆਂ ਲਈ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਇਲਾਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਸਕੀਮ ਦਾ ਲਾਭ ਉਠਾਉਣ ਲਈ ਨਵ-ਜੰਮੇ ਬੱਚਿਆਂ ਦੇ ਮਾਪਿਆਂ ਨੂੰ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਜਿਥੇ ਬੱਚਿਆਂ ਦਾ ਇਲਾਜ ਅਤੇ ਦਵਾਈਆਂ ਮੁਫ਼ਤ ਮੁਹੱਈਆ ਹੁੰਦੀਆਂ ਹਨ, ਉਸ ਦੇ ਨਾਲ-ਨਾਲ ਲੋਕਾਂ ਦੀ ਸਹੂਲਤ ਲਈ ਬੱਚਿਆਂ ਨੂੰ ਹਸਪਤਾਲ ਲਿਜਾਉਣ ਲਈ ਮੁਫ਼ਤ ਟਰਾਂਸਪੋਰਟੇਸ਼ਨ ਮੁਹੱਈਆ ਕਰਵਾਈ ਜਾਵੇਗੀ।
ਅਨੰਦਿਤਾ ਮਿਤਰਾ ਆਈ. ਏ. ਐੱਸ.

                  ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੌਮੀ ਸਿਹਤ ਪ੍ਰੋਗਰਾਮਾਂ ਅਤੇ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਤੌਰ ਤੇ ਇੱਕ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੱਚਿਆਂ ਨੂੰ ਹਸਪਤਾਲ ਲਿਜਾਉਣ ਲਈ ਮਾਪੇ 108 ਨੰਬਰ ਡਾਇਲ ਕਰਕੇ ਫਰੀ ਐਂਬੂਲੈਂਸ ਸੇਵਾਵਾਂ ਦਾ ਲਾਭ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਬੱਚਿਆਂ ਦੀ ਮੌਤ ਦਰ ਨੂੰ ਘਟਾਉਣ ਅਤੇ ਬੱਚਿਆਂ ਨੂੰ ਤੰਦਰੁਸਤ ਰੱਖਣ ਲਈ ਜਨਨੀ ਸ਼ਿਸ਼ੂ ਸੁਰੱਖਿਆ ਯੋਜਨਾ ਇੱਕ ਲੋਕ ਪੱਖੀ ਸਕੀਮ ਹੈ ਜਿਸ ਦਾ ਵੱਧ ਤੋਂ ਵੱਧ ਮਾਪਿਆਂ ਨੂੰ ਲਾਭ ਉਠਾਉਣਾ ਚਾਹੀਦਾ ਹੈ।  ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਇਸ ਯੋਜਨਾ ਤਹਿਤ ਉਪਲਬੱਧ ਸੁਵਿਧਾਵਾਂ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਉਪਰਾਲੇ ਕਰਨ ਦੀ ਹਦਾਇਤ ਕੀਤੀ।

ਦਫ਼ਾ ਚੁਤਾਲੀ ਤਹਿਤ ਪਾਬੰਦੀਆਂ ਦੇ ਹੁਕਮ ਜਾਰੀ

ਹੁਸ਼ਿਆਰਪੁਰ 29 ਜਨਵਰੀ: ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਫੌਜਦਾਰੀ ਜਾਬਤਾ ਸੰਘਤਾ 1973(1974 ਦਾ ਐਕਟ-2) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹੇ ਦੀ ਹਦੂਦ ਅੰਦਰ ਹਰੇ ਅੰਬ ਦੇ ਬਹੁਤ ਹੀ ਮਹੱਤਵਪੂਰਨ ਦਰਖੱਤਾਂ ਦੀ ਕਟਾਈ ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਹੈ। ਜੇਕਰ ਉਕਤ ਦਰੱਖਤਾਂ ਨੂੰ ਵਿਸ਼ੇਸ਼ ਹਾਲਾਤ ਵਿੱਚ ਕੱਟਣਾ ਜ਼ਰੂਰੀ ਹੋਵੇ ਤਾਂ ਜੰਗਲਾਤ ਵਿਭਾਗ ਦੀ ਪ੍ਰਵਾਨਗੀ ਨਾਲ ਹੀ ਕੱਟੇ ਜਾਣ। ਇਸ ਮੰਤਵ ਲਈ ਵਣ ਵਿਭਾਗ ਵੱਲੋਂ ਉਹ ਵੀ ਪ੍ਰਕ੍ਰਿਆ ਅਪਨਾਈ ਜਾਵੇਗੀ ਜਿਹੜੀ ਕਿ ਪੰਜਾਬ ਭੂਮੀ ਸੁਰੱਖਿਆ ਐਕਟ-1900 ਦਫਾ-4 ਅਤੇ 5 ਅਧੀਨ ਬੰਦ ਰਕਬੇ ਵਿੱਚ ਪਰਮਿੱਟ ਦੇਣ ਲਈ ਅਪਣਾਈ ਜਾਂਦੀ ਹੈ।  ਇਹ ਪਾਬੰਦੀ ਇਸ ਕਰਕੇ ਲਗਾਈ ਜਾਂਦੀ ਹੈ ਕਿ ਵੇਖਣ ਵਿੱਚ ਆਇਆ ਹੈ ਕਿ ਕੁਝ ਲੋਕਾਂ ਵੱਲੋਂ ਹਰੇ ਅੰਬ ਦੇ ਦਰੱਖਤਾਂ ਨੂੰ ਬਿਨਾਂ ਵਜ੍ਹਾ ਕੱਟਿਆ ਜਾ ਰਿਹਾ ਹੈ। ਇਨ੍ਹਾਂ ਵੱਡੇ ਦਰੱਖਤਾਂ ਤੇ ਜੰਗਲੀ ਜੀਵਾਂ ਅਤੇ ਪੰਛੀਆਂ ਆਦਿ ਦਾ ਰੈਣ-ਬਸੇਰਾ ਹੁੰਦਾ ਹੈ। ਅਜਿਹੇ ਰੁੱਖਾਂ ਦੀ ਕਟਾਈ ਨਾਲ ਜਿਥੇ ਵਾਤਾਵਰਣ ਤੇ ਮਾੜਾ ਅਸਰ ਪੈਂਦਾ ਹੈ, ਉਥੇ ਪੰਛੀਆਂ ਦੇ ਕੁਦਰਤੀ ਰੈਣ ਬਸੇਰੇ ਤੇ ਵੀ ਪ੍ਰਤੀਕੂਲ ਅਸਰ ਪੈਂਦਾ ਹੈ ਜਿਸ ਕਰਕੇ ਪੰਛੀਆਂ ਦੀਆਂ ਕਈ ਪ੍ਰਜਾਤੀਆ ਲੁਪਤ ਹੋ ਰਹੀਆਂ ਹਨ। ਇਸ ਲਈ ਹਰੇ ਅੰਬਾਂ ਦੇ ਦਰੱਖਤਾਂ ਦੀ ਕਟਾਈ ਤੇ ਰੋਕ ਲਗਾਈ ਗਈ ਹੈ।
                  ਇੱਕ ਹੋਰ ਹੁਕਮ ਰਾਹੀਂ ਸ੍ਰੀਮਤੀ ਅਨਿੰਦਿਤਾ ਮਿਤਰਾ  ਜ਼ਿਲਾ  ਮੈਜਿਸਟਰੇਟ  ਹੁਸ਼ਿਆਰਪੁਰ ਵਲੋਂ  ਧਾਰਾ 144 ਅਧੀਨ  ਫਸਲਾਂ  ਦੀ  ਰਹਿੰਦ-ਖੂੰਦ ਨੂੰ ਅੱਗ ਲਗਾਉਣ ਅਤੇ 18-ਅਮੂਨੀਸ਼ਨ  ਡਿਪੂ ਉਚੀ  ਬੱਸੀ, ਤਹਿਸੀਲ: ਦਸੂਹਾ,ਜ਼ਿਲਾ ਹੁਸਿਆਰਪੁਰ ਦੀ  ਬਾਹਰਲੀ ਚਾਰ-ਦੀਵਾਰੀ ਦੇ 1000  ਗਜ਼  ਦੇ  ਘੇਰੇ  ਅੰਦਰ  ਆਮ  ਲੋਕਾਂ  ਵਲੋਂ ਕਿਸੇ  ਵੀ ਤਰਾਂ ਦੀ ਉਸਾਰੀ (ਸਿਵਾਏ  ਸਰਕਾਰੀ  ਉਸਾਰੀ )  ਕਰਨ  'ਤੇ  ਪੂਰਨ ਤੌਰ 'ਤੇ ਪਾਬੰਦੀ  ਲਗਾ  ਦਿਤੀ ਗਈ ਹੈ।
                  ਇਹ ਹੁਕਮ 26 ਅਪ੍ਰੈਲ 2015 ਤੱਕ ਲਾਗੂ ਰਹਿਣਗੇ।

ਬਾਲ ਸਾਹਿਤ ਰਸਾਲਾ ਨਿੱਕੀਆਂ ਕਰੂੰਬਲਾਂ ਦਾ 20ਵੇਂ ਸਾਲ ਦਾ ਪਹਿਲਾ ਅੰਕ ਡਿਪਟੀ ਕਮਿਸ਼ਨਰ ਵੱਲੋਂ ਜਾਰੀ

ਹੁਸ਼ਿਆਰਪੁਰ, 29 ਜਨਵਰੀ: ਅੱਜ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਇੱਕ ਸਮਾਗਮ ਦੌਰਾਨ ਸੁਰ ਸੰਗਮ ਵਿਦਿਅਕ ਟਰੱਸਟ (ਰਜਿ:) ਵੱਲੋਂ ਬੱਚਿਆਂ ਵਾਸਤੇ ਸ਼ੁਰੂ ਕੀਤੇ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦੇ 20ਵੇਂ ਸਾਲ ਦਾ ਪਹਿਲਾ ਅੰਕ ਸ੍ਰੀਮਤੀ ਅਨਿੰਦਿਤਾ ਮਿਤਰਾ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੇ ਜਾਰੀ ਕਰਨ ਦੀ ਰਸਮ ਅਦਾ ਕੀਤੀ। ਬੱਚਿਆਂ ਦੇ ਸਰਵਪੱਖੀ ਵਿਕਾਸ ਵਾਸਤੇ ਸੁਰ ਸੰਗਮ ਵਿਦਿਅਕ ਟਰੱਸਟ ਵੱਲੋਂ ਬਾਲ ਸਾਹਿਤ ਰਸਾਲਾ ਪ੍ਰਕਾਸ਼ਿਤ ਕਰਨ ਦੇ ਕੀਤੇ ਜਾ ਰਹੇ ਸਾਹਿਤਕ ਯਤਨਾਂ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਬੱਚਿਆਂ ਨੂੰ ਸ਼ੁਰੂ ਵਿੱਚ ਹੀ ਸਿੱਖਿਆ ਭਰਪੂਰ ਸਾਹਿਤਕ ਅਗਵਾਈ ਦਿੱਤੀ ਜਾਵੇ ਤਾਂ ਜੋ ਉਹ ਵੱਡੇ ਹੋ ਕੇ ਦੇਸ਼ ਦੇ ਜਿੰਮੇਵਾਰ ਨਾਗਰਿਕ ਸਾਬਤ ਹੋ ਸਕਣ। ਉਨ੍ਹਾਂ ਕਿਹਾ ਕਿ ਬਾਲ-ਮਨਾਂ ਤੇ ਜਿਨ੍ਹਾਂ ਵਿਚਾਰਾਂ ਦੀ ਸ਼ੁਰੂ ਵਿੱਚ ਛਾਪ ਲਗਦੀ ਹੈ, ਬੱਚੇ ਉਸ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੇ ਹਨ ਅਤੇ ਇਹ ਉਨ੍ਹਾਂ ਦੇ ਜੀਵਨ ਵਿਕਾਸ ਪ੍ਰਕ੍ਰਿਆ ਦਾ ਆਧਾਰ ਬਣਦੇ ਹਨ।

                  ਡਿਪਟੀ ਕਮਿਸ਼ਨਰ ਸ੍ਰ੍ਰੀਮਤੀ ਮਿਤਰਾ ਨੇ ਸਾਹਿਤ ਸਿਰਜਣਾ ਨਾਲ ਜੁੜੇ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਦੇ ਚੰਗੇਰੇ ਭਵਿੱਖ ਲਈ ਸਾਹਿਤ ਸਿਰਜਣਾ ਲਈ ਯਤਨਸ਼ੀਲ ਰਹਿਣ। ਉਨ੍ਹਾਂ ਬਾਲ ਸਾਹਿਤ ਰਸਾਲੇ ਨਿੱਕੀਆਂ ਕਰੂਬੰਲਾਂ ਨੂੰ ਘਰ-ਘਰ ਪਹੁੰਚਾਉਣ ਲਈ ਇੱਕ ਲਹਿਰ ਵਜੋਂ ਕੰਮ ਕਰਨ ਲਈ ਲੋੜ ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਹਿਤ ਸਿਰਜਣਾ ਲਈ ਸਰਗਰਮ ਸਾਹਿਤਕ ਜਥੇਬੰਦੀਆਂ ਦੇ ਸਾਹਿਤਕ ਉਪਰਾਲਿਆਂ ਦੀ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਕਦਰ ਕੀਤੀ ਜਾਵੇਗੀ।
                  ਇਸ ਮੌਕੇ ਤੇ ਨਿੱਕੀਆਂ ਕਰੂਬੰਲਾਂ ਦੇ ਮੁੱਖ ਸਲਾਹਕਾਰ ਪ੍ਰੋ: ਬਲਦੇਵ ਸਿੰਘ ਬੱਲੀ ਨੇ ਦੱਸਿਆ ਕਿ ਨਿੱਕੀਆਂ ਕਰੂੰਬਲਾਂ ਸਾਹਿਤ ਬਾਲ ਰਸਾਲੇ ਦਾ ਵਿਸਥਾਰ ਕੀਤਾ ਜਾਵੇਗਾ ਅਤੇ ਇਸ ਨੂੰ ਵਿਦਿਅਕ ਸੰਸਥਾਵਾਂ ਦੀਆਂ ਲਾਇਬ੍ਰੇਰੀਆਂ ਤੱਕ ਪਹੁੰਚਾਉਣ ਲਈ ਪਹਿਲਾਂ ਨਾਲੋਂ ਵੀ ਜ਼ਿਆਦਾ ਉਪਰਾਲੇ ਕੀਤੇ ਜਾਣਗੇ। ਨਿੱਕੀਆਂ ਕਰੂੰਬਲਾਂ ਦੇ ਮੁੱਖ ਸੰਪਾਦਕ ਬਲਜਿੰਦਰ ਮਾਨ ਨੇ ਰਸਾਲੇ ਦੀ ਭਵਿੱਖੀ ਵਿਉਂਤਬੰਦੀ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਸੁਰ ਸੰਗਮ ਵਿਦਿਅਕ ਟਰੱਸਟ ਵੱਲੋਂ ਬਾਲ ਸਾਹਿਤ ਸਿਰਜਣਾ ਦੇ ਲੇਖਕਾਂ ਨੂੰ ਹਰ ਸਾਲ ਸਾਹਿਤਕ ਸਮਾਗਮ ਕਰਕੇ ਸਨਮਾਨਿਤ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰੋ: ਬਲਦੇਵ ਸਿੰਘ ਬੱਲੀ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਨੂੰ ਸ੍ਰ: ਜਗਦੇਵ ਸਿੰਘ ਜੱਸੋਵਾਲ ਦੀ ਥਾਂ ਤੇ ਟਰੱਸਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।

ਬੱਚਿਆਂ ਦੀ ਪੰਜ ਬਿਮਾਰੀਆਂ ਤੋਂ ਰੋਕਥਾਮ ਵਾਲਾ ਟੀਕਾ ਪੈਂਟਾਵੇਲੈਂਟ ਹੁਸ਼ਿਆਰਪੁਰ 'ਚ ਸ਼ੁਰੂਆਤ


  • ਜ਼ਿਲੇ ਦੇ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਦਿੱਤੀ ਜਾਵੇਗੀ ਹਿਬ ਵੈਕਸੀਨ
ਹੁਸ਼ਿਆਰਪੁਰ, 28 ਜਨਵਰੀ: ਬੱਚਿਆਂ ਨੂੰ ਪੰਜ ਬੀਮਾਰੀਆਂ ਗਲ ਘੋਟੂ, ਕਾਲੀ ਖਾਂਸੀ, ਧੁਣਖਵਾ, ਕਾਲਾ ਪੀਲੀਆ ਅਤੇ ਨਿਮੋਨੀਆ ਦੀ ਰੋਕਥਾਮ ਵਾਲਾ ਪੈਂਟਾਵੇਲੈਂਟ ਟੀਕਾ ਹੁਣ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਲਗਾਇਆ ਜਾਵੇਗਾ।  ਅੱਜ ਸਥਾਨਕ ਸਿਵਲ ਹਸਪਤਾਲ ਵਿਖੇ ਇਸ ਟੀਕੇ ਦੀ ਸ਼ੁਰੂਆਤ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਅਦੱਪਾ ਕਾਰਥਿਕ ਦੀ ਹਾਜ਼ਰੀ 'ਚ ਡਾਕਟਰਾਂ ਵੱਲੋਂ ਛੋਟੇ ਬੱਚਿਆਂ ਦੇ ਇਹ ਟੀਕਾ ਲਗਵਾ ਕੇ ਕੀਤੀ ਗਈ। ਇਸ ਮੌਕੇ ਆਪਣੇ ਸੰਬੋਧਨ ਵਿਚ ਉਨ੍ਹਾਂ ਕਿਹਾ ਕਿ ਪੈਂਟਾਵੇਲੈਂਟ ਟੀਕਾ ਬੱਚਿਆਂ ਲਈ ਸੰਜੀਵਨੀ ਹੈ ਅਤੇ ਇਸ ਨਾਲ ਬੱਚਿਆਂ ਦੀ ਮੌਤ ਦਰ 'ਚ ਕਮੀ ਆਵੇਗੀ। ਉਨ੍ਹਾਂ ਦੱਸਿਆ ਕਿ ਪੈਂਟਾਵੇਲੈਂਟ ਟੀਕਾਂ ਬੱਚਿਆਂ ਨੂੰ ਲੱਗਣ ਵਾਲੀ ਸੂਈਆਂ ਦੀ ਗਿਣਤੀ ਘਟਾਏਗਾ ਅਤੇ ਪੰਜ ਰੋਗਾਂ ਤੋਂ ਸੁਰੱਖਿਆ ਪ੍ਰਦਾਨ ਕਰੇਗਾ।

                      ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਦੱਸਿਆ ਕਿ ਹਿਬ ਟੀਕੇ ਨਾਲ ਨਮੋਨੀਆ ਦੇ ਇੱਕ ਤਿਹਾਈ ਮਾਮਲਿਆਂ ਦੀ ਅਤੇ ਮੈਨਿੰਜਾਈਟਿਸ ਦੇ 90 ਪ੍ਰਤੀਸ਼ਤ ਮਾਮਲਿਆਂ ਦੀ ਰੋਕਥਾਮ ਹੋ ਸਕੇਗੀ। ਉਨ੍ਹਾਂ ਦੱਸਿਆ ਕਿ ਇਹ ਟੀਕਾ ਬਹੁਤ ਸੁਰੱਖਿਆਤ ਹੈ ਕਿਉਂਕਿ ਇਸ ਦੀ ਵਰਤੋਂ ਪਹਿਲਾਂ ਹੀ 196 ਮੁਲਕਾਂ 'ਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਰਤ ਅੰਦਰ ਇਸ ਵੈਕਸੀਨ ਦੀ ਸ਼ੁਰੂਅਤ 2011 'ਚ ਕੇਰਲਾ ਅਤੇ ਤਾਮਿਲਨਾਡੂ ਸਭ ਤੋਂ ਪਹਿਲਾਂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ 2013 'ਚ 6 ਹੋਰ ਸੂਬਿਆਂ ਗੋਆ, ਗੁਜਰਾਤ, ਹਰਿਆਣਾ, ਜਮੂੰ ਕਸ਼ਮੀਰ, ਕਰਨਾਟਕ ਅਤੇ ਪੁਡੂਚੇਰੀ 'ਚ ਇਸ ਦੀ ਸ਼ੁਰੂਆਤ ਕੀਤੀ ਗਈ।  
                     
                      ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਅਜੇ ਬੱਗਾ ਨੇ ਦੱਸਿਆ ਕਿ ਇਹ ਟੀਕਾ ਪਹਿਲਾਂ ਗ਼ਰੀਬ ਲੋਕਾਂ ਦੀ ਪਹੁੰਚ ਤੋਂ ਬਾਹਰ ਸੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ ਇਹ ਟੀਕਾ 1500 ਤੋਂ 2000 ਰੁਪਏ ਵਿਚ ਲਗਦਾ ਸੀ ਪਰ ਹੁਣ ਸਰਕਾਰੀ ਹਸਪਤਾਲਾਂ 'ਚ ਇਹ ਟੀਕਾ ਮੁਫ਼ਤ ਮੁਹੱਈਆ ਹੋਣ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਇਹ ਟੀਕਾ ਬੱਚਿਆਂ ਨੂੰ 6,10 ਅਤੇ 14ਵੇਂ ਹਫ਼ਤੇ ਦੀ ਉਮਰ 'ਚ ਲਗਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ 1 ਫਰਵਰੀ ਤੋਂ ਇਹ ਜ਼ਿਲ੍ਹੇ ਦੇ ਬਾਕੀ ਬਲਾਕਾਂ ਵਿੱਚ ਵੀ ਉਪਲਬੱਧ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਨੂੰ ਪੈਂਟਾਵੇਲੈਂਟ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ 5 ਬੀਮਾਰੀਆਂ ਤੋਂ ਬਚਾਅ ਦੇ ਟੀਕੇ ਹਨ। ਉਨ੍ਹਾਂ ਦੱਸਿਆ ਕਿ ਹੁਣ ਮਾਂ ਅਤੇ ਬੱਚਾ ਸੁਰੱਖਿਆ ਕਾਰਡ ਨਵੇਂ ਜਾਰੀ ਕੀਤੇ ਜਾ ਰਹੇ ਹਨ।
                      ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰਜਨੀਸ਼ ਸੈਣੀ, ਐਸ ਐਮ ਓ ਡਾ. ਵਿਨੋਦ ਸਰੀਨ, ਬੱਚਿਆਂ ਦੀਆਂ ਬੀਮਾਰੀਆਂ ਦੇ ਮਾਹਿਰ ਡਾ.ਗੁਰਮੀਤ ਸਿੰਘ, ਡਾ. ਸਤਪਾਲ ਗੋਜਰਾ, ਮੈਡੀਕਲ ਹੈਲਥ ਅਫ਼ਸਰ ਸੁਨੀਲ ਅਹੀਰ, ਡਾ. ਗੁਨਦੀਪ ਕੌਰ, ਮਾਸ ਮੀਡੀਆ ਅਫ਼ਸਰ ਸੁਖਵਿੰਦਰ ਕੌਰ ਢਿਲੋਂ, ਸੁਨੀਲ ਪ੍ਰਿਯੇ, ਭੁਪਿੰਦਰ ਸਿੰਘ, ਲਾਇਨਜ ਕਲੱਬ ਦੇ ਵਿਜੇ ਅਰੋੜਾ ਅਤੇ ਸਮਾਜ ਸੇਵੀ ਕਨਵ ਕਪੂਰ ਵੀ ਹਾਜਰ ਸਨ।

ਸਮਾਜਿਕ ਆਰਥਿਕ ਅਤੇ ਜਾਤੀ ਜਨਗਣਨਾ 2011 ਸਬੰਧੀ ਦਾਅਵੇ ਅਤੇ ਇਤਰਾਜ ਲਈ ਅਧਿਸੂਚਨਾ ਜਾਰੀ: ਡੀ ਸੀ


  • 27 ਫਰਵਰੀ ਤੱਕ ਪ੍ਰਾਪਤ ਕੀਤੇ ਜਾਣਗੇ ਦਾਅਵੇ ਅਤੇ ਇਤਰਾਜ
ਹੁਸ਼ਿਆਰਪੁਰ, 28 ਜਨਵਰੀ:  ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਨੇ ਦੱਸਿਆ ਕਿ ਸਮਾਜਿਕ ਆਰਥਿਕ ਅਤੇ ਜਾਤੀ ਜਨਗਣਨਾ 2011 ਸਬੰਧੀ ਦਾਅਵੇ ਅਤੇ ਇਤਰਾਜ ਪ੍ਰਾਪਤ / ਨਿਪਟਾਰਾ ਕਰਨ ਸਬੰਧੀ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ ਅਤੇ ਇਸ ਤਹਿਤ ਜੇਕਰ ਕੋਈ ਇਸ ਸਬੰਧੀ ਦਾਅਵਾ ਅਤੇ ਇਤਰਾਜ ਕਰਨਾ ਚਾਹੁੰਦਾ ਹੋਵੇ ਤਾਂ ਉਹ ਨਿਰਧਾਰਤ ਪ੍ਰੋਫਾਰਮੇ ਵਿੱਚ 27 ਫਰਵਰੀ 2015 ਤੱਕ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਡਰਾਫ਼ਟ ਸੂਚੀਆਂ ਪੇਂਡੂ ਖੇਤਰਾਂ 'ਚ ਪੰਚਾਇਤ ਘਰ / ਐਲੀਮੈਂਟਰੀ ਸਕੂਲ ਅਤੇ ਸ਼ਹਿਰੀ ਖੇਤਰਾਂ 'ਚ ਦਫ਼ਤਰ ਉਪ ਮੰਡਲ ਮੈਜਿਸਟਰੇਟ / ਕਾਰਜਸਾਧਕ ਅਫ਼ਸਰ ਵਿਖੇ ਲਗਾਈਆਂ ਜਾਣਗੀਆਂ।

                  ਡਿਪਟੀ ਕਮਿਸ਼ਨਰ-ਕਮ-ਪ੍ਰਿੰਸੀਪਲ ਅਫ਼ਸਰ ਐਸ.ਈ.ਸੀ.ਸੀ.-2011 ਨੇ ਦੱਸਿਆ ਕਿ ਇਸ ਸਬੰਧੀ ਪੇਂਡੂ ਖੇਤਰਾਂ 'ਚ ਪੰਚਾਇਤ ਸਕੱਤਰ ਜਾਂ ਬੂਥ ਲੈਵਲ ਅਫ਼ਸਰ ਅਤੇ ਸ਼ਹਿਰੀ ਖੇਤਰਾਂ 'ਚ ਕਾਰਜ ਸਾਧਕ ਅਫ਼ਸਰ ਨਗਰ ਕੌਂਸਲ ਵੱਲੋਂ ਕਲੇਮ ਅਤੇ ਇਤਰਾਜ ਪ੍ਰਾਪਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮਿਲਣ ਵਾਲੇ ਇਤਰਾਜ ਅਤੇ ਦਾਅਵਿਆਂ ਦਾ ਨਿਪਟਾਰਾ 21 ਮਾਰਚ 2015 ਤੱਕ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਕਮਿਸ਼ਨਰ ਨੇ ਦੱਸਿਆ ਕਿ ਗਰਾਮ ਸਭਾ / ਵਾਰਡ ਮੀਟਿੰਗ ਲਈ 7 ਫਰਵਰੀ 2015 ਦੀ ਮਿਤੀ ਤੈਅ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਬਡਵੀਜ਼ਨ ਅਤੇ ਜ਼ਿਲ੍ਹਾ ਪੱਧਰ ਤੇ ਨਿਯੁਕਤ ਨੋਡਲ ਅਧਿਕਾਰੀਆਂ ਵੱਲੋਂ 30 ਮਾਰਚ 2015 ਤੱਕ ਅਪੀਲਾਂ ਪ੍ਰਾਪਤ ਕੀਤੀਆਂ ਜਾਣਗੀਆਂ ਜਿਨ੍ਹਾਂ ਦਾ ਨਿਪਟਾਰਾ 20 ਅਪ੍ਰੈਲ 2015 ਨੂੰ ਕੀਤਾ ਜਾਵੇਗਾ। ਉਨ੍ਰਾਂ ਦੱਸਿਆ ਕਿ ਸੂਚੀਆਂ ਛਾਪਣ ਦੀ ਅੰਤਿਮ ਮਿਤੀ 22 ਅਪ੍ਰੈਲ 2015 ਹੈ।

ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਸਾਂਝਾ ਹੰਭਲਾ ਮਾਰਨ ਦੀ ਲੋੜ: ਠੰਡਲ


  • 66ਵੇਂ ਗਣਤੰਤਰ ਦਿਵਸ ਮੌਕੇ ਹੁਸ਼ਿਆਰਪੁਰ ਵਿਖੇ ਲਹਿਰਾਇਆ ਕੌਮੀ ਝੰਡਾ
ਹੁਸ਼ਿਆਰਪੁਰ, 26 ਜਨਵਰੀ:  ਭਾਰਤ ਅੰਦਰ ਲੋਕਤੰਤਰ ਦੀ ਸਥਾਪਤੀ ਲਈ ਦੇਸ਼ ਭਗਤਾਂ ਅਤੇ ਆਜ਼ਾਦੀ ਘਲਾਟੀਆਂ ਦੀ ਕੁਰਬਾਨੀਆਂ ਅਤੇ ਘਾਲਣਾਵਾਂ ਨੂੰ ਯਾਦ ਕਰਦਿਆਂ ਸੈਰ ਸਪਾਟਾ ਅਤੇ ਸਭਿਆਚਾਕ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸ੍ਰ: ਸੋਹਨ ਸਿੰਘ ਠੰਡਲ ਨੇ ਸੱਦਾ ਦਿੱਤਾ ਕਿ  ਭਰੂਣ ਹੱਤਿਆ, ਨਸ਼ਾ ਅਤੇ ਹੋਰਨਾਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਕੇ ਸੂਬੇ ਨੂੰ ਹੋਰ ਤਰੱਕੀ ਵੱਲ ਲਿਜਾਉਣ ਲਈ ਸਾਂਝਾ ਹੰਭਲਾ ਮਾਰਿਆ ਜਾਵੇ। ਅੱਜ ਇਥੇ ਪੁਲਿਸ ਗਰਾਉਂਡ ਵਿਖੇ ਭਾਰਤ ਦੇ 66ਵੇਂ ਗਣਤੰਤਰ ਦਿਵਸ ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਉਪਰੰਤ ਆਪਣੇ ਸੰਬੋਧਨ 'ਚ ਸ੍ਰ: ਠੰਡਲ ਨੇ ਕਿਹਾ ਕਿ ਸਮਾਜ ਅੰਦਰੋਂ ਸਮਾਜਿਕ ਬੁਰਾਈਆਂ ਦਾ ਖਾਤਮਾ ਕਰਕੇ ਅਤੇ ਸਾਰੇ ਵਰਗਾਂ ਲਈ ਤਰੱਕੀ ਦੇ ਮੌਕੇ ਪੈਦਾ ਕਰਕੇ ਹੀ ਅਸੀਂ ਦੇਸ਼ ਭਗਤਾਂ ਨੂੰ ਸੱਚੀ ਸ਼ਰਧਾਂਜ਼ਲੀ ਦੇ ਸਕਦੇ ਹਾਂ।
 
                  ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਸੂਬੇ ਵਿੱਚ ਕੀਤੇ ਜਾ ਰਹੇ ਵਿਕਾਸ ਦਾ ਹਵਾਲਾ ਦਿੰਦਿਆਂ ਸ੍ਰ: ਠੰਡਲ ਨੇ ਕਿਹਾ ਕਿ ਪੰਜਾਬਂ ਵਿਦਿਆ, ਸਿਹਤ, ਬਿਜਲੀ ਉਤਪਾਦਨ, ਖੇਤੀਬਾੜੀ ਸਮੇਤ ਸਾਰੇ ਅਹਿਮ ਖੇਤਰਾਂ 'ਚ ਮੋਹਰੀ ਸੂਬਾ ਬਣ ਕੇ ਉਭਰ ਰਿਹਾ ਹੈ।  ਉਨ੍ਹਾਂ ਪੰਜਾਬ ਦੇ ਕਿਸਾਨਾਂ ਵੱਲੋਂ ਭਾਰਤ ਨੂੰ ਖਾਧ ਪਦਾਰਥਾਂ ਪੱਖੋਂ ਆਤਮ ਨਿਰਭਰ ਬਣਾਉਣ ਲਈ ਪਾਏ ਯੋਗਦਾਨ ਦਾ ਵਿਸ਼ੇਸ਼ ਜ਼ਿਕਰ ਕੀਤਾ।  ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿਛਲੀਂ ਦੀਵਾਲੀ ਦੇ ਸ਼ੁਭ ਦਿਹਾੜੇ 'ਤੇ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਵਿਖੇ ਸਾਰੇ ਦੇਸ਼-ਵਿਦੇਸ਼ਾਂ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਵੱਡਾ ਤੋਹਫਾ ਦਿੰਦਿਆਂ ਸ੍ਰੀ ਦਰਬਾਰ ਸਾਹਿਬ ਵਿਖੇ ਗੋਲਡਨ ਪਲਾਜ਼ਾ ਸੰਗਤ ਨੂੰ ਅਰਪਿਤ ਕੀਤਾ ਗਿਆ।  ਆਜ਼ਾਦੀ ਘੁਲਾਟੀਆ ਦੀ ਯਾਦ ਵਿੱਚ ਪੰਜਾਬ ਸਰਕਾਰ ਵੱਲੋਂ ਕਰਤਾਰਪੁਰ ਵਿਖੇ ਜੰਗ-ਏ-ਆਜ਼ਾਦੀ ਮੈਮੋਰੀਅਲ ਬਣਾਇਆ ਜਾ ਰਿਹਾ ਹੈ ਜਿਸ ਦਾ ਪਿਛਲੇ ਸਾਲ ਨੀਂਹ ਪੱਥਰ ਰੱਖਿਆ ਗਿਆ ਅਤੇ ਇਸ ਸਾਲ ਦੇ ਅਖੀਰ ਵਿੱਚ ਇਹ ਬਣ ਕੇ ਮੁਕੰਮਲ ਹੋ ਜਾਵੇਗਾ। ਇਸ ਤੋਂ ਇਲਾਵਾ ਜ਼ਿਲ੍ਹਾ ਹੁਸ਼ਿਆਰਪੁਰ ਪਿੰਡ ਖੁਰਾਲਗੜ੍ਹ ਵਿਖੇ ਗੁਰੂ ਰਵਿਦਾਸ ਜੀ ਦੀ ਯਾਦਗਾਰ ਬਹੁਤ ਜਲਦ ਬਣਾਈ ਜਾਵੇਗੀ ਜਿਸ ਦਾ ਨੀਂਹ ਪੱਥਰ ਮੁੱਖ ਮੰਤਰੀ ਪੰਜਾਬ ਸ੍ਰ: ਪ੍ਰਕਾਸ਼ ਸਿੰਘ ਬਾਦਲ ਜਲਦ ਹੀ ਰੱਖਣਗੇ।

ਨੌਜਵਾਨ ਵੋਟਰ ਵੋਟ ਦਾ ਇਸਤੇਮਾਲ ਕਰਕੇ ਲੋਕਤੰਤਰੀ ਪ੍ਰਕ੍ਰਿਆ ਵਿੱਚ ਯੋਗਦਾਨ ਪਾਉਣ-ਏ.ਡੀ.ਸੀ

* ਨੈਸ਼ਨਲ ਵੋਟਰ ਦਿਵਸ ਸਮਾਗਮ ਦੌਰਾਨ ਨਵੇਂ ਰਜਿਸਟਰਡ ਵੋਟਰਾਂ ਨੂੰ ਵੰਡੇ ਫੋਟੋ ਵੋਟਰ ਸ਼ਨਾਖਤੀ ਕਾਰਡ
ਹੁਸ਼ਿਆਰਪੁਰ, 25 ਜਨਵਰੀ:
  ਕੌਮੀ ਵੋਟਰ ਦਿਵਸ ਦੇ ਮੌਕੇ ਤੇ ਜਿਲ੍ਹਾ ਹੁਸ਼ਿਆਰਪੁਰ ਅੰਦਰ ਨੌਜਵਾਨ ਵਰਗ ਨੂੰ ਰਾਜਨੀਤਿਕ ਪ੍ਰਕ੍ਰਿਆ ਵਿੱਚ ਭਾਗ ਲੈਣ ਦੇ ਯੋਗ ਬਣਾਉਣ ਲਈ ਵੱਧ ਤੋਂ ਵੱਧ ਯੁਵਕਾਂ ਨੂੰ ਵੋਟਰਾਂ ਵਜੋਂ ਰਜਿਸਟਰਡ ਕੀਤਾ ਗਿਆ ਹੈ। । ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਹਰਬੀਰ ਸਿੰਘ ਨੇ ਅੱਜ ਸਥਾਨਕ ਡੀ.ਏ.ਵੀ ਕਾਲਜ ਵਿਖ ਪੰਜਵੇਂ ਕੌਮੀ ਵੋਟਰ ਦਿਵਸ ਸਬੰਧੇ ਜਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਕਿਹਾ ਕਿ ਭਾਰਤ ਚੋਣ ਕਮਿਸ਼ਨ ਵੱਲੋਂ ਹਰੇਕ ਸਾਲ 25 ਜਨਵਰੀ ਨੂੰ ਰਾਸ਼ਟਰੀ ਵੋਟਰ ਦਿਵਸ ਮਨਾਇਆ ਜਾਂਦਾ ਹੈ।   
                  ਉਨ੍ਹਾਂ ਕਿਹਾ ਕਿ ਇਸ ਦਿਵਸ ਦਾ ਮੁੱਖ ਮਕਸਦ ਵੋਟਰਾਂ ਨੂੰ ਉਨ੍ਹਾਂ ਦੀ ਵੋਟ ਦੀ ਮਹੱਤਤਾ ਅਤੇ ਲੋਕਤੰਤਰ ਵਿੱਚ ਵੋਟ ਦੇ ਰੋਲ ਸਬੰਧੀ ਜਾਗਰੂਕ ਕਰਨਾ ਹੈ ਅਤੇ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦਾ ਹਿੱਸਾ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਨੇ 18 ਸਾਲ ਤੋਂ ਉਪਰ ਦੇ ਆਮ ਨਾਗਰਿਕ ਨੂੰ ਆਪਣੀ ਪਸੰਦ ਦੀ ਸਰਕਾਰ ਚੁਣਨ ਲਈ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵੋਟਰਾਂ ਨੂੰ ਵੋਟ ਪਾਉਣ ਦਾ ਅਧਿਕਾਰ ਪਹਿਲੀ ਵਾਰ ਮਿਲ ਰਿਹਾ ਹੈ, ਉਨ੍ਹਾਂ ਲਈ ਵੋਟਰ ਦਿਵਸ ਦੀ ਮਹੱਤਤਾ ਇਸ ਲਈ ਵੀ ਵੱਧ ਜਾਂਦੀ ਹੈ ਕਿ ਉਹ ਦੁਨੀਆਂ ਦੇ ਸਭ ਤੋਂ ਵੱਡੇ ਤੇ ਮਜ਼ਬੂਤ ਲੋਕਤੰਤਰ ਦੇ  ਪ੍ਰਤੀਭਾਗੀ ਬਣ ਰਹੇ ਹਨ।

ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਸਿੱਖਿਆ ਦਾ ਮੁੱਖ ਉਦੇਸ਼ : ਬੇਦੀ


  • ਸਰਵਹਿੱਤਕਾਰੀ ਵਿੱਦਿਆ ਮੰਦਰ ਵਿਚ ਹੋਇਆ ਸਲਾਨਾ ਇਨਾਮ ਵੰਡ ਸਮਾਗਮ 
ਤਲਵਾੜਾ, 25 ਤਲਵਾੜਾ : ਅੱਜ ਇੱਥੇ ਐੱਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਦਾ ਸਲਾਨਾ ਇਨਾਮ ਵੰਡ ਸਮਾਗਮ ਆਯੋਜਿਤ ਕੀਤਾ ਗਿਆ ਜਿਸ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੂਬਾ ਸੰਚਾਲਕ ਬ੍ਰਿਜ ਭੂਸ਼ਣ ਸਿੰਘ ਬੇਦੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਸ. ਬੇਦੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਿੱਖਿਆ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੈ ਅਤੇ ਕੇਵਲ ਡਿਗਰੀਆਂ ਇਕੱਠੀਆਂ ਕਰ ਲੈਣ ਨਾਲ ਵਿਦਿਆਰਥੀ ਦਾ ਗੁਣਵੱਤਾ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਸਮਾਗਮ ਨੂੰ ਸੰਬੋਧਨ ਕਰਦਿਆਂ ਐੱਸ. ਡੀ. ਐੱਮ. ਰਾਹੁਲ ਚਾਬਾ ਨੇ ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਰੰਗਾਰੰਗ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ। ਪ੍ਰਸਿੱਧ ਉਦਯੋਗਪਤੀ ਅਤੇ ਸੀਨੀਅਰ ਭਾਜਪਾ ਆਗੂ ਠਾਕੁਰ ਰਘੁਨਾਥ ਰਾਣਾ ਨੇ ਆਦਰਸ਼ ਸਮਾਜ ਦੀ ਸਿਰਜਣਾ ਦੀ ਲੋੜ ਤੇ ਜੋਰ ਦਿੱਤਾ। ਪ੍ਰਿੰ. ਦੇਸ ਰਾਜ ਸ਼ਰਮਾ ਨੇ ਸਲਾਨਾ ਰਿਪੋਰਟ ਰਾਹੀਂ ਸਕੂਲ ਦੀਆਂ ਪ੍ਰਾਪਤੀਆਂ ਤੇ ਰੌਸ਼ਨੀ ਪਾਈ। ਇਸ ਮੌਕੇ ਵੱਖ ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਡਾ. ਮਨਮੋਹਨ ਸਿੰਘ, ਡਾ. ਧਰੁਵ ਸਿੰਘ, ਡਾ. ਹੇਮ ਰਾਜ, ਐਡਵੋਕੇਟ ਸਤੀਸ਼ ਡਡਵਾਲ, ਅਸ਼ੋਕ ਸੱਭਰਵਾਲ, ਰਾਜੇਸ਼ ਮਹਾਜਨ, ਸੰਜੀਵ ਕੁਮਾਰ ਆਦਿ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।

ਸੁਖਬੀਰ ਵੱਲੋਂ ਲਿਆਂਦੇ ਪ੍ਰਸ਼ਾਸ਼ਨਿਕ ਸੁਧਾਰ ਲੋਕਾਂ ਲਈ ਵਰਦਾਨ : ਐਡਵੋਕੇਟ ਸਿੱਧੂ

ਤਲਵਾੜਾ, 25  ਜਨਵਰੀ : ਪੰਜਾਬ ਵਿਚ ਸ. ਸੁਖਬੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਿਆਂਦੇ ਗਏ ਪ੍ਰਸ਼ਾਸ਼ਨਿਕ ਸੁਧਾਰ ਲੋਕਾਂ ਲਈ ਵਰਦਾਨ ਸਿੱਧ ਹੋ ਰਹੇ ਹਨ। ਇਹ ਪ੍ਰਗਟਾਵਾ ਕਰਦਿਆਂ ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਲੀਗਲ ਸੈੱਲ ਹੁਸ਼ਿਆਰਪੁਰ ਨੇ ਬਲਾਕ ਤਲਵਾੜਾ ਦੇ ਪਿੰਡ ਬਹਿ ਰੰਗਾ ਵਿਖੇ ਇਸ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਆਧੁਨਿਕ ਸੁਵਿਧਾ ਸੈਂਟਰ, ਫ਼ਰਦ ਕੇਂਦਰ ਖੋਲ੍ਹਣ ਨਾਲ ਲੋਕਾਂ ਨੂੰ ਵੱਡੇ ਪੱਧਰ ਤੇ ਹੁੰਦੀ ਖੱਜਲ ਖੁਆਰੀ ਤੋਂ ਛੁਟਕਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮਾਲ ਮੰਤਰ ਸ. ਬਿਕਰਮ ਸਿੰਘ ਮਜੀਠੀਆ ਵੱਲੋਂ ਮਾਲ ਵਿਭਾਗ ਦਾ ਸਾਰਾ ਰਿਕਾਰਡ ਕੰਪਿਉਟ੍ਰੀਕ੍ਰਿਤ ਹੋਣ ਨਾਲ ਮਾਲ ਰਿਕਾਰਡ ਵਿਚ ਪਾਰਦਰਸ਼ਤ ਆਈ ਹੈ ਅਤੇ ਲੋਕਾਂ ਦੇ ਕੀਮਤੀ ਪੈਸੇ ਅਤੇ ਸਮੇਂ ਦੀ ਬੱਚਤ ਹੋਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਕਲ ਪ੍ਰਧਾਨ ਤਲਵਾੜਾ ਜਥੇਦਾਰ ਜੋਗਿੰਦਰ ਸਿੰਘ ਮਿਨਹਾਸ, ਰਾਮ ਸਰੂਪ, ਜਗਦੀਸ਼ ਚੰਦ ਵਰਮਾ, ਕਿਸ਼ਨ ਲਾਲ, ਰੂਪ ਲਾਲ, ਰਾਜ ਕੁਮਾਰ ਬਿੱਟੂ, ਸਰਬਜੀਤ ਡਡਵਾਲ, ਲਵਇੰਦਰ ਸਿੰਘ ਆਦਿ ਸਮੇਤ ਕਈ ਹੋਰ ਆਗੂ ਹਾਜਰ ਸਨ।

ਸ਼੍ਰੀ ਗੁਰੂ ਰਵਿਦਾਸ ਜੀ ਆਗਮਨ ਪੁਰਬ ਤੇ ਪ੍ਰਭਾਤ ਫ਼ੇਰੀਆਂ ਜਾਰੀ

ਤਲਵਾੜਾ, 25 ਜਨਵਰੀ : ਸ਼੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਵਸ ਸਬੰਧੀ ਸ਼੍ਰੀ ਗੁਰੂ ਰਵਿਦਾਸ ਧਾਰਮਿਕ ਸਭਾ ਤਲਵਾੜਾ ਵੱਲੋਂ ਪ੍ਰਭਾਤ ਫ਼ੇਰੀਆਂ ਦਾ ਸਿਲਸਿਲਾ ਜਾਰੀ ਹੈ ਜਿਸ ਵਿਚ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਸ਼ਿਰਕਤ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ ਯੁੱਧਵੀਰ ਸਿੰਘ ਨੇ ਦੱਸਿਆ ਪ੍ਰਭਾਤ ਫੇਰੀਆਂ ਦਾ ਸਿਲਸਿਲਾ 31 ਜਨਵਰੀ ਤੱਕ ਚੱਲੇਗਾ ਅਤੇ 1 ਫ਼ਰਵਰੀ ਨੂੰ ਨਗਰ ਕੀਰਤਨ ਅਤੇ 2 ਫਰਵਰੀ ਨੂੰ ਵਿਸ਼ਾਲ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿਚ ਹੋਰਨਾਂ ਤੋਂ ਇਲਾਵਾ ਪ੍ਰਸਿੱਧ ਕੀਰਤਨੀਏ ਭਾਈ ਦਵਿੰਦਰ ਸਿੰਘ ਸੋਢੀ ਸ਼ਾਮਿਲ ਹੋਣਗੇ। ਹੋਰਨਾਂ ਤੋਂ ਇਲਾਵਾ ਇਸ ਮੌਕੇ ਰਾਜ ਕੁਮਾਰ ਵਿਰਦੀ, ਗੁਰਦਿਆਲ ਸਿੰਘ, ਰਾਜ ਮੱਲ, ਹਰਭਜਨ ਹੀਰ ਸਮੇਤ ਕਈ ਹੋਰ ਪਤਵੰਤੇ ਹਾਜਰ ਸਨ।

89 ਦਿਨਾਂ ਵਾਲੇ ਅਧਿਆਪਕਾਂ ਦੀ ਮੀਟਿੰਗ ਹੋਈ

ਤਲਵਾੜਾ, 25 ਜਨਵਰੀ : ਪੰਜਾਬ ਸਕੂਲ ਸਿੱਖਿਆ ਵਿਭਾਗ ਵਿਚ ਰੈਗੂਲਰ ਨਿਯੁਕਤੀ ਤੋਂ ਬਅਦ 89 ਦਿਨਾਂ ਤੇ ਕੀਤੇ ਗਏ ਅਧਿਆਪਕਾਂ ਦੀ ਜਰੂਰੀ ਮੀਟਿੰਗ ਇੱਥੇ ਹੋਈ ਜਿਸ ਵਿਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਹੋਏ ਫ਼ੈਸਲੇ ਦੀ ਰੌਸ਼ਨੀ ਵਿਚ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਯੂਨੀਅਨ ਦੇ ਆਗੂ ਕੇਵਲ ਸਿੰਘ ਨੇ ਦੱਸਿਆ ਕਿ 1994 ਵਿਚ ਰੈਗੂਲਰ ਭਰਤੀ ਹੋਏ ਅਧਿਆਪਕਾਂ ਨੂੰ ਸਰਕਾਰ ਨੇ ਮੁੜ 89 ਦਿਨਾਂ ਤੇ ਕਰ ਦਿੱਤਾ ਸੀ ਅਤੇ ਬਾਅਦ ਵਿਚ 1997 ਵਿਚ ਰੈਗੂਲਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹੁਣ ਹਾਈ ਕੋਰਟ ਵੱਲੋਂ ਅਧਿਆਪਕਾਂ ਦੇ ਹੱਕ ਵਿਚ ਫੈਸਲਾ ਦਿੱਤਾ ਗਿਆ ਹੈ ਜਿਸ ਨੂੰ ਲਾਗੂ ਕਰਾਉਣ ਲਈ ਇਕ ਉੱਚ ਪੱਧਰੀ ਮੀਟਿੰਗ 1 ਫ਼ਰਵਰੀ ਐਤਵਾਰ ਨੂੰ ਸਵੇਰੇ 11 ਵਜੇ ਸ਼ਹੀਦ ਊਧਮ ਸਿੰਘ ਪਾਰਕ ਹੁਸ਼ਿਆਰਪੁਰ ਵਿਖੇ ਰੱਖੀ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਰਜ ਪ੍ਰਕਾਸ਼, ਸੰਜੀਵ ਕੁਮਾਰ, ਚੂਹੜ ਸਿੰਘ, ਹਰਦੇਵ ਸਿੰਘ, ਅਸ਼ਵਨੀ ਕੁਮਾਰ, ਆਰਤੀ ਸੈਣੀ ਆਦਿ ਸਮੇਤ ਕਈ ਹੋਰ ਆਗੂ ਹਾਜਰ ਸਨ।

ਜੰਗਲੀ ਸਾਂਭਰ ਨੂੰ ਮਾਰਨ ਵਾਲਾ ਇੱਕ ਕਾਬੂ ਪਰ ਦੋ ਫ਼ਰਾਰ

ਤਲਵਾੜਾ, 23 ਜਨਵਰੀ : ਅੱਜ ਇੱਥੇ ਵਣ ਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਤਲਵਾੜਾ ਨੇੜਿਓਂ ਕੰਢੀ ਨਹਿਰ ਕਿਨਾਰੇ ਸਾਂਭਰ ਨੂੰ ਮਾਰ ਕੇ ਉਸਦਾ ਮੀਟ ਕੱਟ ਰਹੇ ਇੱਕ ਵਿਕਅਤੀ ਨੂੰ ਕਾਬੂ ਕਰ ਲਿਆ ਜਦਕਿ ਉਸਦੇ ਦੋ ਸਾਥੀ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਵਿਭਾਗ ਨੂੰ ਮਿਲੀ ਇੱਕ ਗੁਪਤ ਸੂਚਨਾ ਤੇ ਫ਼ੌਰਨ ਹਰਕਤ ਵਿਚ ਆਉਂਦਿਆਂ ਰੇਂਜ ਅਫ਼ਸਰ ਦਲਜੀਤ ਕੁਮਾਰ ਨੇ ਆਪਣੀ ਟੀਮ ਨਾਲ ਦੱਸੇ ਗਏ ਸਥਾਨ ਤੇ ਛਾਪਾ ਮਾਰਿਆ ਤਾਂ ਤਿੰਨਾਂ ਵਿਚੋਂ ਇੱਕ ਕਥਿਤ ਦੋਸ਼ੀ ਜੀਤ ਸਿੰਘ ਪੁੱਤਰ ਨੱਥਾ ਰਾਮ ਵਾਸੀ ਰੱਕੜੀ ਨੂੰ ਫ਼ਹਿਤਪੁਰ ਕੋਲੋਂ ਨਹਿਰ ਦੇ ਪੁਲ ਹੇਠੋਂ ਰੰਗੇ ਹੱਥੀਂ ਸ਼ਿਕਾਰ ਸਾਂਭਰ ਸਣੇ ਕਾਬੂ ਕਰ ਲਿਆ। ਉਨ੍ਹਾਂ ਕਥਿਤ ਦੋਸ਼ੀਆਂ ਦਾ ਬਿਨਾਂ ਨੰਬਰ ਵਾਲਾ ਮੋਟਰ ਸਾਈਕਲ ਵੀ ਕਬਜ਼ੇ ਵਿਚ ਲੈ ਲਿਆ ਅਤੇ ਜੰਗਲੀ ਜੀਵ ਸੁਰੱਖਿਆ ਐਕਟ ਤਹਿਤ ਅਗਲੇਰੀ ਕਾਰਵਾਈ ਆਰੰਭ ਦਿੱਤੀ ਹੈ।

ਰਵਾਇਤੀ ਸੰਗੀਤ ਕਾਰਜਸ਼ਾਲਾ ਅਤੇ ਮਹਿਫ਼ਿਲ ਨੇ ਕੀਲੇ ਸਰੋਤੇ

ਤਲਵਾੜਾ, 22 ਜਨਵਰੀ : ਇੱਥੇ ਮਹਾਨ ਸੰਗੀਤਕਾਰ ਉਤਸਾਦ ਅੱਲਾ ਰੱਖਾ ਖਾਨ ਨੂੰ ਸਮਰਪਿਤ ਰਵਾਇਤੀ ਸੰਗੀਤ ਦੀ ਕਾਰਜਸ਼ਾਲਾ ਅਤੇ ਮਹਿਫ਼ਿਲ ਦਾ ਆਯੋਜਨ ਪੁਰਾਤਨ ਕਲਾ ਪੰਜਾਬ ਘਰਾਣਾ ਤਬਲਾ ਵਾਦਨ ਸਿੱਖਿਆ ਸੁਸਾਇਟੀ ਰਜਿ: ਦੇ ਸਹਿਯੋਗ ਨਾਲ ਰੋਹਿਤ ਬਾਹਰੀ ਵੱਲੋਂ ਲਕਸ਼ਮੀ ਨਰਾਇਣ ਮੰਦਿਰ ਤਲਵਾੜਾ ਵਿਖੇ ਕਰਵਾਇਆ ਗਿਆ ਜੋ ਦਰਸ਼ਕਾਂ ਦੇ ਮਨਾਂ ਵਿਚ ਸਦੀਵੀ ਛਾਪ ਛੱਡ ਗਿਆ। ਇਸ ਮੌਕੇ ਪ੍ਰੋ. ਗੁਰਪਿੰਦਰ ਸਿੰਘ ਖਾਲਸਾ ਕਾਲਜ ਗੜ੍ਹਦੀਵਾਲਾ ਨੇ ਸੰਗੀਤ ਅਤੇ ਸਮਾਜਿਕ ਸਰੋਕਾਰਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਚੰਗਾ ਸੰਗੀਤ ਰੂਹ ਦੀ ਖੁਰਾਕ ਹੈ। ਕਾਰਜਸ਼ਾਲਾ ਵਿਚ ਤਬਲਾ ਉਸਤਾਦ ਕੁਲਵਿੰਦਰ ਸਿੰਘ ਤੋਂ ਇਲਾਵਾ ਪ੍ਰੋ. ਅਮਰੀਕ ਸਿੰਘ ਨੇ ਵੋਕਲ ਸੰਗੀਤ ਬਾਰੇ ਜਾਣਕਾਰੀ ਦਿੱਤੀ ਅਤੇ ਖਾਲਸਾ ਕਾਲਜ ਦੇ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਇਸ ਤੋਂ ਉਪਰੰਤ ਸੰਗੀਤਕ ਮਹਿਫ਼ਲ ਵਿਚ ਰੋਹਿਤ ਬਾਹਰੀ ਵੱਲੋਂ ਸ਼ਾਸਤਰੀ ਸੰਗੀਤ ਦੀ ਪੇਸ਼ਕਾਰੀ ਨੂੰ ਦਰਸ਼ਕਾਂ ਨੇ ਭਰਪੂਰ ਦਾਦ ਦਿੱਤੀ ਅਤੇ ਸੁਰ ਸਰਤਾਜ ਦੇ ਮਨਜੀਤ ਸਿੰਘ ਨੇ ਗੀਤ ਗਾ ਕੇ ਸਰੋਤੇ ਝੂਮਣ ਲਾ ਦਿੱਤੇ। ਗੁਰਸੇਵਕ ਸਿੰਘ, ਅਮੋਲਕ ਸਿੰਘ, ਗੌਰਵ ਸ਼ਰਮਾ ਅਮਨ ਸ਼ਹਿਜਾਦਾ ਵੱਲੋਂ ਗਜ਼ਲ ਗਾਇਕੀ ਪੇਸ਼ ਕੀਤੀ ਗਈ। ਰਬਾਬ ਸਿੰਘ ਅਤੇ ਹਰਲੀਨ ਕੌਰ ਨੇ ਤਬਲਾ ਸੋਲੋ ਅਤੇ ਹਰਮੀਤ ਸਿੰਘ ਤੇ ਸਾਥੀਆਂ ਵੱਲੋਂ ਗਰੁੱਪ ਤਬਲਾ ਵਾਦਨ ਕੀਤਾ ਗਿਆ। ਪਵਿੱਤਰ ਸਿੰਘ ਤੇ ਰਿੱਕੀ ਵੱਲੋਂ ਢੋਲ ਅਤੇ ਤਬਲੇ ਦੀ ਜੁਗਲਬੰਦੀ ਨੇ ਖ਼ੂਬ ਸਮਾਂ ਬੰਨ੍ਹਿਆ ਅਤੇ ਕਾਲਜ ਦੇ ਲੋਕ ਸਾਜ਼ਾਂ ਦੀ ਪੇਸ਼ਕਾਰੀ ਪ੍ਰਭਾਵਸ਼ਾਲੀ ਰਹੀ। ਦੀਵਾਨਪ੍ਰੀਤ ਸਿੰਘ ਤੇ ਕ੍ਰਿਸ਼ਨ ਸਿੰਘ ਵੱਲੋਂ ਸਕਿੱਟ ਤੇ ਨਕਲਾਂ ਪੇਸ਼ ਕੀਤੀਆਂ ਗਈਆਂ। ਨਵਦੀਪ ਸਿੰਘ ਤੇ ਰਵੀ ਕੁਮਾਰ ਦੀ ਤਬਲਾ ਢੋਲਕ ਜੁਗਲਬੰਦੀ, ਨਵਨੀਤ ਜੌੜਾ ਤੂੰਬੀ, ਰਾਗਜੋਤ ਸਿੰਘ ਡੀਜੈਂਬੋ ਤੋਂ ਇਲਾਵਾ ਉਸਤਾਦ ਤੌਫ਼ੀਕ ਕੁਰੈਸ਼ੀ ਦੇ ਸ਼ਾਗਿਰਦ ਹਰਪਾਲ ਹਸਰਤ ਦੀ ਕਲਾਸੀਕਲ ਪੇਸ਼ਕਾਰੀ ਨੇ ਸਮਾਗਮ ਨੂੰ ਯਾਦਗਾਰੀ ਬਣਾ ਦਿੱਤਾ। 
   ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਜੇ. ਬੀ. ਵਰਮਾ, ਡਾ. ਰਸ਼ਮੀ, ਡਾ. ਅਮਰਜੀਤ ਅਨੀਸ, ਡਾ. ਰਾਜ ਕੁਮਾਰ, ਡਾ. ਹਰਮੇਸ਼, ਰਵਿੰਦਰ ਰਵੀ, ਧਰਮਿੰਦਰ ਵੜੈਚ ਆਦਿ ਸਮੇਤ ਵੱਡੀ ਗਿਣਤੀ ਵਿਚ ਕਲਾ ਪ੍ਰੇਮੀ ਹਾਜਰ ਸਨ।

ਖੇਡਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ

ਤਲਵਾੜਾ, 22 ਜਨਵਰੀ : ਇੱਥੇ ਸਰਕਾਰੀ ਮਾਡਲ ਹਾਈ ਸਕੂਲ ਤਲਵਾੜਾ ਦੇ ਸਕੂਲ ਖੇਡਾਂ ਵਿਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਸਕੂਲ ਮੁਖੀ ਹੈੱਡਮਾਸਟਰ ਰਾਜਿੰਦਰ ਪ੍ਰਸ਼ਾਦ ਸ਼ਰਮਾ ਨੇ ਦੱਸਿਆ ਕਿ ਹਾਲ ਹੀ ਹੋਈਆਂ ਸਕੂਲ ਖੇਡਾਂ ਵਿਚ ਸਕੂਲ ਦੀ ਲਾਅਨ ਟੈਨਿਸ, ਟੇਬਲ ਟੈਨਿਸ, ਕ੍ਰਿਕੇਟ ਲੜਕੇ ਅਤੇ ਲੜਕੀਆਂ ਦੀ ਟੀਮ ਵੱਲੋਂ ਕੁੱਲ ਨੌਂ ਪੁਜੀਸ਼ਨਾਂ ਹਾਸਿਲ ਕਰਕੇ ਸਕੂਲ ਦਾ ਨਾਮ ਜਿਲ੍ਹੇ ਭਰ ਵਿਚ ਰੌਸ਼ਨ ਕੀਤਾ ਹੈ। ਇਸ ਮੌਕੇ ਡੀ. ਪੀ. ਈ. ਕਿਰਨ ਬਾਲਾ ਅਤੇ ਪੀ. ਟੀ. ਆਈ ਬਲਵਿੰਦਰ ਸਿੰਘ ਜਰਿਆਲ ਤੋਂ ਇਲਾਵਾ ਕੁਲਵੰਤ ਸਿੰਘ, ਰਾਜ ਕੁਮਾਰ, ਹਰਮੀਤ ਕੌਰ, ਰਵੀ ਸ਼ਾਰਦਾ, ਮਹਿੰਦਰ ਸਿੰਘ, ਬਿਆਸ ਦੇਵ, ਵਰਿੰਦਰ ਸਿੰਘ ਆਦਿ ਸਮੇਤ ਸਕੂਲ ਦੇ ਸਮੂਹ ਅਧਿਆਪਕ ਹਾਜਰ ਸਨ।

ਜਮੀਨੀ ਰਿਕਾਰਡ ਲਈ ਫਰਦ ਕੇਂਦਰ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ: ਡੀ ਸੀ


  • ਜ਼ਿਲ੍ਹੇ ਵਿੱਚ 9 ਫਰਦ ਕੇਂਦਰਾਂ ਵਿੱਚ ਅਪ੍ਰੈਲ ਤੋਂ ਦਸੰਬਰ 2014 ਤੱਕ 145754 ਜਮੀਨੀ ਰਿਕਾਰਡ ਸਬੰਧੀ ਨਕਲਾਂ ਮੁਹੱਈਆ
  • ਫਰਦ ਕੇਂਦਰ ਪ੍ਰਵਾਸੀ ਭਾਰਤੀਆਂ ਲਈ ਲਾਹੇਵੰਦ ਸਾਬਤ ਹੋ ਰਹੇ ਹਨ।
ਹੁਸ਼ਿਆਰਪੁਰ 19 ਜਨਵਰੀ : ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਜ਼ਮੀਨੀ ਰਿਕਾਰਡ ਨਾਲ ਸਬੰਧਤ ਇੰਤਕਾਲ, ਗਿਰਦਾਵਰੀ , ਜਮਾਂਬੰਦੀ , ਨਿਸ਼ਾਨਦੇਈ ਆਦਿ ਰਿਕਾਰਡ ਹਾਸਿਲ ਕਰਨ ਲਈ ਅਤੇ ਲੋਕਾਂ ਨੂੰ ਪਟਵਾਰ ਖਾਨਿਆਂ ਅਤੇ ਤਹਿਸੀਲਾਂ 'ਚ ਖੱਜਲ ਖੁਆਰੀ ਤੋਂ ਬਚਾਉਣ ਲਈ ਖੋਲ੍ਹੇ ਗਏ ਫਰਦ ਕੇਂਦਰ ਲੋਕਾਂ ਲਈ ਵਰਦਾਨ ਸਾਬਤ ਹੋ ਰਹੇ ਹਨ ਕਿਉਂਕਿ ਲੋਕਾਂ ਨੂੰ ਜ਼ਮੀਨੀ ਰਿਕਾਰਡ ਪ੍ਰਾਪਤ ਕਰਨ ਲਈ       ਹੁਣ ਤਹਿਸੀਲਾਂ ਅਤੇ ਪਟਵਾਰ ਖਾਨਿਆਂ 'ਚ ਜਾਣ ਦੀ ਥਾਂ ਇਕ ਹੀ ਜਗ੍ਹਾ ਤੋਂ ਸਾਰੀਆਂ ਸੁਵਿਧਾਵਾਂ ਸਮਾਂਬੰਧ ਪ੍ਰਾਪਤ ਹੋ ਰਹੀਆਂ ਹਨ ਜਿਸ ਨਾਲ ਜਿੱਥੇ ਲੋਕਾਂ ਦੀ ਖੱਜਲ ਖੁਆਰੀ ਬੰਦ ਹੋਈ ਹੈ ਉਥੇ ਸਮਂੇ ਅਤੇ ਧੰਨ ਦੀ ਵੀ ਬਚਤ ਹੋਈ ਹੈ । ਇਹ ਜਾਣਕਾਰੀ ਜਿਲੇ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਨੰਦਿਤਾ ਮਿਤਰਾ ਨੇ ਦਿੰਦਿਆਂ ਦੱਸਿਆ ਕਿ ਜਿਲੇ ਵਿਚ ਪੈਂਦੇ ਕੁੱਲ 1449 ਪਿੰਡਾਂ ਵਿਚੋਂ 1440 ਪਿੰਡਾਂ ਦੀ ਰਿਕਾਰਡ ਕੰਪਿਊਟਰਰਾਈਜ਼ਡ ਕਰ ਦਿੱਤਾ ਗਿਆ ਹੈ ਅਤੇ ਇਹਨਾਂ ਪਿੰਡਾਂ ਦੇ ਵਾਸੀਆਂ ਨੂੰ ਉਨ੍ਹਾਂ ਦੇ  ਜ਼ਮੀਨੀ ਰਿਕਾਰਡ  ਦੀਆਂ ਫਰਦਾਂ ਫਰਦ ਸੈਂਟਰਾਂ ਤੇ  ਕੰਪਿਊਟਰ ਰਾਹੀਂ ਜਾਰੀ ਕੀਤੀਆਂ ਜਾ ਰਹੀਆਂ ਹਨ ।
ਉਨਾਂ ਦੱਸਿਆ ਕਿ ਜਿਲੇ  ਵਿਚ ਹੁਸ਼ਿਆਰਪੁਰ , ਭੁੰਗਾ , ਗੜਸ਼ੰਕਰ , ਮਾਹਿਲਪੁਰ , ਮੁਕੇਰੀਆਂ , ਤਲਵਾੜਾ , ਦਸੂਹਾ , ਟਾਂਡਾ ਅਤੇ ਗੜਦੀਵਾਲਾ ਵਿਖੇ ਫਰਦ ਕੇਦਰ ਖੋਲੇ ਗਏ ਹਨ ।

                                     ਉਨਾਂ ਦੱਸਿਆ ਕਿ ਜਿਲੇ ਵਿਚ ਇਹ 9 ਫਰਦ ਕੇਦਰ ਤਹਿਸੀਲ ਵਾਈਜ , ਸਬ ਤਹਿਸੀਲ ਵਾਈਜ ਖੋਲ੍ਹੇ ਗਏ ਹਨ ਇਨ੍ਹਾਂ ਫਰਦ ਕੇਦਰਾਂ ਵਿਚ ਕੋਈ ਵੀ ਵਿਅਕਤੀ ਆਪਣੀ ਜ਼ਮੀਨ ਦੀ ਫਰਦ ਆਪਣਾ ਨਾਮ ਪਿੰਡ ਦਾ ਨਾਂ ਅਤੇ ਨੰਬਰ ਖਸਰਾ ਦੱਸ ਕੇ ਕਢਵਾ ਸਕਦਾ ਹੈ । ਉਨ੍ਹਾਂ ਇਹ ਵੀ ਦੱਸਿਆ ਕਿ ਇਨਾਂ 9 ਫਰਦ ਕੇਦਰਾਂ ਵਿਚ ਅਪ੍ਰੈਲ 2014 ਤੋਂ  ਦਸੰਬਰ 2014 ਤੱਕ 145754 ਅਰਜ਼ੀਆਂ ਜਮੀਨੀ ਰਿਕਾਰਡ ਪ੍ਰਾਪਤ ਕਰਨ ਲਈ ਆਈਆਂ, ਜਿਨ੍ਹਾਂ ਵਿੱਚ ਫਰਦ ਕੇਂਦਰ ਹੁਸ਼ਿਆਰਪੁਰ ਤੋਂ 31046, ਭੂੰਗਾ 10459, ਗੜ੍ਹਸ਼ੰਕਰ 18582, ਮਾਹਿਲਪੁਰ 10868, ਮੁਕੇਰੀਆਂ 19249, ਤਲਵਾੜਾ 9874, ਦਸੂਹਾ 16673, ਟਾਂਡਾ 18335 ਅਤੇ ਗੜ੍ਹਦੀਵਾਲ 10668 ਜਮੀਨੀ ਰਿਕਾਰਡ ਦੀਆਂ ਨਕਲਾਂ ਦੀਆਂ ਕਾਪੀਆਂ ਮੁਹੱਈਆ ਕਰਵਾਈਆਂ ਗਈਆਂ ਹਨ । ਸ੍ਰੀਮਤੀ ਮਿਤਰਾ ਨੇ ਦੱਸਿਆ ਕਿ ਕੰਪਿਊਟਰ ਰਾਈਜ਼ਡ ਹੋਏ 1440 ਪਿੰਡਾਂ ਦੀ ਰਿਕਾਰਡ ਵੈਬ ਸਾਈਟ www.plrs.org.in  ਤੇ ਲੋਡ ਕੀਤਾ ਗਿਆ ਹੈ  ਜੇਕਰ ਕੋਈ ਵਿਅਕਤੀ ਆਪਣੀ ਜ਼ਮੀਨ ਦਾ ਰਿਕਾਰਡ ਚੈਕ ਕਰਨਾ ਚਾਹੁੰਦਾ ਹੋਵੇ ਤਾਂ ਉਹ ਇਸ ਵੈਬ ਸਾਈਟ ਤੇ ਜਾ ਕੇ ਆਪਣਾ ਪਿੰਡ ਅਤੇ ਖੇਵਟ ਨੰਬਰ ਐਂਟਰ ਕਰਕੇ ਸਾਰਾ ਰਿਕਾਰਡ ਵੇਖ ਸਕਦਾ ਹੈ ।
                  ਡਿਪਟੀ ਕਮਿਸ਼ਨਰ ਨੇ ਇਹ ਵੀ ਦੱਸਿਆ ਕਿ ਹੁਸ਼ਿਆਰਪੁਰ ਜਿਲ੍ਹੇ ਦੇ ਜਿਆਦਾਤਰ ਲੋਕ ਵਿਦੇਸ਼ਾਂ ਵਿਚ ਵਸੇ ਹਨ ਅਤੇ ਉਨ੍ਹਾਂ ਨੂੰ ਉਥੇ ਬੈਠਿਆਂ ਆਪਣੀਆਂ ਜਾਇਦਾਦਾਂ ਬਾਰੇ ਪਤਾ ਨਹੀਂ ਲਗਦਾ ਜਦ ਕਿ ਇਹ ਸਹੂਲਤ ਵਿਦੇਸ਼ਾਂ ਵਿਚ ਬੈਠੇ ਪ੍ਰਵਾਸੀ ਭਾਰਤੀਆਂ ਲਈ ਬਹੁਤ ਹੀ ਲਾਹੇਵੰਦ ਸਾਬਤ ਹੋ ਰਹੀ ਹੈ ਕਿਉਂਕਿ ਦੂਰ ਬੈਠ ਕੇ ਵੀ ਕੋਈ ਵੀ ਵਿਅਕਤੀ ਆਪਣੀ ਜ਼ਮੀਨ ਜਾਇਦਾਦ ਸਬੰਧੀ ਪੂਰੀ ਜਾਣਕਾਰੀ ਰੱਖ ਸਕਦਾ ਹੈ । ਉਨਾਂ ਕਿਹਾ ਕਿ ਖੋਲ੍ਹੇ ਗਏ ਫਰਦ ਕੇਂਦਰ ਲੋਕਾਂ ਦੀ ਖੱਜਲ ਖੁਆਰੀ ਘਟਾਉਣ ਵਿਚ ਕਾਮਯਾਬ ਹੋਏ ਹਨ ਅਤੇ ਸਾਰੇ ਫਰਦ ਕੇਦਰਾਂ ਵਿਚ ਲੋਕਾਂ ਦੇ ਬੇਠਣ ਲਈ ਵੇਟਿੰਗ ਏਰੀਏ ਵਿਚ ਕੁਰਸੀਆਂ ਪੀਣ ਲਈ ਸਾਫ ਪਾਣੀ , ਗਰਮੀਆਂ ਲਈ ਏ ਸੀ ਆਦਿ ਦੀਆਂ ਸਾਰੀਆਂ ਮੁਢਲੀਆਂ ਸਹੂਲਤਾਂ ਦਿੱਤੀਆਂ ਗਈਆਂ ਹਨ । ਉਨ੍ਹਾਂ ਦੱਸਿਆ ਕਿ ਫਰਦ ਕੇਦਰਾਂ ਰਾਹੀਂ ਕਿਸੇ ਵੀ ਜ਼ਮੀਨ ਮਾਲਿਕ ਨੂੰ ਕੇਵਲ 10 ਤੋਂ 15 ਮਿੰਟ ਦਾ ਸਮਾਂ ਲੱਗਦਾ ਹੈ ਅਤੇ ਕੇਵਲ 20 ਰੁਪਏ ਪ੍ਰਤੀ ਪੰਨੇ ਦੇ ਹਿਸਾਬ ਨਾਲ ਫੀਸ ਅਦਾ ਕਰਕੇ ਜ਼ਮੀਨੀ ਰਿਕਾਰਡ ਦੀ ਤਸਦੀਕਸ਼ੁਦਾ ਨਕਲ ਪ੍ਰਾਪਤ ਹੋ ਜਾਂਦੀ ਹੈ । ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਲੇ ਦੇ ਬਾਕੀ ਰਹਿੰਦੇ  9    ਪਿੰਡਾਂ ਦੇ ਜ਼ਮੀਨੀ ਰਿਕਾਰਡ ਦਾ ਕੰਪੀਊਟਰੀਕਰਨ ਕੀਤਾ ਜਾ ਰਿਹਾ ਹੈ ਜੋ ਕਿ ਜਲਦੀ ਹੀ ਮੁਕੰਮਲ ਹੋ ਜਾਵੇਗਾ ।

ਬਸੰਤ ਕਵੀ ਦਰਬਾਰ ਵਿਚ ਲੱਗੀ ਰਚਨਾਵਾਂ ਦੀ ਛਹਿਬਰ

ਗੁਰਪ੍ਰੀਤ ਗਰੇਵਾਲ ਨੂੰ ਸਨਮਾਨਿਤ ਕਰਦੇ ਹੋਏ ਪ੍ਰਬੰਧਕ

  • ਮਾਂਬੋਲੀ ਪੰਜਾਬੀ ਦੀ ਸੇਵਾ ਲਈ ਉੱਘੇ ਲੇਖਕ ਗੁਰਪ੍ਰੀਤ ਗਰੇਵਾਲ ਸਨਮਾਨਿਤ
  • ਚੰਗੇ ਸਾਹਿਤ ਨਾਲ ਜੁੜਨਾ ਸਮੇਂ ਦੀ ਲੋੜ: ਮਦਨ ਵੀਰਾ
ਤਲਵਾੜਾ, 19 ਜਨਵਰੀ: ਪੰਜਾਬੀ ਸਾਹਿਤ ਅਤੇ ਕਲਾ ਮੰਚ ਰਜਿ: ਤਲਵਾੜਾ ਵੱਲੋਂ ਕੇਸਰੀ ਹੋਟਲ ਵਿਖੇ ਬਸੰਤ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿਚ ਉੱਘੇ ਲੇਖਕ ਤੇ ਪੱਤਰਕਾਰ ਗੁਰਪ੍ਰੀਤ ਗਰੇਵਾਲ ਨੂੰ ਨਵੀਆਂ ਪੈੜਾਂ ਮੈਗਜ਼ੀਨ ਰਾਹੀਂ ਮਾਂ ਬੋਲੀ ਪੰਜਾਬੀ ਨੂੰ ਪ੍ਰਫੁੱਲਿਤ ਕਰਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸ਼੍ਰੀ ਗਰੇਵਾਲ ਨੇ ਕਿਹਾ ਕਿ ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਨੰਗਲ ਡੈਮ ਵੱਲੋਂ ਵਾਤਾਵਰਨ ਤੇ ਹੋਰ ਜਾਗਰੂਕਤਾ ਲਈ ਕੀਤੇ ਜਾ ਰਹੇ ਕਾਰਜਾਂ ਅਤੇ ਮੈਗਜ਼ੀਨ ਨਵੀਆਂ ਪੈੜਾਂ ਨੂੰ ਹਰ ਪਾਸਿਓਂ ਭਰਪੂਰ ਹੁੰਗਾਰਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਆਪਣੀ ਬੋਲੀ ਨੂੰ ਵਿਸਾਰਨ ਵਾਲੀ ਕੌਮ ਕਦੇ ਤਰੱਕੀ ਨਹੀਂ ਕਰ ਸਕਦੀ ਅਤੇ ਨਰੋਆ ਸਾਹਿਤ ਸਿਰਜਣਾਂ ਬੇਹੱਦ ਚੁਨੌਤੀਪੂਰਨ ਪਰ ਜਰੂਰੀ ਕਾਰਜ ਹੈ। ਇਸ ਮੌਕੇ ਗੁਰਪ੍ਰੀਤ ਗਰੇਵਾਲ ਦੀ ਪੁਸਤਕ ਖੁਸ਼ੀਆਂ ਵੀ ਅੱਧੀਆਂ ਪੌਣੀਆਂ ਦਾ ਟਾਈਟਲ ਪੰਨਾ ਅਤੇ ਚਿੱਤਰਕਲਾ ਦਾ ਵਿਮੋਚਨ ਕੀਤਾ ਗਿਆ। ਪੱਤਰਕਾਰ ਤੇ ਸ਼ਾਇਰਾ ਅਨੁਰਾਧਾ ਕਾਫਿਰ ਨੂੰ ਵੀ ਇਸ ਮੰਚ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਕਵੀ ਦਰਬਾਰ ਵਿਚ ਹਾਜਰ ਸਾਹਿਤ ਪ੍ਰੇਮੀ ਤੇ ਸ਼ਾਇਰ

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਆਗੂ ਅਤੇ ਉੱਤੇ ਸ਼ਾਇਰ ਮਦਨ ਵੀਰਾ ਨੇ ਕਵੀ ਦਰਬਾਰ ਵਿਚ ਪੇਸ਼ ਰਚਨਾਵਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਾਹਿਤਕ ਸਮਾਗਮਾਂ ਨਾਲ ਸਥਾਪਿਤ ਸ਼ਾਇਰਾਂ ਨਾਲ ਜੁੜਨ ਅਤੇ ਉਭਰਦੇ ਉਤਸ਼ਾਹੀ ਕਵੀਆਂ ਨੂੰ ਆਪਣੀ ਪ੍ਰਤਿਭਾ ਨਿਖਾਰਨ ਦਾ ਮੌਕਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਕਾਵਿ ਕਲਾ ਕੁਦਰਤੀ ਦੇਣ ਹੈ ਅਤੇ ਇਸ ਨੂੰ ਬਾਕਾਇਦਾ ਅਭਿਆਸ ਤੇ ਅਧਿਐਨ ਨਾਲ ਹੋਰ ਨਿਖਾਰਿਆ ਜਾ ਸਕਦਾ ਹੈ। 
ਸਭਾ ਦੇ ਪ੍ਰਧਾਨ ਡਾ. ਸੁਰਿੰਦਰ ਮੰਡ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿ ਵਿਚਾਰਾਂ ਦੇ ਪ੍ਰਗਟਾਵੇ ਨੂੰ ਉਸਾਰੂ ਮੰਚ ਪ੍ਰਦਾਨ ਕਰਨ ਲਈ ਭਰਪੂਰ ਉਪਰਾਲੇ ਕੀਤੇ ਜਾ ਰਹੇ ਹਨ। ਮੰਚ ਸੰਚਾਲਨ ਜਨਰਲ ਸਕੱਤਰ ਸਮਰਜੀਤ ਸਿੰਘ ਸ਼ਮੀ ਨੇ ਬਾਖੂਬੀ ਕੀਤਾ। ਰਚਨਾਵਾਂ ਦੇ ਦੌਰ ਵਿਚ ਉੱਘੇ ਸ਼ਾਇਰ ਡਾ. ਅਮਰਜੀਤ ਅਨੀਸ, ਪ੍ਰਿੰ. ਨਵਤੇਜ ਗੜ੍ਹਦੀਵਾਲਾ, ਜਨਾਬ ਕਸ਼ਿਸ਼ ਹੁਸ਼ਿਆਰਪੁਰੀ, ਅਮਰੀਕ ਡੋਗਰਾ, ਪੂਰਨ ਅਹਿਸਾਨ, ਪ੍ਰੋ. ਬੀ. ਐੱਸ. ਬੱਲੀ, ਐਡਵੋਕੇਟ ਰਘਬੀਰ ਟੇਰਕਿਆਨਾ, ਪ੍ਰਿੰ. ਅਰਚਨਾ ਕੁਲਸ਼੍ਰੇਸਠ, ਨਰੇਸ਼ ਗੁਮਨਾਮ, ਨੀਲਮ ਸ਼ਰਮਾ, ਅਨਿਲ ਕੁਮਾਰ ਨੀਲ, ਪ੍ਰੋ. ਅੰਜੂ ਗਜ਼ਲ, ਅਨੁਰਾਧਾ ਕਾਫ਼ਿਰ, ਡਾ. ਵਿਸ਼ਾਲ ਧਰਵਾਲ, ਰਾਜਿੰਦਰ ਮਹਿਤਾ, ਮਦਨ ਲਾਲ ਦਾਤਾਰਪੁਰੀ, ਹਰਜਿੰਦਰ ਕੌਰ ਰੰਧਾਵਾ, ਕੈਲਾਸ਼ ਰਾਣੀ, ਧਿਆਨ ਸਿੰਘ ਚੰਦਨ, ਮਦਨ ਪੇਂਟਰ ਨੇ ਭਰਪੂਰ ਹਾਜ਼ਰੀ ਲਵਾਈ ਅਤੇ ਸਰੋਤਿਆਂ ਦੇ ਮਨਾਂ ਤੇ ਸ਼ਾਇਰੀ ਦੀ ਅਮਿੱਟ ਛਾਪ ਛੱਡੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਉੱਘੇ ਉਦਯੋਗਪਤੀ ਕੁਲਵੰਤ ਸਿੰਘ ਸ਼ਾਹੀ, ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ, ਸਰਵਰਨ ਸ਼ਰਮਾ, ਜਗਰੂਪ ਸੇਠ, ਰਿੰਪੀ ਭਾਰਦਵਾਜ, ਹਰਭਜਨ ਹੀਰ ਆਦਿ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਹਾਜਰ ਸਨ।

ਜਿਲ੍ਹੇ ਦੇ 1807 ਸਕੂਲਾਂ ਵਿੱਚ 1 ਲੱਖ 17 ਹਜ਼ਾਰ ਵਿਦਿਆਰਥੀਆਂ ਲਈ ਦੁਪਹਿਰ ਦਾ ਖਾਣਾ: ਡੀ ਸੀ


  • ਮਿਡ ਡੇ ਮੀਲ ਸਕੀਮ ਲਈ 11 ਕਰੋੜ 55 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ।
  • ਮਿਡ ਡੇ ਮੀਲ ਲਈ ਅਨਾਜ ਦੀ ਮਿਕਦਾਰ ਅਤੇ ਗੁਣਵੱਤਾ ਅਡਵਾਂਸ ਚੈਕ ਕਰਨ ਲਈ ਮੋਨੀਟਰਿੰਗ ਕਮੇਟੀਆਂ ਗਠਿਤ
ਹੁਸ਼ਿਆਰਪੁਰ, 9 ਜਨਵਰੀ :
                  ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਨੂੰ ਬਰਕਰਾਰ ਰੱਖਣ ਲਈ ਅਤੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਦੇ ਨਾਲ-ਨਾਲ ਸਕੂਲੀ ਵਿਦਿਆਰਥੀਆਂ ਨੂੰ ਦੁਪਹਿਰ ਦਾ ਤਾਜ਼ਾ ਬਣਿਆ ਖਾਣਾ ਮੁਹੱਈਆ ਕਰਾਉਣ ਲਈ ਜ਼ਿਲ੍ਹੇ ਦੇ ਲਗਭਗ 1807 ਸਕੂਲਾਂ ਵਿੱਚ ਮਿਡ ਮੀਲ ਸਕੀਮ ਚਲਾਈ ਜਾ ਰਹੀ ਹੈ। ਮਿਡ ਡੇ ਮੀਲ ਸਕੀਮ ਤਹਿਤ ਅਨਾਜ ਦੀ ਮਿਕਦਾਰ ਅਤੇ ਗੁਣਵੱਤਾ ਨੂੰ ਅਡਵਾਂਸ ਚੈਕ ਕਰਕੇ ਮਿਲ ਡੇ ਮੀਲ ਸਕੀਮ ਤਹਿਤ ਹਫ਼ਤਾਵਾਰ ਮਿਨੂ ਅਨੁਸਾਰ ਬੱਚਿਆਂ ਨੂੰ ਖਾਣਾ ਦਿੱਤਾ ਜਾਂਦਾ ਹੈ।
ਅਨੰਦਿਤਾ ਮਿੱਤਰਾ ਆਈ. ਏ. ਐੱਸ.

                  ਮਿਡ ਡੇ ਮੀਲ ਸਬੰਧੀ ਕੀਤੀ ਗਈ ਕਾਰਗੁਜ਼ਾਰੀ ਦਾ ਜਾਇਜ਼ਾ ਲੈਂਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਆਨੰਦਿਤਾ ਮਿਤਰਾ ਨੇ ਦੱਸਿਆ ਕਿ ਚਾਲੂ ਮਾਲੀ ਸਾਲ ਦੌਰਾਨ ਇਸ ਮਹੀਨੇ ਤੱਕ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਲਗਭਗ 11 ਕਰੋੜ 55 ਲੱਖ ਰੁਪਏ ਦੀ ਰਾਸ਼ੀ ਮਿਡ ਡੇ ਮੀਲ ਸਕੀਮ ਤਹਿਤ ਵੱਖ-ਵੱਖ ਕੰਪੋਨੈਟ ਤਹਿਤ ਜਾਰੀ ਕੀਤੀ ਜਾ ਚੁੱਕੀ ਹੈ। ਪ੍ਰਾਇਮਰੀ ਸਕੂਲਾਂ ਲਈ ਅਨਾਜ ਦੀ ਮਾਤਰਾ ਇੱਕ ਦਿਨ ਲਈ 100 ਗ੍ਰਾਮ ਪ੍ਰਤੀ ਵਿਦਿਆਰਥੀ ਪ੍ਰਤੀ ਸਕੂਲ ਦਿੱਤੀ ਜਾਂਦੀ ਹੈ ਜਦ ਕਿ ਅਪਰ ਪ੍ਰਾਇਮਰੀ ਸਕੂਲਾਂ ਲਈ ਅਨਾਜ ਦੀ ਮਾਤਰਾ ਦਿਨ ਲਈ 150 ਗ੍ਰਾਮ ਪ੍ਰਤੀ ਵਿਦਿਆਰਥੀਆਂ ਪ੍ਰਤੀ ਸਕੂਲ ਮਿਡ ਡੇ ਮੀਲ ਤਹਿਤ ਦਿੱਤੀ ਜਾਂਦੀ ਹੈ।  ਜ਼ਿਲ੍ਹੇ ਦੇ 1807 ਸਕੂਲਾਂ ਵਿੱਚ ਚਲਾਈ ਜਾ ਰਹੀ ਇਸ ਸਕੀਮ ਤਹਿਤ ਇਸ ਸਮੇਂ ਲਗਭਗ 1 ਲੱਖ 17 ਹਜ਼ਾਰ ਸਕੂਲੀ ਵਿਦਿਆਰਥੀਆਂ ਨੂੰ ਦੁਪਹਿਰ ਦੇ ਖਾਣੇ ਤਹਿਤ ਲਾਭ ਪ੍ਰਾਪਤ ਹੋ ਰਿਹਾ ਹੈ।  ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਇਸ ਸਮੇਂ ਸਰਕਾਰੀ ਸਕੂਲਾਂ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਪਹਿਲੀ ਤੋਂ ਅੱਠਵੀਂ ਕਲਾਸ ਤੱਕ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਮੁਫ਼ਤ ਖਾਣਾ ਦਿੱਤਾ ਜਾਂਦਾ ਹੈ। ਹਫ਼ਤਾਵਾਰ ਮਿਨੂ ਤਹਿਤ  ਰੋਟੀ, ਦਾਲ ਅਤੇ ਮੌਸਮੀ ਸਬਜੀਆਂ ਮਿਲਾ ਕੇ ਪੌਸ਼ਟਿਕ ਖਿਚੜੀ, ਕਾਲੇ ਛੋਲੇ, ਕੜੀ ਚਾਵਲ ਤੋਂ ਇਲਾਵਾ ਹਰੇਕ ਸ਼ੁਕਰਵਾਰ ਖਾਣੇ ਦੇ ਨਾਲ ਖੀਰ ਵੀ ਦਿੱਤੀ ਜਾਂਦੀ ਹੈ।  ਖਾਣੇ ਵਾਸਤੇ ਸਰਕਾਰ ਵੱਲੋਂ ਸਕੂਲਾਂ ਨੂੰ ਕਣਕ ਅਤੇ ਚਾਵਲ ਮੁਹੱਈਆ ਕਰਵਾਏ ਜਾਂਦੇ ਹਨ। ਖਾਣੇ ਨੂੰ ਤਿਆਰ ਕਰਨ ਲਈ ਪ੍ਰਤੀ ਵਿਦਿਆਰਥੀ ਪ੍ਰਤੀ ਸਕੂਲ ਦਿਨ ਲਈ ਕੂਕਿੰਗ ਕਾਸਟ ਦੀ ਰਾਸ਼ੀ ਸਰਕਾਰ ਵੱਲੋਂ ਸਕੂਲਾਂ ਨੂੰ ਦਿੱਤੀ ਜਾਂਦੀ ਹੈ। ਇਸ ਸਮੇਂ ਕੂਕਿੰਗ ਕਾਸਟ ਪ੍ਰਾਇਮਰੀ ਸਕੁਲਾਂ ਲਈ 3.59 ਰਪਏ ਅਤੇ ਅਪਰ ਪ੍ਰਾਇਮਰੀ ਸਕੂਲਾਂ ਲਈ 5.38 ਰੁਪਏ ਪ੍ਰਤੀ ਵਿਦਿਆਰਥੀ ਪ੍ਰਤੀ ਸਕੂਲ ਦਿਨ ਲਈ ਨਿਰਧਾਰਤ ਕੀਤੀ ਗਈ ਹੈ।
                  ਉਨ੍ਹਾਂ ਇਹ ਵੀ ਦੱਸਿਆ ਕਿ ਮਹੀਨਾ ਦਸੰਬਰ ਤੱਕ ਜ਼ਿਲ੍ਹੇ ਦੇ ਸਮੂਹ ਸਕੂਲਾਂ ਲਈ 1126.62 ਮੀਟ੍ਰਿਕ ਟਨ ਚਾਵਲ ਅਤੇ 1063.62 ਮੀਟ੍ਰਿਕ ਟਨ ਕਣਕ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਹੁਸ਼ਿਆਰਪੁਰ ਪਾਸੋਂ ਲਿਫਟ ਕੀਤੀ ਗਈ ਹੈ।  ਜ਼ਿਲ੍ਹੇ ਦੇ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਵਿੱਚ ਇਸ ਸਮੇਂ ਸਕੂਲਾਂ ਵਿੱਚ ਹੀ ਦੁਪਹਿਰ ਦਾ ਖਾਣਾ ਤਿਆਰ ਕਰਨ ਲਈ ਲਗਭਗ 3107 ਕੂਕ-ਕਮ-ਹੈਲਪਰ ਕੰਮ ਕਰ ਰਹੇ ਹਨ। ਇਨ੍ਹਾਂ ਕੂਕਾਂ ਨੂੰ 1200 ਰੁਪਏ ਪ੍ਰਤੀ ਮਹੀਨਾ ਮਿਹਨਤਾਨੇ ਵਜੋਂ ਸਾਲ ਦੇ 10 ਮਹੀਨਿਆਂ ਵਾਸਤੇ ਦਿੱਤਾ ਜਾ ਰਿਹਾ ਹੈ। ਖਾਣਾ ਬਣਾਉਣ ਲਈ ਸਾਰੇ ਸਕੂਲਾਂ ਵਿੱਚ ਗੈਸ ਭੱਠੀਆਂ, ਅੱਗ ਬਝਾਊ ਯੰਤਰ, ਗੈਸ ਸੈਲੰਡਰ ਅਤੇ ਅਨਾਜ ਸਟੋਰ ਕਰਨ ਲਈ ਡਰੰਮ ਦਿੱਤੇ ਗਏ ਹਨ ਅਤੇ ਸਾਰੇ ਸਕੂਲਾਂ ਵਿੱਚ ਕਿਚਨ ਸ਼ੈਡਾਂ ਦੀ ਉਸਾਰੀ ਵੀ ਮੁਕੰਮਲ ਹੋ ਚੁੱਕੀ ਹੈ। ਸ੍ਰੀਮਤੀ ਮਿਤਰਾ ਨੇ ਦੱਸਿਆ ਕਿ ਹਰੇਕ ਮਹੀਨੇ ਅਨਾਜ ਦੀ ਮਿਕਦਾਰ ਅਤੇ ਗੁਣਵੱਤਾ ਅਡਵਾਂਸ ਚੈਕ ਕਰਨ ਹਿੱਤ ਸਬਡਵੀਜ਼ਨ ਵਿੱਚ ਪੈਂਦੇ ਬਲਾਕਾਂ ਵਾਸਤੇ ਮੋਨੀਟਰਿੰਗ ਕਮੇਟੀਆਂ ਗਠਿਤ ਕੀਤੀ ਗਈਆਂ ਹਨ।  ਜ਼ਿਲ੍ਹੇ ਦੇ ਸਕੂਲਾਂ ਨੂੰ ਕੂਕਿੰਗ ਕਾਸਟ ਅਤੇ ਕੂਕਾਂ ਦੇ ਮਿਹਨਤਾਨੇ ਦੀ ਰਾਸ਼ੀ ਆਨ ਲਾਈਨ ਭੇਜੀ ਜਾ ਰਹੀ ਹੈ। ਦੁਪਹਿਰ ਦੇ ਖਾਣੇ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਰੋਗ ਮੁਕਤ ਰੱਖਣ ਅਤੇ ਚੰਗੀ ਸਿਹਤ ਲਈ ਮੈਡੀਕਲ ਚੈਕਅਪ ਸਕੂਲ ਹੈਲਥ ਪ੍ਰੋਗਰਾਮ ਤਹਿਤ ਸਿਹਤ ਵਿਭਾਗ ਰਾਹੀਂ ਕੀਤਾ ਜਾ ਰਿਹਾ ਹੈ।

ਨਸ਼ਿਆਂ ਦਾ ਕੁਪ੍ਰਚਾਰ ਕਰਕੇ ਕਾਂਗਰਸ ਨੇ ਪੰਜਾਬ ਨੂੰ ਕੀਤਾ ਬਦਨਾਮ: ਸਿੱਧੂ

ਤਲਵਾੜਾ, 7 ਜਨਵਰੀ :ਕਾਂਗਰਸ ਪਾਰਟੀ ਨੇ ਨਸ਼ਿਆਂ ਦਾ ਭੰਡੀ ਪ੍ਰਚਾਰ ਕਰਕੇ ਪੰਜਾਬ ਨੂੰ ਪੂਰੇ ਮੁਲਕ ਵਿਚ ਬਦਨਾਮ ਕੀਤਾ ਹੈ ਜੋ ਬੇਹੱਦ ਮੰਦਭਾਗਾ ਹੈ। ਇਹ ਵਿਚਾਰ ਇੱਥੇ
ਐਡਵੋਕੇਟ ਸਿੱਧੂ
ਐਡਵੋਕੇਟ ਰਾਜਗੁਲਜਿੰਦਰ ਸਿੰਘ ਸਿੱਧੂ ਜਿਲ੍ਹਾ ਪ੍ਰਧਾਨ ਲੀਗਲ ਸੈੱਲ ਸ਼੍ਰੋਮਣੀ ਅਕਾਲੀ ਦਲ ਹੁਸ਼ਿਆਰਪੁਰ ਨੇ ਇੱਥੇ ਅਕਾਲੀ ਵਰਕਰਾਂ ਦੀ ਇਕੱਤਰਤਾ ਉਪਰੰਤ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੱਲੋਂ ਹਰ ਪੱਧਰ ਤੇ ਪੰਜਾਬ ਵਿਚ ਨਸ਼ਿਆਂ ਵਿਰੁੱਧ ਲੜਾਈ ਲੜੀ ਜਾ ਰਹੀ ਹੈ ਅਤੇ ਇਸ ਮੰਤਵ ਲਈ ਜਿੱਥੇ ਪਿੰਡਾਂ ਵਿਚ ਖੇਡ ਕਲੱਬਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਉੱਥੇ ਪੰਜਾਬ ਪੁਲਿਸ ਵੱਲੋਂ ਜੰਗੀ ਪੱਧਰ ਤੇ ਨਸ਼ੇ ਦੇ ਸੌਦਾਗਰਾਂ ਨੂੰ ਨਕੇਲ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸੇ ਵੀ ਸੂਬੇ ਨਾਲੋਂ ਨਸ਼ਾ ਤਸਕਰੀ ਦੇ ਵਧੇਰੇ ਮਾਮਲੇ ਪੰਜਾਬ ਪੁਲਿਸ ਵੱਲੋਂ ਦਰਜ ਕੀਤੇ ਗਏ ਹਨ ਅਤੇ ਸੂਬੇ ਨੂੰ ਨਸ਼ਾ ਮੁਕਤ ਕਰਨ ਤੱਕ ਇਸ ਸਿਲਸਿਲਾ ਇੰਜ ਹੀ ਜਾਰੀ ਰਹੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਜ ਕੁਮਾਰ ਬਿੱਟੂ ਸਰਕਲ ਯੂਥ ਪ੍ਰਧਾਨ, ਅਨਿਲ ਪਠਾਣੀਆ, ਸੁਸ਼ੀਲ ਸੰਧੂ, ਸੁਰਿੰਦਰਜੀਤ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜਰ ਸਨ।

ਜਾਗਰੂਕਤਾ ਨਾਲ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ: ਧਰੁਵ ਦਾਹੀਆ


  • ਸਰਵਹਿੱਤਕਾਰੀ ਵਿਚ ਹੋਇਆ ਆਵਾਜਾਈ ਤੇ ਸੈਮੀਨਾਰ

ਤਲਵਾੜਾ, 7 ਜਨਵਰੀ : ਅੱਜ ਇੱਥੇ ਐਸ. ਡੀ. ਸਰਵਹਿੱਤਕਾਰੀ ਵਿੱਦਿਆ ਮੰਦਰ ਤਲਵਾੜਾ ਵਿਖੇ ਆਵਾਜਾਈ ਦੇ ਨਿਯਮ ਅਤੇ ਅਸੀਂ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ ਜਿਸ ਏ. ਐੱਸ. ਪੀ. ਧਰੁਵ ਦਾਹੀਆ ਆਈ. ਪੀ. ਐੱਸ.
ਧਰੁਵ ਦਾਹੀਆ ਆਈ. ਪੀ. ਐੱਸ.
ਬਤੌਰ ਮੁੱਖ ਮਹਿਮਾਨ ਪੁੱਜੇ। ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਾਗਰੂਕਤਾ ਨਾਲ ਆਵਾਜਾਈ ਦੇ ਨਿਯਮਾਂ ਦਾ ਪੂਰੀ ਤਰਾਂ ਪਾਲਣ ਹੋਵੇ ਤਾਂ ਅਨੇਕਾਂ ਕੀਮਤੀ ਜਿੰਦਗੀਆਂ ਸੜਕੀ ਹਾਦਸਿਆਂ ਦਾ ਸ਼ਿਕਾਰ ਹੋਣ ਤੋਂ ਬਚ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਹਰ ਜਿੰਮੇਵਾਰ ਨਾਗਰਿਕ ਨੂੰ ਦੇਸ਼ ਦੇ ਕਾਨੂੰਨਾਂ ਦਾ ਪਾਲਣ ਕਰਨਾ ਚਾਹੀਦਾ ਹੈ ਤੇ ਜੁਰਮ ਅਤੇ ਬੇਇਨਸਾਫ਼ੀ ਵਿਰੁੱਧ ਆਵਾਜ ਉਠਾਉਣੀ ਚਾਹੀਦੀ ਹੈ। ਉਨ੍ਹਾਂ ਇਸ ਮੌਕੇ ਪੁਲਿਸ ਵੱਲੋਂ ਚਲਾਈ ਜਾ ਰਹੀ ਚੇਤਨਾ ਮੁਹਿੰਮ ਦਾ ਹਿੱਸਾ ਬਣਨ ਦੀ ਅਪੀਲ ਵੀ ਕੀਤੀ। ਇਸ ਸੈਮੀਨਾਰ ਨੂੰ ਸਕੂਲ ਮੁਖੀ ਪ੍ਰਿੰ. ਦੇਸ ਰਾਜ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੁਰਮ ਦੇ ਖਾਤਮੇ ਲਈ ਸਮਾਜ ਅਤੇ ਪੁਲਿਸ ਵਿਚਕਾਰ ਸਮਝ ਤੇ ਸਹਿਯੋਗ ਦੀ ਭਾਵਨਾ ਜਰੂਰੀ ਹੈ। ਇਸ ਮੌਕੇ ਥਾਣਾ ਮੁਖੀ ਤਲਵਾੜਾ ਪਰਦੀਪ ਸਿੰਘ ਤੋਂ ਇਲਾਵਾ ਹਰਜੀਤ ਸਿੰਘ ਅਤੇ ਸਕੂਲ ਦੇ ਸਮੂਹ ਅਧਿਆਪਕ ਤੇ ਵਿਦਿਆਰਥੀ ਹਾਜਰ ਸਨ।

ਆਨੰਦਿਤਾ ਮਿਤਰਾ ਨੇ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਵਜੋਂ ਅਹੁੱਦਾ ਸੰਭਾਲਿਆ


  • ਜਿਲ੍ਹੇ ਦੇ ਵਿਕਾਸ ਅਤੇ ਲੋਕ ਭਲਾਈ ਕਾਰਜਾਂ ਦੇ ਨਾਲ-ਨਾਲ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਪਹਿਲ
ਹੁਸ਼ਿਆਰਪੁਰ, 1 ਜਨਵਰੀ: 
Anandita Mittra IAS
ਸ੍ਰੀਮਤੀ ਆਨੰਦਿਤਾ ਮਿਤਰਾ , ਆਈ. ਏ. ਐਸ. ਨੇ ਅੱਜ ਹੁਸ਼ਿਆਰਪੁਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਜੋਂ ਅਹੁੱਦਾ ਸੰਭਾਲ ਲਿਆ ਹੈ। ਉਹ ਇਸ ਤੋਂ ਪਹਿਲਾਂ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਜੋਂ ਤਾਇਨਾਤ ਸਨ।  2007 ਬੈਚ ਦੇ ਆਈ.ਏ.ਐਸ. ਸ੍ਰੀਮਤੀ ਆਨੰਦਿਤਾ ਮਿਤਰਾ ਕੰਪਿਊਟਰ ਸਾਇੰਸ ਵਿੱਚ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਹਨ ਅਤੇ ਉਨ੍ਹਾਂ ਨੇ ਬਤੌਰ ਐਸ. ਡੀ. ਐਮ. ਕਪੂਰਥਲਾ, ਰੋਪੜ ਅਤੇ ਪਟਿਆਲਾ ਵਿਖੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦੇ ਆਹੁਦਿਆਂ ਤੇ ਸੇਵਾਵਾਂ ਨਿਭਾ ਚੁੱਕੇ ਹਨ।
                  ਸ੍ਰੀਮਤੀ ਮਿਤਰਾ ਨੂੰ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਹੁੰਚਣ ਤੇ ਪੁਲਿਸ ਦੀ ਗਾਰਦ ਵੱਲੋਂ ਗਾਰਡ ਆਫ਼ ਆਨਰ ਪੇਸ਼ ਕੀਤਾ ਗਿਆ। ਇਸ ਮੌਕੇ ਸਵਾਗਤ ਕਰਨ ਵਾਲਿਆਂ ਵਿੱਚ ਵਧੀਕ ਡਿਪਟੀ ਕਮਿਸ਼ਨਰ (ਜ) ਹਰਮਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਸਹਾਇਕ ਕਮਿਸ਼ਨਰ (ਜ) ਨਵਨੀਤ ਕੌਰ ਬੱਲ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਰਣਜੀਤ ਕੌਰ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਅਵਤਾਰ ਸਿੰਘ ਭੁੱਲਰ, ਜ਼ਿਲ੍ਹਾ ਅਟਾਰਨੀ ਐਡਮਨਿਸਟਰੇਸ਼ਨ ਜਗੀਰ ਸਿੰਘ, ਐਸ ਪੀ ਨਰੇਸ਼ ਡੋਗਰਾ ਅਤੇ ਹੋਰ ਉਚ ਅਧਿਕਾਰੀ ਹਾਜ਼ਰ ਸਨ।

                  ਡਿਪਟੀ ਕਮਿਸ਼ਨਰ ਸ੍ਰੀਮਤੀ ਆਨੰਦਿਤਾ ਮਿਤਰਾ ਨੇ ਆਹੁੱਦਾ ਸੰਭਾਲਣ ਉਪਰੰਤ ਨਵੇਂ ਸਾਲ 2015 ਦੀਆਂ ਜ਼ਿਲ੍ਹਾ ਵਾਸੀਆਂ ਨੂੰ ਸ਼ੁਭ-ਕਾਮਨਾਵਾਂ ਦਿੰਦਿਆਂ ਹੋਇਆ ਦੱਸਿਆ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਹੁਸ਼ਿਆਰਪੁਰ ਜ਼ਿਲ੍ਹਾ ਪੰਜਾਬ ਦਾ ਸਭ ਤੋਂ ਵੱਧ ਪੜਿਆ ਲਿਖਿਆ ਜ਼ਿਲ੍ਹਾ ਹੈ ਅਤੇ ਉਨ੍ਹਾਂ ਨੂੰ ਇਸ ਜ਼ਿਲ੍ਹੇ ਦੀ ਸੇਵਾ ਕਰਨ ਦਾ ਮਾਣ ਪ੍ਰਾਪਤ ਹੋਇਆ ਹੈ।
                  ਸ੍ਰੀਮਤੀ ਮਿਤਰਾ ਨੇ ਆਪਣੀਆਂ ਪਹਿਲਤਾਵਾਂ ਵਿੱਚ ਜ਼ਿਲ੍ਹੇ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ, ਪੰਜਾਬ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਨੂੰ ਪੂਰੀ ਸੰਜੀਦਗੀ ਨਾਲ ਜ਼ਿਲ੍ਹੇ ਵਿੱਚ ਲਾਗੂ ਕਰਾਉਣ ਦੇ ਨਾਲ-ਨਾਲ ਸਿਹਤ ਅਤੇ ਸਿੱਖਿਆ ਦੇ ਖੇਤਰ ਦੇ ਸਰਵਪੱਖੀ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਤੌਰ ਤੇ ਲਿਆ ਜਾਵੇਗਾ।  ਸਿੱਖਿਆ ਦੇ ਮਿਆਰ ਵਿੱਚ ਗੁਣਵੱਤਾ ਲਿਆਉਣ ਅਤੇ ਸਿਹਤ ਸੇਵਾਵਾਂ ਵਿੱਚ ਸੰਸਥਾਗਤ ਜਣੇਪਾ, ਜਨਨੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਕੰਢੀ ਇਲਾਕੇ ਦੇ ਪੱਛੜੇਪੰਨ ਨੂੰ ਦੂਰ ਕਰਨ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਨੂੰ ਮੁਕੰਮਲ ਰੂਪ ਵਿੱਚ ਲਾਗੂ ਕਰਨ ਵੱਲ ਵੀ ਵਿਸ਼ੇਸ਼ ਤਵੱਜੋ ਦਿੱਤੀ ਜਾਵੇਗੀ। ਸ੍ਰੀਮਤੀ ਆਨੰਦਿਤਾ ਮਿਤਰਾ ਨੇ ਜ਼ਿਲ੍ਹੇ ਦੇ ਪ੍ਰਮੁੱਖ ਪ੍ਰਸ਼ਾਸ਼ਨਿਕ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਵਿਕਾਸ ਕੰਮਾਂ, ਸਰਕਾਰ ਦੀਆਂ ਨੀਤੀਆਂ ਅਤੇ ਜ਼ਿਲ੍ਹੇ ਵਿੱਚ ਚਲ ਰਹੇ ਪ੍ਰੋਜੈਕਟਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ।

Labels

10+2 Reuslt (1) 2012 (41) 2014 (35) 2017 (36) Act 144 (47) Akali Dal (33) Amarjit Singh Sahi MLA (15) Anandpur Sahib (1) Anti Tobacoo day (1) Army (3) Army Institute of Management & Technology (1) Army tranning (1) Arun Dogra (4) Avinash Rai Khanna (1) awareness (7) B. Ed. Front (6) baba lal dyal ji (1) badal (7) Barrage (1) BBMB (30) BJP (26) BLO (1) blood donation (1) Book (1) BSF (2) BSP (1) Bus (1) cabel tv (1) Camp (1) Canal (1) Cancer (1) Capt. Amrinder Singh (5) CBSE Board (1) Chandigarh (1) Checking (2) cheema (1) chief minister (1) child labour (1) civil hospital (1) CM (1) complaints (1) Congress (18) control room (1) Court (2) cow safety planning (1) Crime (1) crops (1) D.I.G Jaskaran Singh (1) Dairy Development Board (3) Daljit Singh Cheema (2) Dasuya (35) datarpur (3) datesheet (1) dc (4) dc vipul ujval (24) DC Vipul Ujwal (32) Dengue & chikungunya (1) deputy commissioner vipul ujwal (1) development deptt. (1) dhugga (2) Digital (1) Dist. Admn. (173) District Language Officer Raman Kumar (1) doaba radio (1) Dogra (5) donation (1) drugs (3) DTO (6) education (30) education seminar (7) Elections (158) employement (5) employment (15) environment (10) ETT Union (4) EVMs (3) Exams (1) exams 2010 (2) Exhibition (1) Farmer (1) festival (2) flood control (3) Food Safety Act (1) forest (3) G.S.T (1) GADVASU (1) garhdiwala (3) garshankar (5) GCT (17) Govt Model High School Talwara (33) GPC (2) green india (2) gst (2) GTU (9) Gurpurab (1) Guru (2) health (11) Help desk (1) Himachal (1) Hola (1) hoshiarpur (132) iDay (1) IIT (1) Independence Day (1) India (1) india election results (3) india elections (4) ips (1) ITI (5) juvenile home (1) kabbadi (2) kandhi (2) kavi darbar (5) Lagal Aid Clinic (1) Learn Urdu (1) legal (11) Legal Aid Clinic (2) liquor (1) Loan (2) lok adalat (3) Mahant Ram Parkash Das (1) mahilpur (3) Mahinder Kaur Josh (1) malaria (1) Mandir (1) mc (4) MCU Punjab (2) Mela (1) merit (1) Micky (2) mining (3) MLA (2) MLA Sundar Sham arora (2) Mohalla (1) Mukerian (4) Multi skill development (1) nagar panchayat (15) Nandan (1) NCC (1) News Updates (52) nss (1) panchayat (1) Panchayat Elections (1) panchayat samiti (1) parade (1) Passing out (1) Police (10) polio drops (3) Politics (7) Pong Dam (3) Pooja sharma (1) Post service (1) PPP (3) press (3) PSEB (8) PSSF (3) PSTET (1) Pt. Kishori Lal (1) Punjab (31) punjab lok sabha winners (1) punjab radio live (1) Punjab School Education Board (6) punjabi sahit (23) PWD (2) Rajnish Babbi (3) Rajwal School Result (1) ramesh dogra (4) Ramgharia (1) Ravidas (2) Recruitment (3) Red Cross (12) red cross society (2) Republic Day (3) Result (2) Results (3) Retirement (1) Road Safety (1) Rock Garden (1) Roopnagar (11) Ropar (2) Rozgar (1) Rural Mission (1) s.c.commision (1) Sacha Sauda (2) Sadhu Singh Dharmsot (1) Sahi (12) sanjha chullah (6) Sant Balbir Singh (1) save girls (1) save trees (1) save water (1) sbi (2) Sc Commission (2) School (8) SDM Jatinder Jorwal (1) self employment (1) seminar (1) Senate (1) services (3) Sewa Singh Sekhwan (1) sgpc (2) Shah Nehar (5) Shakir (2) shamchurasi (1) shivsena (1) sidhu (19) skill development centre (1) smarpan (2) Sohan Singh Thandal (4) sports (8) staff club (2) Stenographer training (1) Sukhjit Kaur Sahi (6) Summer camp (2) Sunder Sham Arora (4) svm (5) swachh (5) Swachh Bharat (2) swimming (2) Swine Flu (1) talwara (210) Talwara Police (1) Talwara Schools (74) tax (2) TET (1) thandal (4) Tikshan Sood (6) Toy Bank (1) traffic rules (4) Training (2) Training camp (2) Traning Camp (1) Transport (2) travel agency (1) unions (2) University (1) Vet University (5) Vigilance (1) Vijay Sampla (8) Vipul Ujwal (1) voter (5) waiver (1) water (1) Water is Life (1) world kabbadi cup (2) yoga (3) yoga day (3) youth (2) zila parishad (2) ਸਰਬੱਤ ਦਾ ਭਲਾ (1) ਸ਼ਾਕਰ (2) ਸੇਖਵਾਂ (1) ਕਵੀ ਦਰਬਾਰ (5) ਚੋਣਾਂ (15) ਟਰੈਫਿਕ ਨਿਯਮ (1) ਡੀ.ਸੀ ਵਿਪੁਲ ਉਜਵਲ (2) ਤਲਵਾੜਾ (26) ਤੀਕਸ਼ਨ ਸੂਦ (8) ਪੰਚਾਇਤ (13) ਪੰਜਾਬ (9) ਬਾਦਲ (29) ਮਹਿੰਦਰ ਕੌਰ ਜੋਸ਼ (4) ਮਜੀਠੀਆ (1)